ਮੁਲਤਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਲਤਾਨ [ ਨਿਪੁ ] ਪੱਛਮੀ ਪੰਜਾਬ ਦਾ ਪ੍ਰਮੁੱਖ ਪੁਰਾਤਨ ਸ਼ਹਿਰ ਅਥਵਾ ਇਲਾਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੁਲਤਾਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੁਲਤਾਨ ( ਨਗਰ ) : ਇਕ ਪੁਰਾਤਨ ਨਗਰ ਜੋ ਪੱਛਮੀ ਪੰਜਾਬ ਵਿਚ ਚਨਾਬ ਦਰਿਆ ਦੇ ਨੇੜੇ ਵਸਿਆ ਹੋਇਆ ਹੈ । ਇਸ ਦੀ ਹੋਂਦ ਸਿਕੰਦਰ ਦੇ ਹਮਲੇ ਤੋਂ ਪਹਿਲਾਂ ਦੀ ਹੈ ਕਿਉਂਕਿ ਸਿਕੰਦਰ ਦੁਆਰਾ ਜਿਤੇ ਹਿੰਦੁਸਤਾਨੀ ਇਲਾਕਿਆਂ ਵਿਚ ਇਸ ਦਾ ਨਾਂ ਗਿਣਿਆ ਜਾਂਦਾ ਹੈ । ਉਥੇ ਇਸ ਦਾ ਨਾਂ ‘ ਮੁਲਸਤਾਂ’ ਲਿਖਿਆ ਹੋਇਆ ਹੈ । ਇਸ ਦਾ ਵਰਤਮਾਨ ਨਾਂ ‘ ਮੂਲ-ਤ੍ਰਾਣ’ ਸ਼ਬਦ-ਜੁਟ ਤੋਂ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ । ਇਸ ਤੋਂ ਭਾਵ ਹੈ ਜਿਥੇ ਕਿਸੇ ਭਗਤ ਦੀ ਰਖਿਆ ਕੀਤੀ ਗਈ ਹੋਵੇ । ਇਹ ਨਗਰ , ਅਸਲ ਵਿਚ , ਹਿਰਣੑਯਾਕੑਸ਼ ਅਤੇ ਹਿਰਣੑਯਕਸ਼ਿਪੁ ਨਾਂ ਦੇ ਰਾਖਸ਼ ਰਾਜਿਆਂ ਦੀ ਰਾਜਧਾਨੀ ਸੀ । ਇਥੇ ਹੀ ਭਗਤ ਪ੍ਰਹਿਲਾਦ ਦੀ ਰਖਿਆ ਲਈ ਵਿਸ਼ਣੂ ਨੇ ਨਰਸਿੰਘ ਰੂਪ ਵਿਚ ਅਵਤਾਰ ਧਾਰਣ ਕੀਤਾ ਸੀ । ਉਸ ਘਟਨਾ ਨਾਲ ਸੰਬੰਧਿਤ ਮੰਦਿਰ ਹੁਣ ਵੀ ਇਥੇ ਮੌਜੂਦ ਹੈ ।

ਮੁਸਲਮਾਨ ਹਮਲਾਵਰ ਚੂੰਕਿ ਪਹਿਲਾਂ ਸਿੰਧ ਖੇਤਰ ਵਲੋਂ ਹਿੰਦੁਸਤਾਨ ਵਿਚ ਦਾਖ਼ਲ ਹੋਏ ਸਨ , ਇਸ ਲਈ ਉਨ੍ਹਾਂ ਨਾਲ ਆਏ ਪੀਰ , ਫ਼ਕੀਰ ਅਤੇ ਮੁੱਲਾ ਲੋਗ ਅਧਿਕਤਰ ਇਸ ਨਗਰ ਵਿਚ ਹੀ ਵਸ ਗਏ ਸਨ । ਫਲਸਰੂਪ ਇਹ ਮੁਸਲਮਾਨਾਂ ਦੇ ਧਰਮ ਦਾ ਪ੍ਰਮੁਖ ਕੇਂਦਰ ਬਣ ਗਿਆ ਸੀ । ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਇਸ ਨਗਰ ਵਿਚ ਆਏ ਸਨ । ਭਾਈ ਗੁਰਦਾਸ ਅਨੁਸਾਰ ਉਥੋਂ ਦੇ ਪੀਰਾਂ ਫ਼ਕੀਰਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਦਾ ਕਟੋਰਾ ਪੇਸ਼ ਕੀਤਾ , ਇਹ ਸੰਕੇਤ ਕਰਨ ਲਈ ਕਿ ਇਹ ਨਗਰ ਅਗੇ ਹੀ ਪੀਰਾਂ ਨਾਲ ਭਰਿਆ ਹੋਇਆ ਹੈ , ਹੋਰ ਕਿਸੇ ਦੀ ਗੁੰਜਾਇਸ਼ ਨਹੀਂ । ਪਰ ਗੁਰੂ ਜੀ ਨੇ ਉਸ ਦੁੱਧ ਉਤੇ ਚੰਬੇਲੀ ਦਾ ਫੁਲ ਟਿਕਾ ਦਿੱਤਾ , ਇਹ ਦਸਣ ਲਈ ਕਿ ਮੈਂ ਬਿਨਾ ਕਿਸੇ ਨੂੰ ਪਰੇਸ਼ਾਨ ਕੀਤੇ ਇਸ ਵਿਚ ਸਮਾ ਜਾਵਾਂਗਾ— ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜਾਰਤਿ ਜਾਈ ਅਗੋਂ ਪੀਰ ਮੁਤਲਾਨ ਦੇ ਦੁਧਿ ਕਟੋਰਾ ਭਰਿ ਲੈ ਆਈ ਬਾਬੇ ਕਢਿ ਕਰਿ ਬਗਲ ਤੇ ਚੰਬੇਲੀ ਦੁਧ ਵਿਚਿ ਮਿਲਾਈ ਜਿਉ ਸਾਗਰ ਵਿਚ ਗੰਗ ਸਮਾਈ ( 1/44 ) । ਪਰ ਮੁਸਲਮਾਨਾਂ ਦੀ ਅਧਿਕ ਆਬਾਦੀ ਹੋਣ ਕਾਰ ਇਸ ਨਗਰ ਵਿਚ ਕੋਈ ਗੁਰੂ-ਧਾਮ ਜਾਂ ਸਮਾਰਕ ਨ ਬਣ ਸਕਿਆ ।

ਸੰਨ 1527 ਈ. ਵਿਚ ਇਸ ਉਤੇ ਬਾਬਰ ਨੇ ਕਬਜ਼ਾ ਕੀਤਾ । ਦਿੱਲੀ ਵਿਚ ਮੁਗ਼ਲ ਬਾਦਸ਼ਾਹੀ ਦੇ ਕਮਜ਼ੋਰ ਹੋਣ ਨਾਲ ਸੰਨ 1752 ਈ. ਵਿਚ ਇਹ ਅਹਿਮਦਸ਼ਾਹ ਦੁਰਾਨੀ ਦੇ ਅਧਿਕਾਰ ਵਿਚ ਆ ਗਿਆ । ਸੰਨ 1818 ਈ. ਵਿਚ ਇਸ ਉਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਅਧਿਕਾਰ ਜਮਾ ਲਿਆ । ਲਾਹੌਰ ਦਰਬਾਰ ਵਿਚ ਅੰਗ੍ਰੇਜ਼ਾਂ ਦਾ ਦਖ਼ਲ ਵਧ ਜਾਣ ਤੋਂ ਬਾਦ ਇਥੋਂ ਦੇ ਸਿੱਖ ਗਵਰਨਰ ਦੀਵਾਨ ਮੂਲਰਾਜ ਨੇ ਬਗ਼ਾਵਤ ਕਰ ਦਿੱਤੀ । ਅੰਗ੍ਰੇਜ਼ ਅਤੇ ਸਿੱਖਾਂ ਦੀ ਦੂਜੀ ਲੜਾਈ ਵਿਚ ਦੀਵਾਨ ਅੰਗ੍ਰੇਜ਼ਾਂ ਤੋਂ ਹਾਰ ਗਿਆ ਅਤੇ ਨਗਰ ਉਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ । ਦੇਸ਼ ਵੰਡ ਤੋਂ ਬਾਦ ਇਹ ਪੱਛਮੀ ਪੰਜਾਬ ਦਾ ਮੁਖ ਨਗਰ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.