ਭੈਰਉ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੈਰਉ ਰਾਗ ( ਬਾਣੀ ) : ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 93 ਚਉਪਦੇ ਅਤੇ ਛੇ ਅਸ਼ਟਪਦੀਆਂ ਸ਼ਾਮਲ ਹਨ । ਭਗਤ-ਬਾਣੀ ਪ੍ਰਕਰਣ ਵਿਚ 33 ਸ਼ਬਦ ਦਰਜ ਹਨ ਜਿਨ੍ਹਾਂ ਵਿਚੋਂ 20 ਸੰਤ ਕਬੀਰ ਦੇ ( ਇਕ ਗੁਰੂ ਅਰਜਨ ਦੇਵ ਦਾ ) , 12 ਨਾਮਦੇਵ ਦੇ ਅਤੇ ਇਕ ਰਵਿਦਾਸ ਦਾ ਹੈ ।

ਚਉਪਦੇ ਪ੍ਰਕਰਣ ਦੇ 93 ਚਉਪਦਿਆਂ ਵਿਚੋਂ ਅੱਠ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ ਸੱਤ ਚਾਰ ਚਾਰ ਪਦਿਆਂ ਦੇ ਅਤੇ ਇਕ ਪੰਜ ਪਦਿਆਂ ਦਾ ਜੁਟ ਹੈ । ਇਸ ਵਿਚ ਗੁਰੂ ਜੀ ਨੇ ਪਰਮਾਤਮਾ ਦੇ ਭਾਣੇ ਵਿਚ ਰਹਿਣਾ , ਗੁਰੂ ਦੇ ਸ਼ਬਦ ਰਾਹੀਂ ਪਾਰਉਤਾਰਾ ਹੋਣਾ , ਨਾਮ-ਜਾਪ ਦੁਆਰਾ ਜਨਮ ਸਫਲ ਕਰਨਾ ਆਦਿ ਉਪਦੇਸ਼ ਦਿੱਤੇ ਹਨ । ਗੁਰੂ ਅਮਰਦਾਸ ਜੀ ਨੇ ਆਪਣੇ 21 ਚਉਪਦਿਆਂ ਵਿਚ ਜਾਤ-ਪਾਤ ਦੇ ਵਿਤਕਰੇ ਨੂੰ ਨਿਰਾਧਾਰ ਮੰਨਦੇ ਹੋਇਆਂ ਪਰਮਾਤਮਾ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਨ ਦੀ ਗੱਲ ਕਹੀ ਹੈ । ਗੁਰੂ ਰਾਮਦਾਸ ਜੀ ਨੇ ਆਪਣੇ ਸੱਤ ਚਉਪਦਿਆਂ ਵਿਚ ਦਸਿਆ ਹੈ ਕਿ ਪ੍ਰਭੂ ਹਰ ਥਾਂ ਮੌਜੂਦ ਹੈ । ਉਸ ਦੀ ਕ੍ਰਿਪਾ ਨਾਲ ਗੁਰੂ ਮਿਲਦਾ ਹੈ ਅਤੇ ਗੁਰੂ ਰਾਹੀਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ । ਗੁਰੂ ਅਰਜਨ ਦੇਵ ਜੀ ਦੇ ਲਿਖੇ 57 ਚਉਪਦਿਆਂ ਵਿਚੋਂ 50 ਚਾਰ ਚਾਰ ਪਦਿਆਂ ਦੇ , ਤਿੰਨ ਦੋ ਦੋ ਪਦਿਆਂ ਦੇ , ਇਕ ਤਿੰਨ ਪਦਿਆਂ ਦਾ ਅਤੇ ਤਿੰਨ ਪੰਜ ਪੰਜ ਪਦਿਆਂ ਦੇ ਜੁਟ ਹਨ । ਇਨ੍ਹਾਂ ਵਿਚ ਗੁਰਮਤਿ ਦੇ ਅਨੇਕ ਸਿੱਧਾਂਤਾਂ ਨੂੰ ਬੜੇ ਵਿਸਤਾਰ ਨਾਲ ਸਮਝਾਇਆ ਗਿਆ ਹੈ ।

ਅਸਟਪਦੀਆਂ ਪ੍ਰਕਰਣ ਦੀਆਂ ਕੁਲ ਛੇ ਅਸ਼ਟਪਦੀਆਂ ਵਿਚੋਂ ਇਕ ਨੌਂਪਦੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੈ ਜਿਸ ਵਿਚ ਹਉਮੈ ਨੂੰ ਦੂਰ ਕਰਨ ਉਤੇ ਬਲ ਦਿੱਤਾ ਗਿਆ ਹੈ । ਗੁਰੂ ਅਮਰਦਾਸ ਜੀ ਦੀਆਂ ਦੋ ਅਸ਼ਟਪਦੀਆਂ ਵਿਚੋਂ ਇਕ ਵਿਚ 13 ਅਤੇ ਦੂਜੀ ਵਿਚ ਅੱਠ ਪਦੀਆਂ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਪ੍ਰਮਾਣ ਦੇ ਕੇ ਸਿਧ ਕੀਤਾ ਹੈ ਕਿ ਪਰਮਾਤਮਾ ਭਗਤਾਂ ਦੇ ਸੰਕਟ ਹਰਦਾ ਹੈ ਅਤੇ ਆਪਣੇ ਸੰਤਾਂ ਦੀ ਮਰਯਾਦਾ ਦੇ ਬਿਰਦ ਨੂੰ ਪਾਲਦਾ ਹੈ । ਗੁਰੂ ਅਰਜਨ ਦੇਵ ਨੇ ਆਪਣੀਆਂ ਤਿੰਨ ਅਸ਼ਟਪਦੀਆਂ ਵਿਚ ਪਰਮਾਤਮਾ ਦੇ ਅਗੰਮ , ਅਗੋਚਰ , ਸਰਵ-ਵਿਆਪਕ ਸਰੂਪ ਨੂੰ ਸਪੱਸ਼ਟ ਕਰਦਿਆਂ ਉਸ ਨੂੰ ਪ੍ਰਾਪਤ ਕਰਨ ਦਾ ਉਦਮ ਕਰਨ ਦੀ ਪ੍ਰੇਰਣਾ ਦਿੱਤੀ ਹੈ ।

ਭਗਤ - ਬਾਣੀ ਪ੍ਰਕਰਣ ਵਿਚ ਕੁਲ 33 ਸ਼ਬਦ ਹਨ । ਸੰਤ ਕਬੀਰ ਦੇ ਨਾਂ ਉਤੇ ਦਰਜ 20 ਸ਼ਬਦਾਂ ਵਿਚੋਂ 12ਵਾਂ ਮਹਲੇ ਪੰਜਵੇਂ ਦਾ ਹੈ ਜੋ ਭਾਵ ਦੀ ਸਪੱਸ਼ਟਤਾ ਲਈ ਇਥੇ ਦਰਜ ਕੀਤਾ ਗਿਆ ਹੈ । ਬਾਕੀ ਦੇ 19 ਸ਼ਬਦਾਂ ਵਿਚ 17 ਚਉਪਦੇ ਅਤੇ ਦੋ ਅਸ਼ਟਪਦੀਆਂ ਹਨ । ਇਨ੍ਹਾਂ ਵਿਚ ਹਰਿ-ਨਾਮ ਦੇ ਮਹੱਤਵ ਅਤੇ ਸਾਧ-ਸੰਗਤਿ ਦੀ ਲੋੜ ਉਤੇ ਚਾਨਣਾ ਪਾਇਆ ਗਿਆ ਹੈ । ਭਗਤ ਨਾਮਦੇਵ ਦੇ ਕੁਲ 12 ਸ਼ਬਦ ਹਨ ਜਿਨ੍ਹਾਂ ਵਿਚੋਂ 11 ਕਬੀਰ ਦੇ ਸ਼ਬਦਾਂ ਤੋਂ ਬਾਦ ਅਤੇ ਇਕ ਰਵਿਦਾਸ ਦੇ ਸ਼ਬਦ ਤੋਂ ਬਾਦ ਲਿਖਿਆ ਹੈ । ਇਨ੍ਹਾਂ ਵਿਚ ਹਰਿ-ਨਾਮ ਨਾਲ ਪ੍ਰੇਮ ਪਾਉਣਾ , ਸੰਤੋਖ ਧਾਰਣ ਕਰਨਾ , ਜਾਤਿ-ਪਾਤਿ ਨੂੰ ਨ ਮੰਨਣਾ ਆਦਿ ਗੱਲਾਂ ਉਤੇ ਅਮਲ ਕਰਨ ਦੀ ਤਾਕੀਦ ਹੈ । ਰਵਿਦਾਸ ਜੀ ਨੇ ਆਪਣੇ ਇਕ ਸ਼ਬਦ ਵਿਚ ਗਿਆਨ ਪ੍ਰਾਪਤੀ ਲਈ ਹਿਰਦੇ ਵਿਚ ਲਿਵ ਲਗਾਉਣਾ ਜ਼ਰੂਰੀ ਮੰਨਿਆ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.