ਰਿਗਵੇਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਿਗਵੇਦ : ਵੇਦ ਸ਼ਬਦ ਸੰਸਕ੍ਰਿਤ ਭਾਸ਼ਾ ਦੀ ਕਿਰਿਆ ‘ ਵਿਦ` ਤੋਂ ਬਣਿਆ ਹੈ । ਵਿਦ ਕਿਰਿਆ ਦਾ ਪ੍ਰਯੋਗ ਇਹਨਾਂ ਚਾਰ ਅਰਥਾਂ ਵਿੱਚ ਹੁੰਦਾ ਹੈ-ਜਾਣਨਾ , ਹੋਣਾ , ਲਾਭ ਹੋਣਾ ਅਤੇ ਵਿਚਾਰ ਕਰਨਾ । ਇਸ ਤਰ੍ਹਾਂ ‘ ਵੇਦ` ਦਾ ਅਰਥ ਹੋਇਆ ‘ ਗਿਆਨ` । ਜਿਵੇਂ ਧਨੁਰਵੇਦ ( ਧਨੁਸ਼ ਚਲਾਉਣ ਦੀ ਵਿੱਦਿਆ ) , ਆਯੁਰਵੇਦ ( ਸਿਹਤ ਵਿਦਿਆ ) ਆਦਿ ਹਰੇਕ ਵੇਦ ਦੇ ਚਾਰ ਹਿੱਸੇ ਹੁੰਦੇ ਹਨ-ਸੰਹਿਤਾ , ਬ੍ਰਾਹਮਣ , ਆਰਣਇਕ ਅਤੇ ਉਪਨਿਸ਼ਦ । ਵੇਦ ਸੰਸਾਰ ਦੇ ਸਭ ਤੋਂ ਪ੍ਰਾਚੀਨ ਗ੍ਰੰਥ ਹਨ । ਇਹ ਚਾਰ ਹਨ-ਰਿਗਵੇਦ , ਯਜੁਰਵੇਦ , ਸਾਮਵੇਦ ਅਤੇ ਅਥਰਵ ਵੇਦ । ਇਹਨਾਂ ਚੋਂ ਰਿਗਵੇਦ ਸਭ ਤੋਂ ਪੁਰਾਣਾ ਹੈ । ਭਾਰਤੀ ਵਿਦਵਾਨ ਮੰਨਦੇ ਹਨ ਕਿ ਇਸ ਦੀ ਰਚਨਾ ਲਗਪਗ ਈਸਾ ਦੇ ਜਨਮ ਤੋਂ ਪਹਿਲਾਂ ਹੋਈ ਸੀ । ਪੱਛਮੀ ਵਿਦਵਾਨ ਇਸ ਦੀ ਰਚਨਾ ਦਾ ਕਾਲ ਲਗਪਗ ਈਸਾ ਦੇ ਜਨਮ ਤੋਂ 1500 ਸਾਲ ਪਹਿਲਾਂ ਮੰਨਦੇ ਹਨ । ਇਹਨਾਂ ਦਾ ਰੂਪ ਲਿਖਤੀ ਨਹੀਂ ਸੀ । ਇਹ ਜ਼ੁਬਾਨੀ ਯਾਦ ਰਹਿੰਦੇ ਸਨ । ਇਹਨਾਂ ਨੂੰ ਸੁਣ ਕੇ ਯਾਦ ਕੀਤਾ ਜਾਂਦਾ ਸੀ ਇਸ ਲਈ ਇਹਨਾਂ ਨੂੰ ‘ ਸ਼ਕਤੀ` ਵੀ ਕਿਹਾ ਜਾਂਦਾ ਸੀ ।

        ਇਸ ਵਿੱਚ ਦਸ ਮੰਡਲ ( ਖੰਡ ) ਹਨ । ਹਰੇਕ ਮੰਡਲ ਵਿੱਚ ਕਈ ਅਧਿਆਇ ਹਨ । ਇਹਨਾਂ ਅਧਿਆਇਆਂ ਨੂੰ ‘ ਸੂਕਤਾ` ਕਿਹਾ ਗਿਆ ਹੈ । ਕੁੱਲ ਸੂਕਤ 1217 ਹਨ । ਇਹਨਾਂ ਸੂਕਤਾਂ ਦੀ ਰਚਨਾ ਕਿਸੇ ਇੱਕ ਵਿਅਕਤੀ ਨੇ ਨਹੀਂ ਕੀਤੀ ਸੀ । ਇਸ ਵਿੱਚ ਅਨੇਕ ਵਿਅਕਤੀ ਸ਼ਾਮਲ ਸਨ । ਇਹਨਾਂ ਨੂੰ ‘ ਰਿਸ਼ੀ` ਕਿਹਾ ਗਿਆ ਹੈ । ਇਹਨਾਂ ਰਿਸ਼ੀਆਂ ਵਿੱਚ ਪੁਰਸ਼ ਵੀ ਸਨ ਤੇ ਨਾਰੀਆਂ ਵੀ ।

        ‘ ਰਿਕ` ਦਾ ਅਰਥ ਹੁੰਦਾ ਹੈ ‘ ਰਿਚਾ` ਭਾਵ ਪ੍ਰਾਰਥਨਾ ਜਾਂ ਅਰਦਾਸ । ਰਿਗਵੇਦ ਵਿੱਚ ਅਨੇਕ ਰਿਚਾਵਾਂ ਜਾਂ ਪ੍ਰਾਰਥਨਾਵਾਂ ਹਨ ਜਿਨ੍ਹਾਂ ਦੀਆਂ ਅਰਦਾਸਾਂ ਕੀਤੀਆਂ ਗਈਆਂ ਹਨ ਉਹਨਾਂ ਨੂੰ ਦੇਵਤਾ ਵੀ ਕਿਹਾ ਗਿਆ ਹੈ । ਇਹ ਦੇਵਤਾ ਕੁਦਰਤੀ ਸ਼ਕਤੀਆਂ ਹਨ । ਇਹ ਦੇਵਤੇ ਤਿੰਨ ਪ੍ਰਕਾਰ ਦੇ ਹਨ 1. ਪਾਰਥਿਵ ( ਪ੍ਰਿਥਵੀ ਨਾਲ ਸੰਬੰਧਿਤ ) ਜਿਵੇਂ ਪ੍ਰਿਥਵੀ , ਸੋਮ , ਅਗਨੀ ਆਦਿ 2. ਅੰਤਰਿਕਸ਼ ( ਅਕਾਸ਼ ਨਾਲ ਸੰਬੰਧਿਤ ਦੇਵਤਾ ) ਜਿਵੇਂ ਵਾਯੂ , ਇੰਦਰ , ਚਾਰਜਨਯ , ਸਰੂਤ ਆਦਿ ਅਤੇ 3. ਧੂਲੋਕ ( ਨਸ਼ੱਤਰਾਂ ਦੇ ਸਥਾਨ ਨਾਲ ਸੰਬੰਧਿਤ ਦੇਵਤਾ ) ਜਿਵੇਂ ਸੂਰਜ , ਮਿਤਰ , ਵਰੁਣ , ਵਿਸ਼ਣੂ ਆਦਿ । ਇਹ ਤਿੰਨਾਂ ਪ੍ਰਕਾਰ ਦੇ ਪੁਰਖ ਪ੍ਰਧਾਨ ਹਨ । ਇਸਤਰੀ ਪ੍ਰਧਾਨ ਦੇਵਤਾਵਾਂ ਵਿੱਚ ਇੰਦਗਈ ਤੇ ਊਸ਼ਾ ਆਦਿ ਦਾ ਨਾਂ ਲਿਆ ਜਾ ਸਕਦਾ ਹੈ ।

        ਰਿਗਵੇਦ ਵਿੱਚ ਇੱਕ ਮੰਤਰ ਵਿੱਚ ਮੰਨਿਆ ਗਿਆ ਹੈ ਕਿ ਸਮਾਜ ਦੇ ਚਾਰ ਵਰਨਾਂ-ਬ੍ਰਾਹਮਣ , ਕਸ਼ੱਤਰੀ , ਵੈਸ਼ ਅਤੇ ਸ਼ੂਦਰ ਦਾ ਮੂਲ ਇੱਕ ਮਾਤਰ ਪੁਰਖ ( ਬ੍ਰਹਮ ) ਹੀ ਹੈ । ਇਸ ਦੇ ਨਾਲ ਭੇਦ-ਭਾਵ ਦੀ ਗੁੰਜਾਇਸ਼ ਹੀ ਨਹੀਂ ਹੈ । ਜਿਵੇਂ ਸਰੀਰ ਵਿੱਚ ਅਲੱਗ-ਅਲੱਗ ਅੰਗਾਂ ਦਾ ਆਪਣਾ ਮਹੱਤਵ ਹੁੰਦਾ ਹੈ ਓਵੇਂ ਹੀ ਕੰਮ ਤੇ ਆਧਾਰਿਤ ਇਹਨਾਂ ਸਾਰੇ ਵਰਨਾਂ ਦਾ ਆਪਣਾ-ਆਪਣਾ ਮਹੱਤਵ ਹੈ । ਸਮਾਜਿਕ ਏਕਤਾ ਦੀ ਨਜ਼ਰ ਤੋਂ ‘ ਪੁਰਖ` ਸੂਕਤ ਵਿੱਚ ਕਹੀ ਗਈ ਇਹ ਗੱਲ ਬਹੁਤ ਮਹੱਤਵ ਦੀ ਹੈ । ਸਮਾਜਿਕ ਸੰਗਠਨ ਦੀ ਨਜ਼ਰ ਤੋਂ ਇੱਕ ਹੋਰ ਮੰਤਰ ਵਿੱਚ ਕਿਹਾ ਗਿਆ ਹੈ ਕਿ ਅਸੀਂ ਸਾਰੇ ਇੱਕ ਹੋ ਕੇ ਚੱਲੀਏ , ਇਕੱਠੇ ਬੋਲੀਏ , ਅਸੀਂ ਸਾਰੇ ਇੱਕ ਹੀ ਢੰਗ ਨਾਲ ਸੋਚੀਏ , ਸਾਡਾ ਸਾਰਿਆਂ ਦਾ ਚਿੰਤਨ ਇੱਕੋ ਜਿਹਾ ਹੋਵੇ , ਸਾਡੇ ਦਿਲ ਇੱਕੋ ਜਿਹੇ ਹੋਣ ।

        ਰਿਗਵੇਦ ਵਿੱਚ ਮਨੁੱਖ ਨੂੰ ਮਿਹਨਤੀ ਬਣਨ ਦੀ ਵੀ ਪ੍ਰੇਰਨਾ ਦਿੱਤੀ ਗਈ ਹੈ । ਇਸ ਦੇ ਇੱਕ ਮੰਤਰ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਮਨੁੱਖ ਮਿਹਨਤ ਨਾਲ ਆਪਣੇ ਸ਼ਰੀਰ ਨੂੰ ਤਪਾਉਂਦਾ ਨਹੀਂ , ਉਹ ਸਫਲ ਨਹੀਂ ਹੁੰਦਾ । ਜੋ ਮਿਹਨਤ ਨਾਲ ਪੱਕ ਜਾਂਦੇ ਹਨ ਉਹ ਹੀ ਉੱਤਮ ਫਲ ਜਾਂ ਅਨੰਦ ਨੂੰ ਪ੍ਰਾਪਤ ਕਰਦੇ ਹਨ । ਇਸ ਦੇ ਇੱਕ ਮੰਤਰ ਵਿੱਚ ਅਗਨੀ ਤੋਂ ਗਿਆਨ ਤੇਜ ਬਣਾ ਦੇਣ ਦੀ ਪ੍ਰਾਰਥਨਾ ਕੀਤੀ ਗਈ ਹੈ । ਇਸ ਤੋਂ ਪ੍ਰਗਟ ਹੁੰਦਾ ਹੈ ਕਿ ਰਿਗਵੇਦ ਗਿਆਨ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦਾ ਹੈ । ਸਿਹਤ ਦੀ ਚਿੰਤਾ ਵੀ ਇਸ ਵਿੱਚ ਬਹੁਤ ਜ਼ਿਆਦਾ ਪ੍ਰਗਟ ਹੋਈ ਹੈ ।

        ਰਿਗਵੇਦ ਵਿੱਚ ( ਸਨਮਾਰਗ ) ਚੰਗੇ ਰਾਹ ਤੇ ਚੱਲਣ ਲਈ ਬਹੁਤ ਜ਼ੋਰ ਦਿੱਤਾ ਗਿਆ ਹੈ । ਇਸ ਦੇ ਇੱਕ ਮੰਤਰ ਵਿੱਚ ਕਿਹਾ ਗਿਆ ਹੈ ਕਿ ਪਰਮਾਤਮਾ ਸਾਡੇ ਪਿਤਾ ਵਾਂਗ ਹੈ । ਪਰਮਾਤਮਾ ਰੂਪੀ ਪਿਤਾ ਸਾਡੇ ਲਈ ਸੋਹਣੇ ਉਪਹਾਰ ਵੀ ਲਿਆਉਂਦਾ ਹੈ ਅਤੇ ਚੰਗੇ ਰਾਹ ਤੇ ਚੱਲਣ ਲਈ ਸਾਨੂੰ ਦੰਡ ਵੀ ਦਿੰਦਾ ਹੈ ।

        ਰਿਗਵੇਦ ਦੇ ਇੱਕ ਮੰਤਰ ਵਿੱਚ ਇੱਕ ਨਾਰੀ ਪਾਤਰ ਕਹਿੰਦੀ ਹੈ ਕਿ ‘ ਮੈਂ ਗਿਆਨਵਤੀ ਹਾਂ । ਮੈਂ ਤੇਜਸਵਨੀ ਹਾਂ । ਮੈਂ ਚੰਗਾ ਬੋਲਣ ਵਾਲੀ ਹਾਂ । ਮੈਂ ਸ਼ਤਰੂ ਦਾ ਵਿਨਾਸ਼ ਕਰਨ ਵਾਲੀ ਹਾਂ । ਮੇਰੀ ਪੁੱਤਰੀ ਤੇਜਸਵਨੀ ਹੈ । ਮੇਰੀ ਪ੍ਰਸੰਸਾ ਪਤੀ ਦੇ ਵਿਸ਼ੇ ਵਿੱਚ ਹੈ । ’ ਇਸ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਸਮਾਜ ਵਿੱਚ ਨਾਰੀ ਨੂੰ ਬਹੁਤ ਹੀ ਗੌਰਵ ਪ੍ਰਾਪਤ ਸੀ ।

        ਰਿਗਵੇਦ ਵਿੱਚ ਪੰਜਾਬ ਦਾ ਵੀ ਉਲੇਖ ਮਿਲਦਾ ਹੈ । ਇਸ ਦੇ ਤੀਜੇ ਮੰਡਲ ਦੇ ਤੇਤੀਵੇਂ ਸੂਕਤ ਦੇ ਦੂਸਰੇ ਅਤੇ ਤੀਜੇ ਮੰਤਰ ਵਿੱਚ ਦੱਸਿਆ ਗਿਆ ਹੈ ਕਿ ਸ਼ੁਭੂਦਰੀ ( ਸਤਲੁਜ ) ਅਤੇ ਵਿਪਾਸ਼ ( ਬਿਆਸ ) ਨਾਮਕ ਨਦੀਆਂ ਸਮੁੰਦਰ ਵਿੱਚ ਗਿਰਦੀਆਂ ਹਨ । ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਜਿੱਥੇ ਅੱਜ-ਕੱਲ੍ਹ ਰਾਜਸਥਾਨ ਦਾ ਮਾਰੂਥਲ ਹੈ ਉੱਥੇ ਉਸ ਕਾਲ ਵਿੱਚ ਸਮੁੰਦਰ ਸੀ । ਰਿਗਵੇਦ ਵਿੱਚ ਗੰਗਾ , ਗੋਮਤੀ , ਜਾਨ੍ਹਵੀ , ਸਰਸਵਤੀ , ਦ੍ਰਿਸ਼ਦਵਤੀ , ਯਮੁਨਾ , ਵਿਤਸਤਾ , ਵਿਪਾਸ਼ਾ , ਸਰਯੂ , ਸਿੰਧੂ , ਸ਼ੁਭੂਦਰੀ , ਆਦਿ ਨਦੀਆਂ ਦੇ ਨਾਂ ਆਏ ਹਨ । ਗੰਧਾਰ , ਪੰਚਾਲ , ਉਤਰ , ਕੁਰੂ , ਮਗਧ , ਮਦਰ ਆਦਿ ਪ੍ਰਦੇਸ਼ਾਂ ਦਾ ਵੀ ਉਲੇਖ ਮਿਲਦਾ ਹੈ ।

                  ਰਿਗਵੇਦ ਵਿੱਚ ਰਾਸ਼ਟਰ ਪ੍ਰੇਮ ਦਾ ਜ਼ਿਕਰ ਸਭ ਤੋਂ ਵੱਧ ਹੈ । ਰਾਸ਼ਟਰ ਦੀ ਰੱਖਿਆ ਲਈ ਉਸ ਸਮੇਂ ਦੇ ਭਾਰਤਵਾਸੀ , ਜੋ ‘ ਆਰੀਆ` ਕਹਾਉਂਦੇ ਸੀ , ਜਾਨ ਵੀ ਨਿਛਾਵਰ ਕਰਨ ਲਈ ਤਿਆਰ ਰਹਿੰਦੇ ਸਨ ।


ਲੇਖਕ : ਜੈ ਪ੍ਰਕਾਸ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਰਿਗਵੇਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਿਗਵੇਦ [ ਨਾਂਪੁ ] ਵੈਦਿਕ ਸੰਸਕ੍ਰਿਤ ਭਾਸ਼ਾ ਵਿੱਚ ਲਿਖਿਆ ਭਾਰਤ ਅਥਵਾ ਦੁਨੀਆਂ ਦਾ ਸਭ ਤੋਂ ਪੁਰਾਣਾ ਗ੍ਰੰਥ , ਪਹਿਲਾ ਵੇਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.