ਭੱਟ ਕਵੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭੱਟ ਕਵੀ: ਗੁਰੂ ਗ੍ਰੰਥ ਸਾਹਿਬ ਵਿੱਚ ਭੱਟ ਕਵੀਆਂ ਦੇ 123 ਸਵੱਈਏ ਸੰਕਲਿਤ ਹਨ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨ ਦੀ ਉਸਤਤਿ ਕੀਤੀ ਗਈ ਹੈ। ਸੰਪਰਦਾਈ ਗਿਆਨੀ ਭੱਟ ਕਵੀਆਂ ਦੀ ਗਿਣਤੀ 17 ਮੰਨਦੇ ਹਨ। ਪਰ ਸਾਹਿਬ ਸਿੰਘ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ। ਭੱਟਾਂ ਦੀ ਬਾਣੀ ਨਾਲ ਲੱਗੇ ਅੰਕਾਂ ਦੇ ਆਧਾਰ ਉੱਤੇ ਉਹ ਭੱਟਾਂ ਦੀ ਗਿਣਤੀ 11 ਮੰਨਦੇ ਹਨ। ਇਧਰ ਭੱਟ ਵਹੀਆਂ ਵਿੱਚ ਦਿੱਤੀ ਗਈ ਬੰਸਾਵਲੀ ਦੇ ਆਧਾਰ ਉੱਤੇ ਗਿਆਨੀ ਗੁਰਦਿੱਤ ਸਿੰਘ ਭੱਟਾਂ ਦੀ ਗਿਣਤੀ 17 ਹੀ ਸਵੀਕਾਰ ਕਰਦੇ ਹਨ। ਕਿਉਂਕਿ ਭੱਟ ਵਹੀਆਂ ਵਿਵਾਦ ਵਾਲਾ ਸੋਮਾ ਹੈ ਇਸ ਲਈ ਸਾਹਿਬ ਸਿੰਘ ਦਾ ਵਿਚਾਰ ਹੀ ਵਧੇਰੇ ਪ੍ਰਮਾਣਿਕ ਜਾਪਦਾ ਹੈ।
ਇਹ ਭੱਟ ਕੌਣ ਸਨ ਅਤੇ ਇਹ ਗੁਰੂ ਘਰ ਨਾਲ ਕਿਵੇਂ ਤੇ ਕਦੋਂ ਜੁੜੇ। ਇਸ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ। ਭੱਟਾਂ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਸੰਬੰਧ ਬ੍ਰਾਹਮਣ ਵਰਣਨ ਨਾਲ ਸੀ ਅਤੇ ਉਹ ਜਜਮਾਨੀ ਪਰੋਹਤੀ ਦਾ ਪੇਸ਼ਾ ਕਰਦੇ ਸਨ। ਉਹ ਜਨਮ ਤੇ ਵਿਆਹ ਦੇ ਮੌਕੇ ਉੱਤੇ ਵਧਾਈ ਲੈਣ ਜਾਂਦੇ ਸਨ। ਉਹ ਆਪਣੇ ਜਜਮਾਨਾਂ ਦੇ ਕਰਨਾਮਿਆਂ ਦੀਆਂ ਵਾਰਾਂ ਵੀ ਰਚਦੇ ਤੇ ਸੁਣਾਉਂਦੇ ਸਨ। ਨਾਲ ਹੀ ਉਹ ਜਜਮਾਨਾਂ ਦੀਆਂ ਬੰਸਾਵਲੀਆਂ ਵੀ ਸੁਣਾਉਂਦੇ ਸਨ। ਆਪਣੇ ਜਜਮਾਨਾਂ ਦੇ ਵੇਰਵੇ ਇਹ ਵਹੀਆਂ ਵਿੱਚ ਭੱਟਾਖਰੀ ਲਿਪੀ ਵਿੱਚ ਲਿਖ ਕੇ ਰੱਖਦੇ ਸਨ। ਹਰਿਆਣਾ ਪ੍ਰਾਂਤ ਦੇ ਜੀਂਦ ਤੇ ਕਰਨਾਲ ਵਿੱਚ ਅੱਜ ਵੀ ਭੱਟਾਂ ਦੇ ਉੱਤਰਾਧਿਕਾਰੀ ਮੌਜੂਦ ਹਨ ਜੋ ਆਪਣਾ ਪੁਸ਼ਤੈਨੀ ਪੇਸ਼ਾ ਕਰਦੇ ਹਨ। ਸਰਸਵਤੀ ਨਦੀ ਦੇ ਕੰਢੇ ਵੱਸੇ ਹੋਣ ਕਾਰਨ ਇਹ ਆਪਣੇ- ਆਪ ਨੂੰ ਸਾਰਸੁਤ ਬ੍ਰਾਹਮਣ ਅਖਵਾਉਂਦੇ ਸਨ।
ਸਾਹਿਬ ਸਿੰਘ ਦਾ ਵਿਚਾਰ ਹੈ ਕਿ ਇਹ ਸਾਰੇ ਭੱਟ ਗੁਰੂ ਅਰਜਨ ਦੇਵ ਦੇ ਗੁਰਿਆਈ ਪ੍ਰਾਪਤ ਕਰਨ ਦੇ ਮੌਕੇ ਉੱਪਰ ਕਲਸਹਾਰ ਦੀ ਅਗਵਾਈ ਵਿੱਚ ਗੋਇੰਦਵਾਲ ਆਏ ਸਨ। ਪਰ ਭੱਟ ਰਾਣੀ ਦੀ ਅੰਦਰਲੀ ਗਵਾਹੀ ਇਸ ਵਿਚਾਰ ਨੂੰ ਸਵੀਕਾਰ ਕਰਨ ਦੇ ਪੱਖ ਵਿੱਚ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੀ ਬਾਣੀ ਸ਼ਾਮਲ ਹੋਣ ਨਾਲ ਸਿੱਖ ਸਮਾਜ ਵਿੱਚ ਉਹਨਾਂ ਨੂੰ ਵਿਸ਼ੇਸ਼ ਸਤਿਕਾਰ ਪ੍ਰਾਪਤ ਹੈ। ਸਿੱਖ ਸਾਹਿਤ ਵਿੱਚ ਮਿਲਦੇ ਉਲੇਖ ਤੋਂ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਬਾਅਦ ਵਿੱਚ ਵੀ ਉਹਨਾਂ ਦਾ ਸੰਬੰਧ ਗੁਰੂ ਘਰ ਨਾਲ ਰਿਹਾ ਸੀ। ਭਾਈ ਸੰਤੋਖ ਸਿੰਘ ਇਹਨਾਂ ਨੂੰ ‘ਵੇਦਾਂ ਦਾ ਅਵਤਾਰ’ ਕਹਿੰਦੇ ਹਨ।
ਸਾਹਿਬ ਸਿੰਘ ਅਨੁਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਗਿਆਰਾਂ ਭੱਟਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਦੇ ਨਾਂ ਹਨ: ਕਲ੍ਹ (ਜਿਸ ਦੇ ਦੂਜੇ ਨਾਂ ਹਨ ਕਲਸਹਾਰ ਤੇ ਟਲ੍ਹ); ਜਾਲਪ (ਜਿਸ ਦਾ ਦੂਜਾ ਨਾਂ ਹੈ ਜਲ੍ਹ), ਕੀਰਤ, ਭਿੱਖਾ, ਸਲ੍ਹ, ਭਲ੍ਹ, ਨਲ੍ਹ, ਗਯੰਦ, ਮਥੁਰਾ, ਬਲ੍ਹ, ਹਰਬੰਸ। ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਭੱਟਾਂ ਦੇ ਸਵੱਈਆਂ ਵਿੱਚੋਂ 54 ਕਲ੍ਹ ਦੇ, ਪੰਜ ਜਲ੍ਹ ਦੇ, ਅੱਠ ਕੀਰਤ ਦੇ, ਦੋ ਭਿੱਖਾਂ ਦੇ, ਤਿੰਨ ਸਲ੍ਹ ਦੇ, ਇੱਕ ਭਲ੍ਹ ਦਾ, 16 ਨਲ੍ਹ ਦੇ, 13 ਗਯੰਦ ਦੇ, 14 ਮਥੁਰਾ ਦੇ, ਪੰਜ ਬਲ੍ਹ ਦੇ, ਅਤੇ ਦੋ ਹਰਿਬੰਸ ਦੇ ਹਨ। ਗੁਰੂ ਨਾਨਕ ਦੇਵ ਸੰਬੰਧੀ ਦਸ ਸਵੱਈਏ ਪ੍ਰਾਪਤ ਹਨ ਅਤੇ ਏਨੇ ਹੀ ਗੁਰੂ ਅੰਗਦ ਦੇਵ ਬਾਰੇ। ਗੁਰੂ ਅਮਰਦਾਸ ਦੀ ਉਸਤਤਿ ਵਿੱਚ 22 ਸਵੱਈਏ ਹਨ। ਸਭ ਤੋਂ ਵੱਧ 60 ਸਵੱਈਏ ਗੁਰੂ ਰਾਮਦਾਸ ਬਾਰੇ ਦਰਜ ਹਨ। ਗੁਰੂ ਅਰਜਨ ਦੇਵ ਦੀ ਉਸਤਤਿ ਵਿੱਚ 21 ਸਵੱਈਏ ਮਿਲਦੇ ਹਨ। ਭੱਟਾਂ ਦੀ ਲਿਖੀ ਬਾਣੀ ਨੂੰ ਸਵੱਈਏ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਵਿੱਚ ਬਹੁ- ਗਿਣਤੀ ਸਵੱਈਆਂ ਦੀ ਹੈ। ਵੈਸੇ ਛੰਦ ਦੇ ਲੱਛਣਾਂ ਦੇ ਵਾਧੇ-ਘਾਟੇ ਨਾਲ ਇਹ ਹੋਰ ਛੰਦ ਵੀ ਹਨ।
ਗੁਰੂ ਸਾਹਿਬਾਨ ਦੀ ਉਸਤਤਿ ਕਰਦਿਆਂ ਭੱਟਾਂ ਨੇ ਉਹਨਾਂ ਨੂੰ ਪੁਰਾਣ-ਪਾਤਰਾਂ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਗੁਰੂ ਨਾਨਕ ਵਿਸ਼ਣੂ ਦੇ ਅਵਤਾਰ ਦੱਸੇ ਗਏ ਹਨ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਨੂੰ ਜਨਕ ਦਾ ਅਵਤਾਰ ਮੰਨਿਆ ਗਿਆ ਹੈ। ਗੁਰੂ ਰਾਮਦਾਸ ਵਿਸ਼ਣੂ ਦੇ ਅਵਤਾਰ ਪ੍ਰਵਾਨ ਕੀਤੇ ਗਏ ਹਨ ਜਿਨ੍ਹਾਂ ਦੇ ਚਾਰ ਚਿੰਨ੍ਹਾਂ ਦਾ ਉਲੇਖ ਵੀ ਕੀਤਾ ਗਿਆ ਹੈ। ਇਸ ਦਾ ਕਾਰਨ ਉਹਨਾਂ ਦਾ ਪਿਛੋਕੜ ਹੈ। ਪਰ ਇਸ ਦੇ ਨਾਲ ਉਹਨਾਂ ਨੇ ਪਰਵਰਤੀ ਗੁਰੂਆਂ ਨੂੰ ਗੁਰੂ ਨਾਨਕ ਦਾ ਅਵਤਾਰ ਮੰਨਿਆ ਹੈ ਜਿਨ੍ਹਾਂ ਨੇ ਕਲਜੁਗ ਵਿੱਚ ਅਵਤਾਰ ਧਾਰਿਆ ਸੀ। ਦਰਅਸਲ ਭੱਟਾਂ ਨੇ ਪੁਰਾਣਿਕ ਸੰਸਕਾਰਾਂ ਦੇ ਮਾਧਿਅਮ ਨਾਲ ਸਾਰੇ ਗੁਰੂਆਂ ਵਿੱਚ ਇੱਕੋ ਜੋਤਿ ਦੇ ਸੰਚਾਰ ਦੇ ਸਿੱਖ ਸਿਧਾਂਤ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਗੁਰੂ ਗ੍ਰੰਥ ਸਾਹਿਬ ਵਿਚਲੇ ਭੱਟ ਕਵੀਆਂ ਤੋਂ ਇਲਾਵਾ ਹੋਰ ਕਿਸੇ ਤਤਕਾਲੀ ਭੱਟ ਕਵੀ ਦਾ ਉਲੇਖ ਨਹੀਂ ਮਿਲਦਾ। ਬਾਅਦ ਵਿੱਚ ਇੱਕ-ਦੋ ਭੱਟ ਕਵੀਆਂ ਦੀਆਂ ਰਚਨਾਵਾਂ ਮਿਲਦੀਆਂ ਹਨ ਪਰ ਉਹਨਾਂ ਦੀ ਪ੍ਰਮਾਣਿਕਤਾ ਸਥਾਪਿਤ ਨਹੀਂ ਹੋ ਸਕੀ।
ਲੇਖਕ : ਸਬਿੰਦਰਜੀਤ ਸਿੰਘ ਸਾਗਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First