ਮਿਥ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਿਥ ਮਿਥਿਆ , ਝੂਠੇ , ਨਾਸ਼ਵੰਤ, ਅਸੱਤ- ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ। ਵੇਖੋ ਮਿਥਿਆ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13643, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਮਿਥ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਿਥ : ਵੇਖੋ ‘ਮਿਥ ਅਧਿਐਨ ਵਿਧੀ’
ਮਿਥ ਅਧਿਐਨ ਵਿਧੀ : ਮਿਥ ਅਧਿਐਨ ਵਿਧੀ ਜਾਂ ਆਲੋਚਨਾ ਪ੍ਰਣਾਲੀ ਨੂੰ ਰੈਨੇ ਵੈਲਿਕ ਨੇ ਆਧੁਨਿਕ ਪ੍ਰਮੁੱਖ ਆਲੋਚਨਾ ਪ੍ਰਣਾਲੀਆਂ ਵਿਚੋਂ ਇਕ ਮੰਨਿਆ ਹੈ। ਆਲੋਚਕਾਂ ਦਾ ਵਿਚਾਰ ਹੈ ਕਿ ਆਧੁਨਿਕ ਯੁੱਗ ਦੀ ਇਸ ਆਲੋਚਨਾ ਵਿਧੀ ਦੀ ਪਿੱਠ–ਭੂਮੀ ਦਰਸ਼ਨ ਤੋਂ ਪ੍ਰਭਾਵਿਤ ਹੋਈ ਹੈ। ਕਾਂਤ, ਨੀਤਸ਼ੇ ਅਤੇ ਬਰਗਸਾਂ ਦੇ ਵਿਚਾਰਾਂ ਨੇ ਮਿਥ ਆਲੋਚਨਾ ਨੂੰ ਉਤਸ਼ਾਹਿਤ ਕਰਨ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਮਾਨਵ–ਵਿਗਿਆਨ ਤੇ ਮਨੋਵਿਗਿਆਨ ਉਚੇਚੇ ਰੂਪ ਵਿਚ ਮਿਥ ਆਲੋਚਨਾ ਦਾ ਪ੍ਰੇਰਣਾ ਸਰੋਤ ਰਹੇ ਹਨ। ਭਾਸ਼ਾ ਵਿਗਿਆਨ, ਸੰਰਚਨਾਵਾਦ ਤੇ ਚਿੰਨ੍ਹ ਵਿਗਿਆਨ ਨਾਲ ਵੀ ਕਿਸੇ ਨੇ ਵਰਣਨਯੋਗ ਪਛਾਣ ਕਾਇਮ ਕੀਤੀ ਹੈ।
‘ਮਿਥ’ ਸ਼ਬਦ ਬਹੁ–ਅਰਥਕ ਹੈ ਅਤੇ ਇਸ ਦੇ ਪਰੰਪਰਾਗਤ ਅਨੇਕ ਅਰਥ ਪ੍ਰਚੱਲਿਤ ਰਹੇ ਹਨ, ਜਿਵੇਂ ਛਾਇਆ, ਕਲਪਨਾ ਅਤੇ ਜੋ ਵਸਤੂ ਵਾਸਤਵਿਕ ਨਹੀਂ ਨਿਰੋਲ ਝੂਠ ਹੈ। ਕਈ ਵਾਰ ਇਸ ਨੂੰ ਦੰਦ–ਕਥਾ ਦੇ ਸਮਾਨਾਰਥੀ ਸ਼ਬਦ ਵਜੋਂ ਵੀ ਵਰਤ ਲਿਆ ਜਾਂਦਾ ਹੈ, ਪਰ ਇਹ ਗ਼ਲਤ ਵਰਤੋਂ ਹੈ ਕਿਉਂਕਿ ਮਿਥ ਵਿਸ਼ੇਸ਼ ਰੂਪ ਵਿਚ ਵਿਸ਼ਵਾਸ ਤੇ ਪਰੰਪਰਾ ਦੀ ਵਸਤੂ ਹੈ। ਇਸ ਨੂੰ ਤਰਕ–ਰਹਿਤ ਗਿਆਨ ਦੀ ਪਕੜ ਤੋਂ ਬਾਹਰੀ, ਅਨੰਤ ਨਾਲ ਸੰਬੰਧਿਤ ਹੋਣ ਕਾਰਣ ਮਾਨਵੀ ਪਹੁੰਚ ਤੋਂ ਦੁਰੇਡੀ ਵਸਤੂ ਸਮਝਿਆ ਜਾਂਦਾ ਹੈ। ਮਿਥ ਨੂੰ ਮਿਥ –ਵਿਗਿਆਨੀਆਂ ਨੇ ਪਰਮ–ਸਤਿ ਦਾ ਪ੍ਰਗਟਾਵਾ ਕਰਨ ਵਾਲੀ ਵਸਤੂ ਅਤੇ ਸਤਿ ਨਾਲ ਸੰਬੰਧਿਤ ਮੁੱਲਾਂ ਨੂੰ ਗਾਲਪਨਿਕ ਵਿਧੀ ਦੁਆਰਾ ਪੇਸ਼ ਕਰਨ ਵਾਲੀ, ਸਮੂਹ ਦੇ ਵਿਸ਼ਵਾਸ ਨੂੰ ਨਿਭਾਉਣ ਵਾਲੀ ਵਸਤੂ ਵਜੋਂ ਨਿਵਾਜਿਆ ਹੈ। ਆਧੁਨਿਕ ਆਲੋਚਕਾਂ ਨੇ ਇਸ ਦਾ ਅਰਥ ਸੰਕੋਚ ਕਰਕੇ ਕੇਵਲ ‘ਆਦਰਸ਼’ ਵਜੋਂ ਵੀ ਸਵੀਕਾਰ ਕੀਤਾ ਹੈ। ਕਿਸੇ ਵਿਚਾਰ ਜਾਂ ਕਿਸੇ ਸ਼੍ਰੇਣੀ ਦੇ ਵਿਵਹਾਰ ਨੂੰ ਸਾਹਿੱਤ ਵਿਚੋਂ ਲੱਭਣ ਦੀ ਪ੍ਰਕ੍ਰਿਆ ਨੂੰ ਵੀ ਮਿਥਿਕ ਦਰਸਾਇਆ ਹੈ।
ਇਸ ਆਲੋਚਨਾ ਵਿਧੀ ਦਾ ਸਿਧਾਂਤ ਹੈ ਕਿ ਸਾਹਿੱਤ ਮਿਥ ਨਾਲ ਡੂੰਘਾ ਸੰਬੰਧ ਰੱਖਦਾ ਹੈ। ਦੋਹਾਂ ਦੀ ਸਿਰਜਣ–ਪ੍ਰਕ੍ਰਿਆ ਇਕੋ ਜਿਹੇ ਆਧਾਰਾਂ ਨੂੰ ਅਪਣਾਉਂਦੀ ਹੈ। ਮਿਥ ਸਾਹਿੱਤ ਦੇ ਆਂਤਰਿਕ ਸਰੂਪ ਨਾਲ ਸੰਬੰਧਿਤ ਰਹਿੰਦੀ ਹੈ ਤੇ ਅਨੇਕ ਪ੍ਰਕਾਰ ਨਾਲ ਸਾਹਿੱਤ ਉਪਰ ਆਪਣਾ ਪ੍ਰਭਾਵ ਜਮਾਉਂਦੀ ਹੈ। ਮਹਾਕਾਵਿ ਵਿਚ ਮਿਥ ਵਸਤੂ–ਸੰਗਠਨ, ਚਰਿਤ੍ਰ–ਚਿਤ੍ਰਣ ਅਤੇ ਬ੍ਰਿਤਾਂਤਕ ਰੂੜ੍ਹੀਆਂ ਦੇ ਰੂਪ ਵਿਚ ਵਰਤੀ ਜਾਂਦੀ ਹੈ। ਪ੍ਰਗੀਤ ਤੇ ਮੁਕਤਕ ਕਾਵਿ ਵਿਚ ਬਿੰਬ–ਯੋਜਨਾ ਤਥਾ ਰੂਪ–ਨਿਰਮਾਣ ਆਦਿ ਵਿਚ ਪ੍ਰਯੋਗ ਹੇਠ ਲਿਆਏ ਜਾਣ ਕਾਰਣ ਮਿਥ ਆਲੋਚਕਾਂ ਵਾਸਤੇ ਵਿਸ਼ਲੇਸ਼ਣ ਦਾ ਠੋਸ ਆਧਾਰ ਰੱਖਦੀ ਹੈ। ਇਸ ਪ੍ਰਕਾਰ ਸਾਹਿੱਤ ਦੇਦ ਆਂਤਰਿਕ ਸਰੂਪ ਨਾਲ ਸੰਬੰਧਿਤ ਰਹਿਣ ਕਾਰਣ ਇਸ ਆਲੋਚਨਾ ਦੀ ਪ੍ਰਕ੍ਰਿਤੀ ਆਂਤਰਿਕ ਹੈ।
ਸੀ. ਐਸ. ਲੀਵੀਸ ਅਨੁਸਾਰ ਆਧੁਨਿਕ ਨਾਵਲਾਂ ਦੀਆਂ ਕਹਾਣੀਆਂ ਭਾਵੇਂ ਮਾਨਵ ਵਿਗਿਆਨ ਦੇ ਨੁਕਤੇ ਤੋਂ ਮਿਥ ਨਹੀਂ ਅਖਵਾ ਸਕਦੀਆਂ, ਪਰੰਤੂ ਉਨ੍ਹਾਂ ਵਿਚ ਵੀ ਕਿਸੇ ਢੰਗ ਵਿਚ ਮਿਥਿਕ ਅੰਸ਼ ਸ਼ਾਮਲ ਹੁੰਦੇ ਹਨ ਜਿਹੜੇ ਉਨ੍ਹਾਂ ਨੂੰ ਮਿਥਿਕ ਬਣਾਉਣ ਵਿਚ ਸਹਾਇਕ ਹੁੰਦੇ ਹਨ। ਅਨੇਕ ਨਾਵਲਾਂ ਵਿਚ ਮਿਥਾਂ ਦੇ ਸਮਾਨਾਂਤਰ ਕਥਾਵਾਂ ਘੜੀਆਂ ਗਈਆਂ ਹਨ ਅਤੇ ਇਨ੍ਹਾਂ ਵਿਚ ਮਿਥ ਮੋਟਿਫ਼ਾਂ ਦੀ ਵਰਤੋਂ ਕੀਤੀ ਗਈ ਹੈ। ਮਿਥਿਕ ਮੋਟਿਫ਼ ਆਧੁਨਿਕ ਕਥਾ ਨੂੰ ਮਾਡਲ ਦਾ ਕੰਮ ਦਿੰਦੇ ਹਨ, ਨਾਵਲਾਂ ਦੀ ਸੰਰਚਨਾਤਮਕ ਪ੍ਰਕ੍ਰਿਆ ਵਿਚ ਕਾਰਜਸ਼ੀਲ ਹੋ ਕੇ ਵਿਚਰਦੇ ਹਨ। ਮਿਥ ਦੁਆਰਾ ਆਧੁਨਿਕ ਸਾਹਿੱਤਕਾਰ ਆਪਣੇ ਅਨੁਭਵ ਦਾ ਪ੍ਰਗਟਾਵਾ ਪਰੰਪਰਾਈ ਸੋਮਿਆਂ ਦੁਆਰਾ ਕਰਕੇ ਪਾਠਕ ਨਾਲ ਜਾਣੀ–ਪਛਾਣੀ ਪਿੱਠ–ਭੂਮੀ ਸਿਰਜ ਕੇ ਸੰਚਾਰ ਕਾਇਮ ਕਰਦਾ ਹੈ। ਦ੍ਰਿਸ਼ਟਾਂਤਮਕ ਰੁਚੀ ਦੁਆਰਾ ਨਵੇਂ ਅਨੁਭਵ ਤੋਂ ਵਾਕਫ਼ ਕਰਵਾਇਆ ਜਾਂਦਾ ਹੈ।
ਮਿਥ ਆਲੋਚਨਾ ਦੇ ਇਤਿਹਾਸ ਵਿਚ ਨੀਤਸ਼ੇ ਦੇ ਨਿਬੰਧ ‘The birth of Tragedy’ ਦਾ ਵਿਸ਼ੇਸ਼ ਸਥਾਨ ਹੈ। ਇਸ ਨਿਬੰਧ ਦੀ ਭਾਵਨਾ ਕਵਿਤਾ ਤੇ ਮਿਥ ਨੂੰ ਆਪਸ ਵਿਚ ਇਕਮਿਕ ਕਰਨ ਦੀ ਹੈ। ਉਸ ਨੇ ਮਿਥ ਨੂੰ ਬਤੌਰ ਆਦਰਸ਼ ਪ੍ਰਜਵਲਿਤ ਕਰਨ ਤੇ ਬਲ ਦਿੱਤਾ ਹੈ। ਇਸ ਨਿਬੰਧ ਤੋਂ ਪ੍ਰੇਰਣਾ ਪ੍ਰਾਪਤ ਕਰਕੇ ਅਨੇਕ ਸਿਰਜਨਾਤਮਕ ਸਾਹਿੱਤਕਾਰਾਂ ਤੇ ਆਲੋਚਕਾਂ ਦਾ ਧਿਆਨ ਮਿਥ ਵੱਲ ਖਿੱਚਿਆ ਗਿਆ ਹੈ।
ਮਾਨਵ–ਵਿਗਿਆਨੀ ਵਿਦਵਾਨਾਂ ਨੇ ਮਿਥ–ਅਧਿਐਨ ਵਿਧੀ ਨੂੰ ਅਤਿ ਅਧਿਕ ਪ੍ਰਭਾਵਿਤ ਕੀਤਾ ਹੈ। ਮਿਥ ਤੇ ਅਨੁਸ਼ਠਾਨ ਦੀਰਘ ਰੂਪ ਵਿਚ ਚਰਚਾ ਦਾ ਬਿੰਦੂ ਰਹੇ ਹਨ। ਮਿਥ ਤੇ ਅਨੁਸ਼ਠਾਨ ਦਾ ਆਪਸੀ ਸੰਬੰਧ ਬਹੁਤ ਨੇੜੇ ਦਾ ਹੈ। ਅਨੁਸ਼ਠਾਨ ਮਿਥ ਦਾ ਕ੍ਰਿਆਤਮਕ (enactment) ਰੂਪ ਹੈ ਅਤੇ ਦੋਹਾਂ ਨੂੰ ਨਿਖੇੜਨਾ ਔਖਾ ਹੈ। ਫਿਲਪ ਵੀਲਰਾਇਟ ਨੇ ਸਾਹਿੱਤ ਵਿਚ ਮਿਥ ਕੇ ਪ੍ਰਯੋਗ ਦੀ ਗੱਲ ਕਰਦਿਆਂ ਸਥਾਪਨਾ ਕੀਤੀ ਹੈ ਕਿ ਇਹ ਲੇਖਕ ਦੀ ਸਾਮਿਅਕ ਚੇਤਨਾ ਤੇ ਦ੍ਰਿਸ਼ਟੀਕੋਣ ਉਪਰ ਨਿਰਭਰ ਹੈ, ਜਿਵੇਂ ਦਾਂਤੇ ਆਦਿ ਨੇ ਮਿਥਾਂ ਨੂੰ ਸਾਹਿੱਤ ਵਿਚ ਆਪਣੇ ਯੁੱਗ ਦੇ ਵਿਸ਼ਵਾਸ ਅਧੀਨ ਸਤਿ ਰੂਪ ਵਿਚ ਪ੍ਰਵਾਨ ਕੀਤਾ ਹੈ। ਰਿਚਰਡ ਚੇਜ਼ ਸਾਹਿੱਤ ਅਤੇ ਮਿਥ ਦੀ ਚਰਚਾ ਕਰਦਿਆਂ ਕਹਿੰਦਾ ਹੈ ਕਿ ਜਦੋਂ ਗ਼ੈਬੀ ਪ੍ਰਾਕ੍ਰਿਤਿਕ ਸ਼ਕਤੀਆਂ ਨੂੰ ਲੋੜ ਅਨੁਸਾਰ ਕਿਸੇ ਭਾਵਾਤਮਕ ਕਾਰਜ ਵਿਚ, ਕਿਸੇ ਰਚਨਾ ਵਿਚ ਪੇਸ਼ ਕੀਤਾ ਜਾਂਦਾ ਹੈ, ਤਦ ਅਜਿਹੀ ਰਚਨਾ ਮਿਥ ਦਾ ਦਰਜਾ ਅਖ਼ਤਿਆਰ ਕਰ ਜਾਂਦੀ ਹੈ। ਕਾਵਿ ਕਲਪਨਾ ਪ੍ਰਚੰਡ ਤੇਜ਼ ਸਕਤੀ ਗ੍ਰਹਿਣ ਕਰਕੇ ਮਨੁੱਖੀ ਮਨ ਦੀਆਂ ਡੂੰਘੀਆਂ ਤਹਿਆਂ ਨੂੰ ਬਾਹਰਲੇ ਜਗਤ ਨਾਲ ਬੁਣਤੀ ਵਿਚ ਲਿਆ ਕੇ ਦੈਵੀ ਸ਼ਕਤੀਆਂ ਦਾ ਮੰਚ ਉਸਾਰ ਦਿੰਦੀ ਹੈ। ਕਾਵਿ ਜਜ਼ਬਾ ਨਿਯੰਤਰਿਤ ਹੋ ਕੇ ਅਤੇ ਸੇਧ ਧਾਰਣ ਕਰਕੇ ਕਾਵਿ–ਮਿਥ ਵਿਚ ਪਲਟ ਜਾਂਦਾ ਹੈ।
ਫ਼ਰਾਇਡ ਦਾ ‘ਸੁਪਨ ਸਿਧਾਂਤ’ ਅਤੇ ਯੁੰਗ ਦਾ ‘ਸਮੂਹਿਕ ਜਾਤੀ ਅਵਚੇਤਨ ਮਨ’ ਦਾ ਸਿਧਾਂਤ ਮਿਥ ਅਤੇ ਸਾਹਿੱਤ ਦੋਹਾਂ ਦੇ ਅਧਿਐਨ ਉਪਰ ਅਸਰਦਾਇਕ ਰਿਹਾ ਹੈ। ਸਾਹਿੱਤ ਮਾਨਵੀ ਸੁਪਨਿਆਂ ਦੀ ਨਕਲ ਕਰਦਾ ਹੈ। ਪ੍ਰਕ੍ਰਿਤੀ ਦੇ ਨਿਯਮਾਂ ਤੇ ਪੈਟਰਨ ਨੂੰ ਸਮਾਨਾਂਤਰ ਸਰੂਪ ਵਿਚ ਸ਼ਬਦਾਂ ਰਾਹੀਂ ਪਕੜਦਾ ਹੈ। ਫ਼ਰਾਈ ਅਨੁਸਾਰ ਸਾਹਿੱਤ ਮਿਥਾਂ ਦੀ ਹੀ ਪੁਨਰ–ਸਿਰਜਣਾ ਹੈ। ਜੇਕਰ ਆਧੁਨਿਕ ਨਾਵਲਾਂ ਦਾ ਅਧਿਐਨ ਕਰੀਏ ਤਾਂ ਰੂਪ–ਵਿਧਾ ਤੋਂ ਇਹ ਮਿਥਾਂ ਨਾਲ ਜੋੜੇ ਜਾ ਸਕਦੇ ਹਨ।
ਮਿਥ ਨੂੰ ਬ੍ਰਿਤਾਂਤਕ ਵਸਤੂ ਵਜੋਂ ਵਿਚਾਰਦਿਆਂ ਆਲੋਚਕਾਂ ਨੇ ਮਿਥ ਆਧਾਰਿਤ ਬ੍ਰਿਤਾਂਤ–ਵਿਧੀ ਦਾ ਅਧਿਐਨ ਕੀਤਾ ਹੈ ਜਿਸ ਤੋਂ ਕੁਝ ਅਜਿਹੇ ਨਿਯਮ ਉਜਾਗਰ ਹੋਏ ਹਨ ਜਿਨ੍ਹਾਂ ਨੇ ਮਿਲ ਕੇ ਇਕ ਬ੍ਰਿਤਾਂਤ ਸ਼ਾਸਤ੍ਰ (narratalogy) ਨੂੰ ਜਨਮ ਦਿੱਤਾ ਹੈ। ਰੂਸੀ ਰੂਪਵਾਦੀ ਆਲੋਚਕਾਂ ਵਿਚੋਂ ਵਲਾਦੀਮੀਰ ਪਰਾਪ ਨੇ ਲੋਕ–ਕਹਾਣੀਆਂ ਦੇ ਬ੍ਰਿਤਾਂਤਕ ਪੱਖ ਨੂੰ ਰੂਪਵਾਦੀ ਦ੍ਰਿਸ਼ਟੀ ਤੋਂ ਉਘਾੜਿਆ ਹੈ।
ਮਿਥ ਅਧਿਐਨ ਵਿਧੀ ਦੀ ਸੰਰਚਨਾਤਮਕ ਅਧਿਐਨ ਵਿਧੀ ਨਾਲ ਸਮਰੂਪਤਾ ਦਰਸਾਂਦੇ ਹੋਇਆਂ ਲੈਵੀ ਸਾਤ੍ਰਾਸ ਲਿਖਦਾ ਹੈ ਕਿ ਮਨੁੱਖੀ ਮਨ ਉਪਰ ਅਸਰ ਪਾਉਣ ਵਾਲੀ ਅਵਚੇਤਨ ਸੰਰਚਨਾ ਹੈ ਜਿਹੜੀ ਸਮਾਜਕ ਵਾਤਾਵਰਣ ਵਿਚ ਮਾਨਵੀ ਸੰਬੰਧਾਂ ਨੂੰ ਸਥਾਪਤ ਕਰਨ ਵਾਸਤੇ ਵਕਤੀ ਰਿਸ਼ਤੇ ਕਾਇਮ ਕਰਦੀ ਹੈ। ਇਸ ਅਵਚੇਤਨ ਸੰਰਚਨਾ ਨੂੰ ਲੱਭਣਾ ਹੀ ਸੰਰਚਨਾਵਾਂਦੀ ਵਿਧੀ ਦਾ ਮਕਸਦ ਹੈ। ਕਿਸੇ ਪਦਾਰਥ ਨੂੰ ਰੂਪ–ਵਿਧਾ ਨਾਲ ਜੋੜ ਕੇ ਉਸ ਨਾਲ ਪਛਾਣ ਕਾਇਮ ਕਰਨ ਦੀ ਆਦਤ ਮਨੁੱਖ ਵਿਚ ਪੁਰਾਣੀ ਚਲੀ ਆਉਂਦੀ ਹੈ। ਮਿਥ ਪੁਰਾਣੇ ਕਬੀਲਿਆਂ ਵਿਚ ਅਜਿਹੀ ਹੀ ਰੂਪ–ਵਿਧਾ ਹੈ।
ਰੋਲਾਂ ਬਾਰਤ ਨੇ ਸਾਸਿਊਰ ਦੇ ਭਾਸ਼ਾ ਵਿਗਿਆਨੀ ਮਾਡਲ ਨੂੰ ਮਿਥ ਅਧਿਐਨ ਦੇ ਸੰਬੰਧ ਵਿਚ ਅਪਣਾਇਆ ਹੈ। ਉਹ ਮਿਥ ਨੂੰ ਕੋਈ ਪੈਗ਼ਾਮ ਸਮਝਦਾ ਹੈ ਜੋ ਸੰਚਾਰ ਕਾਰਜ ਨੂੰ ਨਿਭਾਂਉਂਦੀ ਹੈ। ਮਿਥ ਰੂਪ ਹੈ ਅਤੇ ਇਹ ਤਾਤਵਿਕ ਬੰਦਸ਼ਾਂ ਤੋਂ ਮੁਕਤ ਹੁੰਦੀ ਹੈ। ਇਸ ਉੱਤੇ ਰੂਪਾਤਮਕ ਸੀਮਾਵਾਂ ਦਾ ਪਹਿਰਾ ਹੁੰਦਾ ਹੈ। ਕਾਵਿ ਅਤੇ ਮਿਥ ਦੇ ਪਰਸਪਰ ਸੰਬੰਧ ਬਾਰੇ ਵਿਚਾਰ ਕਰਦਿਆਂ ਬਾਰਤ ਨੇ ਦੱਸਿਆ ਹੈ ਕਿ ਕਾਵਿ ਭਾਸ਼ਾ ਮਿਥ ਦਾ ਸਭ ਤੋਂ ਵਧੇਰੇ ਵਿਰੋਧ ਕਰਦੀ ਹੈ। ਉਸ ਅਨੁਸਾਰ ਆਧੁਨਿਕ ਕਾਵਿ ਪ੍ਰਤਿਗਾਮੀ ਚਿੰਨ੍ਹ–ਵਿਗਿਆਨਕ ਪ੍ਰਬੰਧ ਹੈ। ਮਿਥ ਚਿੰਨ੍ਹ–ਵਿਗਿਆਨ ਦਾ ਉਹ ਪ੍ਰਬੰਧ ਹੈ ਜੋ ਵਾਸਤਵਿਕਤਾ ਤਕ ਪਹੁੰਚਣ ਦਾ ਦਾਅਵਾ ਕਰਦਾ ਹੈ, ਕਾਵਿ ਉਹ ਚਿੰਨ੍ਹਾ–ਪ੍ਰਬੰਧ ਹੈ ਜੋ ਵਾਸਤਵਿਕਤਾ ਵਿਚ ਸੁੰਗੜਨ ਦਾ ਆਦਿ ਹੁੰਦਾ ਹੈ। ਸਾਹਿੱਤ ਵਿਚ ਰੂਪ ਦਾ ਨਿਰਣਾ ਚਿੰਨ੍ਹੀਕਰਣਾ ਤੇ ਹੈ, ਨਾ ਕਿ ਉਸ ਦੀ ਅਭਿਵਿਅਕਤੀ ਤੇ। ਕਿਸੇ ਸਾਹਿੱਤਕਾਰ ਦੀ ਭਾਸ਼ਾ ਤੋਂ ਵਾਸਤਵਿਕਤਾ ਦੀ ਪੇਸ਼ਕਾਰੀ ਦੀ ਉਮੀਦ ਨਹੀਂ ਰੱਖਣੀ ਚਾਹੀਦੀ, ਸਗੋਂ ਉਸ ਦੀ ਚਿੰਨ੍ਹਕਤਾ ਨੂੰ ਮੁੱਖ ਰੱਖਣਾ ਚਾਹੀਦਾ ਹੈ। ਇਸ ਪ੍ਰਕਾਰ ਆਲੋਚਕ ਵਾਸਤੇ ਦੋ ਵਿਧੀਆਂ ਨੂੰ ਧਾਰਣ ਕਰਨਾ ਲਾਜ਼ਮੀ ਹੈ। ਪਹਿਲੀ, ਉਹ ਲੇਖਕ ਦੇ ਯਥਾਰਥਵਾਦੀ ਪੱਖ ਨੂੰ ਉਸ ਦੇ ਆਦਰਸ਼ਵਾਦੀ ਤੱਤ ਨਾਲ ਜੋੜ ਕੇ ਵੇਖੋ। ਦੂਜੀ ਉਹ ਚਿੰਨ੍ਹ–ਵਿਗਿਆਨਕ ਮੁੱਲਾਂ ਦੇ ਪੱਖ ਨੂੰ ਇਕੱਠਾ ਕਰਕੇ ਆਲੋਚਕਾਂ ਵਿਚ ਵਿਚਾਰੇ। ਆਦਰਸ਼ ਤੇ ਚਿੰਨ੍ਹਾ–ਵਿਗਿਆਨ ਨੂੰ ਇਕੱਲਿਆਂ ਅਧਿਐਨ ਵਿਧੀ ਵਜੋਂ ਆਪਣਾ ਕੇ ਚਲਣਾ ਯੋਗ ਬਣਦਾ ਹੈ।
ਮਿਥ ਅਧਿਐਨ ਵਿਧੀ ਦੀਆਂ ਕੁਝ ਕਮਜ਼ੋਰੀਆ ਬਾਰੇ ਆਲੋਚਕਾਂ ਨੇ ਸੰਕੇਤ ਕੀਤਾ ਹੈ। ਇਸ ਦੀ ਪ੍ਰਕ੍ਰਿਤੀ ਨੂੰ ਵਿਆਖਿਆ–ਮੂਲਕ ਹੋਣ ਕਾਰਣ ਮਨ–ਮਰਜ਼ੀ ਦੀ ਆਰੋਪਿਤ, ਅਪ੍ਰਮਾਣਿਕ ਤੇ ਅਨੁਮਾਨਿਤ ਵਿਧੀ ਕਿਹਾ ਹੈ। ਪਰ ਇਸ ਦਾ ਖੰਡਨ ਸੰਰਚਨਾਵਾਦੀ ਆਲੋਚਕਾਂ ਨੇ ਕਰ ਦਿੱਤਾ ਹੈ। ਆਧੁਨਿਕ ਵਿਧੀ ਕੇਵਲ ਮਿਥ ਬਾਰੇ ਹੀ ਵਧੇਰੇ ਵਿਗਿਆਨਕ ਦ੍ਰਿਸ਼ਟੀ ਨਾਲ ਨਹੀਂ ਵਿਚਾਰਦੀ ਸਗੋਂ ਮਿਥ ਅਧਿਐਨ ਤੋਂ ਹੀ ਸਮੁੱਚੀ ਸਾਹਿੱਤ ਆਲੋਚਨਾ ਪ੍ਰਣਾਲੀ ਨੂੰ ਵਿਗਿਆਨਕ ਦਿਸ਼ਾ ਪ੍ਰਦਾਨ ਹੋਈ ਹੈ। ਫ਼ਰਾਈ, ਲੈਵੀ ਸਾਤ੍ਰਾਸ ਤੇ ਰੋਲਾ ਬਾਰਤ ਵਰਗੇ ਵਿਦਵਾਨਾਂ ਨੇ ਮਿਥ ਨੂੰ ਹੀ ਮੂਲ ਆਧਾਰ ਮੰਨ ਕੇ ਆਲੋਚਨਾ ਦੇ ਨਵੇਂ ਪ੍ਰਤਿਮਾਨ ਸਥਾਪਤ ਕੀਤੇ ਹਨ।
ਇਸ ਅਧਿਐਨ ਵਿਧੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪ੍ਰਗੀਤ ਤੋਂ ਲੈ ਕੇ ਮੁਕਤਕ ਕਾਵਿ, ਮਹਾਕਾਵਿ ਅਤੇ ਸਾਹਿੱਤ ਦੇ ਹੋਰ ਵਿਵਿਧ ਰੂਪਾਂ, ਗ਼ਲਪ ਆਦਿ ਨਾਲ ਪੂਰਾ ਪੂਰਾ ਨਿਆਇ ਕਰਨ ਯੋਗ ਵਿਧੀ ਹੈ। ਇਸ ਪ੍ਰਕਾਰ ਇਸ ਦਾ ਖੇਤਰ ਵਿਸਤ੍ਰਿਤ ਹੈ ਤੇ ਭਵਿਸ਼ ਉਜਲਾ ਹੈ। ਪੰਜਾਬੀ ਵਿਚ ਜਨਮ–ਸਾਖੀਆਂ ਅਤੇ ਵਾਰਾਂ ਭਾਈ ਗੁਰਦਾਸ ਦਾ ਅਧਿਐਨ ਇਸ ਵਿਧੀ ਤੋਂ ਹੋ ਚੁੱਕਿਆ ਹੈ।
[ਸਹਾ. ਗ੍ਰੰਥ––ਡਾ. ਕੁਲਵੰਤ ਸਿੰਘ : ‘ਮਿਥ ਵਿਗਿਆਨ ਤੇ ਸਾਹਿੱਤ’; ਡਾ. ਰਤਨ ਸਿੰਘ ਜੱਗੀ (ਸੰਪ.) : ‘ਸਾਹਿੱਤ ਅਧਿਐਨ ਵਿਧੀਆਂ’, ‘ਮਿਥ ਅਧਿਐਨ ਵਿਧੀ’]
ਲੇਖਕ : ਡਾ. ਕੁਲਵੰਤ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First