ਰਜਿਸਟਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਰਜਿਸਟਰ: ਰਜਿਸਟਰ ਇਕ ਭਾਸ਼ਾਈ ਵਖਰੇਵਾਂ ਹੈ। ਇਹ ਭਾਸ਼ਾਈ ਵਖਰੇਵਾਂ ਵਰਤੋਂ ਕਰਨ ਵਾਲਿਆਂ ਦੇ ਆਪਸੀ ਸਬੰਧਾਂ ’ਤੇ ਅਧਾਰਤ ਹੁੰਦਾ ਹੈ। ਇਕ ਵਿਅਕਤੀ ਵੱਖੋ ਵੱਖਰੀਆਂ ਸਥਿਤੀਆਂ ਵਿਚ ਵੱਖੋ ਵੱਖਰੇ ਭਾਸ਼ਾਈ ਰੂਪਾਂ ਦੀ ਵਰਤੋਂ ਕਰਦਾ ਹੈ। ਜਦੋਂ ਉਹ ਅਧਿਆਪਕ ਦੇ ਤੌਰ ’ਤੇ ਕਲਾਸ ਵਿਚਲੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਾ ਹੈ ਤਾਂ ਉਸ ਦੀ ਭਾਸ਼ਾ ਭਿੰਨ ਹੁੰਦੀ ਹੈ ਇਸੇ ਤਰ੍ਹਾਂ ਕਿਸੇ ਦੁਕਾਨਦਾਰ, ਬੱਚਿਆਂ, ਪਤਨੀ, ਹੋਰ ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਆਦਿ ਨਾਲ ਗੱਲਬਾਤ ਕਰਦਾ ਹੈ ਤਾਂ ਉਸ ਦੀ ਭਾਸ਼ਾ ਇਨ੍ਹਾਂ ਸਾਰੇ ਵਰਤਾਰਿਆਂ ਵਿਚ ਭਿੰਨ ਹੁੰਦੀ ਹੈ। ਇਸ ਭਾਸ਼ਾਈ ਭਿੰਨਤਾ ਨੂੰ ਹੀ ਭਾਸ਼ਾਈ ਰਜਿਸਟਰ ਕਿਹਾ ਜਾਂਦਾ ਹੈ। ਭਾਸ਼ਾ ਦੀ ਵਰਤੋਂ ਵੇਲੇ ਵਿਅਕਤੀ ਸਮਾਜਕ ਚੌਗਿਰਦੇ ਅਤੇ ਸਰੋਤੇ ਨੂੰ ਧਿਆਨ ਵਿਚ ਰੱਖ ਕੇ ਗੱਲਬਾਤ ਕਰਦਾ ਹੈ। ਹੈਲੀਡੇ ਨੇ ਰਜਿਸਟਰ ਦੀ ਵਰਤੋਂ ਸਬੰਧੀ ਇਕ ਸਿਧਾਂਤਕ ਚੌਖਟਾ ਪੇਸ਼ ਕੀਤਾ ਹੈ ਜਿਸ ਅਨੁਸਾਰ ਭਾਸ਼ਾ ਦਾ ਰਜਿਸਟਰ, ਖੇਤਰ (Field) ਵਿਧੀ (Mode) ਅਤੇ ਸ਼ੈਲੀ (Tenor) ’ਤੇ ਅਧਾਰਤ ਹੁੰਦਾ ਹੈ। ਖੇਤਰ ਗੱਲਬਾਤ ਦੇ ਮਕਸਦ ’ਤੇ ਅਧਾਰਤ ਹੈ ਭਾਵ ਗੱਲਬਾਤ ਕਿਉਂ ਕੀਤੀ ਜਾ ਰਹੀ ਹੈ, ਇਸ ਦਾ ਕਾਰਨ ਜਾਂ ਸਬੱਬ ਕੀ ਹੈ ਜਿਵੇਂ ਕਲਾਸ ਵਿਚ ਪੜ੍ਹਾਉਣਾ ਇਕ ਖਾਸ ਮਕਸਦ ਹੈ ਜਦੋਂ ਕਿ ਦੁਕਾਨਦਾਰ ਨਾਲ ਕਿਸੇ ਵਸਤੂ ਦਾ ਮੁੱਲ ਕਰਨਾ ਜਾਂ ਬੱਚਿਆਂ ਤੇ ਪਤਨੀ ਨਾਲ ਵਿਚਾਰ ਵਟਾਂਦਰਾ ਕਰਨਾ ਵੱਖੋ ਵੱਖਰੇ ਮਕਸਦ ਹਨ ਅਤੇ ਇਨ੍ਹਾਂ ਦੇ ਕਾਰਨ ਵੀ ਵੱਖੋ ਵੱਖਰੇ ਹਨ। ਵਿਧੀ ਵਿਚ ਭਾਸ਼ਾ ਦੇ ਮਾਧਿਅਮ ਨੂੰ ਲਿਆ ਜਾਂਦਾ ਹੈ ਭਾਵ ਗੱਲਬਾਤ ਦਾ ਮਾਧਿਅਮ ਲਿਖਤੀ ਹੈ ਜਾਂ ਬੋਲਚਾਲੀ, ਲਿਖਤੀ ਰੂਪ ਵੇਲੇ ਭਾਸ਼ਾ ਦੀ ਵਰਤੋਂ ਬਹੁਤ ਸੁਚੇਤ ਰੂਪ ਵਿਚ ਅਤੇ ਕਫਾਇਤ ਨਾਲ ਕੀਤੀ ਜਾਂਦੀ ਹੈ ਜਦੋਂ ਕਿ ਬੋਲਚਾਲ ਵਿਚ ਦੁਹਰਾਓ ਜਾਂ ਗੈਰ-ਪ੍ਰਸੰਗਕ ਵਿਚਾਰ ਵਟਾਂਦਰਾ ਵੀ ਕੀਤਾ ਜਾ ਸਕਦਾ ਹੈ। ਵਿਧੀ ਦੀ ਚੋਣ ਵੀ ਰਜਿਸਟਰ ਦੀ ਵਰਤੋਂ ’ਤੇ ਪਰਭਾਵ ਪਾਉਂਦੀ ਹੈ। ਇਸ ਦਾ ਤੀਜਾ ਪੱਖ ਹੈ ਸ਼ੈਲੀ। ਸ਼ੈਲੀ ਵਕਤਾ ਤੇ ਸਰੋਤੇ, ਲੇਖਕ ਤੇ ਪਾਠਕ ਦੇ ਆਪਸੀ ਸਬੰਧਾਂ ਦੇ ਅਧਾਰ ਤੇ ਸਿਰਜੀ ਜਾਂਦੀ ਹੈ ਜਦੋਂ ਵਿਦਿਆਰਥੀਆਂ ਨਾਲ, ਬੱਚਿਆਂ ਨਾਲ, ਪਤਨੀ ਨਾਲ ਜਾਂ ਹੋਰਨਾਂ ਵੱਖੋ ਵੱਖਰੇ ਭਾਂਤ ਦੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਵਿਭਿੰਨ ਪਰਕਾਰ ਦੀਆਂ ਸ਼ੈਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ : ਬੱਚੇ ਨੂੰ ‘ਤੂੰ’, ਪਤਨੀ ਨੂੰ ਤੂੰ\ਤੁਸੀਂ, ਸਾਥੀਆਂ ਵਿਚੋਂ ਨੇੜਲੇ ਨੂੰ ‘ਤੂੰ’, ਅਤੇ ਘੱਟ ਸਬੰਧਾਂ ਵਾਲੇ ਨੂੰ ‘ਤੁਸੀਂ; ਅਤੇ ਬਜ਼ੁਰਗਾਂ ਨੂੰ ‘ਤੁਸੀਂ’ ਨਾਲ ਸੰਬੋਧਨ ਕੀਤਾ ਜਾਂਦਾ ਹੈ। ਗੈਰ-ਰਵਾਇਤੀ ਸਥਿਤੀ ਵਿਚ ਆਮ ਤੌਰ ’ਤੇ ਵਿਅਕਤੀ ਉਪਭਾਸ਼ਾ ਦੀ ਵਰਤੋਂ ਕਰਦਾ ਹੈ ਜਦੋਂ ਕਿ ਰਵਾਇਤੀ ਸਥਿਤੀ ਵਿਚ ਟਕਸਾਲੀ ਭਾਸ਼ਾ ਦੀ ਵਰਤੋਂ ਕਰਦਾ ਹੈ। ਇਸ ਪਰਕਾਰ ਦੇ ਰਜਿਸਟਰਾਂ ਦੀ ਲਗਾਤਾਰ ਵਰਤੋਂ ਨਾਲ ਰਜਿਸਟਰਾਂ ਦੇ ਆਪਣੇ ਪੈਟਰਨ ਬਣ ਜਾਂਦੇ ਹਨ ਅਤੇ ਸਮਾਜ ਵਿਚਲੇ ਇਨ੍ਹਾਂ ਪੈਟਰਨਾਂ ਦੀ ਵਰਤੋਂ ਦੀ ਇਕ ਪ੍ਰਥਾ ਬਣ ਜਾਂਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 4799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਰਜਿਸਟਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਜਿਸਟਰ [ਨਾਂਪੁ] ਕਾਗਜ਼ਾਂ ਦੀ ਜਿਲਦ ਵਾਲ਼ੀ ਵੱਡੀ ਕਾਪੀ (ਭਾਵਿ) ਕਿੱਤੇ’ਤੇ ਅਧਾਰਿਤ ਭਾਸ਼ਾਈ ਵੰਨਗੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਜਿਸਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Register

ਇਹ ਛੋਟੀਆਂ ਅਤੇ ਉੱਚ ਰਫ਼ਤਾਰ ਵਾਲੀਆਂ ਸਟੋਰੇਜ ਇਕਾਈਆਂ ਹਨ। ਇਹਨਾਂ ਦੀ ਵਰਤੋਂ ਸੀਪੀਯੂ ਦੀਆਂ ਹਦਾਇਤਾਂ ਦੇ ਪਾਲਨ ਸਮੇਂ ਸੂਚਨਾਵਾਂ ਨੂੰ ਆਰਜ਼ੀ ਸਟੋਰ ਕਰਨ ਲਈ ਕੀਤੀ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.