ਰਿਸ਼ੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਿਸ਼ੀ (ਨਾਂ,ਪੁ) ਪਰਮਪਦ ਨੂੰ ਪਹੁੰਚਿਆ ਪੁਰਖ਼; ਕਰਨੀ ਵਾਲਾ ਸਾਧੂ; ਤਪੱਸਵੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਿਸ਼ੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਿਸ਼ੀ [ਨਾਂਪੁ] ਪਰਮਪਦ’ਤੇ ਪਹੁੰਚਿਆ ਮਨੁੱਖ, ਤਪੱਸਵੀ , ਮਹਾਤਮਾ; ਬ੍ਰਾਹਮਣਾਂ ਦਾ ਇੱਕ ਗੋਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਿਸ਼ੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰਿਸ਼ੀ : ਹਿੰਦੂ ਸ਼ਾਸਤਰਾਂ ਅਨੁਸਾਰ ਇਸ ਸ਼ਬਦ ਦਾ ਅਰਥ ਗਿਆਨੀ, ਵਿਦਵਾਨ, ਵਿਚਾਰਕ ਜਾਂ ਸਾਧੂ ਹੈ। ਇਹ ਸ਼ਬਦ ‘ਰਿਸ਼’ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਦੇਖਣਾ ਹੈ। ਕੁਝ ਵਿਦਵਾਨ ਇਸ ਦੀ ਉਤਪਤੀ ਰਸ ਤੋਂ ਮੰਨਦੇ ਹਨ ਜੋ ਕਿ ਅਤਿ ਪ੍ਰਾਚੀਨ ਤਾਂਤਰਿਕ ਯੁਗ ਵੱਲ ਸਿੱਧਾ ਇਸ਼ਾਰਾ ਹੈ। ਸੰਸਕ੍ਰਿਤ ਵਿਚ ਇਹ ਸ਼ਬਦ ਸਾਧੂ, ਪਿਤਾਮਹ, ਇਲਾਹੀ ਕਵੀ, ਕਰਾਮਾਤੀ ਅਤੇ ਵਿਦਵਾਨ ਲਈ ਵਰਤਿਆ ਜਾਂਦਾ ਹੈ। ਆਮ ਤੌਰ ਤੇ ਅਸਾਧਾਰਣ ਸ਼ਕਤੀ ਅਤੇ ਸਿਆਣਪ ਵਾਲੇ ਵਿਅਕਤੀ ਨੂੰ ਰਿਸ਼ੀ ਕਿਹਾ ਜਾਂਦਾ ਹੈ।

ਪ੍ਰਾਚੀਨ ਕਾਲ ਵਿਚ ਰਿਸ਼ੀ ਜ਼ਿਆਦਾਤਰ ਜੰਗਲਾਂ ਜਾਂ ਪਹਾੜਾਂ ਉੱਤੇ ਏਕਾਂਤ ਵਿਚ ਆਸ਼ਰਮ ਬਣਾ ਕੇ ਰਹਿੰਦੇ ਸਨ। ਇਹ ਛੋਟੇ-ਛੋਟੇ ਟੋਲਿਆਂ ਵਿਚ ਰਿਹਾ ਕਰਦੇ ਸਨ ਜਿਸ ਵਿਚ ਇਨ੍ਹਾਂ ਦਾ ਪਰਿਵਾਰ ਅਤੇ ਚੇਲੇ ਵੀ ਹੋਇਆ ਕਰਦੇ ਸਨ। ਰਿਸ਼ੀ ਦਾ ਧਾਰਮਿਕ ਟਿਕਾਣਾ ਆਸ਼ਰਮ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ। ਵੱਡੇ ਆਸ਼ਰਮ ਵਿਚ ਇਕ ਪੂਜਾ ਅਸਥਾਨ, ਸਰੋਵਰ, ਇਸ਼ਨਾਨ ਘਰ, ਰਿਹਾਇਸ਼ੀ ਕਮਰੇ, ਰਸੋਈ ਘਰ, ਭੰਡਾਰ ਘਰ, ਮਹਿਮਾਨ ਘਰ, ਗਊਸ਼ਾਲਾ, ਬਾਗ਼-ਬਗੀਚੇ ਆਮ ਹੁੰਦੇ ਸਨ। ਇਹ ਰਿਸ਼ੀ ਕਈ ਕਿਸਮ ਦੇ ਸਨ ਜਿਵੇਂ ਪ੍ਰਜਾਪਤਿ, ਸਪਤ ਰਿਸ਼ੀ, ਸਿੱਧ, ਮਨੁ, ਨਾਥ, ਪਿਤਰੀ ਆਦਿ। ਇਹ ਉਪਾਧੀਆਂ ਕਈ ਵਾਰ ਅਦਲ ਬਦਲ ਕਰ ਕੇ ਵੀ ਵਰਤੀਆਂ ਜਾਦੀਆਂ ਹਨ ਜਿਵੇਂ ਕਿ ਇਕ ਮਹਾਰਿਸ਼ੀ ਪ੍ਰਜਾਪਤੀ, ਸਪਤ ਰਿਸ਼ੀ ਜਾਂ ਬ੍ਰਹਮ ਰਿਸ਼ੀ ਹੋ ਸਕਦਾ ਹੈ। ਪ੍ਰਮੁੱਖ ਰਿਸ਼ੀ ਟੋਲਿਆਂ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਦਿੱਤੀ ਜਾ ਸਕਦੀ ਹੈ:

ਪ੍ਰਜਾਪਤੀ

ਪ੍ਰਜਾਪਤੀ– ਇਹ ਰਿਸ਼ੀ ਵਿਸ਼ੇਸ਼ ਕਰ ਕੇ ਬ੍ਰਹਮਾ ਦੇ ਸਿਰ ਤੋਂ ਪੈਦਾ ਹੋਏ ਮੰਨੇ ਜਾਂਦੇ ਹਨ। ਇਹ ਗਿਣਤੀ ਵਿਚ ਦਸ ਹਨ ਅਤੇ ਬਹੁਤੇ ਸਪਤ ਰਿਸ਼ੀਆਂ ਜਾਂ ਬ੍ਰਹਮ ਰਿਸ਼ੀਆਂ ਦੀ ਸੂਚੀ ਵਿਚ ਆਉਂਦੇ ਹਨ।

ਬ੍ਰਹਮ ਰਿਸ਼ੀ

ਬ੍ਰਹਮ ਰਿਸ਼ੀ : ਇਨ੍ਹਾਂ ਰਿਸ਼ੀਆਂ ਦੀ ਰਚਨਾ ਬ੍ਰਹਮਾ ਦੁਆਰਾ ਕੀਤੀ ਗਈ ਮੰਨੀ ਜਾਂਦੀ ਹੈ। ਇਨ੍ਹਾਂ ਨੂੰ ਦਵਿਜ ਕਿਹਾ ਜਾਂਦਾ ਸੀ ਜਿਸ ਦਾ ਅਰਥ ਦੋ ਵਾਰੀ ਜਨਮ ਲੈਣਾ ਹੈ। ਇਹ ਰੂੜੀਵਾਦੀ ਬ੍ਰਾਹਮਣ ਗੋਤਰਾਂ ਦੇ ਪ੍ਰਸਿੱਧ ਸੰਸਥਾਪਕ ਹਨ। ਬ੍ਰਹਮ ਰਿਸ਼ੀ ਬ੍ਰਾਹਮਣ ਪਰਿਵਾਰਾਂ ਦੇ ਰੂਪ ਵਿਚ ਉਜਾਗਰ ਹੁੰਦੇ ਹਨ।

ਸਪਤ ਰਿਸ਼ੀ

ਸਪਤ ਰਿਸ਼ੀ–  ਇਹ ਸੱਤ ਰਿਸ਼ੀ ਹਨ ਜਿਨ੍ਹਾਂ ਨੂੰ ਰਿਕਸ਼ ਜਾਂ ਚਿੱਤਰ ਸ਼ਿਖੰਡੀ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਸਾਰੇ ਚਮਕਦਾਰ ਕਲਗੀ ਧਾਰਨ ਕਰਦੇ ਸਨ ਅਤੇ ਜ਼ਿਆਦਾਤਰ ਆਕਾਸ਼ੀ ਪਿੰਡਾਂ ਦੇ ਰੂਪ ਵਿਚ ਪ੍ਰਸਿੱਧ ਹਨ। ਇਹ ਮਹਾਰਿਕਸ਼ ਦੇ ਸੱਤ ਸਿਤਾਰੇ ਮੰਨੇ ਜਾਂਦੇ ਹਨ ਅਤੇ ਇਨ੍ਹਾਂ ਦੀਆਂ ਪਤਨੀਆਂ ਨੂੰ ਪ੍ਰੀਤ ਦੇ ਤਾਰੇ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਨਾਂ ਕਸ਼ਯਪ, ਅਤਰੀ, ਵਸ਼ਿਸ਼ਠ, ਵਿਸ਼ਵਾਮਿੱਤਰ, ਗੌਤਮ, ਜਮਦਗਨੀ ਅਤੇ ਭਾਰਦਵਾਜ ਹਨ।

ਦੇਵ ਰਿਸ਼ੀ

ਦੇਵ ਰਿਸ਼ੀ : ਇਹ ਉਹ ਰਿਸ਼ੀ ਹਨ ਜਿਨ੍ਹਾਂ ਨੇ ਧਰਤੀ ਉੱਤੇ ਪੂਰਣਤਾ ਪ੍ਰਾਪਤ ਕਰ ਲਈ ਹੋਵੇ ਅਤੇ ਦੇਵਤਵ ਦੇ ਨੇੜੇ ਪਹੁੰਚ ਗਏ ਹੋਣ। ਰਿਸ਼ੀ ਭਾਵੇਂ ਕਿੰਨੇ ਵੀ ਸੱਚੇ ਹੋਣ ਉਨ੍ਹਾਂ ਨੂੰ ਦੇਵਤਾ ਨਹੀਂ ਮੰਨਿਆ ਜਾਂਦਾ । ਇਸੇ ਲਈ ਇਨ੍ਹਾਂ ਦੀ ਪੂਜਾ ਨਹੀਂ ਕੀਤੀ ਜਾਂਦੀ। ਰਿਸ਼ੀ ਮਾਰਕੰਡੇ ਦੇਵ ਰਿਸ਼ੀ ਸੀ।

ਸ਼ਰੁੱਤ ਰਿਸ਼ੀ

ਸ਼ਰੁੱਤ ਰਿਸ਼ੀ– ਉਹ ਰਿਸ਼ੀ ਜਿਹੜੇ ਅੰਤਰ-ਗਿਆਨ ਰਾਹੀਂ ਸੁਣ ਸਕਦੇ ਹਨ ਉਨ੍ਹਾਂ ਨੂੰ ਸ਼ਰੁੱਤ ਰਿਸ਼ੀ ਕਿਹਾ ਜਾਂਦਾ ਹੈ। ਉਸ ਅੰਤਰ ਗਿਆਨ ਨੂੰ ਸੁਣ ਕੇ ਇਹ ਸ਼ਰੁਤੀ ਦੇ ਦੈਵੀ ਸੱਚ ਨੂੰ ਵੇਦ ਦੇ ਰੂਪ ਵਿਚ ਪ੍ਰਗਟ ਕਰਦੇ ਹਨ। ਕਈ ਵਾਰੀ ਇਹ ਨਾਂ ਉਨ੍ਹਾਂ ਰਿਸ਼ੀਆਂ ਨੂੰ ਵੀ ਦਿੱਤਾ ਜਾਂਦਾ ਹੈ ਜੋ ਮਹਾ ਰਿਸ਼ੀਆਂ ਕੋਲੋਂ ਕੁਝ ਸੁਣ ਕੇ ਦੱਸਦੇ ਹਨ।

ਰਾਜ ਰਿਸ਼ੀ

ਰਾਜ ਰਿਸ਼ੀ–  ਵਿਦਵਾਨ ਖੱਤਰੀ ਰਾਜਿਆਂ ਨੂੰ ਰਿਸ਼ੀਆਂ ਦੇ ਪੱਧਰ ਦਾ ਹੀ ਮੰਨਿਆ ਜਾਂਦਾ ਸੀ। ਇਨ੍ਹਾਂ ਨੂੰ ਸ਼ਾਹੀ ਰਿਸ਼ੀ ਕਿਹਾ ਜਾਂਦਾ ਸੀ। ਇਨ੍ਹਾਂ ਵਿਚ ਜਨਕ, ਧਰੁਵ, ਗ੍ਰਿਤਸਮਦ ਆਉਂਦੇ ਹਨ।

ਬਹੁਤ ਸਾਰੇ ਰਿਸ਼ੀ ਵੈਦਿਕ ਸਤੋਤਰਾਂ, ਭਜਨਾਂ ਦੇ ਲੇਖਕ ਅਤੇ ਵੈਦਿਕ ਸਕੂਲਾਂ ਦੇ ਜਨਮਦਾਤਾ ਸਨ। ਰਿਸ਼ੀ ਬਾਲਮੀਕੀ ਨੇ ਰਾਮਾਇਣ ਦੀ, ਰਿਸ਼ੀ ਵਿਆਸ ਨੇ ਮਹਾਭਾਰਤ ਦੀ ਰਚਨਾ ਕੀਤੀ। ਸਾਲਵ, ਗ੍ਰਿਤਸਮਦ, ਕੌਸ਼ਿਕ, ਮਹੀਦਾਸ, ਪਰਾਸ਼ਰ, ਉਦਾਲਕ, ਵਾਮਦੇਵ, ਵਸ਼ਿਸ਼ਠ, ਵਿਸ਼ਵਾਮਿੱਤਰ, ਭਰਤ, ਸੱਤਯਕਾਮ, ਸੁਨਾਹਸੇਫ਼ ਅਤੇ ਹੋਰ ਦੂਜੇ ਰਿਸ਼ੀ ਵੈਦਿਕ ਭਜਨਾਂ ਨੂੰ ਰਚਣ ਵਾਲੇ ਸਨ।

ਕੁਝ ਰਿਸ਼ੀਆਂ ਨੇ ਪਰਉਪਕਾਰ ਲਈ ਆਪਣੀਆਂ ਦੈਵੀ ਸ਼ਕਤੀਆਂ ਦਾ ਪ੍ਰਯੋਗ ਕੀਤਾ ਅਤੇ ਬੀਮਾਰੀਆਂ ਨੂੰ ਦੂਰ ਕੀਤਾ। ਕੁਝ ਸਿਰਜਣ ਦੇ ਕੰਮਾਂ ਨਾਲ ਜੁੜੇ ਹੋਏ ਸਨ ਜਿਵੇਂ ਕਿ ਵਿਸ਼ਵਾਮਿੱਤਰ, ਕਸ਼ਯਪ, ਦੱਕਸ਼, ਪੁਲਸਤਯ। ਕਿਹਾ ਜਾਂਦਾ ਹੈ ਕਿ ਰਿਸ਼ੀ ਕੁਝ ਗੁਸੈਲ ਹੁੰਦੇ ਸਨ ਅਤੇ ਆਪਣੇ ਇਰਾਦਿਆਂ ਵਿਚ ਕਠੋਰ ਅਤੇ ਅਮੋੜ ਹੁੰਦੇ ਸਨ। ਸੰਸਕ੍ਰਿਤ ਸਾਹਿਤ ਵਿਚ ਰਿਸ਼ੀਆਂ ਦਾ ਗੁੱਸਾ (ਜਿਵੇਂ ਕਿ ‘ਸ਼ਕੁੰਤਲਾ’ ਵਿਚ) ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ। ਕੁਝ ਰਿਸ਼ੀ ਇਸ ਸਬੰਧ ਵਿਚ ਵਿਸ਼ੇਸ਼ ਰੂਪ ਵਿਚ ਪ੍ਰਸਿੱਧ ਹਨ ਜਿਵੇਂ ਕਿ ਉਤਥੱਯ ਕਸ਼, ਨਾਰਦ, ਭ੍ਰਿਗੂ, ਜਮਦਗਨੀ, ਰੈਭਯ, ਪਰਸਰਾਮ ਅਤੇ ਦੁਰਵਾਸਾ ਰਿਸ਼ੀਆਂ ਦੀ ਤਪੱਸਿਆ ਨੂੰ ਭੰਗ ਕਰਨ ਲਈ ਅਕਸਰ ਦੇਵਤੇ ਅਪਸਰਾਵਾਂ ਨੂੰ ਭੇਜਦੇ ਰਹੇ ਅਤੇ ਇਨ੍ਹਾਂ ਨੂੰ ਭਟਕਾਉਣ ਵਿਚ ਵੀ ਸਫ਼ਲ ਹੋਏ ਪਰ ਇਨ੍ਹਾਂ ਦੇ ਗੁੱਸੇ ਤੋਂ ਡਰਦਿਆਂ ਕਦੇ ਵੀ ਇਨ੍ਹਾਂ ਦੇ ਸਾਹਮਣੇ ਨਹੀਂ ਆਏ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-12-54-34, ਹਵਾਲੇ/ਟਿੱਪਣੀਆਂ: ਹ. ਪੁ. –ਹਿ. ਵਿ. ਕੋ:297; ਚ. ਕੋ. : 69 : ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.