ਲੋਕੋਕਤੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੋਕੋਕਤੀ : ਵੇਖੋ ‘ਅਖਾਣ’

ਅਖਾਣ : ਅਖਾਣ ਜਾਂ ਅਖਾਉਤ ਕਿਸੇ ਭਾਸ਼ਾ ਦੇ ਬੜੇ ਬਲਵਾਨ ਅੰਗ ਹਨ। ਇਹ ਵੀ ਮੁਹਾਵਰਿਆਂ ਵਾਂਗ ਲੋਕ ਭਾਸ਼ਾ ਤੋਂ ਸਾਹਿੱਤ ਵਲ ਆਪਣੀ ਯਾਤਰਾ ਕਰਦੇ ਹਨ। ਪਰੰਤੂ ਮੁਹਾਵੇਰੇ ਸ਼ਬਦਾਂ ਅਤੇ ਕ੍ਰਿਆ–ਪ੍ਰਯੋਗਾਂ ਦੇ ਮੇਲ ਨਾਲ ਇਕ ਵਿਸ਼ੇਸ਼ ਵਾਕਾਂਸ਼ ਦਾ ਰੂਪ ਧਾਰਣ ਕਰਦੇ ਹਨ। ਇਨ੍ਹਾਂ ਵਿਚ ਪੂਰੀ ਗੱਲ ਸਮਾਈ ਨਹੀਂ ਹੁੰਦੀ, ਵਾਕਾਂ ਵਿਚ ਵਰਤੇ ਜਾਣ ਤੇ ਹੀ ਇਨ੍ਹਾਂ ਵਿਚ ਲੁਕੇ ਭਾਵਾਂ ਦਾ ਬੋਧ ਹੁੰਦਾ ਹੈ। ਇਸ ਦੇ ਮੁਕਾਬਲੇ ਅਖਾਣ ਇਕ ਅਟਲ ਸਚਾਈ ਜਾਂ ਵਿਚਾਰ ਜਾਂ ਭਾਵ ਆਦਿ ਦੀ ਪੂਰੀ ਅਭਿਵਿਅਕਤੀ ਕਰਦਾ ਹੈ। ਹਰ ਅਖਾਣ ਪਿੱਛੇ ਕੋਈ ਘਟਨਾ ਜਾਂ ਕਥਾ–ਪ੍ਰਸੰਗ ਆਦਿ ਹੁੰਦਾ ਹੈ। ਇਹ ਘਟਨਾ ਜਾਂ ਕਥਾ–ਪ੍ਰਸੰਗ ਸਮਾਜ ਵਿਚ ਘਟਿਤ ਹੋ ਕੇ ਸਮੇਂ ਦੇ ਪਰਦੇ ਪਿੱਛੇ ਲੁਕ ਛਿਪ ਜਾਂਦੇ ਹਨ ਪਰੰਤੂ ਉਨ੍ਹਾਂ ਦਾ ਸਾਰ ਰੂਪ ਅਖਾਣ ਦੇ ਰੂਪ ਵਿਚ ਪੀੜ੍ਰਿਓਂ ਪੀੜ੍ਹੀ ਜਨ–ਜੀਵਨ ਵਿਚ ਵਰਤੀਂਦਾ ਚਲਿਆ ਆਉਂਦਾ ਹੈ। ਅਖਾਣ ਨੂੰ ਅਖਾਉਤ, ਲੋਕੋਕਤੀ, ਕਹਾਵਤ ਅਤੇ ਜ਼ਰਬ–ਉਲ–ਮਿਸਲ ਦੀ ਆਖਦੇ ਹਨ।

          ਮੁਹਾਵਰਿਆਂ ਵਾਂਗ ਪੰਜਾਬੀ ਵਿਚ ਅਖਾਣਾਂ ਦੀ ਵੀ ਭਰਮਾਰ ਹੈ। ਮੁਹਾਵਰਿਆਂ ਦੀ ਸਿਰਜਣਾ ਦਾ ਆਧਾਰ ਠੁਕ ਨਾਲ ਗੱਲ ਕਰਨ ਹੈ, ਪਰ ਅਖਾਣ ਦਾ ਆਧਾਰ ਕੋਈ ਘਟਨਾ, ਪ੍ਰਸੰਗ, ਸਾਕਾ ਜਾਂ ਤਜਰਬਾ ਹੈ। ਪੰਜਾਬੀ ਭਾਸ਼ਾ ਬੋਲਣ ਵਾਲੇ ਜ਼ਿਆਦਾ ਉਦਯੋਗਸ਼ੀਲ ਪਰਾਕ੍ਰਮੀ, ਉਤਸਾਹੀ, ਮਿਹਨਤੀ ਹੁੰਦੇ ਹਨ, ਇਸ ਲਈ ਇਨ੍ਹਾਂ ਦੇ ਜੀਵਨ ਨਾਲ ਅਨੇਕ ਘਟਨਾ–ਪ੍ਰਸੰਗਾਂ ਜਾਂ ਅਨੁਭਵਾਂ ਦਾ ਸੰਬੰਧਿਤ ਹੋਣਾ ਸੁਭਾਵਿਕ ਹੈ। ਅਖਾਣ ਮਨੁੱਖਾਂ ਦੇ ਸਦੀਆਂ ਤੇ ਅਨੁਭਵਾਂ ਦਾ ਨਿਚੋੜ ਹਨ। ਇਨ੍ਹਾਂ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਲੰਬਾ ਹੁੰਦਾ ਹੈ। ਇਹ ਕੋਈ ਝਟਪਟ ਸੁਝੀ ਗੱਲ ਨਹੀਂ। ਇਸ ਵਿਚ ਮਨੁੱਖੀ ਜੀਵਨ ਦੇ ਕਿਸੇ ਵੀ ਪੱਖ ਦੇ ਗਿਆਨ ਦੇ ਸੰਘਣੇ ਨਿਚੋੜ ਨੂੰ ਸੰਖਿਪਤ ਅਤੇ ਸੰਜਮ–ਭਰੀ ਢੁੱਕਵੀਂ ਸ਼ੈਲੀ ਵਿਚ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਜਨ–ਸਾਧਾਰਣ ਵਿਚ ਉਸ ਨੂੰ ਪ੍ਰਵਾਨਗੀ ਪ੍ਰਾਪਤ ਹੋ ਸਕੇ। ਵਣਜਾਰਾ ਬੇਦੀ ਅਨੁਸਾਰ ਸੰਜਮ ਤੇ ਲੈਅ ਭਰਪੂਰ ਚੁਸਤ ਵਾਕ, ਜਿਨ੍ਹਾਂ ਵਿਚ ਜੀਵਨ ਬਾਰੇ ਕੋਈ ਤੱਥ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੋਵੇ, ‘ਅਖਾਣ’ ਹਨ।

          ਅਖਾਣ ਲੋਕ ਸਾਹਿੱਤ ਦਾ ਮਹੱਤਵਪੂਰਣ ਅੰਗ ਹਨ। ਅਸਲ ਵਿਚ ਇਹ ਆਦਿ ਸਾਹਿੱਤ ਹਨ। ਇਨ੍ਹਾਂ ਰਾਹੀਂ ਹੀ ਮਨੁੱਖ ਨੇ ਸਭ ਤੋਂ ਪਹਿਲਾਂ ਆਪਣੇ ਅਨੁਭਵ ਦੇ ਆਧਾਰਿਤ ਤੱਥ ਜਾਂ ਪ੍ਰਤਿਕਰਮ ਪੇਸ਼ ਕੀਤੇ। ਇਨ੍ਹਾਂ ਰਾਹੀਂ ਹੀ ਉਪਮਾਵਾਂ ਅਤੇ ਰੂਪਕਾਂ ਨੇ ਜਨਮ ਲਿਆ। ਇਸ ਲਈ ਜਿਉਂ ਜਿਉਂ ਕਿਸੇ ਕੌਮ ਦਾ ਵਿਕਾਸ ਹੁੰਦਾ ਗਿਆ, ਤਜਰਬਾ ਵਧਦਾ ਗਿਆ, ਉਸ ਵਿਚ ਅਖਾਣ ਵੀ ਵਧਦੇ ਗਏ । ਇਨ੍ਹਾਂ ਵਿਚ ਨਿਰੰਤਰ ਵਿਕਾਸ ਹੁੰਦਾ ਰਹਿੰਦਾ ਹੈ। ਕਈ ਵਾਰ ਕੁਝ ਅਖਾਣ ਸਮੇਂ ਦੇ ਵਿਕਾਸ–ਕ੍ਰਮ ਨਾਲ ਕਦਮ ਨਾ ਮੇਚ ਸਕਣ ਕਾਰਣ ਕਾਲ–ਚੱਕਰ ਵਿਚ ਸਮਾ ਜਾਂਦੇ ਹਨ। ਲੋਕ ਸਾਹਿੱਤ ਦਾ ਅੰਗ ਹੋਣ ਕਾਰਣ ਇਨ੍ਹਾਂ ਦਾ ਅਧਿਕ ਵਿਕਾਸ ਸਾਧਾਰਣ ਜਨ–ਜੀਵਨ ਅਤੇ ਪੇਂਡੂ ਜੀਵਨ ਵਿਚ ਅਧਿਕ ਹੈ। ਭਾਵੇਂ ਪੰਜਾਬੀ ਅਖਾਣਾਂ ਵਿਚ ਨਿਰਵਿਘਨ ਰੂਪ ਵਿਚ ਵਿਕਾਸ ਹੁੰਦਾ ਰਿਹਾ ਹੈ, ਪਰ ਨਾਗਰਿਕਤਾ ਦੇ ਵਿਕਾਸ ਕਾਰਣ ਇਨ੍ਹਾਂ ਦੀ ਸਿਰਜਨ–ਪ੍ਰਕ੍ਰਿਆ ਦੇ ਮੱਠੇ ਪੈਣ ਦੀ ਸੰਭਾਵਨਾ ਵਧ ਰਹੀ ਹੈ।

          ਅਖਾਣਾਂ ਦੀਆਂ ਮੌਟੇ ਤੌਰ ਤੇ ਦੋ ਕਿਸਮਾਂ ਹਨ। ਇਕ ਉਹ ਅਖਾਣ ਜੋ ਸੁਤੇ ਸਿਧ ਹੋਂਦ ਵਿਚ ਆਉਂਦੇ ਹਨ। ਇਹ ਜਨਤਾ ਦੁਆਰਾ ਆਪਣੇ ਆਪ ਸਿਰਜੇ ਜਾਂਦੇ ਹਨ। ਕਿਸੇ ਖ਼ਾਸ ਪਰਿਸਥਿਤੀ ਜਾਂ ਪ੍ਰਸੰਗ ਵਿਚ ਕਿਸੇ ਸਿਆਣੇ ਸੁਲਝੇ ਹੋਏ ਵਿਅਕਤੀ ਦੇ ਮੁਖ ਤੋਂ ਆਪ–ਮੁਹਾਰੇ ਕੋਈ ਵਾਰ ਨਿਕਲ ਜਾਂਦਾ ਹੈ ਜੋ ਆਪਣੀ ਠੁਕ ਅਤੇ ਅਨੁਰੂਪਤਾ ਕਾਰਣ ਲੋਕ ਸੂਝ ਉਤੇ ਛਾ ਜਾਂਦਾ ਹੈ। ਇਹੀ ਲੋਕ ਮੁੱਖ ਦੀ ਟਕਸਾਲ ਦਾ ਸਿੱਕਾ ਸੁਤੇ ਸਿਧ ਹੋਂਦ ਵਿਚ ਆਉਣ ਵਾਲਾ ’ਅਖਾਣ’ ਹੈ। ਇਸ ਦੇ ਵਿਕਾਸ ਦੀਆਂ ਤਿੰਨ ਅਵਸਥਾਵਾਂ ਹਨ–ਪਹਿਲੀ ਬੀਜ ਰੂਪ ਵਾਲੀ ਜਦੋਂ ਕਿਸ ਸਿਆਣੇ ਵਿਅਕਤੀ ਦੇ ਮੂੰਹ ਵਿਚੋਂ ਅਖਾਣ ਬਣਨ ਵਾਲਾ ਵਾਕ ਨਿਕਲਦਾ ਹੈ, ਦੂਜੀ ਜਦੋਂ ਉਹ ਵਾਂਕ ਜਾਂ ਕਥਨ ਉਸੇ ਵਰਗੀਆਂ ਪਰਿਸਥਿਤੀਆਂ ਵਿਚ ਵਰਤਿਆ ਜਾਣ ਲਗਦਾ ਹੈ ਅਤੇ ਤੀਜੀ ਉਸ ਵਿਚੋਂ ਕੋਈ ਵਾਧੂ ਸ਼ਬਦ ਮੁਖ ਸੁਖ ਸਿਧਾਂਤ ਦੇ ਸੰਦ ਦੁਆਰਾ ਛਿਲੇ ਤਰਾਸ਼ੇ ਜਾ ਕੇ ਆਪਣਾ ਸਿੱਕੇ–ਬੰਦ ਰੂਪ ਧਾਰਣ ਕਰਦਾ ਹੈ। ਇਸ ਕਿਸਮ ਦੇ ਅਖਾਣਾਂ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ–‘ਸੋ ਸਿਆਣੇ ਇਕੋ ਮਤ, ਮੂਰਖ ਆਪੋ ਆਪਣੀ; ਸੌ ਸੁਨਿਆਰ ਦੀ ਇਕ ਲੁਹਾਰ ਦੀ; ਸੌ ਚਾਚਾ ਇਕ ਪਿਉ, ਸੌ ਦਾਰੂ ਇਕ ਘਿਉ; ਸੌ ਦਿਨ ਚੋਰ ਦੇ, ਇਕ ਦਿਨ ਸਾਧ ਦਾ; ਹੱਛਾ  ਸਭ ਦਾ ਵੱਛਾ; ਹੱਥ ਕਾਰ ਵਲ, ਚਿਤ ਯਾਰ ਵਲ; ਹੱਥ ਪੁਰਾਣੇ ਖੋਸੜੇ ਬਸੰਤੇ ਹੋਰੀਂ ਆਏ; ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਏ, ਹਮਸਾਏ ਮਾਂ ਪਿਉ ਜਾਏ; ਲਾਈਏ ਤਾਂ ਤੋੜ ਨਿਭਾਈਏ; ਲਾਡ ਆਇਆ ਮਲਿਆਰੀ ਨੂੰ, ਠੁੱਡੇ ਮਾਰੇ ਖਾਰੀ ਨੂੰ; ਲਲੂ ਕਰੇ ਵਲਲੀਆਂ ਰੱਬ ਸਿਧੀਆਂ ਪਾਏ।’ ਇਸ ਪ੍ਰਕਾਰ ਦੇ ਅਖਾਣਾਂ ਪਿਛੇ ਕੋਈ ਨਾ ਕੋਈ ਘਟਨਾ ਪ੍ਰਸੰਗ ਮੌਜੂਦ ਹੈ।  ਉਹ ਭਾਵੇਂ ਹੁਣ ਸਮੇਂ ਦੀ ਕੁਖ ਵਿਚ ਲੁਕ ਗਿਆ ਹੋਵੇ ਪਰ ਉਸ ਦਾ ਅਨੁਮਾਨ ਸਹਿਜ ਹੀ ਲਗਾਇਆ ਜਾ ਸਕਦਾ ਹੈ।      

          ਦੂਜੀ ਕਿਸਮ ਦੇ ਅਖਾਣ ਚੇਤਨ ਤੌਰ ਤੇ ਹੋਂਦ ਵਿਚ ਆਉਂਦੇ ਹਨ। ਇਨ੍ਹਾਂ ਦੀ ਸਿਰਜਣਾ ਸ੍ਰੇਸ਼ਠ ਸਾਹਿੱਤਕਾਰਾਂ ਦੁਆਰਾ ਹੁੰਦੀ ਹੈ। ਜਦੋਂ ਕੋਈ ਸਾਹਿੱਤਕਾਰ ਮਨੁੱਖੀ ਸੁਭਾਅ ’ਤੇ ਆਧਆਰਿਤ ਜਾਂ ਜੀਵਨ ਦੇ ਕਿਸੇ ਵੀ ਪੱਖ ਬਾਰੇ ਸਾਲਾਂ ਬੱਧੀ ਅਨੁਭਵ ਦੇ ਨਿਚੋੜ ਵਜੋਂ ਹਾਸਲ ਕੀਤੇ ਸਚ ਨੂੰ, ਸੁੰਦਰ ਸ਼ਬਦ ਯੋਜਨਾ ਨਾਲ ਵਾਕ ਵਿਚ ਬੀੜ ਦਿੰਦਾ ਹੈ ਤਾਂ ਉਹ ਸੀਤ ਕਥਨ ਬਾਰ ਬਾਰ ਲੋਕਾਂ ਵਿਚ ਵਰਤੇ ਜਾਣ ਨਾਲ ਅਖਾਣ ਬਣਨ ਦਾ ਅਧਿਕਾਰੀ ਹੋ ਜਾਂਦਾ ਹੈ। ਧਰਮ ਅਤੇ ਸਦਾਚਾਰ ਨਾਲ ਸੰਬੰਧਿਤ ਨੀਤੀ ਕਥਨ ਵੀ ਇਸੇ ਵਰਗ ਅਧੀਨ ਰੱਖੇ ਜਾ ਸਕਦੇ ਹਨ। ਲੌਕਿਕ ਅਖਾਣਾਂ ਨਾਲੋਂ ਇਨ੍ਹਾਂ ਅਖਾਣਾਂ ਦਾ ਉੱਨਾ ਹੀ ਫਰਕ ਹੈ ਜਿਤਨਾ ਜੰਗਲੀ ਫੁੱਲ ਦਾ ਬਗੀਚੇ ਦੇ ਫੁੱਲ ਨਾਲੋਂ ਹੁੰਦਾ ਹੈ। ਪਹਿਲੇ ਦਾ ਸੋਹਜ ਕੁਦਰਤੀ ਹੈ ਅਤੇ ਦੂਜੇ ਦਾ ਕਲਾਤਮਕ। ਪਹਿਲੇ ਉਤੇ ਲੋਕ ਸੂਝ ਦੀ ਮੋਹਰ ਲਗੀ ਹੁੰਦੀ ਹੈ ਅਤੇ ਦੂਜੇ ਉਤੇ ਸਾਹਿੱਤਕਾਰ ਦੀ ਪ੍ਰਤਿਭਾ ਦੀ। ਪਰ ਪ੍ਰਯੋਗ ਵਿਚ ਇਹ ਦੋਵੇਂ ਕਿਸੇ ਅੰਤਰ ਦੇ ਲਖਾਇਕ ਨਹੀਂ। ਪੰਜਾਬੀ ਸਾਹਿੱਤ ਵਿਚ ਸ਼ੁਰੂ ਤੋਂ  ਹੀ ਅਜਿਹੇ ਕਥਨ ਉਪਲਬਧ ਹਨ, ਜਿਵੇਂ ਫਰੀਦ ਬਾਣੀ ਵਿਚ ਲਿਖਿਆ ਹੈ– “ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁਖ” ਜਾਂ “ਫੀਰਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ”। ਗੁਰਬਾਣੀ ਦੀਆਂ ਸੈਂਕੜੇ ਤੁਕਾਂ ਸੁਚੱਜੇ ਅਖਾਣਾਂ ਦਾ ਰੂਪ ਧਾਰਣ ਕਰਦੀਆਂ ਹਨ ਜਿਵੇਂ ‘ਰੋਟੀਆਂ ਕਾਰੀਣ ਪੂਰਹਿ ਤਾਲ’, ‘ਦੁਖ ਦਾਰੂ ਸੁਖ ਰੋਗੁ ਭਇਆ’,‘ਮਿਠਤੂ ਨੀਵੀ ਨਾਨਕਾ ਗੁਣ ਚੰਗੀਆਈਆ ਤਤੁ’,‘ਆਪਿ ਬੀਜਿ ਆਪੇ ਹੀ ਖਾਇ’। ਭਾਈ ਗੁਰਦਾਸ ਦੀਆਂ ਵਾਰਾਂ ਅਖਾਣਾਂ ਨਾਲ ਭਰਪੂਰ ਹਨ।  ਹਰ ਪਉੜੀ ਵਿਚ ਇਕ ਜਾਂ ਦੋ ਅਖਾਣ ਮਿਲ ਜਾਂਦੇ ਹਨ। ਉਨ੍ਹਾਂ ਨੇ ਕੁਝ ਕਥਾ–ਪ੍ਰਸੰਗਾਂ ਦੇ ਆਧਾਰ ਤੇ ਵੀ ਅਖਾਣਾਂ ਦੀ ਨਿਰਮਾਣ ਕੀਤਾ ਹੈ। ਉਦਾਹਰਣ ਵਜੋਂ ‘ਕਾਵਾਂ ਰੌਲੀ ਮੂਰਖ ਸੰਗੇ’ ਅਖਾਣ ਨੂੰ ਚਿਤਰਨ ਵੇਲੇ ਉਨ੍ਹਾਂ ਨੇ ਪੂਰੀ ਪਉੜੀ ਲਿਖੀ ਹੈ:

                    ਠੰਢੇ ਖੂਹਹੰ ਨ੍ਹਾਇਕੈ ਪਗੁ ਵਿਸਾਰ ਆਯਾ ਸਿਰ ਨੰਗੇ।

                    ਘਰ ਵਿਚ ਰੰਨਾ ਕਮਲੀਆਂ ਧੁਸੀ ਲੀਤੀ ਦੇਖ ਕੁਢੰਗੈ।

                    ਰੰਨਾਂ ਦੇਖ ਪਿਟੰਦੀਆਂ ਢਾਹਾਂ ਮਾਰੈ ਹੋਇ ਨਿਸੰਗੈ।

                    ਲੋਕ ਸਿਆਪੇ ਆਇਆ ਰੰਨਾ ਪੁਰਸ ਜੁੜੇ ਲੈ ਪੰਗੈ।

                    ਨਾਇਣ ਪੁਛਦੀ ਪਿਟਦੀਆਂ ਕਿਤ ਦੇ ਨਾਇ ਅਲਾਹਨੀ ਅੰਗੈ।

                    ਸਹੁਰੇ ਪੁਛਹੁ ਜਾਇ ਕੈ ਕਉਣ ਮੁਆ ਨੂੰਹ ਉਤਰ ਮੰਗੈ।

                    ਕਾਵਾਂ ਰੌਲੀ ਮੂਰਖ ਸੰਗੈ।

          ਪੰਜਾਬੀ ਕਿੱਸਿਆ ਵਿਚ ਵੀ ਅਨੇਕ ਸਤਿ ਕਥਨ ਅਖਾਣ ਵਜੋਂ ਉਪਲਬਧ ਹਨ। ਵਾਰਸ ਅਤੇ ਹਾਸ਼ਮ ਦੀਆਂ ਅਨੇਕ ਤੁਕਾਂ ਸੁੰਦਰ ਅਖਾਣਾਂ ਦੀ ਭੂਮਿਕਾ ਨਿਭਾਉਂਦੀਆਂ ਹਨ–‘ਵਾਰਸ ਸ਼ਾਹ’ ਨਾ ਆਦਤਾਂ ਜਾਂਦੀਆਂ ਨੀ ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ’; ‘ਹਾਸ਼ਮ ਹੋਣ ਜਿਨ੍ਹਾਂ ਦਿਨ ਉਲਟੇ, ਸਭ ਉਲਟੀ ਬਣ ਜਾਵੇ।’ ਇਹ ਗੱਲ ਆਧੁਨਿਕ ਕਵੀਆਂ ਅਤੇ ਕਈ ਹੋਰ ਸਾਹਿੱਤ ਵੰਨਗੀਆਂ ਵਿਚ ਵੀ ਵੇਖੀ ਜਾ ਸਕਦੀ ਹੈ।

          ਪੰਜਾਬੀ ਅਖਾਣਾਂ ਵਿਚ ਪੰਜਾਬੀਆਂ ਦੇ ਸਮੁੱਚੇ ਜੀਵਨ ਦਾ ਬਿੰਬ ਮਿਲਦਾ ਹੈ। ਜੀਵਨ ਦਾ ਕੋਈ ਵੀ ਪਹਿਲੂ ਅਖਾਣਾਂ ਤੋਂ ਅਛੂਤਾ ਨਹੀਂ। ਇਤਨੀ ਵੰਨ–ਸੁਵੰਨਤਾ ਹੋਰਨਾਂ ਭਾਸ਼ਾਵਾਂ ਦੀ ਅਖਾਣ–ਸਾਮਗ੍ਰੀ ਵਿਚ ਘਟ ਹੀ ਮਿਲਦੀ ਹੈ। ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੀ ਵਿਚਾਰਧਾਰਾ ਦਾ ਬੋਧ ਹੁੰਦਾ ਹੈ। ਰੱਬ ਦੀ ਪ੍ਰਾਪਤੀ ਲਈ ਸੰਸਾਰਿਕ ਪ੍ਰਪੰਚ ਤੋਂ ਮਨ ਹਟ ਕੇ ਅਧਿਆਤਮਿਕਤਾ ਚਿਵ ਲਗਾਉਣ ਦਾ ਕਿਤਨਾ ਸਰਲ ਉਪਾਅ ਬੁਲ੍ਹੇ ਸ਼ਾਹ ਨੂੰ ਆਪਣੇ ਮੁਰਸ਼ਿਦ ਸ਼ਾਹ ਅਨਾਇਤ ਦੁਆਰਾ ਸਮਝਾਇਆ ਗਿਆ ਹੈ–‘ਰੱਬ ਦਾ ਕੀ ਪਾਉਣਾ, ਇਧਰੋਂ ਪੁਟਣਾ ਤੇ ਉਧਰ ਲਾਉਣਾ।’ ਪਿੰਡਾਂ ਦੀ ਪ੍ਰਧਾਨਤਾ ਹੋਣ ਕਾਰਣ ਪੰਜਾਬ ਦੇ ਬਹੁਤੇ ਅਖਾਣਾਂ ਦਾ ਸੰਬੰਧ ਪੇਂਡੂ ਜੀਵਨ ਅਤੇ ਖੇਤੀ ਬਾੜੀ ਨਾਲ ਹੈ ਜਿਵੇਂ ‘ਜਿਹਾ ਡੋਡਾ ਪਿਆ ਤਿਹਾ ਚਿੜੀਆਂ ਚੁਗ ਲਿਆ, ਖੇਤੀ ਖਸਮਾਂ ਸੇਤੀ, ਦਬ ਕੇ ਵਾਹ ਤੇ ਰਜ ਕੇ ਖਾਹ, ਕਰ ਮਜੂਰੀ ਤੇ ਖਾਹ ਚੂਰੀ, ਉਦਮ ਅਗੇ ਲਛਮੀ ਪੱਖੇ ਅੱਗੇ ਪਉਣ, ਉਜੜੇ ਖੇਤਾਂ ਦੇ ਗਾਲੜ ਪਟਵਾਰੀ।’ ਇਨ੍ਹਾਂ ਅਖਾਣਾਂ ਤੋਂ ਪੰਜਾਬੀਆਂ ਦੇ ਮਨ ਦੀਆਂ ਅਵਸਥਾਵਾਂ ਦਾ ਵੀ ਬੋਧ ਹੁੰਦਾ ਹੈ।

          ਪੰਜਾਬੀ ਅਖਾਣਾਂ ਵਿਚੋਂ ਕੁਝ ਦਾ ਸੰਬੰਧ ਭੂਗੋਲ ਅਤੇ ਇਤਿਹਾਸ ਨਾਲ ਵੀ ਹੈ, ਜਿਵੇਂ “ਪੰਜਾਬੀ ਦੇ ਜੰਮਿਆ ਨੂੰ ਨਿਤ ਮੁਹਿੰਮਾਂ, ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ, ਕਾਲਬ ਦਾ ਸਰਦਾ ਫਿਰੋਜ਼ਪੁਰ ਦਾ ਗਰਦਾ, ਆਏ ਨੀ ਨਿਹੰਗ ਬੂਹੇ ਖੋਲ੍ਹ ਦੇ ਨਿਸੰਗ” ਆਦਿ ਅਖਾਣ ਪੰਜਾਬ ਦੀ ਭੂਗੋਲਿਕ ਅਤੇ ਇਤਿਹਾਸਕ ਗਤੀ–ਵਿਧੀ ਦੀ ਸਾਖ ਭਰਦੇ ਹਨ।

          ਅਧਿਕਤਰ ਅਖਾਣ ਗੱਦਾਤਮਕ ਵਾਕਾਂ ਦੇ ਰੂਪ ਵਿਚ ਉਪਲਬਧ ਹੁੰਦੇ ਹਨ, ਪਰ ਕੁਝ ਵਿਚ ਕਾਵਿਕ ਲੈਅ ਵੀ ਹੁੰਦੀ ਹੈ ਜਿਵੇਂ “ਜਿਹਾ ਦੇਸ ਤਿਹਾ ਵੇਸ, ਅਗਾ ਦੌੜ ਤੇ ਪਿਛਾ ਚੌੜ।” ਕੁਝ ਅਖਾਣ ਛੰਦ–ਬੱਧ ਵੀ ਹੁੰਦੇ ਹਨ, ਜਿਵੇਂ:

                   ਤਿਤਰ ਖੰਭੀ ਬਦਲੀ ਰੰਨ ਮੁਲਾਈ ਖਾ।

                   ਉਹ ਵਸੇ ਉਹ ਉਧਲੇ ਖਾਲੀ ਮੂਲ ਨਾ ਜਾ।

          ਅਖਾਣਾਂ ਦੀ ਬੋਲੀ ਸਰਲ ਅਤੇ ਲੋਕ–ਜੀਵਨ ਦੇ ਬਹੁਤ ਨੇੜੇ ਹੁੰਦੀ ਹੈ। ਔਖੇ ਅਖਾਣ ਜਨ–ਸੂਝ ਤੇ ਖਰੇ ਨਾ ਉਤਰਨ ਕਾਰਣ ਆਪਣਾ ਗੌਰਵ ਖ਼ਤਮ ਕਰ ਲੈਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.