ਭੱਟ ਕਵੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭੱਟ ਕਵੀ : ਗੁਰੂ ਗ੍ਰੰਥ ਸਾਹਿਬ ਵਿੱਚ ਭੱਟ ਕਵੀਆਂ ਦੇ 123 ਸਵੱਈਏ ਸੰਕਲਿਤ ਹਨ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਕੀਤੀ ਗਈ ਹੈ । ਸੰਪਰਦਾਈ ਗਿਆਨੀ ਭੱਟ ਕਵੀਆਂ ਦੀ ਗਿਣਤੀ 17 ਮੰਨਦੇ ਹਨ । ਪਰ ਸਾਹਿਬ ਸਿੰਘ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ । ਭੱਟਾਂ ਦੀ ਬਾਣੀ ਨਾਲ ਲੱਗੇ ਅੰਕਾਂ ਦੇ ਆਧਾਰ ਉੱਤੇ ਉਹ ਭੱਟਾਂ ਦੀ ਗਿਣਤੀ 11 ਮੰਨਦੇ ਹਨ । ਇਧਰ ਭੱਟ ਵਹੀਆਂ ਵਿੱਚ ਦਿੱਤੀ ਗਈ ਬੰਸਾਵਲੀ ਦੇ ਆਧਾਰ ਉੱਤੇ ਗਿਆਨੀ ਗੁਰਦਿੱਤ ਸਿੰਘ ਭੱਟਾਂ ਦੀ ਗਿਣਤੀ 17 ਹੀ ਸਵੀਕਾਰ ਕਰਦੇ ਹਨ । ਕਿਉਂਕਿ ਭੱਟ ਵਹੀਆਂ ਵਿਵਾਦ ਵਾਲਾ ਸੋਮਾ ਹੈ ਇਸ ਲਈ ਸਾਹਿਬ ਸਿੰਘ ਦਾ ਵਿਚਾਰ ਹੀ ਵਧੇਰੇ ਪ੍ਰਮਾਣਿਕ ਜਾਪਦਾ ਹੈ ।

        ਇਹ ਭੱਟ ਕੌਣ ਸਨ ਅਤੇ ਇਹ ਗੁਰੂ ਘਰ ਨਾਲ ਕਿਵੇਂ ਤੇ ਕਦੋਂ ਜੁੜੇ । ਇਸ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ । ਭੱਟਾਂ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਸੰਬੰਧ ਬ੍ਰਾਹਮਣ ਵਰਣਨ ਨਾਲ ਸੀ ਅਤੇ ਉਹ ਜਜਮਾਨੀ ਪਰੋਹਤੀ ਦਾ ਪੇਸ਼ਾ ਕਰਦੇ ਸਨ । ਉਹ ਜਨਮ ਤੇ ਵਿਆਹ ਦੇ ਮੌਕੇ ਉੱਤੇ ਵਧਾਈ ਲੈਣ ਜਾਂਦੇ ਸਨ । ਉਹ ਆਪਣੇ ਜਜਮਾਨਾਂ ਦੇ ਕਰਨਾਮਿਆਂ ਦੀਆਂ ਵਾਰਾਂ ਵੀ ਰਚਦੇ ਤੇ ਸੁਣਾਉਂਦੇ ਸਨ । ਨਾਲ ਹੀ ਉਹ ਜਜਮਾਨਾਂ ਦੀਆਂ ਬੰਸਾਵਲੀਆਂ ਵੀ ਸੁਣਾਉਂਦੇ ਸਨ । ਆਪਣੇ ਜਜਮਾਨਾਂ ਦੇ ਵੇਰਵੇ ਇਹ ਵਹੀਆਂ ਵਿੱਚ ਭੱਟਾਖਰੀ ਲਿਪੀ ਵਿੱਚ ਲਿਖ ਕੇ ਰੱਖਦੇ ਸਨ । ਹਰਿਆਣਾ ਪ੍ਰਾਂਤ ਦੇ ਜੀਂਦ ਤੇ ਕਰਨਾਲ ਵਿੱਚ ਅੱਜ ਵੀ ਭੱਟਾਂ ਦੇ ਉੱਤਰਾਧਿਕਾਰੀ ਮੌਜੂਦ ਹਨ ਜੋ ਆਪਣਾ ਪੁਸ਼ਤੈਨੀ ਪੇਸ਼ਾ ਕਰਦੇ ਹਨ । ਸਰਸਵਤੀ ਨਦੀ ਦੇ ਕੰਢੇ ਵੱਸੇ ਹੋਣ ਕਾਰਨ ਇਹ ਆਪਣੇ- ਆਪ ਨੂੰ ਸਾਰਸੁਤ ਬ੍ਰਾਹਮਣ ਅਖਵਾਉਂਦੇ ਸਨ ।

        ਸਾਹਿਬ ਸਿੰਘ ਦਾ ਵਿਚਾਰ ਹੈ ਕਿ ਇਹ ਸਾਰੇ ਭੱਟ ਗੁਰੂ ਅਰਜਨ ਦੇਵ ਦੇ ਗੁਰਿਆਈ ਪ੍ਰਾਪਤ ਕਰਨ ਦੇ ਮੌਕੇ ਉੱਪਰ ਕਲਸਹਾਰ ਦੀ ਅਗਵਾਈ ਵਿੱਚ ਗੋਇੰਦਵਾਲ ਆਏ ਸਨ । ਪਰ ਭੱਟ ਰਾਣੀ ਦੀ ਅੰਦਰਲੀ ਗਵਾਹੀ ਇਸ ਵਿਚਾਰ ਨੂੰ ਸਵੀਕਾਰ ਕਰਨ ਦੇ ਪੱਖ ਵਿੱਚ ਨਹੀਂ । ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੀ ਬਾਣੀ ਸ਼ਾਮਲ ਹੋਣ ਨਾਲ ਸਿੱਖ ਸਮਾਜ ਵਿੱਚ ਉਹਨਾਂ ਨੂੰ ਵਿਸ਼ੇਸ਼ ਸਤਿਕਾਰ ਪ੍ਰਾਪਤ ਹੈ । ਸਿੱਖ ਸਾਹਿਤ ਵਿੱਚ ਮਿਲਦੇ ਉਲੇਖ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਬਾਅਦ ਵਿੱਚ ਵੀ ਉਹਨਾਂ ਦਾ ਸੰਬੰਧ ਗੁਰੂ ਘਰ ਨਾਲ ਰਿਹਾ ਸੀ । ਭਾਈ ਸੰਤੋਖ ਸਿੰਘ ਇਹਨਾਂ ਨੂੰ ‘ ਵੇਦਾਂ ਦਾ ਅਵਤਾਰ’ ਕਹਿੰਦੇ ਹਨ ।

        ਸਾਹਿਬ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਰਾਂ ਭੱਟਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਦੇ ਨਾਂ ਹਨ : ਕਲ੍ਹ ( ਜਿਸ ਦੇ ਦੂਜੇ ਨਾਂ ਹਨ ਕਲਸਹਾਰ ਤੇ ਟਲ੍ਹ ) ; ਜਾਲਪ ( ਜਿਸ ਦਾ ਦੂਜਾ ਨਾਂ ਹੈ ਜਲ੍ਹ ) , ਕੀਰਤ , ਭਿੱਖਾ , ਸਲ੍ਹ , ਭਲ੍ਹ , ਨਲ੍ਹ , ਗਯੰਦ , ਮਥੁਰਾ , ਬਲ੍ਹ , ਹਰਬੰਸ । ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਭੱਟਾਂ ਦੇ ਸਵੱਈਆਂ ਵਿੱਚੋਂ 54 ਕਲ੍ਹ ਦੇ , ਪੰਜ ਜਲ੍ਹ ਦੇ , ਅੱਠ ਕੀਰਤ ਦੇ , ਦੋ ਭਿੱਖਾਂ ਦੇ , ਤਿੰਨ ਸਲ੍ਹ ਦੇ , ਇੱਕ ਭਲ੍ਹ ਦਾ , 16 ਨਲ੍ਹ ਦੇ , 13 ਗਯੰਦ ਦੇ , 14 ਮਥੁਰਾ ਦੇ , ਪੰਜ ਬਲ੍ਹ ਦੇ , ਅਤੇ ਦੋ ਹਰਿਬੰਸ ਦੇ ਹਨ । ਗੁਰੂ ਨਾਨਕ ਦੇਵ ਸੰਬੰਧੀ ਦਸ ਸਵੱਈਏ ਪ੍ਰਾਪਤ ਹਨ ਅਤੇ ਏਨੇ ਹੀ ਗੁਰੂ ਅੰਗਦ ਦੇਵ ਬਾਰੇ । ਗੁਰੂ ਅਮਰਦਾਸ ਦੀ ਉਸਤਤਿ ਵਿੱਚ 22 ਸਵੱਈਏ ਹਨ । ਸਭ ਤੋਂ ਵੱਧ 60 ਸਵੱਈਏ ਗੁਰੂ ਰਾਮਦਾਸ ਬਾਰੇ ਦਰਜ ਹਨ । ਗੁਰੂ ਅਰਜਨ ਦੇਵ ਦੀ ਉਸਤਤਿ ਵਿੱਚ 21 ਸਵੱਈਏ ਮਿਲਦੇ ਹਨ । ਭੱਟਾਂ ਦੀ ਲਿਖੀ ਬਾਣੀ ਨੂੰ ਸਵੱਈਏ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਬਹੁ- ਗਿਣਤੀ ਸਵੱਈਆਂ ਦੀ ਹੈ । ਵੈਸੇ ਛੰਦ ਦੇ ਲੱਛਣਾਂ ਦੇ ਵਾਧੇ-ਘਾਟੇ ਨਾਲ ਇਹ ਹੋਰ ਛੰਦ ਵੀ ਹਨ ।

        ਗੁਰੂ ਸਾਹਿਬਾਨ ਦੀ ਉਸਤਤਿ ਕਰਦਿਆਂ ਭੱਟਾਂ ਨੇ ਉਹਨਾਂ ਨੂੰ ਪੁਰਾਣ-ਪਾਤਰਾਂ ਦੇ ਰੂਪ ਵਿੱਚ ਪੇਸ਼ ਕੀਤਾ ਹੈ । ਗੁਰੂ ਨਾਨਕ ਵਿਸ਼ਣੂ ਦੇ ਅਵਤਾਰ ਦੱਸੇ ਗਏ ਹਨ । ਇਸੇ ਤਰ੍ਹਾਂ ਗੁਰੂ ਅੰਗਦ ਦੇਵ ਨੂੰ ਜਨਕ ਦਾ ਅਵਤਾਰ ਮੰਨਿਆ ਗਿਆ ਹੈ । ਗੁਰੂ ਰਾਮਦਾਸ ਵਿਸ਼ਣੂ ਦੇ ਅਵਤਾਰ ਪ੍ਰਵਾਨ ਕੀਤੇ ਗਏ ਹਨ ਜਿਨ੍ਹਾਂ ਦੇ ਚਾਰ ਚਿੰਨ੍ਹਾਂ ਦਾ ਉਲੇਖ ਵੀ ਕੀਤਾ ਗਿਆ ਹੈ । ਇਸ ਦਾ ਕਾਰਨ ਉਹਨਾਂ ਦਾ ਪਿਛੋਕੜ ਹੈ । ਪਰ ਇਸ ਦੇ ਨਾਲ ਉਹਨਾਂ ਨੇ ਪਰਵਰਤੀ ਗੁਰੂਆਂ ਨੂੰ ਗੁਰੂ ਨਾਨਕ ਦਾ ਅਵਤਾਰ ਮੰਨਿਆ ਹੈ ਜਿਨ੍ਹਾਂ ਨੇ ਕਲਜੁਗ ਵਿੱਚ ਅਵਤਾਰ ਧਾਰਿਆ ਸੀ । ਦਰਅਸਲ ਭੱਟਾਂ ਨੇ ਪੁਰਾਣਿਕ ਸੰਸਕਾਰਾਂ ਦੇ ਮਾਧਿਅਮ ਨਾਲ ਸਾਰੇ ਗੁਰੂਆਂ ਵਿੱਚ ਇੱਕੋ ਜੋਤਿ ਦੇ ਸੰਚਾਰ ਦੇ ਸਿੱਖ ਸਿਧਾਂਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ।

        ਗੁਰੂ ਗ੍ਰੰਥ ਸਾਹਿਬ ਵਿਚਲੇ ਭੱਟ ਕਵੀਆਂ ਤੋਂ ਇਲਾਵਾ ਹੋਰ ਕਿਸੇ ਤਤਕਾਲੀ ਭੱਟ ਕਵੀ ਦਾ ਉਲੇਖ ਨਹੀਂ ਮਿਲਦਾ । ਬਾਅਦ ਵਿੱਚ ਇੱਕ-ਦੋ ਭੱਟ ਕਵੀਆਂ ਦੀਆਂ ਰਚਨਾਵਾਂ ਮਿਲਦੀਆਂ ਹਨ ਪਰ ਉਹਨਾਂ ਦੀ ਪ੍ਰਮਾਣਿਕਤਾ ਸਥਾਪਿਤ ਨਹੀਂ ਹੋ ਸਕੀ ।


ਲੇਖਕ : ਸਬਿੰਦਰਜੀਤ ਸਿੰਘ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.