ਰਾਜ ਮਹਲ (ਨਗਰ): ਬਿਹਾਰ ਪ੍ਰਾਂਤ ਦੇ ਸੰਥਾਲ (ਸੰਥਲ) ਪਰਗਨਾ ਵਿਚ ਗੰਗਾ ਨਦੀ ਦੇ ਸੱਜੇ ਕੰਢੇ ਉਤੇ ਸਥਿਤ ਇਕ ਪੁਰਾਣਾ ਨਗਰ ਜਿਥੇ ਸੰਨ 1666 ਈ. ਵਿਚ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤ੍ਰਾ ਵੇਲੇ ਪਧਾਰੇ ਸਨ। ਇਸ ਨਗਰ ਵਿਚ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਵੀ ਚਰਣ ਪਾਏ ਸਨ ਅਤੇ ਉਦਾਸੀ ਸਿੱਖਾਂ ਨੇ ਇਥੇ ਨਾਨਕਪੰਥੀ ਸੰਗਤ ਸਥਾਪਿਤ ਕੀਤੀ ਸੀ। ਭਾਈ ਭਾਨੂੰ ਨਾਂ ਦਾ ਗੁਰੂ ਹਰਿਗੋਬਿੰਦ ਜੀ ਦਾ ਇਕ ਸਿਦਕੀ ਸੇਵਕ ਇਸੇ ਨਗਰ ਦਾ ਨਿਵਾਸੀ ਸੀ। ਸਿੱਖਾਂ ਦੀ ਉਥੇ ਕੋਈ ਵਸੋਂ ਨ ਹੋਣ ਕਾਰਣ ਕਿਸੇ ਤਰ੍ਹਾਂ ਦੇ ਗੁਰੂ-ਧਾਮ ਦੀ ਉਸਾਰੀ ਨਹੀਂ ਹੋ ਸਕੀ। ਹਾਂ, ਪੁਰਾਣੀ ਚਲੀ ਆ ਰਹੀ ਸੰਗਤ ਮੌਜੂਦ ਹੈ। ਪਰ ਗੁਰਦੁਆਰਾ ਸੁਧਾਰ ਲਹਿਰ ਤੋਂ ਬਾਦ ਇਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਹਟਾ ਦਿੱਤੀ ਗਈ ਹੈ। ਹੁਣ ਇਹ ਸਥਾਨ ਉਦਾਸੀਆਂ ਦਾ ਇਕ ਡੇਰਾ ਜਿਹਾ ਹੀ ਲਗਦਾ ਹੈ ਜਿਸ ਵਿਚ ਕਿਸੇ ਪ੍ਰਕਾਰ ਦੀ ਸਿੱਖ ਧਰਮ-ਮਰਯਾਦਾ ਦਾ ਪਾਲਨ ਨਹੀਂ ਹੁੰਦਾ।