ਮੇਨਕਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮੇਨਕਾ : ਹਿੰਦੂ ਮਿਥਿਹਾਸ ਅਨੁਸਾਰ ਸਵਰਗ ਦੀਆਂ ਛੇ ਪਰਮ ਸ੍ਰੇਸ਼ਠ ਅਪਸਰਾਵਾਂ ਵਿੱਚੋਂ ਇਹ ਇਕ ਸੀ। ਇਸ ਨੇ ਕਸ਼ਯਪ ਦੇ ਘਰ ਪ੍ਰਾਧਾ ਦੀ ਕੁੱਖੋਂ ਜਨਮ ਲਿਆ। ਇਸ ਦਾ ਵਿਆਹ ਉਰਣਾਯੂ ਨਾਂ ਦੇ ਗੰਧਰਵ ਨਾਲ ਹੋਇਆ। ਪ੍ਰਿਸ਼ਤ ਨਾਂ ਦਾ ਇਕ ਹੋਰ ਗੰਧਰਵ ਇਸ ਉੱਤੇ ਮੋਹਿਤ ਹੋ ਗਿਆ ਅਤੇ ਇਨ੍ਹਾਂ ਦੇ ਘਰ ਦ੍ਰੁਪਦ ਨਾਂ ਦਾ ਪੁੱਤਰ ਵੀ ਪੈਦਾ ਹੋਇਆ।
‘ਮਹਾਭਾਰਤ’ ਅਤੇ ‘ਬਾਲਮੀਕੀ ਰਾਮਾਇਣ’ ਅਨੁਸਾਰ ਵਿਸ਼ਵਾਮਿੱਤਰ ਨੇ ਪੁਸ਼ਕਰ ਤਪੋਵਨ ਵਿਚ ਇਕ ਹਜ਼ਾਰ ਸਾਲ ਤਪ ਕੀਤਾ। ਉਹ ਭਾਵੇਂ ਖੱਤਰੀ ਸੀ ਪਰ ਉਸ ਦੀ ਕਠਿਨ ਤਪੱਸਿਆ ਤੇ ਫਲਸਰੂਪ ਬ੍ਰਹਮਾ ਜੀ ਨੇ ਉਸ ਨੂੰ ਰਿਸ਼ੀ ਪਦ ਪ੍ਰਦਾਨ ਕੀਤਾ। ਵਿਸ਼ਵਾਮਿੱਤਰ ਨੇ ਜਦੋਂ ਮੁੜ ਤਪੱਸਿਆ ਕਰਨੀ ਸ਼ਰ ਕਰ ਦਿੱਤੀ ਤਾਂ ਇੰਦਰ ਨੂੰ ਡਰ ਪੈ ਗਿਆ ਕਿ ਹੁਣ ਉਹ (ਵਿਸ਼ਵਾਮਿੱਤਰ) ਇੰਦਰ-ਪਦ ਪ੍ਰਾਪਤ ਕਰੇਗਾ। ਇਸ ਲਈ ਉਸ ਦਾ ਤਪ ਭੰਗ ਕਰਨ ਲਈ ਇੰਦਰ ਨੇ ਮੇਨਕਾ ਨੂੰ ਭੇਜਿਆ। ਮੇਨਕਾ ਨੇ ਵਿਸ਼ਵਾਮਿੱਤਰ ਨੂੰ ਆਪਣੇ ਵੱਸ ਵਿਚ ਕਰ ਲਿਆ ਅਤੇ ਦਸ ਸਾਲ ਤਕ ਉਸ ਕੋਲ ਹੀ ਰਹੀ। ਇਥੇ ਮੇਨਕਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਅਤੇ ਉਸ ਨੂੰ ਮਾਲਿਨੀ ਨਦੀ ਦੇ ਕੰਢੇ ਤੇ ਛੱਡ ਕੇ ਆਪ ਸਵਰਗ ਲੋਕ ਵਾਪਸ ਚਲੀ ਗਈ। ਇਸ ਬੱਚੀ ਨੂੰ ਕਣਵ ਰਿਸ਼ੀ ਨੇ ਪਾਲਿਆ ਅਤੇ ਉਸ ਦਾ ਨਾਂ ਸ਼ਕੁੰਤਲਾ ਰੱਖਿਆ ਜਿਹੜੀ ਕਿ ਵੱਡੀ ਹੋ ਕੇ ਰਾਜਾ ਦੁਸ਼ਯੰਤ ਦੀ ਰਾਣੀ ਅਤੇ ਭਰਤ ਦੀ ਮਾਂ ਬਣੀ।
ਮੇਨਕਾ ਜਦੋਂ ਵਾਪਸ ਨਾ ਪਰਤੀ ਤਾਂ ਵਿਸ਼ਵਾਮਿੱਤਰ ਬਹੁਤ ਉਦਾਸ ਹੋ ਗਿਆ ਪਰ ਸਮਾਂ ਬੀਤਣ ਨਾਲ ਉਸ ਦਾ ਵਿਵੇਕ ਅਤੇ ਸਦ-ਬੁੱਧੀ ਜਾਗ ਉਠੀ ਅਤੇ ਉਸ ਨੂੰ ਇੰਦਰ ਦੀ ਸਾਜ਼ਿਸ਼ ਦਾ ਗਿਆਨ ਹੋ ਗਿਆ। ਉਸ ਨੇ ਮੁੜ ਕੇ ਤਪੱਸਿਆ ਕਰਨੀ ਆਰੰਭ ਕਰ ਦਿੱਤੀ। ਕਈ ਨਵੀਨ ਕਾਵਿ ਸੰਗ੍ਰਹਿਆਂ ਅਤੇ ਗਲਪ ਰਚਨਾਵਾਂ ਵਿਚ ਵੀ ਮੇਨਕਾ ਦਾ ਉਲੇਖ ਇਕ ਸੁੰਦਰ ਸਿਆਣੀ ਅਤੇ ਪ੍ਰਵੀਨ ਨਾਰੀ ਦੇ ਤੌਰ ਤੇ ਕੀਤਾ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-11-48-12, ਹਵਾਲੇ/ਟਿੱਪਣੀਆਂ: ਹ. ਪੁ. –ਚ. ਕੋ. ; ਹਿੰ. ਮਿ. ਕੋ.; ਹਿੰ. ਵਿ. ਕੋ.; ਪੰ. ਸਾ. ਸੰ. ਕੋ.
ਵਿਚਾਰ / ਸੁਝਾਅ
Please Login First