ਮੁਹਾਵਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁਹਾਵਰਾ (ਨਾਂ,ਪੁ) ਕਿਰਿਆ ਸਹਿਤ ਅਜਿਹਾ ਵਾਕ ਜਿਸ ਦਾ ਕੋਈ ਵਿਸ਼ੇਸ਼ ਅਰਥ ਨਿਕਲਦਾ ਹੋਵੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੁਹਾਵਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁਹਾਵਰਾ [ਨਾਂਪੁ] ਉਹ ਵਾਕਾਂਸ਼ ਜਿਸ ਦਾ ਅਰਥ ਮੁਢਲੇ ਕੋਸ਼ਗਤ ਅਰਥ ਤੋਂ ਅਲੱਗ ਹੁੰਦਾ ਹੈ; ਆਦਤ , ਸੁਭਾਅ; ਰੀਤ , ਦਸਤੂਰ, ਰਿਵਾਜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੁਹਾਵਰਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁਹਾਵਰਾ : ਮੁਹਾਵਰੇ ਕਿਸੇ ਭਾਸ਼ਾ ਦੇ ਬੜੇ ਬਲਵਾਨ ਅੰਗ ਹੁੰਦੇ ਹਨ। ਇਹ ਲੋਕ ਭਾਸ਼ਾ ਤੋਂ ਸਾਹਿੱਤ ਵੱਲ ਯਾਤ੍ਰਾ ਕਰਦੇ ਹਨ ਅਤੇ ਲੋਕ ਜੀਵਨ ਦੀ ਪਰੰਪਰਾਗਤ ਸੰਪਤੀ ਹਨ। ਸਮਾਜ ਦਾ ਸੰਮਿਲਿਤ ਅਨੁਭਵ ਸੰਕੇਤਿਕ ਅਰਥਾਂ ਵਿਚ ਰੂੜ੍ਹ ਹੋ ਕੇ ਮੁਹਾਵਰਿਆਂ ਦੇ ਰੂਪ ਵਿਚ ਅਭਿਵਿਅਕਤੀ ਦਾ ਪ੍ਰਮੁੱਖ ਸਾਧਨ ਬਣ ਜਾਂਦਾ ਹੈ। ਮੁਹਾਵਰੇ ਵਿਚ ਨਾ ਤਾਂ ਸ਼ਬਦਾਂ ਦਾ ਕੋਸ਼ਗਤ ਅਰਥ ਹੁੰਦਾ ਹੈ ਅਤੇ ਨਾ ਹੀ ਮੁਹਾਵਰੇ ਵਿਚ ਵਰਤੇ ਗਏ ਸ਼ਬਦਾਂ ਦੇ ਸਥਾਨ ਤੇ ਉਨ੍ਹਾਂ ਦੇ ਸਮਾਨਾਰਥਕ ਸ਼ਬਦ ਰੱਖੇ ਜਾ ਸਕਦੇ ਹਨ, ਜਿਵੇਂ ਇਹ ਕੰਮ ‘ਬੜੀ ਟੇਡੀ ਖੀਰ’ ਹੈ ਤੋਂ ਭਾਵ ਕਠਿਨ ਕੰਮ ਹੈ ਨਾ ਕਿ ਦੁੱਧ ਚਾਵਲ ਤੇ ਚੀਨੀ ਤੋਂ ਪਕਾਇਆ ਗਿਆ ਭੋਜਨ। ਇਸੇ ਤਰ੍ਹਾਂ ਉਹ ਸ਼ਰਮ ਨਾਲ ‘ਪਾਣੀ ਪਾਣੀ ਹੋ ਗਿਆ’ ਦੀ ਥਾਂ ਤੇ ‘ਜਲ ਜਲ ਹੋ ਗਿਆ’ ਨਹੀਂ ਵਰਤਿਆ ਜਾ ਸਕਦਾ। ਮੁਹਾਵਰਿਆਂ ਵਿਚ ਕੋਸ਼ਗਤ ਅਰਥਾਂ ਦੀ ਅਵਹੇਲਨਾ ਕਾਰਣ ਹੀ ਅੰਗ੍ਰੇਜ਼ੀ ਵਿਚ ਇਹ ਗੱਲ ਪ੍ਰਸਿੱਧ ਹੈ ਕਿ ਮਹਾ ਮੂਰਖਾਂ ਦੇ ਗ਼ਲਤ ਵਚਨ ਹੀ ਮੁਹਾਵਰੇ ਬਣ ਜਾਂਦੇ ਹਨ।
ਮੁਹਾਵਰਿਆਂ ਦੀ ਪੰਜਾਬੀ ਭਾਸ਼ਾ ਬਹੁਤ ਅਮੀਰ ਹੈ। ਇਸ ਦਾ ਕਾਰਣ ਇਹ ਹੈ ਕਿ ਪੰਜਾਬੀ ਲੋਕ ਗੱਲ ਜ਼ਰਾ ਠੁਕ ਨਾਲ ਕਰਦੇ ਹਨ। ਠੁਕ ਸ਼ਬਦ ਦੇ ਸੁੰਦਰ ਸੁਮੇਲ ਅਤੇ ਰੂੜ੍ਹ ਪ੍ਰਯੌਗ ਨਾਲ ਬੱਝਦਾ ਹੈ। ਠੁਕਦਾਰ ਸ਼ਬਦ–ਪ੍ਰਯੋਗ ਵਿਚੋਂ ਵੀ ਕੁਝ ਵਿਸ਼ੇਸ਼ ਉਕਤੀਆਂ ਮੁਹਾਵਰਿਆਂ ਦਾ ਰੂਪ ਧਾਰਣ ਕਰ ਲੈਂਦੀਆਂ ਹਨ। ਸ਼ਬਦ ਸਦਾ ਜਨਤਾ ਦੀ ਮੌਖਿਕ ਟਕਸਾਲ ਵਿਚ ਘੜੇ ਜਾਂਦੇ ਹਨ, ਉੱਥੋਂ ਹੀ ਇਨ੍ਹਾਂ ਨੂੰ ਵਿਸ਼ੇਸ਼ ਅਰਥ ਮਿਲਦੇ ਹਨ, ਸਹਿਜੇ ਸਹਿਜੇ ਅਰਥਾਂ ਵਿਚ ਵਿਸਤਾਰ ਹੁੰਦਾ ਹੈ, ਉਨ੍ਹਾਂ ਤੋਂ ਕਈ ਪ੍ਰਕਾਰ ਦੇ ਭਾਵ ਕੱਢੇ ਜਾਣ ਲੱਗਦੇ ਹਨ, ਭਾਵ ਕੱਢਣ ਦੀ ਇਸ ਪ੍ਰਕ੍ਰਿਆ ਵਿਚ ਕਈ ਵਾਰ ਮੂਲ ਅਰਕ ਵੀ ਬਦਲ ਜਾਂਦੇ ਹਨ। ਅਭਿਧਾ ਅਰਥ ਸ਼ਕਤੀ ਤੋਂ ਹਟ ਕੇ ਲਕਸ਼ਣਾ ਅਤੇ ਵਿਅੰਜਨਾ ਸ਼ਕਤੀਆਂ ਦੇ ਯੋਗ ਨਾਲ ਹੀ ਸ਼ਬਦ ਮੁਹਾਵਰਿਆਂ ਦਾ ਰੂਪ ਧਾਰਣ ਕਰਦੇ ਹਨ। ਉਨ੍ਹਾਂ ਦੇ ਅਰਥ ਕੋਸ਼ਾਂ ਵਿਚ ਦਿੱਤੇ ਅਰਥਾਂ ਤੋਂ ਭਿੰਨ ਹੋ ਜਾਂਦੇ ਹਨ। ਇਹ ਗੁੱਝੇ ਜਾਂ ਸੰਕੇਤਕ ਅਰਥ ਸਾਧਾਰਣ ਤੋਂ ਹਟਵੇਂ ਹੁੰਦੇ ਹਨ। ਉਦਾਹਰਣ ਵਜੋਂ ਅੱਖ ਸ਼ਬਦ ਦੀ ਲਵੋ, ਇਸ ਨਾਲ ਸੰਬੰਧਿਤ ਦਰਜਨਾਂ ਮੁਹਾਵਰੇ ਪੰਜਾਬੀ ਵਿਚ ਮੌਜੂਦ ਹਨ। ‘ਅੱਖਾ ’ਤੇ ਬਿਠਾਉਣਾ’ ਮੁਹਾਵਰਾ ਹੈ। ਇਸ ਦਾ ਕੋਸ਼ਗਤ ਅਰਥ ਅੱਖ ਉੱਤੇ ਕਿਸੇ ਚੀਜ਼ ਨੂੰ ਬਿਠਾਉਣਾ ਹੈ, ਪਰ ਪ੍ਰਯੋਗ ਵਿਚ ਇਸ ਦਾ ਅਰਥ ਹੈ ਕਿਸੇ ਪ੍ਰਤਿ ਸਨਮਾਨ ਦਾ ਭਾਵ ਪ੍ਰਗਟ ਕਰਨਾ। ‘ਅੱਖਾਂ ਕੱਢਣੀਆਂ’ ਦਾ ਅਰਥ ਅੱਖਾਂ ਨੂੰ ਬਾਹਰ ਕੱਢਣਾ ਦੀ ਥਾਂ ਤੇ ਗੁੱਸੇ ਹੋਣਾ ਹੈ। ਇਹ ਸੰਕੇਤਕ ਅਰਥ ਹੈ। ਇਸੇ ਤਰ੍ਹਾਂ ‘ਅੱਖ ਆਉਣਾ’ ਤੋਂ ਭਾਵ ਅੱਖ ਦਾ ਦੁਖਣਾ, ‘ਅੱਖਾਂ ਨੀਵੀਆਂ ਕਰਨੀਆਂ’ ਤੋਂ ਭਾਵ ਲਜਿਤ ਜਾਂ ਸ਼ਰਮਸ਼ਾਰ ਹੋਣਾ, ‘ਅੱਖ ਚੁਰਾਉਣਾ’ ਤੋਂ ਭਾਵ ਕਤਰਾਉਣਾ, ਬੇਰੁਖੀ ਪ੍ਰਗਟ ਕਰਨ, ‘ਅੱਖ ਬਣਾਉਣਾ’ ਤੋਂ ਭਾਵ ਅੱਖ ਨੂੰ ਆਪਰੇਸ਼ਨ ਰਾਹੀਂ ਠੀਕ ਕਰਾਉਣਾ, ‘ਅੱਖ ਬਦਲ ਜਾਣਾ’ ਤੋਂ ਭਾਵ ਸਲੂਕ ਜਾਂ ਵਿਵਹਾਰ ਵਿਚ ਫ਼ਰਕ ਪੈ ਜਾਣਾ ਹੈ। ਇਨ੍ਹਾਂ ਹੀ ਲੀਹਾਂ ਤੇ ਹੋਰ ਅਨੇਕਾਂ ਸ਼ਬਦਾਂ ਤੋਂ ਮੁਹਾਵਰੇ ਬਣਦੇ ਹਨ। ਕੋਸ਼ ਵਾਲੇ ਅਰਥ ਤੋਂ ਹਟ ਕੇ ਸੰਕੇਤਕ ਅਰਥ ਨਿਸ਼ਚਿਤ ਹੋਣ ਪਿੱਛੇ ਪੂਰਾ ਇਤਿਹਾਸ ਹੈ। ਇਸ ਦਾ ਆਰੰਭ ਇਸ ਕੀਤਾ ਇਸ ਬਾਰੇ ਕਿਤੋਂ ਕੋਈ ਗਵਾਹੀ ਨਹੀਂ ਮਿਲਦੀ।
ਜਨ–ਜੀਵਨ ਜਾਂ ਲੋਕ–ਜੀਵਨ ਨਾਲ ਸੰਬੰਧਿਤ ਹੋਣ ਕਾਰਣ ਕਿਸੇ ਭਾਸ਼ਾ ਦੇ ਮੁਹਾਵਰੇ ਦੀ ਤਹਿ ਤਕ ਉਹੀ ਪਹੁੰਚ ਸਕਦਾ ਹੈ ਜਿਸ ਦੀ ਉਹ ਬੋਲੀ ਮਾਤ ਭਾਸ਼ਾ ਹੋਵੇ। ਗ਼ੈਰ–ਭਾਸ਼ੀ ਵਿਅਕਤੀ ਮੁਹਾਵਰਿਆਂ ਦੀ ਤਹਿ ਤਕ ਨਹੀਂ ਪਹੁੰਚ ਸਕਦਾ। ਪੰਜਾਬੀ ਵਿਚ ‘ਚੜ੍ਹਾਈ ਕਰ ਜਾਣ’ ਮੁਹਾਵਰਾ ਕਿਸੇ ਦੇ ਦੇਹਾਂਤ ਹੋਣ ਤੇ ਵਰਤਿਆ ਜਾਂਦਾ ਹੈ। ਪਰ ਇਕ ਵਾਰ ਇਕ ਪੰਜਾਬੀ ਪੁਸਤਕ ਦਾ ਹਿੰਦੀ ਵਿਚ ਅਨੁਵਾਦ ਕਰਦਿਆਂ ਇਕ ਹਿੰਦੀ–ਭਾਸ਼ੀ ਅਨੁਵਾਦਕ ਨੇ ਇਸ ਨੂੰ ’ਆਕ੍ਰਮਣ ਕਰਨਾ’ ਲਿਖ ਦਿੱਤਾ। ਅਜਿਹਾ ਕਰਨ ਵਿਚ ਉਸ ਦੀ ਪੰਜਾਬੀ ਭਾਸ਼ਾ ਅਤੇ ਮੁਹਾਵਰੇ ਦੀ ਡੂੰਘੀ ਪਛਾਣ ਨਾ ਹੋਣਾ ਹੈ।
ਮੁਹਾਵਰਿਆਂ ਦੀ ਵਰਤੋਂ ਕਿਸੇ ਭਾਸ਼ਾਂ ਨੂੰ ਜਿੱਥੇ ਸ਼ਕਤੀ ਪ੍ਰਦਾਨ ਕਰਨੀ ਹੈ, ਉੱਥੇ ਉਸ ਵਿਚ ਸੰਕੋਚ ਵੀ ਪੈਦਾ ਕਰਦੀ ਹੈ। ਮੁਹਾਵਰੇ ਗਾਗਰ ਵਿਚ ਸਾਗਰ ਭਰ ਦਿੰਦੇ ਹਨ, ਭਾਸ਼ਾ ਵਿਚ ਇਕ ਖ਼ਾਸ ਤਰ੍ਹਾਂ ਦਾ ਰਸ ਜਾਂ ਸੁਆਦ ਭਰ ਦਿੰਦੇ ਹਨ, ਇਕ ਖਿੱਚ ਜਿਹੀ ਪੈਦਾ ਕਰ ਦਿੰਦੇ ਹਨ। ਮੁਹਾਵਰਿਆਂ ਦਾ ਮੂਲ ਆਧਾਰ ਲੋਕ–ਜੀਵਨ ਵਿਚ ਹੈ। ਲੋਕ–ਜੀਵਨ ਵਿਚ ਪੇਂਡੂ ਇਸਤ੍ਰੀਆਂ ਮੁਹਾਵਰੇ ਘੜਨ ਵਿਚ ਜ਼ਿਆਦਾ ਹਿੱਸਾ ਪਾਉਂਦੀਆਂ ਹਨ। ਠੁਕ ਨਾਲ ਗੱਲ ਕਰਨ ਵਾਲੀ ਇਸਤ੍ਰੀ ਜਿਉਂ ਜਿਉਂ ਬਿਰਧ ਹੁੰਦੀ ਜਾਏਗੀ, ਉਸ ਦੀ ਮੁਹਾਵਰਾ–ਸਿਰਜਣ–ਸ਼ਕਤੀ ਵੱਧਦੀ ਜਾਏਗੀ ਅਤੇ ਉਸ ਪਾਸ ਹੋਰ ਮੁਹਾਵਰਿਆਂ ਦਾ ਭੰਡਾਰ ਵੀ ਵੱਧਦਾ ਜਾਏਗਾ। ਕਈ ਵਾਰ ਸ਼ੁਭਤਾ ਸੂਚਕ ਸ਼ਬਦ ਪ੍ਰਯੋਗ ਵੀ ਮੂਲ ਅਰਥ ਤੋਂ ਹਟ ਕੇ ਮੁਹਾਵਰਾ ਬਣ ਜਾਂਦਾ ਹੈ। ਜਦੋਂ ਕੋਈ ਸ਼ਬਦ ਆਪਣੇ ਪ੍ਰਯੋਗ ਵਿਚ ਕਿਸੇ ਪ੍ਰਕਾਰ ਦੀ ਕੋਈ ਮਾੜੀ ਸੂਚਨਾ ਜਾਂ ਮਾੜਾ ਪ੍ਰਭਾਵ ਪਾਉਂਦਾ ਹੋਵੇ, ਤਾਂ ਉਸ ਮਾੜੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਕਿਸੇ ਸ਼ੁਭ ਜਾਂ ਸੁਖਾਵੇਂ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ ਕਿਸੇ ਦੇ ਦੇਹਾਂਤ ਨੂੰ ‘ਸੁਅਰਗਵਾਸ ਹੋਣਾ’, ਦੁਕਾਨ ਨੂੰ ਬੰਦ ਕਰਨ ਨੂੰ ‘ਦੁਕਾਨ ਵਧਾਉਣਾ’ ਕਿਹਾ ਜਾਂਦਾ ਹੈ। ਮਿੱਥਿਆ ਅਨੁਰੂਪਤਾ ਰਾਹੀਂ ਵੀ ਮੁਹਾਵਰੇ ਜਨਮ ਲੈਂਦੇ ਹਨ ਜਿਵੇਂ ‘ਕਾਨ੍ਹ ਬਣੀ ਫਿਰਨਾ’ ਜਾਂ ‘ਅਫ਼ਲਾਤੂਨ ਹੋਣਾ’ ਪਿੱਛੇ ਕਾਨ੍ਹ ਅਤੇ ਅਫ਼ਲਾਤੂਨ ਦੀਆਂ ਚਾਰਿਤ੍ਰਿਕ ਜਾਂ ਬੌਧਿਕ ਵਿਸ਼ੇਸ਼ਤਾਵਾਂ ਨੂੰ ਕਿਸੇ ਵਿਅਕਤੀ ਉਪਰ ਮਿੱਥਿਆ ਰੂਪ ਵਿਚ ਆਰੋਪਿਤ ਕਰਨਾ ਹੈ। ਇਸੇ ਤਰ੍ਹਾਂ ਅਤਿਕਥਨੀ ਰਾਹੀਂ ਵੀ ਮੁਹਾਵਰੇ ਜਨਮ ਲੈਂਦੇ ਹਨ ਜਿਵੇਂ ਕਿਸੇ ਚੀਜ਼ ਦੀ ਅਧਿਕ ਉਤਪੱਤੀ ਲਈ ‘ਹੜ ਆਉਣਾ’, ਅਧਿਕ ਸ਼ੋਰ ਸ਼ਰਾਬੇ ਲਈ ‘ਤੂਫਾਨ ਖੜਾ ਕਰਨਾ’ ਕਿਸੇ ਦੀ ਉਸਤਤਿ ਕਰਨ ਲਈ ‘ਤਾਰੀਫ਼ ਦੇ ਪੁਲ ਬੰਨ੍ਹਣਾ’ ਕਿਹਾ ਜਾਂਦਾ ਹੈ। ਕਈ ਵਾਰ ਪਜ ਪਾਉਣ ਲਈ ਵੀ ਸ਼ਬਦਾਂ ਦਾ ਆਮ ਨਾਲੋਂ ਵੱਖਰਾ ਪ੍ਰਯੋਗ ਮੁਹਾਵਰੇ ਦਾ ਰੂਪ ਧਾਰਣ ਕਰ ਲੈਂਦਾ ਹੈ ਜਿਵੇਂ ਕਿਸੇ ਨੂੰ ਘਰ ਅੰਦਰ ਪ੍ਰਵੇਸ਼ ਕਰਨ ਲਈ ‘ਚਰਨ ਪਾਉਣਾ’, ਬੈਠਣ ਲਈ ‘ਤਸ਼ਰੀਫ਼ ਰੱਖਣਾ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਅਰਥ ਸੰਕੋਚ, ਅਰਥ ਵਿਸਤਾਰ, ਅਰਥ ਉਤਕਰਸ਼, ਅਰਥ ਅਪਕਰਸ਼ ਨਾਲ ਵੀਂ ਮੁਹਾਵਰੇ ਹੋਂਦ ਵਿਚ ਆਉਂਦੇ ਰਹਿੰਦੇ ਹਨ। ਕਿਸੇ ਵੀ ਸਾਧਨ ਰਾਹੀਂ ਕਿਸੇ ਸ਼ਬਦ ਦੇ ਅਭਿਧਾ–ਮੂਲਕ ਅਰਥ ਦੀ ਥਾਂ ਕਿਸੇ ਹੋਰ ਅਰਥ ਨੂੰ ਭਰਨਾ ਹੀ ਮੁਹਾਵਰੇ ਦੀ ਬਣਨ–ਪ੍ਰਕ੍ਰਿਆ ਹੈ।
ਮੁਹਾਵਰਿਆਂ ਦੀ ਬਣਨ–ਪ੍ਰਕ੍ਰਿਆ ਦੇ ਵੀ ਕਈ ਰੂਪ ਹਨ। ਇਨ੍ਹਾਂ ਵਿਚ ਪ੍ਰਮੁੱਖ ਵਿਧੀ ਹੈ ਨਾਂਵ ਤੇ ਕ੍ਰਿਆ ਦੇ ਸੰਯੋਗ ਨਾਲ, ਜਿਵੇਂ ਕਿਸੇ ਦੇ ਘਰ ਸੰਤਾਨ ਪੈਦਾ ਹੋਣ ਲਈ ‘ਬੂਟਾ ਲਗਣਾ’ ਮੁਹਾਵਰਾ ਬਣਦਾ ਹੈ, ਜ਼ਿੰਮੇਵਾਰੀ ਤੋਂ ਸੂਰਖ਼ਰੂ ਹੋਣ ਲਈ ‘ਗੰਗਾ ਨਾਹੁਣਾ’, ਬੇਸ਼ਰਮ ਸਿੱਧ ਕਰਨ ਲਈ ‘ਲੋਈ ਲਾਹੁਣਾ’ ਆਦਿ ਮੁਹਾਵਰਿਆਂ ਵਿਚ ਸ਼ਬਦ–ਕ੍ਰਿਆ ਸੰਯੋਗ ਵਿਧੀ ਵਰਤੀ ਗਈ ਹੈ। ਇਸੇ ਤਰ੍ਹਾਂ ਨਾਂਵਾਂ–ਨਾਂਵਾਂ ਦੇ ਸੰਯੋਗ, ਵਿਸ਼ੇਸ਼ਣਾਂ ਅਤੇ ਨਾਂਵਾਂ ਦੇ ਸੰਯੋਗ ਨਾਲ ਹੀ ਮੁਹਾਵਰੇ ਹੋਂਦ ਵਿਚ ਆਉਂਦੇ ਹਨ।
ਮੁਹਾਵਰਿਆਂ ਦਾ ਸੰਬੰਧ ਵੀ ਵੱਖ ਵੱਖ ਖੇਤਰਾਂ ਨਾਲ ਹੈ। ਕੁਝ ਮੁਹਾਵਰੇ ਕੇਵਲ ਮਨੁੱਖੀ ਸ਼ਰੀਰ ਨਾਲ ਸੰਬੰਧਿਤ ਹਨ, ਜਿਵੇਂ ਅੱਖ ਨਾਲ ਸੰਬੰਧਿਤ ਕੁਝ ਮੁਹਾਵਰਿਆਂ ਵੱਲ ਪਹਿਲਾਂ ਸੰਕੇਤ ਕੀਤਾ ਜਾ ਚੁੱਕਿਆ ਹੈ। ਇਸੇ ਤਰ੍ਹਾਂ ਨਕ ਨਾਲ ਸੰਬੰਧਿਤ ਕੁਝ ਮੁਹਾਵਰੇ ਹਨ ਜਿਵੇਂ ‘ਨਕ ਉੱਤੇ ਮੱਖੀ ਨਾ ਬਹਿਣ ਦੇਣਾ’, ‘ਨਕ ਹੇਠ ਨਾ ਲਿਆਉਣਾ’, ‘ਨਕ ਚਾੜ੍ਹਨਾ’, ‘ਨਕ ਦਮ ਕਰਨਾ’, ‘ਨਕ ਨਕੇਲ ਪਾਉਣਾ’, ‘ਨਕ ਨਾਲ ਲਕੀਰਾਂ ਕਢਾਉਣਾ’, ‘ਨਕ ਵੱਡ ਦੇਣਾ’ ਆਦਿ। ਦਿਲ ਨਾਲ ਸੰਬੰਧਿਤ ਵੀ ਕਈ ਮੁਹਾਵਰੇ ਪੰਜਾਬੀ ਵਿਚ ਵਰਤੇ ਜਾਂਦੇ ਹਨ, ਜਿਵੇਂ ‘ਦਿਲ ਦੇਣਾ’, ‘ਦਿਲ ਲਗਣਾ’, ‘ਦਿਲ ਹੌਲਾ ਕਰਨਾ’, ‘ਦਿਲ ਕਾਇਮ ਰੱਖਣਾ’, ‘ਦਿਲ ਖੱਟਾ ਹੋਣਾ’, ‘ਦਿਲ ਵਿਚੋਂ ਕੱਢਣਾ’, ‘ਦਿਲ ਡੋਲਣਾ’, ‘ਦਿਲ ਤੋੜਨਾ’ ਆਦਿ। ਇਸ ਤਰ੍ਹਾਂ ਦਿਮਾਗ਼, ਢਿਡ, ਪੈਰ, ਗਿਟੇ, ਬਗਲਾਂ, ਸਿਰ, ਵਾਲ ਆਦਿ ਨਾਲ ਅਨੇਕਾਂ ਮੁਹਾਵਰੇ ਜੁੜੇ ਹੋਏ ਹਨ, ਜਿਵੇਂ ‘ਵਾਲ ਦੀ ਖਲ੍ਹ ਲਾਹੁਣਾ’, ‘ਗਿਟੇ ਭੰਨਣੇ’, ‘ਪੈਰ ਪਸਾਰਨਾ’, ‘ਸਿਰ ਖਾਉਣਾ’, ‘ਬਗਲਾਂ ਵਜਾਉਣਾ’, ‘ਦਿਮਾਗ਼ ਚਟਣਾ’, ‘ਢਿਡ ਵਿਚ ਚੂਹੇ ਨਚਣਾ’।
ਪੰਜਾਬ ਦੇ ਕਈ ਕਿੱਤਿਆਂ ਨਾਲ ਵੀ ਅਨੇਕ ਮੁਹਾਵਰੇ ਸੰਬੰਧਿਤ ਹਨ। ਦੁਕਾਨਦਾਰ ਦੁਆਰਾ ਘੱਟ ਤੋਲਣ ਦੀ ਕ੍ਰਿਆ ਲਈ ‘ਠੂਗਾ ਮਾਰਨਾ’, ਤਿਰਖਾਣ ਦੁਆਰਾ ਕਿਸੇ ਚੀਜ਼ ਨੂੰ ਵੇਖਣ ਲਈ ‘ਠੋਕ ਵਜਾ ਕੇ ਵੇਖਣਾ’, ਲੋਹਾਰ ਦੁਆਰਾ ਕਿਸੇ ਚੀਜ਼ ਨੂੰ ਸਿੱਧਾ ਕਰਨ ਲਈ ‘ਤਕਲੇ ਵਾਂਗ ਸਿੱਧਾ ਕਰਨਾ’ ਕਿਹਾ ਜਾਂਦਾ ਹੈ। ਇਤਿਹਾਸ ਮਿਥਿਹਾਸ ਨਾਲ ਹੀ ਸੰਬੰਧ ਰੱਖਦੇ ਕਈ ਮੁਹਾਵਰੇ ਪੰਜਾਬੀ ਵਿਚ ਪ੍ਰਚੱਲਿਤ ਹਨ, ਜਿਵੇਂ ‘ਦਰੋਪਦੀ ਵਾਂਗ ਲਾਜ ਰੱਖਣਾ’, ‘ਮਹਾਭਾਰਤ ਛੋਹਣਾ’। ਇਸੇ ਤਰ੍ਹਾਂ ਰੀਤਾਂ ਰਿਵਾਜਾਂ, ਤਿਓਹਾਰਾਂ ਨਾਲ ਸੰਬੰਧਿਤ ਵੀ ਬਹੁਤ ਸਾਰੇ ਮੁਹਾਵਰੇ ਮਿਲ ਜਾਂਦੇ ਹਨ, ਜਿਵੇਂ ‘ਈਦ ਦਾ ਚੰਨ ਹੋਣਾ’, ‘ਦਾਜ ਖਿਲਾਰਨਾ’। ਨਿਤ ਦੇ ਜੀਵਨ ਨਾਲ ਵੀ ਸੰਬੰਧਿਤ ਕਈ ਮੁਹਾਵਰੇ ਮਿਲਦੇ ਹਨ, ਜਿਵੇਂ ‘ਅਗਾ ਸੁਆਰਨਾ’, ‘ਅਨ੍ਹੇਰ ਮਚਣਾ’, ‘ਇੱਟ ਨਾਲ ਇੱਟ ਖੜਕਾਉਣੀ’, ‘ਹੱਡ ਹਰਾਮ ਹੋਣਾ’। ਕਈ ਮੁਹਾਵਰੇ ਪਸ਼ੂਆਂ, ਪੰਛੀਆਂ ਨਾਲ ਵੀ ਸੰਬੰਧਿਤ ਹਨ ਜਿਵੇਂ ‘ਭੇਡ ਚਾਲ’, ‘ਨਿਰੀ ਗਊ’, ‘ਤਿਤਰ ਹੋ ਜਾਣਾ’, ‘ਹਰਨ ਹੋ ਜਾਣਾ’। ਇਸੇ ਤਰ੍ਹਾਂ ਫੁੱਲਾਂ–ਫਲਾਂ, ਬਸਤ੍ਰਾਂ–ਸ਼ਸਤ੍ਰਾਂ, ਨਾਲ ਵੀ ਸੰਬੰਧਿਤ ਅਨੇਕ ਮੁਹਾਵਰੇ ਮਿਲਦੇ ਹਨ। ਸਮੁੱਚੇ ਤੌਰ ਤੇ ਪੰਜਾਬੀ ਮੁਹਾਵਰੇ ਪੰਜਾਬੀ ਜਨ–ਜੀਵਨ ਦੇ ਅਨੁਭਵ ਨੂੰ ਆਪਣੇ ਵਿਚ ਸਮੋਏ ਹੋਏ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 24395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First