ਮਿਲਖਾ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮਿਲਖਾ ਸਿੰਘ : ‘ਉੱਡਣਾ ਸਿੱਖ’ ਦੇ ਨਾਂ ਨਾਲ ਜਾਣਿਆਂ ਜਾਣ ਵਾਲਾ ਇਹ ਸੰਸਾਰ ਪ੍ਰਸਿੱਧ ਦੌੜਾਕ ਸੱਤਰ ਮੁਲਕਾਂ ਵਿਚ ਮੁਕਾਬਲੇ ਦੀਆਂ ਦੌੜਾਂ ਦੌੜਿਆ ਅਤੇ ਬਿਆਸੀ ਵਿਸ਼ੇਸ਼ ਮੁਕਾਬਲਿਆਂ ਵਿਚੋਂ ਉਣਾਸੀ ਵਾਰ ਇਸ ਨੂੰ ਜਿੱਤ ਨਸੀਬ ਹੋਈ।
ਇਸ ਦੀ ਅਸਲ ਜਨਮ ਮਿਤੀ ਦਾ ਸਹੀ ਵੇਰਵਾ ਉਪਲੱਬਧ ਨਹੀਂ ਹੈ। ਫ਼ੌਜ ਵਿਚ ਭਰਤੀ ਹੋਣ ਸਮੇਂ ਇਸ ਦੀ ਜਨਮ ਮਿਤੀ 20 ਨਵੰਬਰ, 1935 ਲਿਖਵਾਈ ਗਈ। ਇਸ ਦਾ ਜਨਮ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੁਜ਼ੱਫਰਗੜ੍ਹ ਵਿਚ ਕੋਟ ਅੱਦੂ ਦੇ ਨੇੜੇ ਪਿੰਡ ਗੋਬਿੰਦਪੁਰਾ ਵਿਖੇ ਹੋਇਆ। ਇਹ ਪੰਜ ਭਰਾ ਤੇ ਤਿੰਨ ਭੈਣਾਂ ਸਨ। ਪਿੰਡੋਂ ਪੰਜ ਛੇ ਮੀਲ ਦੂਰ ਇਸ ਨੂੰ ਨੰਗੇ ਪੈਰੀਂ ਪੜ੍ਹਨ ਜਾਣਾ ਪੈਂਦਾ ਸੀ। ਤਪਦੀਆਂ ਧੁੱਪਾਂ ਵਿਚ ਰੇਤਲੇ ਰਾਹ ਉੱਤੇ ਇਸ ਦੇ ਪੈਰ ਭੁੱਜਦੇ ਤਾਂ ਦੌੜਨ ਲੱਗ ਜਾਂਦਾ ਤੇ ਕਿਸੇ ਰੁੱਖ ਦੀ ਛਾਵੇਂ ਜਾ ਕੇ ਠੰਡੇ ਕਰਦਾ। ਇਹ ਇਸ ਦੀਆਂ ਮੁੱਢਲੀਆਂ ਦੌੜਾਂ ਸਨ।
ਸੰਨ 1947 ਵਿਚ ਦੇਸ਼ ਦੀ ਵੰਡ ਸਮੇਂ ਇਹ ਅੱਠਵੀਂ ਵਿਚ ਪੜ੍ਹਦਾ ਸੀ। ਇਸ ਦਾ ਵੱਡਾ ਭਰਾ ਮੱਖਣ ਸਿੰਘ ਫ਼ੌਜ ਵਿਚ ਸੀ ਤੇ ਮੁਲਤਾਨ ਵਿਖੇ ਤਾਇਨਾਤ ਸੀ। ਗੋਬਿੰਦਪੁਰਾ ਮੁਸਲਮਾਨ ਲੁਟੇਰਿਆਂ ਨੇ ਘੇਰਿਆ ਤਾਂ ਮਿਲਖਾ ਸਿੰਘ ਲੁੱਕ ਕੇ ਫ਼ੌਜੀ ਭਰਾ ਦੀ ਮਦਦ ਲੈਣ ਮੁਲਤਾਨ ਨੂੰ ਗੱਡੀ ਚੜ੍ਹ ਗਿਆ। ਔਰਤਾਂ ਨੇ ਇਸ ਨੂੰ ਲੁਕੇ ਵੇਖ ਲਿਆ ਤੇ ਜੇਬ ਕਤਰਾ ਸਮਝ ਕੇ ਰੌਲਾ ਪਾਉਣ ਲੱਗੀਆਂ। ਮਾਸੂਮ ਮਿਲਖਾ ਸਿੰਘ ਨੇ ਤਰਲੇ ਕੀਤੇ ਕਿ ਉਹ ਰੌਲਾ ਨਾ ਪਾਉਣ ਨਹੀਂ ਤਾਂ ਜਨੂੰਨੀ ਉਹ ਨੂੰ ਮਾਰ ਦੇਣਗੇ। ਔਰਤਾਂ ਨਿਆਣੇ ਸਿੱਖ ਬਾਲਕ ਉੱਤੇ ਤਰਸ ਖਾ ਗਈਆਂ ਤੇ ਉਸ ਨੂੰ ਲੁਕਿਆ ਰਹਿਣ ਦਿੱਤਾ। ਮੁਲਤਾਨ ਵਿਖੇ ਆਪਣੇ ਭਰਾ ਨੂੰ ਖ਼ਬਰ ਦੇ ਕੇ ਮਿਲਖਾ ਸਿੰਘ ਆਪਣੀ ਭਰਜਾਈ ਸਮੇਤ ਕਾਫ਼ਲੇ ਨਾਲ ਫਿਰੋਜ਼ਪੁਰ ਪਹੁੰਚ ਗਿਆ। ਮੱਖਣ ਸਿੰਘ ਆਪਣੇ ਭਾਈਚਾਰੇ ਨੂੰ ਬਚਾ ਨਾ ਸਕਿਆ। ਸਾਰਾ ਗੋਬਿੰਦਪੁਰਾ ਅੱਗ ਦੀ ਭੇਂਟ ਹੋ ਗਿਆ। ਸਾਰੇ ਸਿੱਖ ਸਮੇਤ ਮਿਲਖਾ ਸਿੰਘ ਦੇ ਮਾਤਾ ਪਿਤਾ ਤੇ ਭੈਣ ਭਾਈਆਂ ਦੇ ਕਤਲ ਕਰ ਦਿੱਤੇ ਗਏ। ਕੇਵਲ ਇਕ ਵਿਆਹੀ ਹੋਈ ਭੈਣ ਆਪਣੇ ਸਹੁਰਿਆਂ ਨਾਲ ਬੱਚ ਕੇ ਆ ਸਕੀ ਜਾਂ ਵੱਡਾ ਭਰਾ ਮੱਖਣ ਸਿੰਘ।
ਫਿਰੋਜ਼ਪੁਰ ਦੇ ਸ਼ਰਨਾਰਥੀ ਕੈਂਪ ਵਿਚ ਕੁਝ ਸਮਾਂ ਰੁਲਣ ਤੇ ਫ਼ੌਜੀਆਂ ਦੇ ਬੂਟ ਪਾਲਸ਼ ਕਰਨ ਪਿੱਛੋਂ ਮਿਲਖਾ ਸਿੰਘ ਦਿੱਲੀ ਆਪਣੀ ਭੈਣ ਕੋਲ ਪਹੁੰਚਿਆ। ਇਸ ਦੇ ਵੱਡੇ ਭਰਾ ਨੇ ਇਸ ਨੂੰ ਫ਼ੌਜ ਵਿਚ ਭਰਤੀ ਕਰਵਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਕਾਮਯਾਬੀ 1952 ਈ. ਵਿਚ ਮਿਲੀ। ਸੰਨ 1953 ਵਿਚ ਇਸ ਨੂੰ ਦੌੜ ਮੁਕਾਬਲਿਆਂ ਦਾ ਪਤਾ ਲੱਗਾ। ਇਸ ਦਾ ਕੱਦ 5 ਫੁੱਟ 9 ਇੰਚ ਤੇ ਸਰੀਰ ਦਰਮਿਆਨਾ ਪਤਲਾ ਸੀ। ਰੰਗਰੂਟੀ ਕਰਦਿਆਂ ਇਸ ਨੇ ਕਰਾਸ ਕੰਟਰੀ ਲਈ ਤੇ ਸਾਥੀਆਂ ਵਿਚ ਛੇਵੇਂ ਨੰਬਰ ਤੇ ਆਇਆ। ਫਿਰ ਮਿਲਖਾ ਸਿੰਘ ਤੋਂ ਪੁਛਿਆ ਗਿਆ, ‘‘ਚਾਰ ਸੌ ਮੀਟਰ ਦੌੜ ਲਾਵੇਂਗਾ’’? ਮਿਲਖਾ ਸਿੰਘ ਨੇ ਪੁਛਿਆ, ‘‘ਚਾਰ ਸੌ ਮੀਟਰ ਕਿੰਨੀ ਹੁੰਦੀ ਹੈ’’ ਤਾਂ ਜਦੋਂ ਇਸ ਨੂੰ ਦੱਸਿਆ ਗਿਆ ਕਿ 400 ਮੀਟਰ ਟਰੈਕ ਦਾ ਇਕੋ ਚੱਕਰ ਹੁੰਦੀ ਹੈ ਤਾਂ ਇਸ ਨੇ ਕਿਹਾ, ‘‘ਇਕ ਚੱਕਰ ਛੱਡ ਮੈਂ ਦੱਸ ਚੱਕਰ ਲਾ ਸਕਦਾਂ।’’ ਫਿਰ ਉਸਤਾਦ ਨੇ ਸਮਝਾਇਆ ਕਿ ਇਕੋ ਚੱਕਰ ਵਿਚ ਦਸਾਂ ਚੱਕਰਾਂ ਜਿੰਨਾ ਜ਼ੋਰ ਲਾ ਦੇਣਾ ਹੈ। ਮਿਲਖਾ ਸਿੰਘ ਨੇ ਉਵੇਂ ਹੀ ਕੀਤਾ ਤੇ ਆਪਣੀ ਕੰਪਨੀ ਵਿੱਚੋਂ ਪਹਿਲੇ ਨੰਬਰ ਤੇ ਆ ਗਿਆ। ਅਭਿਆਸ ਕਰਦਿਆਂ ਇਹ ਆਪਣੇ ਸੈਂਟਰ ਦੇ ਦੌੜ ਮੁਕਾਬਲਿਆਂ ਤੋਂ ਲੈ ਕੇ ਸਮੁੱਚੀ ਭਾਰਤੀ ਫ਼ੌਜ ਵਿੱਚੋ ਪਹਿਲੇ ਨੰਬਰ ਤੇ ਆਉਣ ਲੱਗਾ ਅਤੇ ਕੌਮੀ ਚੈਂਪੀਅਨ ਬਣ ਗਿਆ। ਸੰਨ 1956 ਵਿਚ ਮੈਲਬੋਰਨ ਦੀਆਂ ਉਲੰਪਿਕ ਖੇਡਾਂ ਲਈ ਇਹ ਭਾਰਤੀ ਟੀਮ ਵਿਚ ਚੁਣਿਆ ਗਿਆ। ਉਥੇ ਇਹ ਭਾਵੇਂ ਹੀਟਾਂ ਵਿਚ ਹੀ ਹਾਰ ਗਿਆ ਪਰ ਅਗਾਂਹ ਜਿੱਤਣ ਲਈ ਨਵਾਂ ਉਤਸ਼ਾਹ ਲੈ ਕੇ ਮੁੜਿਆ। ਆਉਂਦਿਆਂ ਇਹ ਸਖ਼ਤ ਅਭਿਆਸ ਕਰਨ ਲੱਗ ਪਿਆ। ਇਸ ਦਾ ਸੈਂਟਰ ਸਿਕੰਦਰਾਬਾਦ ਸੀ ਅਤੇ ਫ਼ੌਜੀ ਬੈਰਕ ਤੇ ਟਰੈਕ ਇਸ ਦੀ ਦੁਨੀਆ ਸੀ। ਸੰਨ 1958 ਵਿਚ ਹੀ ਟੋਕੀਓ ਦੀਆਂ ਏਸ਼ੀਆਈ ਖੇਡਾਂ ਵਿਚ ਇਹ ਸਭ ਤੋਂ ਤਕੜਾ ਐਥਲੀਟ ਸਿੱਧ ਹੋਇਆ। 200 ਤੇ 400 ਮੀਟਰ ਦੌੜਾਂ ਵਿਚ ਇਸ ਨੇ ਏਸ਼ੀਆ ਦੇ ਨਵੇਂ ਰਿਕਾਰਡ ਰੱਖੇ।
ਸੰਨ 1958 ਵਿਚ ਹੀ ਕਾਰਡਿਫ਼ ਵਿਖੇ ਕਾਮਨਵੈਲਥ ਦੇਸ਼ਾਂ ਦੀਆਂ ਖੇਡਾਂ ਸਮੇਂ ਇਹ 400 ਮੀਟਰ ਦੀ ਦੌੜ ਵਿਚ ਅੱਵਲ ਰਿਹਾ। ਸੰਨ 1958 ਤੋਂ 60 ਤੱਕ ਇਹ ਅਨੇਕਾਂ ਮੁਲਕਾਂ ਵਿਚ ਦੌੜਿਆ। ਫਿਰ ਲਾਹੌਰ ਵਿਚ ਇੰਡੋ-ਪਾਕਿ ਮੀਟ ਹੋਈ। ਉਥੇ ਮਿਲਖਾ ਸਿੰਘ ਕਈ ਕਦਮਾਂ ਦੇ ਫ਼ਾਸਲੇ ਨਾਲ ਦੌੜ ਜਿਤਿਆ, ਤਾਂ ਅਨਾਊਂਸਰ ਕਹਿਣ ਲੱਗਾ, ‘ਮਿਲਖਾ ਸਿੰਘ ਦੌੜਿਆ ਨਹੀਂ, ਉੱਡਿਆ ਹੈ, ਇਸ ਲਈ ਮਿਲਖਾ ਸਿੰਘ ਨੂੰ ਫਲਾਈਂਗ ਸਿੱਖ ਕਹਿਣਾ ਚਾਹੀਦੇ।’’
ਉਦੋਂ ਤੋਂ ਇਸ ਦੇ ਨਾਂ ਨਾਲ ਫਲਾਈਂਗ ਸਿੱਖ ਦਾ ਖਿਤਾਬ ਜੁੜ ਗਿਆ। ਇਸ ਨੇ ਆਪਣੀ ਸਵੈ-ਜੀਵਨੀ ਦਾ ਨਾਂ ਵੀ ‘ਫਲਾਈਂਗ ਸਿੱਖ-ਮਿਲਖਾ ਸਿੰਘ’ ਰੱਖਿਆ ਹੈ।
ਸੰਨ 1960 ਦੀਆਂ ਕੌਮੀ ਖੇਡਾਂ ਸਮੇਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਮਿਲਖਾ ਸਿੰਘ ਨੇ 400 ਮੀਟਰ ਦੌੜ 46.1 ਸੈਕਿੰਡ ਵਿਚ ਲਾਈ ਤੇ 200 ਮੀਟਰ ਦੌੜ 20.8 ਸੈਕਿੰਡ ਵਿਚ ਦੌੜਿਆ। ਸਵੀਡਨ ਵਿਚ ਦੌੜਦਿਆਂ ਇਸ ਨੇ 400 ਮੀਟਰ ਦੌੜ 45.6 ਸੈਕਿੰਡ ਵਿਚ ਲਾਈ। ਇਹ ਸਮਾਂ ਉਲੰਪਿਕ ਰਿਕਾਰਡ ਦੇ ਬਰਾਬਰ ਸੀ। ਪੈਰਿਸ ਵਿਚ ਇਹ ਆਪਣਾ ਸਮਾਂ 45.8 ਸੈਕਿੰਡ ਲੈ ਆਇਆ। ਰੋਮ ਉਲੰਪਿਕ ਵਿਚ ਇਸ ਨੇ 400 ਮੀਟਰ ਦੀ ਦੌੜ 45.8 ਸੈਕਿੰਡ ਵਿਚ ਲਾਈ ਪਰ ਇਸ ਨੂੰ ਚੌਥਾ ਸਥਾਨ ਹੀ ਮਿਲ ਸਕਿਆ। ਇਹ ਪਹਿਲੇ ਉਲੰਪਿਕ ਨਾਲੋਂ ਬਿਹਤਰ ਸਮਾਂ ਸੀ। ਇਸ ਦੇ 200 ਤੇ 400 ਮੀਟਰ ਦੌੜਾਂ ਦੇ ਕੌਮੀ ਰਿਕਾਰਡ ਲਗਭਗ ਚਾਰ ਦਹਾਕੇ ਕਿਸੇ ਤੋਂ ਨਹੀਂ ਟੁੱਟੇ।
ਰੋਮ ਦੀ ਇਤਿਹਾਸਕ ਦੌੜ ਹਾਰ ਕੇ ਮਿਲਖਾ ਸਿੰਘ ਮਾਯੂਸ ਹੋ ਗਿਆ ਸੀ। ਵਰ੍ਹਿਆਂ ਦੀ ਘਾਲਣਾ ਚੇਤੇ ਕਰ ਕੇ ਇਸ ਦਾ ਹਉਕਾ ਨਿਕਲ ਜਾਂਦਾ ਸੀ। ਦੌੜਦਿਆਂ ਵਿਤੋਂ ਬਾਹਰਾ ਜ਼ੋਰ ਲਾਉਣ ਕਾਰਨ ਇਹ ਅਣਗਿਣਤ ਵਾਰ ਡਿਗਿਆ ਤੇ ਬੇਹੋਸ਼ ਹੋਇਆ। ਇਸ ਨੂੰ ਖੁਰਾਕੋਂ ਊਣਾ ਸਰੀਰ ਮਿਲਿਆ ਸੀ ਜਿਸ ਨੂੰ ਇਸ ਨੇ ਹੱਠ ਨਾਲ ਕਸ਼ਟ ਦੇਈ ਰੱਖਿਆ। ਕਦੇ ਕਦੇ ਇਹ ਆਪਣੇ ਆਪ ਨੂੰ ਕੋਸਣ ਲੱਗ ਜਾਂਦਾ ਤੇ ਕਦੇ ਦੌੜਨ ਦੇ ਜਾਨ ਮਾਰੂ ਕਰਤੱਬ ਨੂੰ। ਅਖ਼ੀਰ ਦੋਸਤਾਂ ਮਿੱਤਰਾਂ ਦੇ ਦਿਲਾਸਿਆਂ ਨਾਲ ਇਹ ਸੰਭਾਲਿਆ ਤੇ ਕਿੱਲਾਂ ਵਾਲੇ ਬੂਟ ਕਿੱਲੀ ਤੋਂ ਲਾਹ ਲਏ। ਸੰਨ 1962 ਵਿਚ ਜਕਾਰਤਾ ਦੀਆਂ ਏਸ਼ੀਆਈ ਖੇਡਾਂ ਵਿਚੋਂ 400 ਮੀਟਰ ਤੇ 4x400 ਮੀਟਰ ਦੌੜਾਂ ਵਿਚੋਂ ਦੋ ਸੋਨੇ ਦੇ ਤਮਗ਼ੇ ਜਿੱਤੇ। ਸੰਨ 1964 ਵਿਚ ਟੋਕੀਓ ਦੀਆਂ ਉਲਪਿੰਕ ਖੇਡਾਂ ਵਿਚ ਭਾਗ ਲੈ ਕੇ ਇਹ ਸਰਗਰਮ ਦੌੜ ਮੁਕਾਬਲਿਆਂ ਤੋਂ ਰਿਟਾਇਰ ਹੋਇਆ।
ਭਾਰਤ ਸਰਕਾਰ ਵੱਲੋਂ ਇਸ ਨੂੰ ਪਦਮ ਸ੍ਰੀ ਨਾਲ ਸਨਮਾਨਿਆ ਗਿਆ। ਅਮਰੀਕਾ ਦੀ ਇਕ ਖੇਡ ਸੰਸਥਾ ਨੇ ਇਸ ਨੂੰ ਏਸ਼ੀਆ ਦਾ ਸਰਵੋਤਮ ਐਥਲੀਟ ਮੰਨਦਿਆਂ ਹੈਲਮਜ਼ ਟਰਾਫ਼ੀ ਨਾਲ ਸਨਮਾਨਿਆ।
ਫ਼ੌਜ ਦੀ ਨੌਕਰੀ ਛੱਡ ਕੇ ਇਸ ਨੇ ਪੰਜਾਬ ਦੇ ਖੇਡ ਵਿਭਾਗ ਦੀ ਸੇਵਾ ਸੰਭਾਲ ਲਈ ਸੀ। ਇਹ ਖੇਡ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਦੀ ਪਦਵੀ ਤੋਂ ਰਿਟਾਇਰ ਹੋਇਆ ਤੇ ਅੱਜਕੱਲ੍ਹ ਚੰਡੀਗੜ੍ਹ ਦਾ ਪੱਕਾ ਵਸਨੀਕ ਹੈ। ਇਸ ਦੀ ਪਤਨੀ ਸ੍ਰੀਮਤੀ ਨਿਰਮਲ ਸੈਣੀ ਕੌਮੀ ਪੱਧਰ ਦੀ ਵਾਲੀਬਾਲ ਖਿਡਾਰਨ ਰਹੀ ਹੈ ਤੇ ਇਨ੍ਹਾਂ ਦਾ ਲੜਕਾ ਚਿਰੰਜੀਵ ਮਿਲਖਾ ਸਿੰਘ ਗਾੱਲਫ਼ ਦਾ ਹੋਣਹਾਰ ਖਿਡਾਰੀ ਹੈ।
ਲੇਖਕ : ਪ੍ਰਿੰਸੀਪਲ ਸਰਵਣ ਸਿੰਘ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1856, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-15-04-50-52, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First