ਮਹਾਭਾਸ਼ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਹਾਭਾਸ਼ : ਪਤੰਜਲੀ ਨੇ ਅਸ਼ਟਾਧਿਆਈ ਸੂਤਰਾਂ ਤੇ ਇਹ ਮਹਾਨ ਟੀਕਾ ਨੇ ਕਾਤਿਆਇਨ ਤੋਂ 20 ਸਾਲ ਬਾਅਦ ਰਚਿਆ। ਮਹਾਭਾਸ਼ ਵਿਆਕਰਨ ਸ਼ਾਸਤਰ ਦਾ ਸਭ ਤੋਂ ਪ੍ਰਮਾਣਿਕ ਗ੍ਰੰਥ ਹੈ। ਪਰੰਪਰਾ ਤੋਂ ਮੁਨੀ ਤਿਕੜੀ ਵਿੱਚ ਪਾਣਿਨੀ ਦੀ ਬਜਾਇ ਕਾਤਿਆਇਨ ਅਤੇ ਕਾਤਿਆਇਨ ਦੀ ਬਜਾਏ ਪਤੰਜਲੀ ਦੇ ਵਚਨ ਜ਼ਿਆਦਾ ਪ੍ਰਮਾਣਿਕ ਮੰਨੇ ਜਾਂਦੇ ਹਨ। ਮਹਾਭਾਸ਼ ਦੀ ਰਚਨਾ ਦਾ ਸ੍ਰੋਤ ਕਾਤਿਆਇਨ ਦਾ ਵਾਰਤਿੱਕ-ਪਾਠ (ਟਿੱਪਣੀਨੁਮਾ ਰਚਨਾ) ਹੈ। ਇਸ ਦੀ ਵਿਸ਼ਲੇਸ਼ਣ ਪੱਧਤੀ ਅਤੇ ਨਿਰੂਪਣ ਪੱਧਤੀ ਵਾਰਤਿੱਕਾਂ ਤੋਂ ਹੀ ਪ੍ਰੇਰਿਤ ਹੈ। ਅਸ਼ਟਾਧਿਆਈ ਦੇ ਕੁੱਲ 3996 ਸੂਤਰਾਂ ਵਿੱਚੋਂ ਮਹਾਭਾਸ਼ ਸਿਰਫ਼ 1689 ਸੂਤਰਾਂ ਦੀ ਵਿਆਖਿਆ ਅਤੇ ਵਿਵੇਚਨ ਕਰਦਾ ਹੈ। ਇਹਨਾਂ ਵਿੱਚੋਂ 1228 ਸੂਤਰਾਂ ਤੇ ਪਤੰਜਲੀ ਸਿਰਫ਼ ਕਾਤਿਆਇਨ ਦੇ ਅਤੇ 26 ਸੂਤਰਾਂ ਤੇ ਹੋਰ ਅਚਾਰੀਆਂ ਦੇ ਵੀ ਪ੍ਰਾਪਤ ਵਾਰਤਿੱਕਾਂ ਦੀ ਸਮੀਖਿਆ ਕਰਦਾ ਹੈ ਅਤੇ ਹੋਰ 435 ਅਜਿਹੇ ਸੂਤਰਾਂ ਦੀ ਵਿਆਖਿਆ ਕੀਤੀ ਹੈ, ਜਿਨ੍ਹਾਂ ਤੇ ਕੋਈ ਵਾਰਤਿੱਕ ਹਾਸਲ ਨਹੀਂ ਹੈ। ਜਿੱਥੇ ਕਾਤਿਆਇਨ ਦਾ ਪ੍ਰਯੋਜਨ ਉਕਤ, ਅਣਉਕਤ ਦੁਰੁਕਤ ਵਿਸ਼ਿਆਂ ਦਾ ਵਿਵੇਚਨ ਕਰ ਕੇ ਪਾਣਿਨੀ ਸੂਤਰਾਂ ਦੀ ਉਚਿਤਤਾ ਪ੍ਰਦਰਸ਼ਨ ਹੈ, ਪਤੰਜਲੀ ਦਾ ਪ੍ਰਯੋਜਨ ਕਾਤਿ- ਆਇਨ ਦੇ ਵਾਰਤਿੱਕਾਂ ਦਾ ਉਚਿਤਤਾ ਪ੍ਰਦਰਸ਼ਨ ਅਤੇ ਉਹਨਾਂ ਵਾਰਤਿੱਕਾਂ ਦੀ ਵਿਧੀ ਤੋਂ ਹੀ ਪਾਣਿਨੀ ਦੇ ਕੁਝ ਹੋਰ ਵਿਵਾਦਗ੍ਰਸਤ ਸੂਤਰਾਂ ਦਾ ਵਿਸ਼ਲੇਸ਼ਣ ਹੈ। ਇਸ ਅਨੁਸਾਰ ਪਤੰਜਲੀ ਨੇ ਥਾਂ-ਥਾਂ ਤੇ ਕਾਤਿਆਇਨ ਨਾਲ ਸਹਿਮਤੀ ਰੱਖਦੇ ਹੋਏ ਵੀ ਸੰਭਾਵਿਤ ਦੋਸ਼ਾਂ ਦਾ ਹੱਲ ਕਾਤਿਆਇਨ ਨਾਲੋਂ ਵੱਖਰੇ ਢੰਗ ਨਾਲ ਕੀਤਾ ਹੈ।
ਕਈ ਥਾਂਵਾਂ ਤੇ ਪਤੰਜਲੀ ਵਾਰਤਿੱਕਾਂ ਦੀ ਸਿਰਫ਼ ਵਿਆਖਿਆ ਪੇਸ਼ ਕਰਦਾ ਹੈ ਅਤੇ ਆਪਣਾ ਮੱਤ ਪੇਸ਼ ਨਹੀਂ ਕਰਦਾ।ਅਜਿਹੇ ਸਥਾਨਾਂ ਤੇ ਪਤੰਜਲੀ ਕਾਤਿਆਇਨ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਕਈ ਥਾਂਵਾਂ ਤੇ ਕਾਤਿ- ਆਇਨ ਵਾਰਤਿੱਕ ਨਾ ਉਪਲਬਧ ਹੋਣ ਤੇ ਵੀ ਪਤੰਜਲੀ ਪਾਣਿਨੀ ਸੂਤਰ ਦਾ ਸੁਧਾਰ ਕਰਦਾ ਹੈ।
ਸੰਸਕ੍ਰਿਤ ਭਾਸ਼ਾ ਰੂਪਾਂ ਵਿੱਚ ਸੁਭਾਵਿਕ ਪਰਿਵਰਤਨ ਅਤੇ ਪ੍ਰਕਿਰਤਿਕ ਭਾਸ਼ਾਵਾਂ ਦੇ ਵਿਸਤਾਰ, ਵਿਕਾਸ ਦੇ ਕਾਰਨ ਅਪਭ੍ਰੰਸ਼ ਰੂਪਾਂ ਦੀ ਬਹੁਲਤਾ ਤੋਂ ਪਾਣਿਨੀ ਸੂਤਰਾਂ ਦੇ ਲੱਖ-ਲੱਖਣ (ਧੁਨੀ ਅਤੇ ਅਰਥ ਵਿਚਕਾਰ ਸਿੱਧਾ ਸੰਬੰਧ ਹੋਣ ਕਰ ਕੇ ਪੈਦਾ ਹੋਈ ਇੱਕਸੁਰਤਾ) ਸੰਗੀਤ ਅਤੇ ਸਮਰੱਥਾ ਆਦਿ ਗੁਣਾਂ ਅਤੇ ਗੁਣਾਭਾਵ ਦਾ ਵਿਸ਼ਲੇਸ਼ਣ ਜ਼ਰੂਰੀ ਸੀ ਅਤੇ ਇਹ ਕਾਰਜ ਮਹਾਭਾਸ਼ ਨੇ ਸੰਪੰਨ ਕੀਤਾ। ਇਸ ਕੋਸ਼ਿਸ਼ ਵਿੱਚ ਮੁੱਖ ਰੂਪ ਵਿੱਚ ਭਾਸ਼ਾ ਦੇ ਸ਼ਿਸ਼ਟ ਵਿਵਹਾਰ ਤੇ ਆਧਾਰਿਤ ਇੱਕ ਸਾਧੂ (ਮਾਨਕ) ਰੂਪ ਦੀ ਸਥਾਪਨਾ ਹੋਈ, ਜੋ ਅੱਜ ਵੀ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਅਨੇਕਾਂ ਵਿਆਕਰਨ ਸਿਧਾਂਤਾਂ ਦੇ ਵਿਵੇਚਨ ਨਾਲ ਵਿਆਕਰਨ ਸ਼ਾਸਤਰ ਦਾ ਗਿਆਨ ਬਹੁਤ ਅਮੀਰ ਹੋਇਆ। ਤੀਜਾ ਇਧਰ-ਉਧਰ ਵਿਆਕਰਨ ਦੀਆਂ ਮਾਨਤਾਵਾਂ, ਪ੍ਰਕਿਰਿਆਵਾਂ ਅਤੇ ਸੰਕਲਪਾਂ ਦੇ ਦਾਰਸ਼ਨਿਕ ਆਧਾਰਾਂ ਦੇ ਵਿਵੇਚਨ ਨਾਲ ਵਿਆਕਰਨ ਦਰਸ਼ਨ ਪੈਦਾ ਹੋਇਆ। ਵਿਆਕਰਨ ਸਿਧਾਂਤਾਂ, ਵਿਆਕਰਨ ਦਰਸ਼ਨ ਅਤੇ ਭਾਸ਼ਾ ਦੇ ਸੂਤਰਾਤਮਿਕ ਵਿਵਰਨ ਦੇ ਉਚਿਤ ਢੰਗ, ਇਹਨਾਂ ਤਿੰਨਾਂ ਧਾਰਾਵਾਂ ਵਿੱਚ ਮਹਾਭਾਸ਼ ਕਈ ਪਹਿਲਾਂ ਲਿਖੀਆਂ ਵਿਆਕਰਨਾਂ (ਜਿਵੇਂ ਚੰਦਰ ਵਿਆਕਰਨ ) ਵਰਿੱਤੀਆਂ (ਜਿਵੇਂ ਕਾਸ਼ਿਕਾ ) ਅਤੇ ਮੌਲਿਕ ਗ੍ਰੰਥਾਂ (ਜਿਵੇਂ ਭਟਟੋਜੀ ਦੀਕਸ਼ਿਤ ਕ੍ਰਿਤ ਸ਼ਬਦ ਕੌਸਤੁਭ, ਨਾਗੇਸ਼ ਭੱਟ ਕ੍ਰਿਤ ਵਿਆਕਰਨ ਸਿਧਾਂਤ ਮੰਜੂਸ਼ਾ ਅਤੇ ਭਰਤਰੀਹਰੀ ਕ੍ਰਿਤ ਵਾਕਿਆਪਦੀ ਆਦਿ) ਦਾ ਮੂਲ ਸ੍ਰੋਤ ਹੈ। ਮਹਾਭਾਸ਼ ਤੇ ਹੀ ਕਈ ਟੀਕੇ ਅਤੇ ਉਹਨਾਂ ਟੀਕਿਆਂ ਤੇ ਟੀਕੇ ਇੱਕ ਲੰਮੀ ਨਿਸ਼ਚਿਤ ਵਿਆਕਰਨ ਪਰੰਪਰਾ ਵਿੱਚ ਰਚੇ ਗਏ, ਜਿਨ੍ਹਾਂ ਵਿੱਚ ਕੇਯਟ ਦਾ ਪ੍ਰਦੀਪ ਅਤੇ ਨਾਗੇਸ਼ ਦਾ ਉਦਿਯੋਤ ਪ੍ਰਸਿੱਧ ਹੈ।
ਮਹਾਭਾਸ਼ ਦਾ ਲੰਮਾ ਪ੍ਰਭਾਵ ਸਿਰਫ਼ ਵਿਆਕਰਨ ਸ਼ਾਸਤਰ ਤੱਕ ਸੀਮਿਤ ਨਹੀਂ। ਇਸ ਦੀ ਵਿਵੇਚਨ ਪੱਧਤੀ ਅਤੇ ਇਸੇ ਸਿਧਾਂਤ ਪੱਖ ਦੀ ਸਥਾਪਨ ਪ੍ਰਕਿਰਿਆ ਨੇ ਭਾਰਤ ਦੀ ਸ਼ਾਸਤਰ ਪੱਧਤੀ ਨੂੰ ਇੱਕ ਵਿਵਸਥਾ ਅਤੇ ਇੱਕ ਰੂਪ ਦਿੱਤਾ, ਜਿਸ ਕਰ ਕੇ ਮਹਾਭਾਸ਼ ਨੂੰ ਸ਼ਾਸਤਰ ਪਰੰਪਰਾ ਦੇ ਚਾਰ ਉਤਕ੍ਰਿਸ਼ਟ ਭਾਸ਼ (ਸ਼ਬਰ, ਸ਼ੰਕਰ, ਸ੍ਰੀ, ਪਤੰਜਲੀ) ਵਿੱਚ ਹਮੇਸ਼ਾਂ ਭਾਸ਼ ਸੰਪਰਦਾ ਦਾ ਸਰਬੋਤਮ ਉਦਾਹਰਨ ਮੰਨਿਆ ਗਿਆ। ਆਪਣੀ ਸੂਖਮ, ਸਰਬ- ਵਿਆਪਕ ਅਤੇ ਸਰਬਪ੍ਰਯੋਜਨ ਚਿੰਤਨ ਪ੍ਰਣਾਲੀ ਨਾਲ ਮਹਾਭਾਸ਼ ਸਾਰੀਆਂ ਵਿਧਾਵਾਂ ਦੇ ਜਨਕ ਗ੍ਰੰਥ ਦੇ ਰੂਪ ਵਿੱਚ ਪ੍ਰਸਿੱਧ ਹੋਇਆ ਅਤੇ ਵਿਆਕਰਨ ਜਿਹੇ ਕਠਨ ਅਤੇ ਨੀਰਸ ਵਿਸ਼ੇ ਨਾਲ ਸੰਬੰਧਿਤ ਹੁੰਦੇ ਹੋਏ ਵੀ ਆਪਣੀ ਸਮਾਸ ਰਹਿਤ, ਸਰਲ ਅਤੇ ਸਰਸ ਭਾਸ਼ਾ ਦੇ ਕਾਰਨ, ਮਹਾਭਾਸ਼ ਸੰਸਕ੍ਰਿਤ ਲਿਖਤ ਪਰੰਪਰਾ ਦਾ ਅਦੁੱਤੀ ਗ੍ਰੰਥ ਹੈ।
ਤਕਸ਼ਿਲਾ ਆਦਿ ਪ੍ਰਾਚੀਨ ਵਿਸ਼ਵਵਿਦਿਆਲਿਆਂ ਵਿੱਚ ਮਹਾਭਾਸ਼ ਦਾ ਅਧਿਐਨ ਜ਼ਰੂਰੀ ਸੀ। ਆਧੁਨਿਕ ਕਾਲ ਵਿੱਚ ਅਸ਼ਟਾਧਿਆਈ ਅਤੇ ਵਾਕਿਆਪਦੀ ਦੇ ਨਾਲ-ਨਾਲ ਮਹਾਭਾਸ਼ ਦਾ ਵੀ ਅਧਿਐਨ ਵਿਸ਼ਵਵਿਦਿਆਲਿਆਂ ਦੇ ਭਾਸ਼ਾ-ਵਿਗਿਆਨ ਕੇਂਦਰਾਂ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਆਧੁਨਿਕ ਭਾਸ਼ਾਵਾਂ ਵਿੱਚ ਇਸ ਉੱਤੇ ਭਾਸ਼ ਲਿਖੇ ਜਾ ਰਹੇ ਹਨ ਜਾਂ ਇਸ ਦਾ ਅਨੁਵਾਦ ਕੀਤਾ ਜਾ ਰਿਹਾ ਹੈ। ਪਰੰਤੂ ਮਹਾਭਾਸ਼ ਇੱਕ ਸਾਗਰ ਹੈ ਅਤੇ ਇਸ ਦੇ ਅਧਿਐਨ ਵਿੱਚ ਹਾਲੇ ਵਿਦਵਾਨ ਸਿਰਫ਼ ਸਾਗਰ ਕਿਨਾਰੇ ਤੇ ਹੀ ਬੈਠੇ ਹਨ।
ਲੇਖਕ : ਕਪਿਲ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First