ਮਰਸੀਆ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਰਸੀਆ : ਮਰਸੀਆ ਸ਼ਬਦ ‘ ਰਿਸਾਅ’ ਤੋਂ ਬਣਿਆ ਹੈ । ‘ ਰਿਸਾਅ’ ਦਾ ਅਰਥ ਹੈ ਰੋਣਾ , ਮਾਤਮ ਕਰਨਾ ਆਦਿ । ਸਾਹਿਤ ਦੇ ਖੇਤਰ ਵਿੱਚ ਮਰਸੀਆ ਕਿਸੇ ਦੀ ਮੌਤ `ਤੇ ਲਿਖੀ ਗਈ ਮਾਤਮੀ ( ਸ਼ੋਕਮਈ ) ਕਵਿਤਾ ਨੂੰ ਕਹਿੰਦੇ ਹਨ , ਜਿਸ ਵਿੱਚ ਕਵੀ ਮਰ ਗਏ ਵਿਅਕਤੀ ਦੀ ਮੌਤ `ਤੇ ਆਪਣੇ ਦੁੱਖ-ਦਰਦ ਦਾ ਪ੍ਰਗਟਾਵਾ ਅਜਿਹੇ ਸ਼ੋਕਮਈ ਸ਼ਬਦਾਂ ਵਿੱਚ ਕਰਦਾ ਹੈ , ਜਿਸ ਨੂੰ ਪੜ੍ਹ/ਸੁਣ ਕੇ ਰੋਣਾ ਆ ਜਾਵੇ । ਮਰਸੀਏ ਵਿੱਚ ਕਵੀ ਮਰ ਗਏ ਵਿਅਕਤੀ ਦੀ ਮੌਤ `ਤੇ ਵਿਰਲਾਪ ਕਰਦਾ ਹੋਇਆ ਉਸ ਦੇ ਗੁਣਾਂ ਦਾ ਬਿਆਨ ਵੀ ਕਰਦਾ ਹੈ । ਮਰ ਗਏ ਵਿਅਕਤੀ ਦੇ ਗੁਣਾਂ ਦਾ ਬਿਆਨ ਉਸ ਦੀ ਮੌਤ ਦੇ ਦੁੱਖਾਂ ਨੂੰ ਵਧੇਰੇ ਡੂੰਘਾ ਤੇ ਅਸਹਿ ਬਣਾਉਂਦਾ ਹੈ । ਮੁੱਹਰਮ ਦੇ ਦਿਨਾਂ ਵਿੱਚ ਸ਼ੀਆ ਮੁਸਲਮਾਨ ਹਜ਼ਰਤ ਇਮਾਮ ਹੁਸੈਨ ਹੁਰਾਂ ਦੀ ਕਰਬਲਾ ਦੀ ਜੰਗ ਵਿੱਚ ਹੋਈ ਦਰਦਨਾਕ ਸ਼ਹਾਦਤ ਦੀ ਯਾਦ ਵਿੱਚ ਤਾਜ਼ੀਏ ਕੱਢਦੇ ਹਨ , ਉਸ ਵੇਲੇ ਜਿਹੜੇ ਮਾਤਮੀ ਗੀਤ ਗਾਏ ਜਾਂਦੇ ਹਨ , ਉਹਨਾਂ ਨੂੰ ਮਰਸੀਆ ਕਿਹਾ ਜਾਂਦਾ ਹੈ । ਸ਼ੀਆ ਲੋਕ ਤਾਜ਼ੀਏ ਦੇ ਨਾਲ-ਨਾਲ ਚੱਲਦੇ ਹੋਏ ਮਰਸੀਏ ਪੜ੍ਹਦੇ ਜਾਂਦੇ ਹਨ ਅਤੇ ਛਾਤੀ `ਤੇ ਹੱਥ ਮਾਰ-ਮਾਰ ਕੇ ਮਾਤਮ ਵੀ ਕਰਦੇ ਜਾਂਦੇ ਹਨ ।

        ਵੈਸੇ ਤਾਂ ਕਿਸੇ ਵੀ ਵਿਅਕਤੀ ਦੀ ਮੌਤ `ਤੇ ਲਿਖੀ ਗਈ ਸ਼ੋਕਮਈ ਕਵਿਤਾ ਨੂੰ ਮਰਸੀਆ ਕਿਹਾ ਜਾ ਸਕਦਾ ਹੈ ਪਰੰਤੂ ਉਰਦੂ/ਫ਼ਾਰਸੀ ਵਿੱਚ ਮਰਸੀਆ ਕੇਵਲ ਉਸ ਸ਼ੋਕਮਈ ਕਵਿਤਾ ਨੂੰ ਕਹਿੰਦੇ ਹਨ , ਜਿਸ ਵਿੱਚ ਕਰਬਲਾ ਦੀ ਜੰਗ ਦੇ ਮਹਾਨ ਸ਼ਹੀਦ , ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਹਜ਼ਰਤ ਇਮਾਮ ਹੁਸੈਨ ਅਤੇ ਇਸ ਜੰਗ ਦੇ ਹੋਰ ਸ਼ਹੀਦਾਂ ਦਾ ਦਰਦ ਭਰਿਆ ਜ਼ਿਕਰ ਹੋਵੇ । ਬਾਕੀ ਹੋਰ ਕਿਸੇ ਵੀ ਵਿਅਕਤੀ ਦੀ ਮੌਤ ਉੱਤੇ ਲਿਖੀ ਸ਼ੋਕਮਈ ਕਵਿਤਾ ਨੂੰ ਵਿਅਕਤੀਗਤ ( ਸ਼ਖ਼ਸੀ ) ਮਰਸੀਆ ਕਿਹਾ ਜਾਂਦਾ ਹੈ । ਪੰਜਾਬੀ ਵਿੱਚ ਭਾਵੇਂ ਬਹੁਤ ਥੋੜ੍ਹੇ ਮਰਸੀਏ ਲਿਖੇ ਗਏ , ਪਰ ਉਪਰੋਕਤ ਦੋਵੇਂ ਤਰ੍ਹਾਂ ਦੇ ਮਰਸੀਏ ਪੰਜਾਬੀ ਵਿੱਚ ਮਿਲਦੇ ਹਨ । ਪਹਿਲੀ ਪ੍ਰਕਾਰ ਵਿੱਚ ਉਹ ਮਰਸੀਆ ਆਉਂਦਾ ਹੈ , ਜੋ ਕਰਬਲਾ ਦੇ ਸ਼ਹੀਦਾਂ ਬਾਰੇ ਹੁੰਦਾ ਹੈ ਤੇ ਦੂਜੀ ਪ੍ਰਕਾਰ ਵਿੱਚ ਵਿਅਕਤੀਗਤ ਮਰਸੀਏ ਆ ਜਾਂਦੇ ਹਨ ।

        ਪੰਜਾਬੀ ਦੇ ਲੋਕ-ਕਾਵਿ ਵਿੱਚ ਮੌਤ ਨਾਲ ਸੰਬੰਧਿਤ ਸ਼ੋਕਮਈ ਕਵਿਤਾ ਨੂੰ ‘ ਅਲਾਹੁਣੀ’ ਵਜੋਂ ਜਾਣਿਆ ਜਾਂਦਾ ਹੈ । ਅਲਾਹੁਣੀ ਇੱਕ ਛੋਟਾ ਜਿਹਾ ਲੋਕ-ਗੀਤ ਹੁੰਦਾ ਹੈ , ਜੋ ਮਰ ਗਏ ਵਿਅਕਤੀ ਲਈ ਗਾਇਆ ਜਾਂਦਾ ਹੈ । ਔਰਤਾਂ ਮਰ ਗਏ ਵਿਅਕਤੀ ਨੂੰ ਰੋਂਦੀਆਂ ਪਿੱਟਦੀਆਂ ਨਾਲ-ਨਾਲ ਅਲਾਹੁਣੀਆਂ ਗਾ ਕੇ ਉਸ ਦੀ ਮੌਤ ਦਾ ਦੁੱਖ-ਦਰਦ ਜ਼ਾਹਰ ਕਰਦੀਆਂ ਹਨ । ਅਲਾਹੁਣੀ ਵੀ ਭਾਵੇਂ ਮੌਤ ਨਾਲ ਸੰਬੰਧਿਤ ਸ਼ੋਕਮਈ ਗੀਤ ਹੈ , ਪਰੰਤੂ ਮਰਸੀਏ ਤੇ ਅਲਾਹੁਣੀ ਵਿੱਚ ਬਹੁਤ ਅੰਤਰ ਹੈ । ਅਲਾਹੁਣੀ ਛੋਟਾ ਜਿਹਾ ਗੀਤ ਹੁੰਦਾ ਹੈ , ਜਦ ਕਿ ਮਰਸੀਆ ਲੰਮੇ ਆਕਾਰ ਵਾਲੀ ਕਵਿਤਾ ਹੁੰਦੀ ਹੈ । ਅਲਾਹੁਣੀ ਵਿਚਲਾ ਮਾਤਮੀ ਅੰਸ਼ ਮਰਸੀਏ ਨਾਲੋਂ ਘੱਟ ਦਿਲ-ਦੁਖਾਊ ਹੁੰਦਾ ਹੈ , ਮਰਸੀਏ ਦਾ ਪ੍ਰਭਾਵ ਅਲਾਹੁਣੀ ਨਾਲੋਂ ਵਧੇਰੇ ਦਿਲ-ਚੀਰਵਾਂ ਹੁੰਦਾ ਹੈ । ਅਲਾਹੁਣੀ ਕਿਸੇ ਦੀ ਵੀ ਮੌਤ ਉੱਤੇ ਗਾਈ ਜਾ ਸਕਦੀ ਹੈ , ਪਰੰਤੂ ਮਰਸੀਆ ਕਰਬਲਾ ਦੀ ਜੰਗ ਦੇ ਸ਼ਹੀਦਾਂ ਬਾਰੇ ਹੀ ਹੁੰਦਾ ਹੈ । ( ਵਿਅਕਤੀਗਤ ਮਰਸੀਆ ਇਸ ਤੋਂ ਵੱਖਰਾ ਹੈ । ) ਮਰਸੀਏ ਨਾਲ ਮਿਲਦਾ- ਜੁਲਦਾ ਕਾਵਿ-ਰੂਪ ਪੁਰਾਤਨ ਪੰਜਾਬੀ ਵਿੱਚ ‘ ਸੱਦ’ ਹੁੰਦੀ ਸੀਗੁਰੂ ਅਮਰਦਾਸ ਦੇ ਜੋਤੀ-ਜੋਤਿ ਸਮਾਉਣ `ਤੇ ਲਿਖੀ ਬਾਬਾ ਸੁੰਦਰ ਦੀ ‘ ਸੱਦ’ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ।

        ਪੰਜਾਬੀ ਨਾਲੋਂ ਜ਼ਿਆਦਾ ਮਰਸੀਏ ਉਰਦੂ , ਫ਼ਾਰਸੀ ਵਿੱਚ ਲਿਖੇ ਗਏ ਹਨ । ਅਰੰਭ ਵਿੱਚ ਲਿਖੇ ਗਏ ਮਰਸੀਏ ਛੋਟੇ ਆਕਾਰ ਦੇ ਹੁੰਦੇ ਸਨ , ਜੋ ਗ਼ਜ਼ਲ ਵਾਂਗ ਲਿਖੇ ਜਾਂਦੇ ਸਨ । ਅਨੁਮਾਨ ਹੈ ਕਿ ਮਿਰਜ਼ਾ ਮੁਹੰਮਦ ਰਫ਼ੀ ਸੌਦਾ ਉਰਦੂ ਦਾ ਪਹਿਲਾ ਕਵੀ ਸੀ , ਜਿਸ ਨੇ ਮਰਸੀਏ ਲਈ ਛੇ ਸਤਰਾਂ ਵਾਲਾ ਬੰਦ ( ਮੁੱਸਦਸ ) ਵਰਤਿਆ । ਬਾਅਦ ਵਿੱਚ ਇਹ ਮੁੱਸਦਸ ਵਾਲਾ ਬੰਦ ਏਨਾ ਮਕਬੂਲ ਹੋਇਆ ਕਿ ਮਰਸੀਏ ਲਈ ਏਹੀ ਪੱਕਾ ਹੋ ਗਿਆ । ਹੁਣ ਜਿੰਨੇ ਵੀ ਮਰਸੀਏ ਲਿਖੇ ਜਾਂਦੇ ਹਨ , ਉਹ ਇਸੇ ਢੰਗ ਦੇ ਹੁੰਦੇ ਹਨ । ਮਰਸੀਏ ਵਿੱਚ ਛੇ ਸਤਰਾਂ ( ਪੰਕਤੀਆਂ ) ਦਾ ਇੱਕ ਕਾਵਿ-ਟੋਟਾ ਹੁੰਦਾ ਹੈ ਅਤੇ ਆਮ ਤੌਰ `ਤੇ ਇੱਕ ਮਰਸੀਏ ਵਿੱਚ 16 ਕਾਵਿ-ਟੋਟੇ ਰੱਖੇ ਜਾਂਦੇ ਹਨ । ਵਿਸ਼ੇ ਦੇ ਪੱਖ ਤੋਂ ਮਰਸੀਏ ਦੀ ਅੰਦਰੂਨੀ ਬਣਤਰ ਕਈ ਭਾਗਾਂ ਵਿੱਚ ਵੰਡੀ ਹੁੰਦੀ ਹੈ । ਵਿਸ਼ੇ ਦੇ ਪੱਖ ਤੋਂ ਮਰਸੀਏ ਦੇ ਮਹੱਤਵਪੂਰਨ ਭਾਗ ਇਸ ਪ੍ਰਕਾਰ ਹਨ :

        1. ਚਿਹਰਾ : ਮਰਸੀਏ ਦੀ ਭੂਮਿਕਾ ਨੂੰ ਚਿਹਰਾ ਕਹਿੰਦੇ ਹਨ । ਇਸ ਵਿੱਚ ਕਵੀ ਅਜਿਹੇ ਵਿਸ਼ੇ ਲੈਂਦਾ ਹੈ , ਜਿਨ੍ਹਾਂ ਦਾ ਮਰਸੀਏ ਦੇ ਅਸਲ ਵਿਸ਼ੇ ਨਾਲ ਸਿੱਧਾ ਸੰਬੰਧ ਨਹੀਂ ਹੁੰਦਾ , ਜਿਵੇਂ ਸਵੇਰ ਦਾ ਦ੍ਰਿਸ਼ , ਰਾਤ ਦਾ ਸਮਾਂ , ਗਰਮੀ ਦੀ ਸ਼ਿੱਦਤ , ਦੁਨੀਆ ਦੀ ਨਾਸ਼ਮਾਨਤਾ , ਹਮਦ , ਨਾਅਤ ਆਦਿ ।

        2. ਸਰਾਪਾ : ਇਸ ਵਿੱਚ ਕਵੀ ਮਰਸੀਏ ਦੇ ਹੀਰੋ , ਉਸ ਦੀ ਸ਼ਕਲ-ਸੂਰਤ ਅਤੇ ਹੋਰ ਗੁਣਾਂ ਨੂੰ ਬਿਆਨ ਕਰਦਾ ਹੈ ।

        3. ਰੁਖ਼ਸਤ : ਇਸ ਭਾਗ ਵਿੱਚ ਹੀਰੋ ਨੂੰ ਜੰਗ ਦੇ ਮੈਦਾਨ ਵਿੱਚ ਜਾਣ ਲਈ ਆਪਣੇ ਸਾਕ-ਸੰਬੰਧੀਆਂ ਤੋਂ ਵਿਦਾ ਲੈਂਦੇ ਦੱਸਿਆ ਜਾਂਦਾ ਹੈ ।

        4. ਰਜਜ਼ : ਹੀਰੋ ਆਪਣੇ ਬਜ਼ੁਰਗਾਂ ਦੇ ਕਾਰਨਾਮਿਆਂ ਬਾਰੇ ਦੱਸਦਿਆਂ ਆਪਣੇ ਖ਼ਾਨਦਾਨ ਦੀ ਪ੍ਰਸੰਸਾ ਕਰਦਾ ਹੈ ਅਤੇ ਆਪਣੀ ਬਹਾਦਰੀ ਤੇ ਜੰਗੀ ਮੁਹਾਰਤ ਦਾ ਵਰਣਨ ਕਰਦਾ ਹੈ । ਨਾਲ ਹੀ ਦੁਸ਼ਮਣ ਦੀ ਬਹਾਦਰੀ ਦਾ ਵੀ ਜ਼ਿਕਰ ਕਰਦਾ ਹੈ ।

        5. ਜੰਗ : ਇਸ ਭਾਗ ਵਿੱਚ ਮਰਸੀਏ ਦੇ ਹੀਰੋ ਦੀ ਦੁਸ਼ਮਣ ਫ਼ੌਜ ਦੇ ਕਿਸੇ ਇੱਕ ਸਿਰਕੱਢ ਸਿਪਾਹੀ ਨਾਲ ਜਾਂ ਪੂਰੀ ਫ਼ੌਜ ਨਾਲ ਲੜਾਈ ਦਾ ਵਰਣਨ ਹੁੰਦਾ ਹੈ । ਹੀਰੋ ਦੀ ਤਲਵਾਰ ਅਤੇ ਘੋੜੇ ਦੀ ਤਾਰੀਫ਼ ਵੀ ਕੀਤੀ ਜਾਂਦੀ ਹੈ ।

        6. ਸ਼ਹਾਦਤ : ਹੀਰੋ ਮੈਦਾਨ-ਏ-ਜੰਗ ਵਿੱਚ ਦੁਸ਼ਮਣ ਨਾਲ ਲੜਦਾ ਹੋਇਆ ਅੰਤ ਸ਼ਹੀਦ ਹੋ ਜਾਂਦਾ ਹੈ । ਮਰਸੀਏ ਦਾ ਇਹ ਬਹੁਤ ਮਹੱਤਵਪੂਰਨ ਭਾਗ ਹੈ , ਜਿਸ ਵਿੱਚ ਹੀਰੋ ਦੀ ਸ਼ਹਾਦਤ ਦਾ ਬਿਆਨ ਅਤਿ ਸ਼ੋਕਮਈ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾਂਦਾ ਹੈ ।

        7. ਵੈਣ : ਇਸ ਭਾਗ ਵਿੱਚ ਸ਼ਹੀਦ ਹੋਏ ਵਿਅਕਤੀ ਦੇ ਸਾਕ-ਸੰਬੰਧੀ ਉਸ ਦੀ ਲਾਸ਼ ਦੁਆਲੇ ਵੈਣ ਪਾਉਂਦੇ ਅਤੇ ਰੋਂਦੇ ਪਿੱਟਦੇ ਦੱਸੇ ਜਾਂਦੇ ਹਨ । ਕੁਝ ਵਿਦਵਾਨ ਇਸ ਨੂੰ ਵੱਖਰਾ ਭਾਗ ਨਾ ਮੰਨ ਕੇ ਸ਼ਹਾਦਤ ਵਾਲੇ ਭਾਗ ਵਿੱਚ ਹੀ ਸ਼ਾਮਲ ਕਰਦੇ ਹਨ ।

        ਮਰਸੀਏ ਦੇ ਅਖੀਰਲੇ ਦੋ ਭਾਗ ਭਾਵ ਸ਼ਹਾਦਤ ਅਤੇ ਵੈਣ ਇਸ ਦੇ ਬਹੁਤ ਮਹੱਤਵਪੂਰਨ ਭਾਗ ਹਨ । ਇਹਨਾਂ ਦੋਹਾਂ ਦੀ ਸਫਲਤਾ `ਤੇ ਹੀ ਮਰਸੀਏ ਦੀ ਸਫਲਤਾ ਨਿਰਭਰ ਕਰਦੀ ਹੈ । ਉਂਞ ਵੀ ਮਰਸੀਏ ਦਾ ਬੁਨਿਆਦੀ ਮੰਤਵ ਰੋਣਾ , ਰੁਆਉਣਾ ਤੇ ਰੋਣ ਲਈ ਉਕਸਾਉਣਾ ਹੁੰਦਾ ਹੈ , ਇਸ ਲਈ ਕਵੀ ਸਾਰਾ ਜ਼ੋਰ ਸ਼ਹਾਦਤ ਅਤੇ ਵੈਣ ਵਾਲੇ ਭਾਗ `ਤੇ ਲਾਉਂਦਾ ਹੈ । ਉਰਦੂ ਵਿੱਚ ਬੱਬਰ ਅਲੀ ਅਨੀਸ ਅਤੇ ਸਲਾਮਤ ਅਲੀ ਦਬੀਰ ਦੇ ਕਰਬਲਾ ਸੰਬੰਧੀ   ਮਰਸੀਏ ਬਹੁਤ ਪ੍ਰਸਿੱਧ ਹਨ । ਇਸ ਤੋਂ ਇਲਾਵਾ ਕੁਝ ਵਿਅਕਤੀਗਤ ਮਰਸੀਏ ਵੀ ਮਿਲਦੇ ਹਨ , ਜਿਵੇਂ ਹਾਲੀ ਦਾ ਗ਼ਾਲਿਬ ਦੀ ਮੌਤ `ਤੇ ਲਿਖਿਆ ਮਰਸੀਆ-ਏ- ਗ਼ਾਲਿਬ ਅਤੇ ਇਕਬਾਲ ਦਾ ਦਾਗ਼ ਦਿਹਲਵੀ ਦੀ ਮੌਤ `ਤੇ ਲਿਖਿਆ ਮਰਸੀਆ-ਏ-ਦਾਗ਼ ਆਦਿ ।

        ਪੰਜਾਬੀ ਵਿੱਚ ਕਰਬਲਾ ਦੀ ਜੰਗ ਦੇ ਸ਼ਹੀਦਾਂ ਸੰਬੰਧੀ ਵੀ ਮਰਸੀਏ ਲਿਖੇ ਗਏ ਹਨ ਅਤੇ ਵਿਅਕਤੀਗਤ ਮਰਸੀਏ ਵੀ ਮਿਲਦੇ ਹਨ । ਲਾਲਾ ਕਿਰਪਾ ਸਾਗਰ ਨੇ ਆਪਣੇ ਪਿਤਾ ਦੇ ਅਕਾਲ ਚਲਾਣੇ `ਤੇ ਇੱਕ ਮਰਸੀਆ ਲਿਖਿਆ ਸੀ । ਕਵੀ ਲਾਹੌਰਾ ਸਿੰਘ ਨੇ ਆਪਣੇ ਸ਼ਾਗਿਰਦ ਮੁਰਾਦ ਬਖ਼ਸ਼ ਮਰਾਗਦ ਦੀ ਮੌਤ ਉੱਤੇ ਮਰਸੀਆ ਲਿਖਿਆ ਸੀ । ਇਸੇ ਤਰ੍ਹਾਂ ਭਗਵਾਨ ਦਾਸ ਅਲਮਸਤ ਨੇ ਆਪਣੇ ਭਰਾ ਬਾਂਕੇ ਦਿਆਲ ਦੀ ਮੌਤ `ਤੇ ਇੱਕ ਮਰਸੀਆ ਲਿਖਿਆ ਸੀ । ਬਾਂਕੇ ਦਿਆਲ ਪੰਜਾਬੀ ਦਾ ਇੱਕ ਪ੍ਰਸਿੱਧ ਸਟੇਜੀ ਕਵੀ ਸੀ , ਜਿਸ ਨੇ ਅੰਗਰੇਜ਼ਾਂ ਦੀ ਗ਼ੁਲਾਮੀ ਦੇ ਵਿਰੁੱਧ ਲੜਨ ਲਈ ਲੋਕਾਂ ਨੂੰ ਪ੍ਰੇਰਨਾ ਦਿੱਤੀ ।

      ਭਗਵਾਨ ਦਾਸ ਅਲਮਸਤ ਦੇ ਮਰਸੀਏ ਦਾ ਇੱਕ ਬੰਦ ਇਸ ਪ੍ਰਕਾਰ ਹੈ :

ਸ਼ੇਰਾਂ ਵਾਲੀ ਭਬਕ ਜੋ ਮਾਰਦਾ ਸੀ ,

ਉਹ ਮੂੰਹ ਨੂੰ ਜੰਦਰੇ ਵੱਜ ਗਏ ।

ਹੁਣ ਨ ਕਦੀ ਸਟੇਜ `ਤੇ ਆਵਣਗੇ ,

ਜਿਤਨਾ ਗੱਜਣਾ ਸੀ ਉਤਨਾ ਗੱਜ ਗਏ ।

ਮੁਲਕ ਅਦਮ ਦੇ ਸਫ਼ਰ ਪੈ ਗਏ ਰਾਹੀ

ਪਾ ਕੇ ਨਿਰਾ ਕਸ਼ਮੀਰ ਦਾ ਪੱਜ ਗਏ ।

ਜਿਨ੍ਹਾਂ ਉਮਰ ਦਾ ਸਾਥ ਨਿਭਾਵਣਾ ਸੀ ,

ਸਾਡਾ ਸਾਥ ਤੋੜ ਕੇ ਅੱਜ ਗਏ ।

ਭਾਈ ਭਾਈਆਂ ਦਾ ਮਿੱਤਰ ਮਿੱਤਰਾਂ ਦਾ ,

ਅੱਜ ਮਾਤ ਪੰਜਾਬ ਦਾ ਲਾਲ ਗਿਆ ।

ਸਭ ਕੁਝ ਦੇਸ ਤੋਂ ਘੋਲ ਘੁਮਾਏ ਕੇ ਤੇ ਅੱਜ

ਆਪ ਭੀ ਬਾਂਕੇ ਦਿਆਲ ਗਿਆ ।


ਲੇਖਕ : ਰਾਸ਼ਿਦ ਰਸੀਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮਰਸੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਰਸੀਆ [ ਨਾਂਪੁ ] ਕਿਸੇ ਦੀ ਮੌਤ ਸਮੇਂ ਪੜ੍ਹੀ ਜਾਣ ਵਾਲ਼ੀ ਸੋਗ ਭਰੀ ਕਵਿਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.