ਭਾਸ਼ਾ ਵਿਗਿਆਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਸ਼ਾ ਵਿਗਿਆਨ: ਭਾਸ਼ਾ ਵਿਗਿਆਨ ਦਾ ਆਪਣਾ ਇਕ ਕਾਰਜ ਖੇਤਰ ਨਿਰਧਾਰਤ ਹੋ ਚੁੱਕਿਆ ਹੈ ਪਰ ਜਦੋਂ ਤੱਕ ਇਸ ਦਾ ਕਾਰਜ ਖੇਤਰ ਨਿਰਧਾਰਤ ਨਹੀਂ ਸੀ ਹੋ ਸਕਿਆ ਉਸ ਵੇਲੇ ਤੱਕ ਭਾਸ਼ਾ ਵਿਗਿਆਨ ਅਤੇ ਜ਼ਿਆਦਾ ਭਾਸ਼ਾਵਾਂ ਜਾਣਨ ਵਾਲੇ ਵਿਅਕਤੀ ਨੂੰ (Polyglot) ਭਾਸ਼ਾ ਵਿਗਿਆਨੀ ਜਾਂ ਭਾਸ਼ਾ ਸ਼ਾਸਤਰੀ ਕਿਹਾ ਜਾਂਦਾ ਹੈ। ਜਿਸ ਰਾਹੀਂ ਭਾਸ਼ਾ ਜਾਂ ਭਾਸ਼ਾਵਾਂ ਦਾ ਅਧਿਅਨ ਵਿਗਿਆਨਕ ਤਰੀਕੇ ਨਾਲ ਕੀਤਾ ਜਾਂਦਾ ਹੈ, ਉਸ ਵਿਸ਼ੇ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ ਭਾਵ ਭਾਸ਼ਾ ਵਿਗਿਆਨ, ਭਾਸ਼ਾ ਦਾ ਵਿਗਿਆਨ ਹੈ। ਇਸ ਨੂੰ ਭਾਸ਼ਾ ਵਿਗਿਆਨ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਦੁਆਰਾ ਭਾਸ਼ਾਵਾਂ ਦਾ ਅਧਿਅਨ ਕਰਨ ਦੀ ਵਿਧੀ ਵਿਗਿਆਨਕ ਹੁੰਦੀ ਹੈ। ਇਸ ਵਿਧੀ ਦੇ ਅਧਾਰ ਤੇ ਕਿਸੇ ਭਾਸ਼ਾ ਦੀ ਬਣਤਰ ਦਾ ਨਿਰੀਖਣ ਕਰਕੇ ਕਲਪਨਾ, ਪਰਿਕਲਪਨਾ, ਵਿਸ਼ਲੇਸ਼ਣ, ਪੁਸ਼ਟੀਕਰਣ ਆਦਿ ਪੜਾਵਾਂ ਨੂੰ ਤਹਿ ਕਰਦਿਆਂ ਮਾਨਤਾ, ਸੰਸ਼ੋਧਨ ਜਾਂ ਅਸਵੀਕ੍ਰਿਤੀ ਤੱਕ ਪਹੁੰਚਿਆ ਜਾਂਦਾ ਹੈ। ਇਹ ਸਾਰੇ ਪੜਾ ਤੈਹ ਕਰਕੇ ਭਾਸ਼ਾ ਦੇ ਨਿਯਮਾਂ ਦੀ ਗਹਿਨ ਰੂਪ ਵਿਚ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਹਰ ਇਕ ਭਾਸ਼ਾ ਦੀ ਬਣਤਰ ਦੇ ਆਪਣੇ ਨਿਯਮ ਹੁੰਦੇ ਹਨ ਜੋ ਇਸ ਦੀ ਤਹਿ ਥੱਲੇ ਕੰਮ ਕਰਦੇ ਹਨ। ਇਨ੍ਹਾਂ ਨਿਯਮਾਂ ਨੂੰ ਖੋਜਣਾ ਹੀ ਭਾਸ਼ਾ ਵਿਗਿਆਨੀ ਦਾ ਕਾਰਜ ਖੇਤਰ ਹੈ। ਇਸ ਲਈ ਭਾਸ਼ਾ ਦੇ ਨਿਯਮਾਂ ਨੂੰ ਖੋਜਣਾ ਇਕ ਪਰਕਾਰ ਦਾ ਕਾਰਜ ਹੈ ਜਦੋਂ ਕਿ ਭਾਸ਼ਾਈ ਸਿਧਾਂਤਾਂ ਦੇ ਅਧਾਰ ਤੇ ਭਾਸ਼ਾ ਦਾ ਵਰਣਨ ਕਰਨਾ ਦੂਜੀ ਪਰਕਾਰ ਦਾ ਕਾਰਜ ਖੇਤਰ ਹੈ। ਇਨ੍ਹਾਂ ਦੋਹਾਂ ਕਾਰਜਾਂ ਤੋਂ ਪਤਾ ਚਲਦਾ ਹੈ ਕਿ ਹਰ ਭਾਸ਼ਾ ਦੀ ਤਹਿ ਥੱਲੇ ਨਿਯਮ ਹੁੰਦੇ ਹਨ। ਹਰ ਭਾਸ਼ਾ ਲਈ ਵੱਖੋ ਵੱਖਰੇ ਨਿਯਮ ਹੁੰਦਿਆਂ ਵੀ ਇਹ ਸਾਰੀਆਂ ਭਾਸ਼ਾਵਾਂ ਵਿਚ ਸਾਂਝੇ ਵੀ ਹੁੰਦੇ ਹਨ। ਭਾਸ਼ਾ ਦਾ ਅਧਿਅਨ ਦੋ-ਪੱਖੀ ਹੁੰਦਾ ਹੈ : ਇਤਿਹਾਸਕ ਅਤੇ ਸਮਕਾਲੀ। ਇਤਿਹਾਸਕ ਭਾਸ਼ਾ ਵਿਗਿਆਨ ਰਾਹੀਂ ਭਾਸ਼ਾਵਾਂ ਦੇ ਇਤਿਹਾਸ ਦਾ ਪਤਾ ਚਲਦਾ ਹੈ ਜਦੋਂ ਸਮਕਾਲੀ ਭਾਸ਼ਾ ਵਿਗਿਆਨ (Synchronic) ਰਾਹੀਂ ਇਕ ਭਾਸ਼ਾ ਦਾ ਅਧਿਅਨ ਨਿਸ਼ਚਤ ਸਮੇਂ ਨੂੰ ਅਧਾਰ ਬਣਾ ਕੇ ਕੀਤਾ ਜਾਂਦਾ ਹੈ। ਦੋ ਸਮਿਆਂ ਦੀ ਭਾਸ਼ਾ ਦੀ ਬਣਤਰ\ਇਤਿਹਾਸ ਦੇ ਅਧਿਅਨ ਨੂੰ ਤੁਲਨਾਤਮਕ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ। ਭਾਸ਼ਾ ਦਾ ਅਧਿਅਨ ਕਰਨ ਦੇ ਕਈ ਪੱਧਰ ਹਨ ਜਿਵੇਂ : ਧੁਨੀ ਵਿਗਿਆਨ ਰਾਹੀਂ ਧੁਨੀਆਂ ਦੇ ਉਚਾਰਨ, ਸੰਚਾਰਨ ਅਤੇ ਗ੍ਰਹਿਣ ਕਰਨ ਦਾ ਅਧਿਅਨ ਕੀਤਾ ਜਾਂਦਾ ਹੈ। ਧੁਨੀ-ਵਿਉਂਤ ਰਾਹੀਂ ਇਕ ਵਿਸ਼ੇਸ਼ ਭਾਸ਼ਾ ਦੀਆਂ ਧੁਨੀਆਂ ਦਾ ਵਰਗੀਕਰਨ ਅਤੇ ਉਨ੍ਹਾਂ ਦੀ ਵਰਤੋਂ ਦੇ ਨਿਯਮਾਂ ਦਾ ਅਧਿਅਨ ਕੀਤਾ ਜਾਂਦਾ ਹੈ। ਰੂਪ ਵਿਗਿਆਨ ਰਾਹੀਂ ਸ਼ਬਦਾਂ ਦੀ ਬਣਤਰ ਅਤੇ ਵਾਕ ਵਿਗਿਆਨ ਰਾਹੀਂ ਵਾਕਾਂ, ਉਪਵਾਕਾਂ ਅਤੇ ਵਾਕੰਸ਼ਾਂ ਦੀ ਬਣਤਰ ਤੇ ਵਿਚਰਨ ਤਰਤੀਬ ਦਾ ਅਧਿਅਨ ਕੀਤਾ ਜਾਂਦਾ ਹੈ। ਅਰਥ ਵਿਗਿਆਨ ਰਾਹੀਂ ਸ਼ਬਦਾਂ ਦੇ ਅਰਥਾਂ ਦਾ ਅਧਿਅਨ ਕੀਤਾ ਜਾਂਦਾ ਹੈ। ਲਿਖਣ ਪਰਨਾਲੀ ਦੇ ਅਧਿਅਨ ਨੂੰ ਲੇਖਣ ਵਿਗਿਆਨ (Graphology) ਕਿਹਾ ਜਾਂਦਾ ਹੈ। ਕੋਸ਼ਕਾਰੀ, ਸਮਾਜ ਭਾਸ਼ਾ ਵਿਗਿਆਨ, ਮਨੋਭਾਸ਼ਾ ਵਿਗਿਆਨ ਆਦਿ ਇਸ ਦੇ ਹੋਰ ਖੇਤਰ ਹਨ। ਭਾਸ਼ਾ ਦੀ ਪੜ੍ਹਾਈ, ਅਨੁਵਾਦ ਆਦਿ ਭਾਸ਼ਾ ਦੇ ਐਪਲਾਈਡ ਪੱਖ ਹਨ ਜਦੋਂ ਕਿ ਭਾਸ਼ਾ ਨੂੰ ਭਾਸ਼ਾ ਦੇ ਤੌਰ ’ਤੇ ਅਧਿਅਨ ਦਾ ਖੇਤਰ ਬਣਾਉਣਾ ਸਿਧਾਂਤਕ ਭਾਸ਼ਾ ਵਿਗਿਆਨ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 12601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਭਾਸ਼ਾ ਵਿਗਿਆਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਸ਼ਾ ਵਿਗਿਆਨ : ਵੇਖੋ ‘ਭਾਸ਼ਾ ਵਿਗਿਆਨਕ ਅਧਿਐਨ ਪ੍ਰਣਾਲੀ’

ਭਾਸ਼ਾ ਵਿਗਿਆਨ ਅਧਿਐਨ ਪ੍ਰਣਾਲੀ: ਆਧੁਨਿਕ ਭਾਸ਼ਾ ਵਿਗਿਆਨ ਦੀ ਇਹ ਪ੍ਰਮੁੱਖ ਧਾਰਣਾ ਹੈ ਕਿ ਮਨੁੱਖੀ ਭਾਸ਼ਾਵਾਂ ਦੀ, ਉਚਰਿਤ–ਰੂਪ ਵਿਚ, ਵਰਤੋਂ ਦਾ ਅਧਿਐਨ ਹੋ ਸਕਦਾ ਹੈ। ਇਸ ਤਰ੍ਹਾਂ ਦੀ ਸੋਚ ਦਾ ਬਾਨੀ ਫ਼ਰਦੀਨਾਂ–ਦਾ–ਸਾਸਿਊਰ ਸੀ। ਉਸ ਨੇ ਉਨ੍ਹੀਵ੍ਹੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਭਾਸ਼ਾਈ ਅਧਿਐਨ ਲਈ ਪਰੰਪਰਾ ਨਾਲੋਂ ਵੱਖਰੀ ਪ੍ਰਕ੍ਰਿਤੀ ਵਾਲੇ ਸਿਧਾਂਤੇ ਪੇਸ਼ ਕੀਤੇ। ਉਸ ਦੇ ਸਿਧਾਂਤਾਂ ਤੋਂ ਪਹਿਲਾਂ ਉਨ੍ਹੀਵੀਂ ਸਦੀ ‘ਤੁਲਨਾਤਮਕ ਅਤੇ ਇਤਿਹਾਸਕ ਭਾਸ਼ਾ ਵਿਗਿਆਨ ਦਾ ਯੁੱਗ’ ਸੀ।

          ਸਾਸਿਊਰ ਨੇ ਆਪਣੇ ਸਿਧਾਂਤਾਂ ਦੀ ਸਿਰਜਣਾ ਆਪਣੇ ਸਮਕਾਲੀ ਸਮਾਜ ਵਿਗਿਆਨੀ ਇਮਾਈਲ ਦਰਖੀਮ ਦੇ ਅਧਿਐਨਾਂ ਤੋਂ ਪ੍ਰਭਾਵਿਤ ਹੋ ਕੇ ਕੀਤੀ। ਦਰਖੀਮ ਦਾ ਮੱਤ ਸੀ ਕਿ ਅੱਜ ਦਾ ਸਮਾਜ ਪਿਛਲੇ ਸਮਾਜ ਦਾ ਇਕ ਵਿਕਸਿਤ ਰੂਪ ਹੀ ਨਹੀਂ ਸਗੋਂ ਆਪਣੇ ਆਪ ਵਿਚ ਇਕ ਸੁਤੰਤਰ ਸਮੁੱਚ ਹੈ। ਇਹ ਸਮੁੱਚ ਵਰਤਮਾਨ ਦੀਆਂ ਲੋੜਾਂ ਅਨੁਸਾਰ ਕਾਰਜ ਕਰਦਾ ਹੈ। ਇਸ ਲਈ ‘ਸਮਾਜਕ ਤੱਥ’ ਇਤਿਹਾਸਕ ਵਿਕਾਸ ਤੋਂ ਸੁਤੰਤਰ ਹੁੰਦੇ ਹਨ। ਭਾਸ਼ਾ ਵੀ ਇਕ ‘ਸਮਾਜਕ ਤੱਥ’ ਹੈ। ਬਾਕੀ ਸਮਾਜਕ ਤੱਥਾਂ ਵਾਂਗ ਭਾਸ਼ਾ ਮਨੁੱਖ ਨੂੰ ਸਮਾਜ ਵਿਚ ਰਹਿ ਕੇ ਸਿੱਖਣੀ ਪੈਂਦੀ ਹੈ ਅਤੇ ਇਹ ਸਾਰੇ ਸਮਾਜ ਵਿਚ ਵਿਆਪਕ ਹੁੰਦੀ ਹੈ। ਸਾਸਿਊਰ ਨੇ ਭਾਸ਼ਾਈ ਵੱਖਰੇਵੇਂ ਪਿਛੇ ਕਾਰਜਸ਼ੀਲ ਨੇਮਾਂ ਨੂੰ ਵਿਗਿਆਨਕ ਅਧਿਐਨ ਦੀ ਸਾਮੱਗਰੀ ਬਣਾਉਣ ਦਾ ਸੁਝਾਅ ਦਿੱਤਾ। ਆਪਣੇ ਸੁਝਾਅ ਨੂੰ ਉਸ ਨੇ ਲੈਂਗ ਅਤੇ ਪੈਰੋਲ, ਚਿੰਨ੍ਹਿਕ ਤੇ ਚਿੰਨ੍ਹਿਤ, ਇਕਾਲੀ ਤੇ ਦੁਕਾਲੀ, ਪੈਰਾਡਿਗਮੈਟਿਕ ਤੇ ਸਿਨਟਿਗਮੈਟਿਕ ਅਤੇ ਚਿੰਨ੍ਹ–ਵਿਗਿਆਨ ਆਦਿ ਸਿਧਾਂਤਮ ਸੰਕਲਪਾਂ ਰਾਹੀਂ ਪੇਸ਼ ਕੀਤਾ। ਇਨ੍ਹਾਂ ਦੇ ਆਧਾਰ ’ਤੇ ਭਾਸ਼ਾਈ ਅਧਿਐਨ ਲਈ ਵੱਖੋ ਵੱਖਰੀ ਪਹੁੰਚ ਵਾਲੇ ‘ਸਕੂਲਾਂ’ ਦਾ ਵਿਕਾਸ ਹੋਇਆ। ਇਨ੍ਹਾਂ ਵਿਚ ਪਾਰਗ ਸਕੂਲ, ਕਾਪਨਹੇਗਨ ਸਕੂਲ, ਅਮਰੀਕੀ ਸਕੂਲ ਆਦਿ ਮੁੱਖ ਕੇਂਦਰ ਸਾਹਮਣੇ ਆਏ।

          ਭਾਸ਼ਾ ਅਤੇ ਸਾਹਿੱਤ ਮਨੁੱਖ ਦੀ ਸਮਾਜਕ ਸਿਰਜਣਾ ਦੇ ਦੋ ਅੰਤਰ–ਸੰਬੰਧਿਤ ਪਰ ਸੁਤੰਤਰ ਵਜੂਦ ਹਨ। ਭਾਸ਼ਾ ਦੇ ਅਧਿਐਨ ਨਾਲ ਸੰਬੰਧਿਤ ਭਾਸ਼ਾ ਵਿਗਿਆਨੀਆਂ ਅਤੇ ਸਾਹਿੱਤ ਦੇ ਅਧਿਐਨ ਨਾਲ ਜੁੜੇ ਆਲੋਚਕਾਂ ਦੇ ਆਪਸੀ ਸੰਬੰਧ ਚਰਚਾ ਦਾ ਵਿਸ਼ਾ ਰਹੇ ਹਨ। ਰਾਗਰ ਫਾਊਲਰ ਨੇ ਭਾਸ਼ਾ ਵਿਗਿਆਨ ਦੀ ਸਾਹਿੱਤ ਅਧਿਐਨ ਲਈ ਸਾਰਥਕਤਾ ਅਤੇ ਉਪਯੋਗਤਾ ਬਾਰੇ ਆਪਣੇ ਵਿਚਾਰ ਦਿੱਤੇ। ਉਸ ਦਾ ਮੱਤ ਹੈ ਕਿ ਸਾਹਿੱਤ ਭਾਸ਼ਾ ਦੇ ਵਿਸ਼ਾਲ ਖੇਤਰ ਦਾ ਇਕ ਅੰਗ ਹੈ। ਇਹ ਭਾਸ਼ਾਈ ਵਰਤੋਂ ਦੀ ਇਕ ਸ਼ੈਲੀ ਹੈ। ਇਸ ਲਈ ਸਾਹਿੱਤ ਅਧਿਐਨ ਲਈ ਭਾਸ਼ਾ ਵਿਗਿਆਨ ਇਕ ਅਹਿਮ ਭੂਮਿਕਾ ਨਿਭਾ ਸਕਦਾ ਹੈ।

          ਸਾਹਿੱਤ ਦੇ ‘ਭਾਸ਼ਾ ਵਿਗਿਆਨਕ’ ਅਤੇ ‘ਭਾਸ਼ਾਈ’ ਅਧਿਐਨ ਵਿਚ ਅੰਤਰ ਹੈ। ਭਾਸ਼ਾਈ ਅਧਿਐਨ ਵਿਚ ਭਾਸ਼ਾ ਵਿਗਿਆਨਕ ਪਿਛੋਕੜ, ਤੁਲਨਾਤਮਕ ਅਤੇ ਇਤਿਹਾਸਕ ਭਾਸ਼ਾ ਵਿਗਿਆਨ ਸ਼ਾਮਲ ਹੁੰਦੇ ਹਨ। ਇਸ ਵਿਚ ਉਪਭਾਸ਼ਾਵਾਂ ਨਾਲ ਵੀ ਤੁਲਨਾ ਕੀਤੀ ਜਾਂਦੀ ਹੈ। ਭਾਸ਼ਾਈ ਅਧਿਐਨ ਅਤੇ ਭਾਸ਼ਾ ਵਿਗਿਆਨਕ ਅਧਿਐਨ ਅਸਲ ਵਿਚ ਦੋ ਵੱਖਰੀ ਵੱਖਰੀ ਪ੍ਰਕ੍ਰਿਤੀ ਵਾਲੇ ਅਧਿਐਨ ਹਨ। ਭਾਸ਼ਾਈ–ਅਧਿਐਨ ਵਿਚ ਸਾਹਿਤਿਕ ਕਿਰਤ ਦੀ ਭਾਸ਼ਾ ਨੂੰ ਭਾਸ਼ਾਈ ਵੱਖਰੇਵੇਂ ਦੀ ਸਾਮੱਗਰੀ ਦੇ ਨਮੂਨੇ ਵਜੋਂ ਲਿਆ ਜਾਂਦਾ ਹੈ। ਇਸ ਤਰ੍ਹਾਂ ਦਾ ਅਧਿਐਨ ਕਿਰਤ ਦੀ ਸਾਹਿਤਿਕ ਪ੍ਰਕ੍ਰਿਤੀ ਬਾਰੇ ਵਧੇਰੇ ਸਾਰਥਕ ਵੇਰਵੇ ਨਹੀਂ ਦੇ ਸਕਦਾ। ਇਸ ਨਾਲ ਸਾਹਿਤਿਕ ਕਿਰਤ ਅਤੇ ਉਸ ਦ ਸਿਰਜਣ ਦੀ ਉਪ–ਭਾਸ਼ਾਈ ਸਥਾਪਤ ਕੀਤੀ ਜਾ ਸਕਦੀ ਹੈ।

          ਭਾਸ਼ਾ ਵਿਗਿਆਨਕ ਅਧਿਐਨ ਸਾਹਿੱਤ ਪ੍ਰਤਿ ਵਿਸ਼ੇਸ਼ ਤੇ ਵਿਲੱਖਣ ਦ੍ਰਿਸ਼ਟੀ ਦਾ ਧਾਰਣੀ ਹੈ। ਭਾਸ਼ਾ ਵਿਗਿਆਨ ਇਕ ਸੁਤੰਤਰ ਅਧਿਐਨ ਖੇਤਰ ਹੈ। ਇਸ ਦੇ ਅੰਤਰਗਤ ਮਨੁੱਖੀ ਭਾਸ਼ਾ ਦਾ ਚਿੰਨ੍ਹ–ਵਿਗਿਆਨਕ ਸੰਚਾਰੀ ਪ੍ਰਣਾਲੀ ਵਜੋਂ ਅਧਿਐਨ ਕੀਤਾ ਜਾਂਦਾ ਹੈ। ਸਾਹਿੱਤ ਕਿਉਂਕਿ ਭਾਸ਼ਾਈ ਮਾਧਿਅਮ ਵਿਚ ਪੇਸ਼ ਕੀਤੀ ਮਨੁੱਖੀ ਸਿਰਜਣਾ ਹੁੰਦੀ ਹੈ, ਇਸ ਲਈ ਭਾਸ਼ਾ ਵਿਗਿਆਨਕ ਮਾਡਲ ਸਿਧਾਂਤਾਂ ਅਤੇ ਵਿਧੀਆਂ ਦੀ ਵਰਤੋਂ ਨੂੰ ਸਾਹਿਤਿਕ ਕਿਰਤਾਂ ਉੱਤੇ ਕਿਰਤਾਂ ਉੱਤੇ ਲਾਗੂ ਕਰਕੇ ਵੇਖਣ ਦੇ ਯਤਨ ਕੀਤੇ ਗਏ ਹਨ। ਭਾਸ਼ਾ ਵਿਗਿਆਨਕ ਅਧਿਐਨ ਤੋਂ ਭਾਵ ਸਾਹਿੱਤ ਦੇ ਅਧਿਐਨ ਦੀ ਉਹ ਵਿਧੀ ਜਾਂ ਪ੍ਰਣਾਲੀ ਹੈ ਜਿਸ ਦੇ ਸਿਧਾਂਤ ਭਾਸ਼ਾ ਵਿਗਿਆਨਕ ਸੰਕਲਪਾਂ ਉੱਤੇ ਆਧਾਰਿਤ ਹਨ। ਇਸ ਤਰ੍ਹਾਂ ਦਾ ਅਧਿਐਨ ਕਰਨ ਵਾਲੇ ਵਿਦਵਾਨ ਦੋ ਤਰ੍ਹਾਂ ਦੇ ਹੁੰਦੇ ਹਨ। ਇਕ ਉਹ ਜਿਨ੍ਹਾਂ ਦਾ ਸੰਬੰਧ ਭਾਸ਼ਾ ਵਿਗਿਆਨ ਨਾਲ ਹੈ ਅਤੇ ਜੋ ਇਨ੍ਹਾਂ ਸਿਧਾਂਤਾਂ ਅਤੇ ਸੰਕਲਪਾਂ ਨੂੰ ਸਾਹਿੱਤ ਅਧਿਐਨ ਲਈ ਵਰਤਣ ਦੀਆਂ ਸੰਭਾਵਨਾਵਾਂ ਲੱਭਣ ਦਾ ਯਤਨ ਕਰ ਰਹੇ ਹਨ। ਦੂਜੀ ਤਰ੍ਹਾਂ ਦੇ ਵਿਦਵਾਨਾਂ ਦਾ ਸੰਬੰਧ ਸਾਹਿੱਤ ਆਲੋਚਨਾ ਨਾਲ ਹੈ। ਇਹ ਇਨ੍ਹਾਂ ਸਿਧਾਂਤਾ ਅਤੇ ਸੰਕਲਪਾਂ ਰਾਹੀਂ ਸਾਹਿੱਤ ਆਲੋਚਨਾ ਨੂੰ ਇਕ ਵਿਗਿਆਨਕ ਅਨੁਸ਼ਾਸ਼ਨ ਬਣਾਉਣ ਦੀ ਇੱਛਾ ਰੱਖਦੇ ਹਨ।

          ਵੀਹਵੀਂ ਸਦੀ ਵਿਚ ਸਾਹਿੱਤ ਅਧਿਐਨ ਲਈ ਭਾਸ਼ਾ ਵਿਗਿਆਨਕ ਪਹੁੰਚ ਦੇ ਅੰਤਰਗਤ ਵੱਖੋ ਵੱਖਰੀਆਂ ਸੰਕਲਪਿਕ ਮੱਦਾਂ ਵਾਲੇ ਸਿਧਾਂਤ ਸਾਹਮਣੇ ਆਏ ਹਨ। ਇਨ੍ਹਾਂ ਵਿਚ ਜੁਗਤਵਾਦੀ/ਸੰਰਚਨਾਵਾਦੀ, ਰੂਪਵਾਦੀ, ਸ਼ੈਲੀ ਵਿਗਿਆਨਕ, ਪਾਠ ਵਿਸ਼ਲੇਸ਼ਣੀ, ਚਿੰਨ੍ਹ ਵਿਗਿਆਨਕ ਅਤੇ ਮਾਨਵ–ਵਿਗਿਆਨਕ ਸਿਧਾਂਤ ਵਿਸ਼ੇਸ਼ ਵਰਣਨਯੋਗ ਹਨ। ਇਸ ਵਾਸਤੇ ਸਾਹਿੱਤ–ਅਧਿਐਨ ਲਈ ਭਾਸ਼ਾ ਵਿਗਿਆਨਕ ਅਧਿਐਨ ਪ੍ਰਣਾਲੀ ਬਾਰੇ ਚਰਚਾ ਇਨ੍ਹਾਂ ਸਿਧਾਂਤਾਂ ਦੁਆਲੇ ਕੇਂਦਰਿਤ ਹੋਵੇਗੀ। ਇਨ੍ਹਾਂ ਸਿਧਾਂਤਾਂ ਤੋਂ ਸਪਸ਼ਟ ਹੈ ਕਿ ਭਾਸ਼ਾ ਵਿਗਿਆਨਕ ਅਧਿਐਨ ਪ੍ਰਣਾਲੀ ਇਕ ਸਮੁੱਚ ਨਹੀਂ, ਸਗੋਂ ਇਸ ਦੇ ਅੰਤਰਗਤ ਇਕ ਤੋਂ ਵਧੇਰੇ ਕਿਸਮ ਦੀਆਂ ਅਧਿਐਨ ਪ੍ਰਣਾਲੀਆਂ ਆ ਜਾਂਦੀਆਂ ਹਨ। ਇਨ੍ਹਾਂ ਵਿਚ ਕੁਝ ਸਾਂਝੀਆਂ ਗੱਲਾਂ ਵੀ ਹਨ। ਹਰ ਇਕ ਅਧਿਐਨ–ਵਿਧੀ ਸਾਹਿੱਤ ਨੂੰ ਭਾਸ਼ਾ ਵਾਂਗ ਇਕ ਸੰਚਾਰ ਪ੍ਰਣਾਲੀ ਵਜੋਂ ਸਮਝਣ ਦਾ ਸੁਝਾਅ ਦਿੰਦੀ ਹੈ। ਭਾਸ਼ਾ ਦੇ ਭਾਸ਼ਾ ਵਿਗਿਆਨਕ ਵਿਸ਼ਲੇਸ਼ਣ ਦੇ ਸਮਾਨਾਂਤਰ ‘ਸਾਹਿੱਤ ਦੇ ਵਿਗਿਆਨ’ ਨੂੰ ਸਿਰਜਣ ਦਾ ਟੀਚਾ ਮਿਥਦੀ ਹੈ ਅਤੇ ਭਾਸ਼ਾ ਦੇ ਵਿਆਕਰਣਿਕ ਅਤੇ ਅਰਥ ਵਿਗਿਆਨਕ ਪੱਧਰ ਦੇ ਸਮਾਨਾਂਤਰ ਸਾਹਿੱਤ ਦੇ ਵਿਧਾ (ਸ਼ਬਦ) ਅਤੇ ਭਾਵ (ਅਰਥ) ਪੱਖਾਂ ਦੇ ਸੁਤੰਤਰ ਰੂਖ ਵਿਚ ਅਧਿਐਨ ਦਾ ਵਿਚਾਰ ਪੇਸ਼ ਕਰਦੀ ਹੈ।

          ਪੰਜਾਬੀ ਸਾਹਿੱਤ ਅਧਿਐਨ ਵਿਚ ‘ਭਾਸ਼ਾ ਵਿਗਿਆਨਕ ਪਹੁੰਚ’ ਦੇ ਅੰਤਰਗਤ ਜੁਗਤਵਾਦੀ/ਸੰਰਚਨਾਵਾਦੀ, ਸ਼ੈਲੀ ਵਿਗਿਆਨਕ ਅਤੇ ਰੂਪਵਾਦੀ ਅਧਿਐਨ ਮਿਲਦੇ ਹਨ।

          [ਸਹਾ. ਗ੍ਰੰਥ––ਡਾ. ਰਤਨ ਸਿੰਘ ਜੱਗੀ : ‘ਸਾਹਿੱਤ ਅਧਿਐਨ ਵਿਧਿਆਂ’, ‘ਭਾਸ਼ਾ ਵਿਗਿਆਨਕ ਅਧਿਐਨ ਪ੍ਰਣਾਲੀ’]


ਲੇਖਕ : ਡਾ. ਪਰਮਜੀਤ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.