ਲੰਗਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੰਗਰ (ਨਾਂ,ਪੁ) 1 ਗਰੀਬਾਂ ਨੂੰ ਰੋਟੀ ਖੁਆਏ ਜਾਣ ਵਾਲਾ ਥਾਂ 2 ਗੁਰਦੁਆਰੇ ਆਦਿ ਵਿੱਚ ਸੰਗਤ ਨੂੰ ਰੋਟੀ ਖੁਆਉਣ ਦੀ ਥਾਂ 3 ਸਮੁੰਦਰੀ ਜਹਾਜ਼ ਦੇ ਸੰਗਲ ਨਾਲ ਬੰਨ੍ਹਿਆ ਲੋਹੇ ਦਾ ਭਾਰੀ ਟੁਕੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲੰਗਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੰਗਰ 1 [ਨਾਂਪੁ] ਗੁਰਦੁਆਰੇ ਵਿੱਚ ਸੰਗਤ ਦੁਆਰਾ ਸਮੂਹਿਕ ਰੂਪ ਵਿੱਚ ਕੀਤਾ ਜਾਣ ਵਾਲ਼ਾ ਭੋਜਨ; ਭੋਜਨ, ਖਾਣਾ 2 [ਨਾਂਪੁ] ਪਹਿਲਵਾਨਾਂ ਦਾ ਇੱਕ ਦਾਅ 3 [ਨਾਂਪੁ] ਲੋਹੇ ਦਾ ਇੱਕ ਨੋਕਦਾਰ ਵਜ਼ਨ ਜੋ ਜਹਾਜ਼ ਵਿੱਚ ਰੱਸੀ ਨਾਲ਼ ਬੰਨ੍ਹਿਆ ਹੁੰਦਾ ਹੈ ਅਤੇ ਜਿੱਥੇ ਜਹਾਜ਼ ਖੜ੍ਹਾ ਕਰਨਾ ਹੋਵੇ ਉਥੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲੰਗਰ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਲੰਗਰ : ਲੰਗਰ ਫ਼ਾਰਸੀ ਮੂਲ ਦਾ ਸ਼ਬਦ ਹੈ ਜਿਸ ਦਾ ਇੱਕ ਅਰਥ ਗ਼ਰੀਬਾਂ ਨੂੰ ਮੁਫ਼ਤ ਰੋਟੀ ਖਵਾਉਣਾ ਹੈ। ਸਮਾਂ ਪਾ ਕੇ ਇਸ ਸ਼ਬਦ ਦਾ ਅਰਥ ਵਿਸਥਾਰ ਹੋ ਗਿਆ। ਕਿਸੇ ਮਹਾਨ ਪੁਰਖ ਦੁਆਰਾ ਆਪਣੇ ਪਾਸ ਜਾਂ ਆਪਣੇ ਡੇਰੇ ਵਿੱਚ ਰਹਿਣ ਵਾਲੇ ਲੋਕਾਂ, ਆਪਣੇ ਪੈਰੋਕਾਰਾਂ, ਸਾਧੂ, ਸੰਤਾਂ, ਫ਼ਕੀਰਾਂ ਅਤੇ ਜ਼ਰੂਰਤਮੰਦਾਂ ਲਈ ਖਾਣ-ਪੀਣ ਦਾ ਮੁਫ਼ਤ ਪ੍ਰਬੰਧ ਵੀ ਲੰਗਰ ਆਖਿਆ ਜਾਣ ਲੱਗਾ। ਲੰਗਰ ਦੀ ਪ੍ਰਥਾ ਪ੍ਰਾਚੀਨ ਹੈ। ਮਹਾਤਮਾ ਬੁੱਧ ਦੇ ਸਮੇਂ ਬੋਧੀ ਭਿਕਸ਼ੂਆਂ ਅਤੇ ਗ਼ਰੀਬਾਂ ਲਈ ਲੰਗਰ ਦਾ ਪ੍ਰਬੰਧ ਹੁੰਦਾ ਸੀ। ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਬਾਰ੍ਹਵੀਂ-ਤੇਰ੍ਹਵੀਂ ਸਦੀ ਵਿੱਚ ਸੂਫ਼ੀ ਸੰਤਾਂ ਦੀਆਂ ਦਰਗਾਹਾਂ ਵਿੱਚ ਸਭ ਲਈ ਸਾਂਝਾ ਖਾਣ-ਪੀਣ ਦਾ ਪ੍ਰਬੰਧ ਸੀ ਜਿਸ ਨੂੰ ਲੰਗਰ ਆਖਿਆ ਜਾਂਦਾ ਸੀ।
ਸਿੱਖ ਧਰਮ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ-ਕਾਲ ਵਿੱਚ ਲੰਗਰ ਦੀ ਪ੍ਰਥਾ ਚੱਲ ਪਈ ਸੀ। ਸੰਗਤਾਂ ਦੀ ਸਥਾਪਨਾ ਹੋਣ ਨਾਲ ਹੀ ਰਲ ਕੇ ਸਭ ਗ਼ਰੀਬ-ਅਮੀਰ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਲੱਗ ਪਏ ਸਨ। ਇਸ ਨਾਲ ਜਿੱਥੇ ਲੋੜਵੰਦਾਂ ਨੂੰ ਮੁਫ਼ਤ ਰੋਟੀ ਮਿਲਦੀ ਸੀ, ਉੱਥੇ ਸਭ ਵਿੱਚ ਬਰਾਬਰੀ ਦੀ ਭਾਵਨਾ ਤੇ ਮਿਲ-ਬੈਠਣ ਦੀ ਰੀਤ ਵੀ ਪਰਿਪੱਕ ਹੁੰਦੀ ਸੀ। ਸਿੱਖ ਇਤਿਹਾਸ ਵਿੱਚ ਲੰਗਰ ਅਤੇ ਪੰਗਤ ਸ਼ਬਦ ਇਕੱਠੇ ਹੀ ਆਉਂਦੇ ਹਨ। ਗੁਰੂ ਨਾਨਕ ਸਾਹਿਬ ਨੇ ਜਿੱਥੇ-ਜਿੱਥੇ ਵੀ ਗੁਰਮਤਿ ਦੇ ਪ੍ਰਚਾਰ ਨਾਲ ਵੱਡੇ-ਵੱਡੇ ਧਾਰਮਿਕ ਜਾਂ ਸਮਾਜਿਕ ਆਗੂਆਂ ਨੂੰ ਗੁਰਮਤਿ ਅਨੁਸਾਰ ਚੱਲਣ ਲਈ ਤਿਆਰ ਕੀਤਾ, ਉੱਥੇ ਉਹਨਾਂ ਸਮਰੱਥ ਵਿਅਕਤੀਆਂ ਨੂੰ ਲੰਗਰ ਚਲਾਉਣ ਲਈ ਵੀ ਹੁਕਮ ਕੀਤਾ। ਸਿੱਖ ਧਾਰਮਿਕ ਸਾਹਿਤ ਵਿੱਚ ਇਸ ਦੇ ਹਵਾਲੇ ਮਿਲਦੇ ਹਨ ਕਿ ਕਿਵੇਂ ਆਪ ਨੇ ਰਾਜਾ ਸ਼ਿਵਨਾਭ, ਮਲਕ ਭਾਗੋ, ਸੱਜਣ ਠੱਗ ਆਦਿ ਨੂੰ ਲੰਗਰ ਚਲਾਉਣ ਲਈ ਆਖਿਆ। ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਕਰਨ ਉਪਰੰਤ ਕਰਤਾਰਪੁਰ ਵਿਖੇ ਗ੍ਰਿਸਤੀ ਬਾਣਾ ਧਾਰਨ ਕਰਕੇ ਕਿਰਤ ਕਰਨ ਲੱਗੇ ਤਾਂ ਆਪ ਨੇ ਆਪਣੀ ਕਮਾਈ ਵਿੱਚੋਂ ਦਰਸ਼ਨ ਹਿਤ ਆਈਆਂ ਸੰਗਤਾਂ ਲਈ ਪ੍ਰਸ਼ਾਦੇ-ਪਾਣੀ ਦਾ ਪ੍ਰਬੰਧ ਕੀਤਾ। ਸਾਰੇ ਗ਼ਰੀਬ-ਅਮੀਰ, ਉੱਚੇ-ਨੀਵੇਂ ਲੋਕ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਸਨ। ਆਮ ਸਿੱਖ ਵੀ ਆਪਣੀ ਕਮਾਈ ਵਿੱਚੋਂ ਧਨ ਦੇ ਰੂਪ ਵਿੱਚ ਜਾਂ ਰਸਦ ਆਦਿ ਦੇ ਰੂਪ ਵਿੱਚ ਹਿੱਸਾ ਪਾਉਂਦੇ ਸਨ। ਕਿਰਤੀ ਲੋਕ ਪੂਰੀ ਇਮਾਨਦਾਰੀ ਨਾਲ ਆਪਣੇ ਹੱਥੀਂ ਕੀਤੀ ਕਿਰਤ ਵਿੱਚ ਦਸਵਾਂ ਹਿੱਸਾ ਦਾਨ ਕਰਦੇ ਸਨ, ਜਿਸ ਨੂੰ ਸਿੱਖ ਸ਼ਬਦਾਵਲੀ ਵਿੱਚ ਦਸਵੰਧ ਆਖਿਆ ਜਾਂਦਾ ਹੈ।
ਗੁਰੂ ਅੰਗਦ ਦੇਵ ਨੇ ਗੁਰਗੱਦੀ ਤੇ ਬਿਰਾਜਮਾਨ ਹੋਣ ਉਪਰੰਤ ਲੰਗਰ ਨੂੰ ਪੱਕੇ ਪੈਰਾਂ ਤੇ ਕਰਨ ਲਈ ਬੜੇ ਗੰਭੀਰ ਯਤਨ ਕੀਤੇ। ਇਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਰਾਮਕਲੀ ਕੀ ਵਾਰ ਕ੍ਰਿਤ ਰਾਇ ਬਲਵੰਡ ਤੇ ਸਤੇ ਡੂਮ ਨੇ ਜ਼ਿਕਰ ਕੀਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਲੰਗਰ ਵਿੱਚ ਅਨੇਕ ਪ੍ਰਕਾਰ ਦੇ ਰਸਦਾਇਕ ਭੋਜਨ ਪ੍ਰੋਸੇ ਜਾਂਦੇ ਸਨ। ਸੰਗਤਾਂ ਪ੍ਰੇਮ ਨਾਲ ਛਕਦੀਆਂ ਸਨ। ਲੰਗਰ ਦੀ ਦੇਖ-ਭਾਲ ਅਤੇ ਪ੍ਰਬੰਧ ਗੁਰੂ ਕੇ ਮਹਿਲ ਮਾਤਾ ਖੀਵੀ ਦੇ ਅਧੀਨ ਸੀ। ਉਹ ਆਪ ਵਿਸ਼ੇਸ਼ ਰੁਚੀ ਲੈਂਦੇ ਸਨ ਅਤੇ ਗੁਰੂ ਸਾਹਿਬ ਵੀ ਉਹਨਾਂ ਦੀ ਲੋੜੀਂਦੀ ਮਦਦ ਕਰਦੇ ਸਨ।
ਗੁਰੂ ਅਮਰਦਾਸ ਜੀ ਦੇ ਗੁਰਿਆਈ ਕਾਲ ਵਿੱਚ ਤਾਂ ‘ਪਹਿਲੇ ਪੰਗਤਿ ਪਾਛੇ ਸੰਗਤਿ’ ਸਿੱਧਾ ਸਿਖਰਾਂ ਤੇ ਪੁੱਜ ਗਿਆ। ਇਸ ਦਾ ਭਾਵ ਸੀ ਕਿ ਪਹਿਲਾਂ ਦਰਬਾਰ ਵਿੱਚ ਆਉਣ ਵਾਲਾ ਹਰ ਵਿਅਕਤੀ ਭਾਵੇਂ ਰਾਜਾ ਹੋਵੇ ਜਾਂ ਰੰਕ, ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ। ਸਿੱਖ ਇਹਿਤਾਸ ਵਿੱਚ ਇਹ ਸਾਖੀ ਪ੍ਰਸਿੱਧ ਹੈ ਕਿ ਜਦੋਂ ਅਕਬਰ ਬਾਦਸ਼ਾਹ ਗੁਰੂ ਸਾਹਿਬ ਦੀ ਸ਼ੋਭਾ ਸੁਣ ਕੇ ਦਰਸ਼ਨ ਕਰਨ ਆਇਆ ਤਾਂ ਉਸ ਨੂੰ ਵੀ ਗੁਰੂ ਜੀ ਦੇ ਹੁਕਮ ਅਨੁਸਾਰ ਪਹਿਲਾਂ ਸੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਿਆ ਸੀ ਤੇ ਉਸ ਮਗਰੋਂ ਉਸ ਨੂੰ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਸਨ। ਗੁਰੂ ਸਾਹਿਬ ਨੇ ਬਾਦਸ਼ਾਹ ਪਾਸੋਂ ਲੰਗਰ ਲਈ ਜਗੀਰ ਸ੍ਵੀਕਾਰ ਨਹੀਂ ਕੀਤੀ ਸੀ। ਲੰਗਰ ਤਿਆਰ ਕਰਨ ਦੀ ਸੇਵਾ ਸਿੱਖ ਸੰਗਤਾਂ ਆਪ ਕਰਦੀਆਂ ਸਨ। ਭਾਈ ਜੇਠਾ ਜੀ (ਬਾਅਦ ਵਿੱਚ ਗੁਰੂ ਰਾਮਦਾਸ ਜੀ) ਖ਼ੁਦ ਜੰਗਲ ਵਿੱਚੋਂ ਲੰਗਰ ਲਈ ਲੱਕੜਾਂ ਲੈ ਕੇ ਆਉਂਦੇ ਸਨ। ਲੰਗਰ ਵਰਤਾਉਂਦੇ ਸਨ ਤੇ ਸੰਗਤਾਂ ਦੇ ਜੂਠੇ ਭਾਂਡੇ ਮਾਂਜਦੇ ਸਨ।
ਗੁਰੂ ਅਰਜਨ ਸਾਹਿਬ ਦੇ ਸਮੇਂ ਅੰਮ੍ਰਿਤਸਰ ਸ਼ਹਿਰ ਵੱਸ ਗਿਆ, ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਹੋਇਆ। ਇਹ ਸ਼ਹਿਰ ਸਿੱਖਾਂ ਦਾ ਕੇਂਦਰੀ ਧਾਰਮਿਕ ਸਥਾਨ ਬਣ ਗਿਆ। ਇੱਥੇ ਬਹੁ-ਗਿਣਤੀ ਵਿੱਚ ਸੰਗਤਾਂ ਆਉਂਦੀਆਂ ਜਿਨ੍ਹਾਂ ਲਈ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਭਾਵੇਂ ਕੁਝ ਸਮਾਂ ਪ੍ਰਿਥੀ ਚੰਦ ਦੀਆਂ ਸਾਜ਼ਸ਼ਾਂ ਕਾਰਨ ਲੰਗਰ ਮਸਤਾਨ ਵੀ ਰਿਹਾ ਪਰ ਜਲਦੀ ਸੰਗਤਾਂ ਨੂੰ ਅਸਲੀਅਤ ਦਾ ਗਿਆਨ ਹੋ ਗਿਆ ਤਾਂ ਹਾਲਾਤ ਸੁਧਰ ਗਏ। ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿੱਥੇ-ਜਿੱਥੇ ਸੰਗਤਾਂ ਸਥਾਪਿਤ ਕੀਤੀਆਂ ਉੱਥੇ-ਉੱਥੇ ਲੰਗਰ-ਪੰਗਤ ਦੀ ਸਥਾਪਨਾ ਵੀ ਕੀਤੀ।
ਗੁਰੂ ਗੋਬਿੰਦ ਸਿੰਘ ਜੀ ਨੇ “ਦੇਗ਼ ਤੇਗ ਜਗ ਮਹਿ ਦੋਊ ਚਲੈ” ਆਖ ਕੇ ਲੰਗਰ ਨਾਲ ਤੇਗ ਦੇ ਚੱਲਣ ਦੀ ਗੱਲ ਵੀ ਕੀਤੀ ਜਿਸ ਦਾ ਭਾਵ ਸੀ ਕਿ ਸ੍ਵੈਮਾਨ ਅਤੇ ਧਰਮ ਦੀ ਰਾਖੀ ਲਈ ਜ਼ਾਲਮ ਨੂੰ ਤੇਗ ਨਾਲ ਹੀ ਸਿੱਧੇ ਰਸਤੇ ਪਾਇਆ ਜਾ ਸਕਦਾ ਹੈ। ਇਉਂ ਉਹਨਾਂ ਦੇ ਜੀਵਨ ਕਾਲ ਵਿੱਚ ਦੇਗ਼ ਅਤੇ ਤੇਗ ਬਰਾਬਰ ਚੱਲਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਨਿੱਜੀ ਤੌਰ ’ਤੇ ਲੰਗਰ ਵਿੱਚ ਦਿਲਚਸਪੀ ਲੈਂਦੇ ਸਨ। ਉਹਨਾਂ ਨੇ ਇੱਕ ਵਾਰ ਭੇਸ ਵਟਾ ਕੇ ਸਭ ਲੰਗਰਾਂ ਵਿੱਚ ਜਾ ਕੇ ਉਹਨਾਂ ਦਾ ਪ੍ਰਬੰਧ ਦੇਖਿਆ ਅਤੇ ਭਾਈ ਨੰਦ ਲਾਲ ਜੀ ਦੇ ਲੰਗਰ ਨੂੰ ਸਭ ਤੋਂ ਚੰਗਾ ਦੱਸਿਆ ਸੀ।
ਬਾਬਾ ਬੰਦਾ ਬਹਾਦਰ ਦੇ ਜੀਵਨ-ਕਾਲ ਵਿੱਚ ਅਤੇ ਉਪਰੰਤ ਸਿੱਖ ਮਿਸਲਾਂ ਦੀ ਸਥਾਪਨਾ ਮਗਰੋਂ ਦੇਗ਼ ਤੇਗ ਦੋਨੋਂ ਬਰਾਬਰ ਚੱਲਦੇ ਰਹੇ। ਸਿੱਖ ਜੰਗਲਾਂ ਵਿੱਚ ਰਹਿੰਦੇ ਵੀ ਲੰਗਰ ਤਿਆਰ ਕਰਕੇ ਸਭ ਨੂੰ ਅਵਾਜ਼ ਦਿੰਦੇ ਸਨ ਅਤੇ ਪੰਗਤ ਵਿੱਚ ਲੰਗਰ ਛਕਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਲੰਗਰ ਦੀ ਪ੍ਰਥਾ ਨੂੰ ਸਸ਼ਕਤ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ। ਉਹਨਾਂ ਨੇ ਗੁਰਦੁਆਰਿਆਂ ਦੇ ਨਾਮ ਲੰਗਰ ਚਲਾਉਣ ਲਈ ਜਗੀਰਾਂ ਲਗਵਾਈਆਂ, ਜਿਨ੍ਹਾਂ ਨਾਲ ਗ਼ਰੀਬ-ਗ਼ੁਰਬੇ, ਮੁਸਾਫ਼ਰਾਂ ਤੇ ਲੋੜਵੰਦਾਂ ਨੂੰ ਪ੍ਰਸ਼ਾਦਾ ਮਿਲਦਾ ਰਿਹਾ ਭਾਵੇਂ ਬਾਅਦ ਵਿੱਚ ਇਹ ਜਗੀਰਾਂ ਗੁਰਦੁਆਰਾ ਪ੍ਰਬੰਧ ਵਿੱਚ ਗਿਰਾਵਟ ਦਾ ਕਾਰਨ ਵੀ ਬਣੀਆਂ।
ਲਗਭਗ ਸਾਰੇ ਵੱਡੇ ਗੁਰਦੁਆਰਿਆਂ ਵਿੱਚ ਲੰਗਰ ਦਾ ਪ੍ਰਬੰਧ ਹੈ ਪਰ ਪਿੰਡਾਂ ਜਾਂ ਛੋਟੇ ਮੋਟੇ ਕਸਬਿਆਂ ਵਿੱਚ ਗੁਰਦੁਆਰੇ ਦੇ ਗ੍ਰੰਥੀ ਗਜਾ ਕਰਕੇ ਰੋਟੀਆਂ ਲਿਆਉਂਦੇ ਹਨ ਤੇ ਆਏ ਗਏ ਮੁਸਾਫ਼ਰਾਂ ਜਾਂ ਗ਼ਰੀਬ-ਗ਼ੁਰਬਿਆਂ ਅਤੇ ਲੋੜਵੰਦਾਂ ਨੂੰ ਛਕਾਉਂਦੇ ਹਨ।
ਵੱਖ-ਵੱਖ ਗੁਰਪੁਰਬਾਂ ਤੇ ਧਾਰਮਿਕ ਸਮਾਗਮਾਂ ਦੌਰਾਨ ਸਿੱਖ ਲੰਗਰ ਦਾ ਪ੍ਰਬੰਧ ਕਰਦੇ ਹਨ। ਰਸਤੇ ਵਿੱਚ ਥਾਂ-ਥਾਂ ਲੰਗਰ ਲਗਾਉਂਦੇ ਹਨ ਤਾਂ ਕਿ ਸਮਾਗਮਾਂ ਨੂੰ ਜਾ ਰਹੇ ਸਿੱਖ ਸ਼ਰਧਾਲੂ ਪ੍ਰਸ਼ਾਦੇ ਪੱਖੋਂ ਤੰਗ ਨਾ ਹੋਣ। ਪਹਿਲਾਂ ਸਿੱਖ ਆਪਣੇ ਹੱਥੀਂ ਲੰਗਰ ਤਿਆਰ ਕਰਕੇ ਵਰਤਾਉਂਦੇ ਸਨ ਪਰ ਹੁਣ ਬਹੁਤ ਸਾਰੇ ਅਮੀਰ ਲੋਕ ਨੌਕਰਾਂ ਤੋਂ ਲੰਗਰ ਤਿਆਰ ਕਰਵਾ ਕੇ ਉਹਨਾਂ ਨੂੰ ਹੀ ਵਰਤਾਣ ਤੇ ਲਗਾ ਰਹੇ ਹਨ, ਜਿਸ ਕਾਰਨ ਲੰਗਰ ਦੀ ਮੂਲ ਸੇਵਾ ਭਾਵ ਦਾ ਪਤਨ ਹੋ ਰਿਹਾ ਹੈ। ਪੱਛਮੀ ਪ੍ਰਭਾਵ ਅਧੀਨ ਕਈ ਵਿਵਾਦ ਹੋ ਰਹੇ ਹਨ ਜਿਵੇਂ ਲੰਗਰ ਕੁਰਸੀ-ਮੇਜ਼ ਤੇ ਛਕਿਆ ਜਾ ਸਕਦਾ ਹੈ ਜਾਂ ਨਹੀਂ ਆਦਿ।
ਲੰਗਰ ਦੀ ਪ੍ਰਥਾ ਦਾ ਸਿੱਖਾਂ ਤੇ ਬਹੁਤ ਪ੍ਰਭਾਵ ਹੈ ਜਿਵੇਂ ਇਹਨਾਂ ਵਿੱਚ ਬਿਨਾਂ ਵਿਤਕਰੇ ਦੇ ਸੇਵਾ ਕਰਨ ਦੀ ਭਾਵਨਾ ਵਧਦੀ ਹੈ, ਸਭ ਮਨੁੱਖ ਇੱਕ ਪ੍ਰਭੂ ਦਾ ਰੂਪ ਹਨ, ਨੂਰ ਹਨ, ਇਸ ਖ਼ਿਆਲ ਕਾਰਨ ਬਰਾਬਰੀ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਵਿੱਚ ਸੇਵਾ ਕਰਨ ਨਾਲ ਨਿਮਰਤਾ ਆਉਂਦੀ ਹੈ। ਸਿੱਖ ਅਰਥਚਾਰੇ ਦਾ ਇੱਕ ਅਨਿਖੜਵਾਂ ਅੰਗ ਹੈ, ਵੰਡ ਛਕੋ। ਇਹ ਵੰਡ ਛਕਣ ਦੀ ਭਾਵਨਾ ਹੀ ਲੰਗਰ ਦੀ ਪ੍ਰਥਾ ਦਾ ਮੂਲ ਹੈ। ਇਸ ਲੰਗਰ ਦੀ ਪ੍ਰਥਾ ਕਾਰਨ ਕੋਈ ਗ਼ਰੀਬ-ਲੋੜਵੰਦ ਕਦੇ ਭੁੱਖਾ ਨਹੀਂ ਸੌਂਦਾ। ਉਸ ਨੂੰ ਲੰਗਰ ਵਿੱਚੋਂ ਰੱਜਵੀਂ ਰੋਟੀ ਮਿਲਦੀ ਹੈ। ਇਸ ਪ੍ਰਥਾ ਵਿੱਚ ਆ ਰਹੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਕੌਮ ਨੂੰ ਮਿਲ ਕੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਇਸ ਸ਼ਾਨਦਾਰ ਕੌਮੀ ਰਵਾਇਤ ਦੀ ਮੂਲ ਭਾਵਨਾ ਕਾਇਮ ਰਹਿ ਸਕੇ।
ਲੇਖਕ : ਗੁਰਮੁਖ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 4692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-06-03-30-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First