ਰਾਜੋਆਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਜੋਆਣਾ (ਪਿੰਡ): ਲੁਧਿਆਣੇ ਜ਼ਿਲ੍ਹੇ ਦਾ ਇਕ ਪਿੰਡ ਜੋ ਰਾਏਕੋਟ ਨਗਰੀ ਤੋਂ 10 ਕਿ.ਮੀ. ਦੀ ਵਿਥ ਉਤੇ ਉੱਤਰ ਦਿਸ਼ਾ ਵਲ ਸਥਿਤ ਹੈ। ਸਿੱਖ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਮਾਲਵੇ ਵਲ ਜਾਂਦੇ ਹੋਏ ਇਥੇ ਰੁਕੇ ਸਨ। ਉਸ ਵੇਲੇ ਮਹੰਤ ਕ੍ਰਿਪਾਲ ਦਾਸ ਵੀ ਗੁਰੂ ਜੀ ਨਾਲ ਸੀ। ਇਥੇ ਇਕ ਬਿਰਧ ਮਾਈ ਭੱਟੀ ਨੇ ਗੁਰੂ ਜੀ ਨੂੰ ਬੜੇ ਅਦਬ ਨਾਲ ਰੋਕਿਆ ਅਤੇ ਦੁੱਧ ਪਿਲਾਉਣ ਦੀ ਸੇਵਾ ਕੀਤੀ। ਫਿਰ ਉਸ ਮਾਈ ਨੇ ਬੇਨਤੀ ਕੀਤੀ ਕਿ ਗੁਰੂ ਜੀ ਪਲੰਘ ਉਪਰ ਬੈਠ ਕੇ ਅਗਲੀ ਮੰਜ਼ਿਲ ਵਲ ਜਾਣ। ਗੁਰੂ ਜੀ ਨੇ ਮਾਈ ਦੀ ਇੱਛਾ ਪੂਰੀ ਕਰਨ ਦੀ ਆਗਿਆ ਦੇ ਦਿੱਤੀ। ਉਸ ਪਲੰਘ ਨੂੰ ਮਾਈ ਦੇ ਤਿੰਨ ਪੁੱਤਰਾਂ ਨੇ ਅਤੇ ਚੌਥੇ ਮਹੰਤ ਕ੍ਰਿਪਾਲ ਦਾਸ ਨੇ ਮੋਢੇ ਦਿੱਤੇ ਅਤੇ ਗੁਰੂ ਜੀ ਨੂੰ ਕਮਾਲਪੁਰ ਤਕ ਪਹੁੰਚ ਕੇ ਆਏ। ਉਸ ਮਾਈ ਨੇ ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ‘ਗੁਰਦੁਆਰਾ ਮੰਜੀ ਸਾਹਿਬ’ ਦੀ ਸਥਾਪਨਾ ਕੀਤੀ। ਹੁਣ ਪੁਰਾਤਨ ਇਮਾਰਤ ਵਾਲੀ ਥਾਂ’ਤੇ ਨਵਾਂ ਗੁਰੂ-ਧਾਮ ਬਣਿਆ ਹੋਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰਾਜੋਆਣਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰਾਜੋਆਣਾ : ਇਹ ਪਿੰਡ ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਵਿਚ ਰਾਏਕੋਟ ਤੋਂ 8 ਕਿ. ਮੀ. ਦੀ ਦੂਰੀ ਤੇ ਸਥਿਤ ਹੈ ਜਿਸ ਦੇ ਉੱਤਰ-ਪੱਛਮ ਵਾਲੇ ਪਾਸੇ ਇਕ ਕਿ. ਮੀ. ਦੇ ਲਗਭਗ ਦੀ ਦੂਰੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਉਸਰਿਆ ਹੋਇਆ ਗੁਰਦੁਆਰਾ ਹੈ। ਗੁਰੂ ਜੀ ਮਾਛੀਵਾੜੇ ਤੋਂ ਆਉਂਦੇ ਹੋਏ ਇਥੇ ਬਿਰਾਜੇ ਸਨ। ਇੱਥੋਂ ਦੀ ਇਕ ਮਾਈ ਭੱਟੀ ਦੇ ਪੁੱਤਰ ਗੁਰੂ ਜੀ ਨੂੰ ਪਲੰਘ ਉੱਤੇ ਬਿਠਾ ਕੇ ਕਮਾਲਪੁਰ ਛੱਡਣ ਗਏ ਸਨ ਅਤੇ ਗੁਰੂ ਜੀ ਨੇ ਮਾਈ ਅਤੇ ਪੁੱਤਰਾਂ ਨੂੰ ਵਰਦਾਨ ਦਿੱਤਾ ਸੀ। ਗੁਰਦੁਆਰਾ ਸਾਹਿਬ ਦੇ ਨਾਂ ਕੁਝ ਜ਼ਮੀਨ ਵੀ ਲੱਗੀ ਹੋਈ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-11-46-30, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.: ਡਿ. ਸੈਂ ਹੈਂ. ਬੁ. -ਲੁਧਿਆਣਾ (1981)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.