ਮੁੱਢਲੀ ਸੰਚਾਲਕ ਕਿਰਿਆ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਮੁੱਢਲੀ ਸੰਚਾਲਕ ਕਿਰਿਆ: ਕਿਰਿਆ ਵਾਕੰਸ਼ ਦੀ ਬਣਤਰ ਵਿਚ ਇਕ ਤੋਂ ਲੈ ਕੇ ਪੰਜ ਤੱਕ ਕਿਰਿਆ ਰੂਪ ਵਿਚਰ ਸਕਦੇ ਹਨ। ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ਤੋਂ ਇਲਾਵਾ ਵਾਕੰਸ਼ ਦੇ ਵਿਆਕਰਨਕ ਲੱਛਣਾਂ ਦੇ ਪਰਗਟ ਲਈ ਸੰਚਾਲਕ ਕਿਰਿਆ ਦੀ ਵਰਤੋਂ ਹੁੰਦੀ ਹੈ। ਸੰਚਾਲਕ ਕਿਰਿਆਵਾਂ ਦੀ ਗਿਣਤੀ ਚਾਰ ਹੈ : ਮੁੱਢਲੀ, ਕਰਮਵਾਚੀ, ਗਤੀਵਾਚੀ ਅਤੇ ਸੰਭਾਵਕ ਸੰਚਾਲਕ ਕਿਰਿਆ। ਇਨ੍ਹਾਂ ਦੀ ਸਥਾਪਤੀ ਦਾ ਅਧਾਰ ਰੂਪ ਅਤੇ ਵਿਚਰਨ ਨੂੰ ਬਣਾਇਆ ਜਾਂਦਾ ਹੈ। ਸਭ ਤੋਂ ਪਹਿਲੇ ਸਥਾਨ ’ਤੇ ਵਿਚਰਨ ਵਾਲੀ ਕਿਰਿਆ ਨੂੰ ਮੁੱਖ ਕਿਰਿਆ ਕਿਹਾ ਜਾਂਦਾ ਹੈ, ਜਿਵੇਂ : ਉਹ ਪਿੰਡ ਜਾ ਸਕਦਾ ਸੀ। ਮੁੱਖ ਕਿਰਿਆ ਤੋਂ ਤੁਰੰਤ ਪਿਛੋਂ ਵਿਚਰਨ ਵਾਲੇ ਕਿਰਿਆ ਰੂਪਾਂ ਦੀ ਗਿਣਤੀ (34) ਤਕ ਸੀਮਤ ਹੈ। ਇਸ ਕਿਰਿਆ ਦੇ ਮੈਂਬਰ ਮੁੱਖ ਕਿਰਿਆ ਵਜੋਂ ਵੀ ਵਿਚਰ ਸਕਦੇ ਹਨ। ਮੁੱਖ ਕਿਰਿਆ ਅਤੇ ਮੁੱਢਲੀ ਕਿਰਿਆ ਵਿਚ ਸਥਾਨ ਦਾ ਭੇਦ ਹੈ। ਮੁੱਖ ਕਿਰਿਆ ਧਾਤੂ ਅਤੇ ਰੂਪਾਂਤਰੀ ਰੂਪ ਵਿਚ ਵੀ ਵਿਚਰ ਸਕਦੀ ਹੈ। ਮੁੱਢਲੀ ਸੰਚਾਲਕ ਕਿਰਿਆ ਰੁਪ ਪੱਖੋਂ ‘-ਦਾ, -ਇਆ, -ਈਦਾ, -ਏ, -ਉ, -ਊ ਅਤੇ -ਏਗਾ’ ਅੰਤਕ ਹੁੰਦੀ ਹੈ। ਕਈ ਵਾਰ ਮੁੱਢਲੀ ਸੰਚਾਲਕ ਕਿਰਿਆ ਇਕ ਤੋਂ ਵਧੇਰੇ ਕਾਰਜ ਕਰ ਰਹੀ ਹੁੰਦੀ ਹੈ ਜਿਵੇਂ : ‘ਉਹ ਪਿੰਡ ਜਾ ਰਿਹਾ ਸੀ। ਵਿਚ ‘ਜਾ’ ਮੁੱਖ ਕਿਰਿਆ ਹੈ ਅਤੇ ‘ਰਿਹਾ’ ਮੁੱਢਲੀ ਸੰਚਾਲਕ ਕਿਰਿਆ ਹੈ ਕਿਉਂਕਿ ਸਥਾਨ ਦੇ ਪੱਖ ਤੋਂ ਇਹ ਮੁੱਖ ਕਿਰਿਆ ਤੋਂ ਤੁਰੰਤ ਪਿਛੋਂ ਵਿਚਰਦੀ ਹੈ ਪਰ ਇਹ ਕਿਰਿਆ ਰੂਪ ਗਤੀਵਾਚੀ ਸੰਚਾਲਕ ਕਿਰਿਆ ਦੇ ਤੌਰ ’ਤੇ ਵੀ ਵਿਚਰਦਾ ਹੈ। ਇਸੇ ਤਰ੍ਹਾਂ ‘ਉਹ ਪਿੰਡ ਜਾ ਸਕਦਾ ਸੀ’ ਵਿਚ ‘ਜਾ’ ਮੁੱਖ ਕਿਰਿਆ ਹੈ। ਇਹ ਕਿਰਿਆ ਰੂਪ ਕਰਮਵਾਚੀ ਸੰਚਾਲਕ ਕਿਰਿਆ ਦੇ ਤੌਰ ’ਤੇ ਵੀ ਵਿਚਰਦਾ ਹੈ ਅਤੇ ‘ਸਕਦਾ’ ਕਿਰਿਆ ਰੂਪ ਸਥਾਨ ਦੇ ਪੱਖ ਤੋਂ ਮੁੱਢਲੀ ਕਿਰਿਆ ਦਾ ਸੂਚਕ ਹੈ ਪਰ ਇਹ ਕਿਰਿਆ ਰੂਪ ‘ਸੰਭਾਵਤ ਸੰਚਾਲਕ ਕਿਰਿਆ’ ਵਜੋਂ ਵੀ ਵਿਚਰਦਾ ਹੈ। ਮੁੱਢਲੀ ਸੰਚਾਲਕ ਕਿਰਿਆ ਦੇ ਭਾਵੇਂ ਕੁਝ ਸੀਮਤ ਰੂਪ ਹਨ ਪਰ ਇਸ ਦੀ ਸਥਾਪਤੀ ਸਥਾਨ ਦੇ ਅਧਾਰ ’ਤੇ ਹੀ ਕੀਤੀ ਜਾਂਦੀ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 4857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First