ਲੂਣ ਮਿਆਣੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੂਣ ਮਿਆਣੀ : ਇਸ ਖੇਡ ਨੂੰ ਬੱਚਿਆਂ ਤੋਂ ਲੈ ਕੇ ਗੱਭਰੂਆਂ ਤੱਕ ਸਭ ਖੇਡਦੇ ਹਨ । ਇਸ ਖੇਡ ਦਾ ਨਾਂ ਬਿਲ ਬੱਚਿਆਂ ਦੀ ਮਾਂ ਵੀ ਹੈ । ਮੁਖਤਾ ਇਹ ਮੁੰਡਿਆਂ ਦੀ ਖੇਡ ਹੈ । ਪਿੰਡ ਤੋਂ ਬਾਹਰ ਕਿਸੇ ਖੁੱਲ੍ਹੀ ਪਈ ਬੰਜਰ ਜ਼ਮੀਨ ਵਿੱਚ ਇਸ ਖੇਡ ਲਈ ਮੈਦਾਨ ਚੁਣਿਆ ਜਾਂਦਾ ਹੈ । ਮੈਦਾਨ ਦਾ ਆਕਾਰ ਖਿਡਾਰੀਆਂ ਦੀ ਸਮਰੱਥਾ ਅਨੁਸਾਰ ਹੁੰਦਾ ਹੈ । ਗੱਭਰੂਆਂ ਲਈ ਵੱਡਾ ਤੇ ਬੱਚਿਆਂ ਲਈ ਛੋਟਾ । ਖਿਡਾਰੀਆਂ ਦੀ ਕੋਈ ਗਿਣਤੀ ਨਿਸ਼ਚਿਤ ਨਹੀਂ ਹੁੰਦੀ । ਇਸ ਖੇਡ ਵਿੱਚ ਪੰਜ ਤੋਂ ਲੈ ਕੇ ਪੰਦਰਾਂ ਵੀਹ ਖਿਡਾਰੀ ਇਕੱਠੇ ਖੇਡ ਸਕਦੇ ਹਨ ।

        ਇਸ ਖੇਡ ਲਈ ਕਿਸੇ ਵਿਸ਼ੇਸ਼ ਸਾਮਾਨ ਦੀ ਲੋੜ ਨਹੀਂ । ਦਸ ਬਾਰਾਂ ਮੀਟਰ ( 30-35 ਫੁੱਟ ) ਬਾਹੀ ਦੀ ਆਇਤਾਕਾਰ ਜਾਂ ਵਰਗਾਕਾਰ ਸ਼ਕਲ ਧਰਤੀ ਉੱਤੇ ਲੀਕਾਂ ਵਾਹ ਕੇ ਜਾਂ ਕਹੀ ਨਾਲ ਟੱਕ ਮਾਰ ਕੇ ( ਨਿਸ਼ਾਨ ਲਾ ਕੇ ) ਬਣਾ ਲਈ ਜਾਂਦੀ ਹੈ । ਇਸ ਦੇ ਅੰਦਰ ਵਾਰ ਚਾਰੇ ਪਾਸੇ ਇੱਕ ਦੋ ਮੀਟਰ ਚੌੜੀ ਸੜਕ ਬਣਾ ਲਈ ਜਾਂਦੀ ਹੈ । ਇਸ ਮੈਦਾਨ ਨੂੰ ਦੋ-ਢਾਈ ਮੀਟਰ ਚੌੜੀਆਂ ਚੌਰਸ ਸੜਕਾਂ ਨਾਲ ਵੰਡਿਆ ਜਾਂਦਾ ਹੈ । ਸੜਕਾਂ ਦੇ ਵਿਚਕਾਰਲੀ ਥਾਂ ਤੇ ਜਿੱਥੇ ਸੜਕਾਂ ਮਿਲਦੀਆਂ ਹਨ , ਇੱਕ ਮਿੱਟੀ ਦੀ ਢੇਰੀ ਲਾ ਲਈ ਜਾਂਦੀ ਹੈ ਜਿਸ ਨੂੰ ਲੂਣ ਦੀ ਢੇਰੀ ਆਖਦੇ ਹਨ । ਇੱਕ ਸੜਕ ਦੇ ਸਿਰੇ ਉੱਤੇ ਮੈਦਾਨ ਤੋਂ ਬਾਹਰ ਢੇਰੀ ਦੇ ਸਾਮ੍ਹਣੇ ਡੇਢ-ਦੋ ਮੀਟਰ ਦਾ ਵਰਗਾਕਾਰ ਸੰਦੂਕ ਵਾਹ ਲਿਆ ਜਾਂਦਾ ਹੈ ।

        ਪੁੱਗਣ ਮਗਰੋਂ ਜਿਸ ਖਿਡਾਰੀ ਸਿਰ ਦਾਈ ਹੋਵੇ , ਉਹ ਸੜਕਾਂ ਦੇ ਚੁਰੱਸਤੇ ਤੇ ਪਈ ਲੂਣ ਦੀ ਢੇਰੀ ਦੀ ਰਾਖੀ ਕਰਦਾ ਹੈ । ਬਾਕੀ ਖਿਡਾਰੀ ਸੜਕਾਂ ਦੇ ਵਿਚਕਾਰ ਖਿੰਡ ਕੇ ਖਲੋਤੇ ਹੁੰਦੇ ਹਨ । ਦਾਈ ਵਾਲੇ ਖਿਡਾਰੀ ਦਾ ਕੰਮ ਉਹਨਾਂ ਨੂੰ ਛੂਹਣਾ ਹੁੰਦਾ ਹੈ , ਤੇ ਦੂਜੇ ਖਿਡਾਰੀਆਂ ਦਾ ਚੁਰੱਸਤੇ ਤੋਂ ਲੂਣ ਚੁੱਕ ਕੇ ਦੌੜਨਾ ਅਤੇ ਸੜਕੋਂ ਬਾਹਰ ਬਣੇ ਸੰਦੂਕ ਉਪਰੋਂ ਛੜੱਪਾ ਮਾਰ ਕੇ ਟੱਪਣਾ ਹੁੰਦਾ ਹੈ ।

        ਖੇਡ ਸ਼ੁਰੂ ਕਰਨ ਲਈ ਖਿਡਾਰੀਆਂ ਵਿੱਚੋਂ ਇੱਕ ਜਣਾ ਦਾਈ ਵਾਲੇ ਖਿਡਾਰੀ ਦੇ ਹੱਥ ਤੇ ਹੱਥ ਮਾਰ ਕੇ ਦੌੜਦਾ ਹੈ । ਦਾਈ ਵਾਲਾ ਸਾਥੀ ਖਿਡਾਰੀਆਂ ਦੇ ਮਗਰ ਛੂਹਣ ਲਈ ਨੱਸਦਾ ਹੈ । ਕੋਈ ਵੀ ਖਿਡਾਰੀ ਸੜਕੋਂ ਏਧਰ- ਓਧਰ ਨਹੀਂ ਹੋ ਸਕਦਾ । ਜੇ ਕੋਈ ਖਿਡਾਰੀ ਸੜਕੋਂ ਅੰਦਰ ਬਣੇ ਵਰਗਾਕਾਰ ਘੇਰੇ ਵਿੱਚ ਪੈਰ ਪਾ ਦੇਵੇ ਤਾਂ ਉਹ ਮਰ ਗਿਆ ਸਮਝਿਆ ਜਾਵੇਗਾ , ਅਜਿਹਾ ਖਿਡਾਰੀ ਖੇਡ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ । ਛੂਹਣ ਵਾਲਾ ਖਿਡਾਰੀ ਸੜਕ ਦੇ ਵਿਚਕਾਰੋਂ ਪਿੱਛੇ ਨਹੀਂ ਮੁੜ ਸਕਦਾ , ਜਿੰਨਾ ਚਿਰ ਉਹ ਸੜਕ ਤੋਂ ਮੈਦਾਨ ਦੇ ਸਿਰੇ ਤੱਕ ਨਾ ਪੁੱਜ ਜਾਵੇ ।

        ਇਹ ਖੇਡ ਸਰੀਰਕ ਬਲ ਅਤੇ ਫੁਰਤੀ ਨਾਲ ਖੇਡੀ ਜਾਂਦੀ ਹੈ । ਖਿਡਾਰੀ ਮੁੜ੍ਹਕੋ-ਮੁੜ੍ਹਕੀ ਹੋ ਜਾਂਦੇ ਹਨ । ਖਿਡਾਰੀ ਘਰਕਾਈਆਂ ਦਿੰਦੇ ਹੋਏ ਲੂਣ ਚੁੱਕ ਕੇ ਸੰਦੂਕ ਨੂੰ ਪਾਰ ਕਰਦੇ ਹਨ । ਜਿਹੜੇ ਖਿਡਾਰੀ ਸੰਦੂਕ ਪਾਰ ਕਰ ਕੇ ਪੁੱਗ ਜਾਂਦੇ ਹਨ , ਉਹ ਨਰ ਬਣ ਜਾਂਦੇ ਹਨ ਅਤੇ ਜਿਹੜੇ ਛੂਹੇ ਜਾਂਦੇ ਹਨ , ਉਹਨਾਂ ਨੂੰ ਮਦੀਨ ਅਥਵਾ ‘ ਗਧੀੜ’ ਆਖਿਆ ਜਾਂਦਾ ਹੈ । ਦਾਈ ਦੇਣ ਵਾਲਾ ਖਿਡਾਰੀ ਤਿੰਨ-ਚਾਰ ਖਿਡਾਰੀ ਛੂਹਣ ਮਗਰੋਂ ਨਰ ਬਣ ਜਾਂਦਾ ਹੈ ਨਹੀਂ ਤਾਂ ਉਹ ਮਦੀਨ ਦੀ ਕੋਟੀ ਵਿੱਚ ਹੀ ਰਹਿੰਦਾ ਹੈ । ਜਦੋਂ ਸਾਰੇ ਖਿਡਾਰੀ ਨਰ ਜਾਂ ਮਦੀਨ ਬਣ ਜਾਂਦੇ ਹਨ ਤਾਂ ਖੇਡ ਬੰਦ ਹੋ ਜਾਂਦੀ ਹੈ । ਨਰ ਬਣੇ ਖਿਡਾਰੀ ਸੰਦੂਕ ਦੇ ਨੇੜੇ ਕਤਾਰ ਬਣਾ ਕੇ ਖਲੋ ਜਾਂਦੇ ਹਨ ਅਤੇ ਮਦੀਨ ਉਹਨਾਂ ਦੇ ਸਾਮ੍ਹਣੇ ਪੱਚੀ-ਤੀਹ ਮੀਟਰ ਦੇ ਫ਼ਾਸਲੇ ਤੇ ਜਾਂ ਖਲੋਂਦੇ ਹਨ । ਨਰ ਖਿਡਾਰੀ ਉੱਚੀ ਅਵਾਜ਼ ਵਿੱਚ ਮਦੀਨ ਖਿਡਾਰੀਆਂ ਪਾਸੋਂ ਪੁੱਛਦੇ ਹਨ ।

ਬਿਲ ਬੱਚਿਆਂ ਦੀ ਮਾਂ

                  ਰੋਟੀ ਖਾਣੀ ਏਂ ਕੇ ਨਾ

                  ਜਦੋਂ ਮਦੀਨ ਖਿਡਾਰੀ ਨਾਂਹ ਕਹਿੰਦੇ ਹਨ ਤਾਂ ਨਰ ਖਿਡਾਰੀ ਫੇਰ ਓਹੀ ਸਵਾਲ ਪੁੱਛਦੇ ਹਨ । ਇਸ ਪ੍ਰਕਾਰ ਸਵਾਲ-ਜਵਾਬ ਚੱਲਦੇ ਰਹਿੰਦੇ ਹਨ । ਜਦ ਜਵਾਬ ਹਾਂ ਵਿੱਚ ਆਉਂਦਾ ਹੈ ਤਾਂ ਨਰ ਮਦੀਨ ਖਿਡਾਰੀਆਂ ਵੱਲ ਅਤੇ ਮਦੀਨ ਨਰ ਖਿਡਾਰੀਆਂ ਵੱਲ ਸ਼ੂਟ ਵਟ ਕੇ ਦੌੜਦੇ ਹਨ । ਜਿਹੜੇ ਮਦੀਨ ਖਿਡਾਰੀ ਰਾਹ ਵਿੱਚ ਛੂਹੇ ਜਾਂਦੇ ਹਨ , ਉਹ ਜਿਸ ਖਿਡਾਰੀ ਦੁਆਰਾ ਛੂਹੇ ਜਾਣ , ਉਸ ਦੀ ਘੋੜੀ ਬਣ ਕੇ ਲੂਣ ਮਿਆਣੀ ਦੇ ਮੈਦਾਨ ਤੱਕ ਜਿੱਤੇ ਖਿਡਾਰੀ ਨੂੰ ਪਿੱਠ ਤੇ ਸਵਾਰੀ ਕਰਵਾਉਂਦੇ ਹਨ । ਇਸ ਤੋਂ ਪਿੱਛੋਂ ਖੇਡ ਦੁਬਾਰਾ ਸ਼ੁਰੂ ਹੋ ਜਾਂਦੀ ਹੈ । ਦੁਬਾਰਾ ਉਹ ਖਿਡਾਰੀ ਵਾਰੀ ਦਿੰਦਾ ਹੈ , ਜਿਹੜਾ ਸਭ ਤੋਂ ਪਹਿਲਾਂ ਮਦੀਨ ਬਣਿਆ ਹੋਵੇ । ਇਸ ਪ੍ਰਕਾਰ ਇਹ ਖੇਡ ਉੱਪਰ ਦਿੱਤੀ ਰੀਤੀ ਅਨੁਸਾਰ ਚੱਲਦੀ ਰਹਿੰਦੀ ਹੈ ।


ਲੇਖਕ : ਸੁਖਦੇਵ ਮਾਦਪੁਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.