ਵਧੇਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਧੇਤਰ : ਧਾਤੂਆਂ ਨਾਲ ਜੁੜ ਕੇ ਨਵੇਂ ਸ਼ਬਦ ਬਣਾਉਣ ਵਾਲੀਆਂ ਇਕਾਈਆਂ ਨੂੰ ਵਧੇਤਰ ਕਹਿੰਦੇ ਹਨ । ਵਧੇਤਰ ਆਪ ਖ਼ੁਦ ਸ਼ਬਦ ਵਜੋਂ ਨਹੀਂ ਵਿਚਰ ਸਕਦੇ ਕੇਵਲ ਧਾਤੂਆਂ ਨਾਲ ਜੁੜ ਕੇ ਹੀ ਵਿਚਰ ਸਕਦੇ ਹਨ । ਇਸ ਪ੍ਰਕਾਰ ਸ਼ਬਦ ਦੀ ਬਣਤਰ ਵਿੱਚ ਵਿਚਰਨ ਵਾਲੀਆਂ ਇਕਾਈਆਂ ਨੂੰ ਧਾਤੂ ਅਤੇ ਵਧੇਤਰ ਵਿੱਚ ਵੰਡਿਆ ਜਾਂਦਾ ਹੈ । ਨਿਮਨ ਸ਼ਬਦਾਂ ਨੂੰ ਦੋ-ਦੋ ਇਕਾਈਆਂ ਵਿੱਚ ਵੰਡਿਆ ਜਾ ਸਕਦਾ ਹੈ ਚਿੜੀਆਂ = ਚਿੜੀ + ਆਂ , ਅਗਿਆਨੀ = ਆ + ਗਿਆਨੀ , ਕਰ = ਕ-ਰ + ਆ । ਇਹਨਾਂ ਸ਼ਬਦਾਂ ਵਿੱਚ ਚਿੜੀ , ਗਿਆਨੀ ਅਤੇ ਕਰ ਧਾਤੂ ਹਨ ਅਤੇ ਆਂ , ਅ ਅਤੇ ਆ ਵਧੇਤਰ ਹਨ । ਬਣਤਰ ਦੇ ਪੱਖ ਤੋਂ ਸ਼ਬਦਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ , ਭਾਵ ਇਕਹਿਰੇ ਰੂਪ ਵਾਲੇ ਸ਼ਬਦ ਅਤੇ ਮਿਸ਼ਰਤ ਰੂਪ ਵਾਲੇ ਸ਼ਬਦ । ਇਕਹਿਰੇ ਰੂਪ ਵਾਲੇ ਸ਼ਬਦਾਂ ਦੀ ਬਣਤਰ ਮੂਲ ਰੂਪ ਜਾਂ ਧਾਤੂ ਆਧਾਰਿਤ ਹੁੰਦੀ ਹੈ , ਜਿਵੇਂ : ਦੌੜ , ਭੱਜ , ਖਾ , ਨੀਲਾ , ਪੀਲਾ ਆਦਿ ਇਕਹਿਰੇ ਰੂਪ ਹਨ ਪਰ ਦੂਜੇ ਪਾਸੇ ਸੰਬੰਧਕ , ਯੋਜਕ ਅਤੇ ਪਾਰਟੀਕਲਜ਼ ( ਨੇ , ਨੂੰ , ਦਾ , ਤੇ , ਅਤੇ , ਹੀ , ਵੀ , ਨਾ ) ਸ਼ਬਦ ਇਕਹਿਰੇ ਰੂਪ ਵਾਲੇ ਹੁੰਦੇ ਹਨ ਅਤੇ ਇਹਨਾਂ ਦਾ ਰੋਲ ਵਾਕਾਤਮਿਕ ਪੱਧਰ ਦਾ ਹੁੰਦਾ ਹੈ । ਮਿਸ਼ਰਤ ਸ਼ਬਦਾਂ ਦੀ ਬਣਤਰ ਵਿੱਚ ਮੂਲ ਰੂਪ ਭਾਵ ਧਾਤੂ ਤੋਂ ਇਲਾਵਾ ਵਧੇਤਰ ਵੀ ਵਿਚਰਦੇ ਹਨ । ਵਧੇਤਰ ਦੀ ਪਛਾਣ ਹਿਤ ਕਿਹਾ ਜਾ ਸਕਦਾ ਹੈ ਕਿ ਵਧੇਤਰਾਂ ਦੀ ਗਿਣਤੀ ਸੀਮਿਤ ਹੁੰਦੀ ਹੈ । ਵਿਚਰਨ ਸਥਾਨ ਦੇ ਪੱਖ ਤੋਂ ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ-ਮੂਲ ਰੂਪ ਜਾਂ ਧਾਤੂ ਤੋਂ ਪਹਿਲਾਂ ਵਿਚਰਨ ਵਾਲੇ ਨੂੰ ਅਗੇਤਰ , ਪਿੱਛੋਂ ਵਿਚਰਨ ਵਾਲੇ ਨੂੰ ਪਿਛੇਤਰ ਅਤੇ ਧਾਤੂ ਦੇ ਮੱਧ ਵਿੱਚ ਵਿਚਰਨ ਵਾਲੇ ਨੂੰ ਵਿੱਚੇਤਰ ਜਾਂ ਮਧੇਤਰ ਕਿਹਾ ਜਾਂਦਾ ਹੈ । ਧਾਤੂ ਸ਼ਬਦ ਦਾ ਕੇਂਦਰੀ ਤੱਤ ਹੈ ਅਤੇ ਵਧੇਤਰ ਇਸ ਦੇ ਬਾਹਰੀ ਤੱਤ ਹਨ । ਧਾਤੂ ਵਿੱਚ ਮੂਲ ਸ਼ਬਦ ਹੁੰਦੇ ਹਨ । ਜਦੋਂ ਸ਼ਬਦ ਨੂੰ ਵਿਆਕਰਨ ਦੀ ਇਕਾਈ ਵਜੋਂ ਵਾਕਾਤਮਿਕ ਬਣਤਰ ਵਿੱਚ ਵਰਤਿਆ ਜਾਂਦਾ ਹੈ ਤਾਂ ਵਧੇਤਰ ਇਸ ਦੀ ਬਣਤਰ ਵਿੱਚ ਵਾਧਾ ਕਰਦੇ ਹਨ । ਵਧੇਤਰ ਵਜੋਂ ਵਿਚਰਨ ਵਾਲਾ ਹਰ ਇੱਕ ਤੱਤ ਕਿਸੇ ਲੱਛਣ ਦਾ ਸੂਚਕ ਹੁੰਦਾ ਹੈ , ਜਿਵੇਂ : ‘ ਲਿਖਦੇ` ਵਿੱਚ ‘ ਲਿਖ` ( ਧਾਤੂ ) ਦਾ ( ਕਾਲ-ਸੂਚਕ ) ਅਤੇ ( ਏ ) ਵਚਨ ਤੇ ਲਿੰਗ-ਸੂਚਕ ਹੈ । ਵਿਆਕਰਨਿਕ ਸ਼ਬਦ ਤੋਂ ਇਲਾਵਾ ਕੋਸ਼ਗਤ ਸ਼ਬਦਾਂ ਵਿੱਚ ਜਿਵੇਂ : ‘ ਸ਼ੁਧ` ਹਾਂ-ਸੂਚਕ ਸ਼ਬਦ ਹੈ ਪਰ ‘ ਅ` ਵਧੇਤਰ ਨਾਲ ਇਹ ਨਾਂਹ-ਸੂਚਕ ਹੋ ਜਾਂਦਾ ਹੈ ਜਿਵੇਂ ‘ ਅਸ਼ੁਧ` । ਧਾਤੂ ਸ਼ਬਦ ਵਜੋਂ ਵਿਚਰਨ ਦੀ ਸਮਰੱਥਾ ਰੱਖਦੇ ਹਨ ਪਰ ਵਧੇਤਰ ਸੁਤੰਤਰ ਤੌਰ `ਤੇ ਸ਼ਬਦ ਵਜੋਂ ਨਹੀਂ ਵਿਚਰ ਸਕਦੇ । ਵਧੇਤਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਰੂਪਾਂਤਰੀ ਅਤੇ ਵਿਉਤਪਤ । ਵਿਚਰਨ ਸਥਾਨ ਦੇ ਪੱਖ ਤੋਂ ਰੂਪਾਂਤਰੀ ਵਧੇਤਰ ਸਿਰਫ਼ ਪਿਛੇਤਰਾਂ ਦੇ ਤੌਰ `ਤੇ ਹੀ ਵਰਤੇ ਜਾਂਦੇ ਹਨ ਅਤੇ ਇਹ ਸ਼ਬਦ ਦੇ ਅੰਤ `ਤੇ ਆ ਕੇ ਸ਼ਬਦ ਦੇ ਵਿਆਕਰਨਿਕ ਲੱਛਣਾਂ ( ਲਿੰਗ , ਵਚਨ , ਕਾਲ ਆਦਿ ) ਦੀ ਸੂਚਨਾ ਪ੍ਰਦਾਨ ਕਰਦੇ ਹਨ । ਇਹਨਾਂ ਦੀ ਵਰਤੋਂ ਨਾਲ ਸ਼ਬਦਾਂ ਦੀ ਰੂਪਾਵਲੀ ਹੋਂਦ ਵਿੱਚ ਆਉਂਦੀ ਹੈ ਜਿਵੇਂ : ‘ ਮੁੰਡਾ , ਮੁੰਡੇ , ਮੁੰਡਿਆਂ , ਮੁੰਡਿਓ` , ‘ ਸੋਹਣਾ , ਸੋਹਣੇ , ਸੋਹਣੀ , ਸੋਹਣੀਆਂ , ਸੋਹਣਿਓ` , ‘ ਤੁਰਦਾ , ਤੁਰਦੀ , ਤੁਰਦੀਆਂ , ਤੁਰੇਗਾ` ਆਦਿ । ਇਸ ਪ੍ਰਕਾਰ ਦੇ ਵਧੇਤਰਾਂ ਦੇ ਜੁੜਨ ਨਾਲ ਸ਼ਬਦ ਦੀ ਸ਼ਬਦ-ਸ਼੍ਰੇਣੀ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ । ਦੂਜੇ ਪਾਸੇ ਵਿਉਤਪਤ ਵਧੇਤਰ , ਅਗੇਤਰ ਅਤੇ ਪਿਛੇਤਰ ਦੇ ਤੌਰ `ਤੇ ਵਿਚਰਦੇ ਹਨ । ਪੰਜਾਬੀ ਸ਼ਬਦ ਸਿਰਜਣਾ ਵਿੱਚ ਸਾਰੇ ਦੇ ਸਾਰੇ ਅਗੇਤਰ ਵਿਉਤਪਤ ਵਧੇਤਰ ਹਨ । ਇਹ ਧਾਤੂ ਤੋਂ ਪਹਿਲਾਂ ਵਿਚਰਦੇ ਹਨ ਅਤੇ ਇੱਕ ਵੇਲੇ ਇੱਕੋ ਅਗੇਤਰ ਵਿਚਰ ਸਕਦਾ ਹੈ । ਇਹਨਾਂ ਦੇ ਵਿਚਰਨ ਨਾਲ ਸ਼ਬਦ ਦੀ ਸ਼੍ਰੇਣੀ ਬਦਲੀ ਵੀ ਜਾਂਦੀ ਹੈ ਅਤੇ ਨਹੀਂ ਵੀ । ਭਾਵ ਇਹ ਸ਼੍ਰੇਣੀ-ਬਦਲੂ ਅਤੇ ਸ਼੍ਰੇਣੀ-ਰੱਖਿਅਕ ਹਨ , ਜਿਵੇਂ : ਧੜਕ ( ਕਿਰਿਆ ) + ( ਨਿ ) -ਨਿਧੜਕ ( ਵਿਸ਼ੇਸ਼ਣ ) ਸ਼੍ਰੇਣੀ-ਬਦਲੂ , ਦਾਦਾ ( ਨਾਂਵ ) + ਪੜ-ਪੜਦਾਦਾ ( ਨਾਂਵ ) ਸ਼੍ਰੇਣੀ ਰੱਖਿਅਕ । ਵਿਉਤਪਤ ਪਿਛੇਤਰ , ਸ਼੍ਰੇਣੀ-ਰੱਖਿਅਕ ਅਤੇ ਸ਼੍ਰੇਣੀ-ਬਦਲੂ ਹੁੰਦੇ ਹਨ । ਪੰਜਾਬੀ ਸ਼ਬਦ-ਰਚਨਾ ਵਿਚਲੇ ਵਧੇਤਰਾਂ ਨੂੰ ਅਗੇਤਰਾਂ ਅਤੇ ਪਿਛੇਤਰਾਂ ਵਿੱਚ ਵੰਡਿਆ ਜਾਂਦਾ ਹੈ ਭਾਵ ਪੰਜਾਬੀ ਵਿੱਚ ‘ ਵਿੱਚੇਤਰ` ਨਹੀਂ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਧੇਤਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਧੇਤਰ : ਬਣਤਰ ਦੇ ਪੱਖ ਤੋਂ ਸ਼ਬਦਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ । ਇਕਹਿਰੇ ਰੂਪ ਵਾਲੇ ਸ਼ਬਦ ਅਤੇ ਮਿਸ਼ਰਤ ਰੂਪ ਵਾਲੇ ਸ਼ਬਦ । ਇਕਹਿਰੇ ਰੂਪ ਵਾਲੇ ਸ਼ਬਦਾਂ ਦੀ ਬਣਤਰ ਧਾਤੂ ਅਧਾਰਤ ਹੁੰਦੀ ਹੈ ਜਿਵੇਂ : ‘ ਦੌੜ , ਭੱਜ , ਖਾ , ਲਾਲ , ਪੀਲਾ , ਇਥੇ’ ਆਦਿ ‘ ਦਾ’ ਸਬੰਧਕ , ਯੋਜਕ ਅਤੇ ਪਾਰਟੀਕਲਜ਼ ( ਨੇ , ਨੂੰ , ਤੇ , ਅਤੇ , ਹੀ , ਵੀ , ਨਾ ) ਸ਼ਬਦ ਇਕਹਿਰੇ ਰੂਪ ਵਾਲੇ ਹੁੰਦੇ ਹਨ ਅਤੇ ਇਨ੍ਹਾਂ ਦਾ ਰੋਲ ਵਾਕਾਤਮਕ ਪੱਧਰ ਦਾ ਹੁੰਦਾ ਹੈ । ਮਿਸ਼ਰਤ ਸ਼ਬਦਾਂ ਦੀ ਬਣਤਰ ਵਿਚ ਮੂਲ ਰੂਪ ਭਾਵ ਧਾਤੂ ਤੋਂ ਇਲਾਵਾ ਵਧੇਤਰ ਵੀ ਵਿਚਰਦੇ ਹਨ । ਵਧੇਤਰ ਦੀ ਪਛਾਣ ਹਿਤ ਕਿਹਾ ਜਾ ਸਕਦਾ ਹੈ ਕਿ ਵਧੇਤਰਾਂ ਦੀ ਗਿਣਤੀ ਸੀਮਤ ਹੁੰਦੀ ਹੈ । ਵਿਚਰਨ ਸਥਾਨ ਦੇ ਪੱਖ ਤੋਂ ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ । ਮੂਲ ਰੂਪ ਤੋਂ ਪਹਿਲਾਂ ਵਿਚਰਨ ਵਾਲੇ ਨੂੰ ਅਗੇਤਰ , ਮੂਲ ਰੂਪ ਤੋਂ ਪਿਛੋਂ ਵਿਚਰਨ ਵਾਲੇ ਨੂੰ ਪਿਛੇਤਰ ਅਤੇ ਧਾਤੂ ਦੇ ਮੱਧ ਵਿਚ ਵਿਚਰਨ ਵਾਲੇ ਨੂੰ ‘ ਵਿਚੇਤਰ’ ਜਾਂ ‘ ਮਧੇਤਰ’ ਕਿਹਾ ਜਾਂਦਾ ਹੈ । ਧਾਤੂ ਸ਼ਬਦ ਦਾ ਕੇਂਦਰੀ ਤੱਤ ਹੈ ਅਤੇ ਵਧੇਤਰ ਇਸ ਦੇ ਬਾਹਰੀ ਤੱਤ ਹਨ । ਧਾਤੂ ਮੂਲ ਸ਼ਬਦ ਹੁੰਦੇ ਹਨ । ਜਦੋਂ ਸ਼ਬਦ ਨੂੰ ਵਿਆਕਰਨ ਦੀ ਇਕਾਈ ਵਜੋਂ ਵਾਕਾਤਮਕ ਬਣਤਰ ਵਿਚ ਵਰਤਿਆ ਜਾਂਦਾ ਹੈ ਤਾਂ ਵਧੇਤਰ ਇਸ ਦੀ ਬਣਤਰ ਵਿਚ ਵਾਧਾ ਕਰਦੇ ਹਨ । ਵਧੇਤਰ ਵਜੋਂ ਵਿਚਰਨ ਵਾਲਾ ਹਰ ਇਕ ਤੱਤ ਕਿਸੇ ਲੱਛਣ ਦਾ ਸੂਚਕ ਹੁੰਦਾ ਹੈ , ਜਿਵੇਂ : ‘ ਲਿਖਦੇ’ ਵਿਚ ‘ ਲਿਖ’ ( ਧਾਤੂ ) ਦਾ ( ਕਾਲ-ਸੂਚਕ ) ਅਤੇ ( ਏ ) ਵਚਨ ਤੇ ਲਿੰਗ-ਸੂਚਕ ਹੈ । ਵਿਆਕਰਨਕ ਸ਼ਬਦ ਤੋਂ ਇਲਾਵਾ ਕੋਸ਼ਗਤ ਸ਼ਬਦਾਂ ਵਿਚ ਜਿਵੇਂ : ‘ ਸ਼ੁਧ’ ਹਾਂ-ਸੂਚਕ ਸ਼ਬਦ ਹੈ ਪਰ ‘ ਅ ਵਧੇਤਰ ਨਾਲ ਇਹ ਨਾਂਹ-ਸੂਚਕ ਹੋ ਜਾਂਦਾ ਹੈ ਜਿਵੇਂ ‘ ਅਸ਼ੁਧ’ । ਧਾਤੂ ਸ਼ਬਦ ਵਜੋਂ ਵਿਚਰਨ ਦੀ ਸਮਰੱਥਾ ਰੱਖਦੇ ਹਨ ਪਰ ਵਧੇਤਰ ਸੁਤੰਤਰ ਤੌਰ ’ ਤੇ ਸ਼ਬਦ ਵਜੋਂ ਨਹੀਂ ਵਿਚਰ ਸਕਦੇ । ਵਧੇਤਰਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਰੂਪਾਂਤਰੀ ਅਤੇ ( ii ) ਵਿਉਂਤਪਤ । ਵਿਚਰਨ ਸਥਾਨ ਦੇ ਪਖ ਤੋਂ ਰੂਪਾਂਤਰੀ ਵਧੇਤਰ ਸਿਰਫ ਪਿਛੇਤਰਾਂ ਦੇ ਤੌਰ ’ ਤੇ ਹੀ ਵਰਤੇ ਜਾਂਦੇ ਹਨ ਅਤੇ ਇਹ ਸ਼ਬਦ ਦੇ ਅੰਤ ’ ਤੇ ਆ ਕੇ ਸ਼ਬਦ ਦੇ ਵਿਆਕਰਨਕ ਲੱਛਣਾਂ ( ਲਿੰਗ , ਵਚਨ , ਕਾਲ ਆਦਿ ) ਦੀ ਸੂਚਨਾ ਪਰਦਾਨ ਕਰਦੇ ਹਨ । ਇਨ੍ਹਾਂ ਦੀ ਵਰਤੋਂ ਨਾਲ ਸ਼ਬਦਾਂ ਦੀ ਰੂਪਾਵਲੀ ਹੋਂਦ ਵਿਚ ਆਉਂਦੀ ਹੈ , ਜਿਵੇਂ : ‘ ਮੁੰਡਾ , ਮੁੰਡੇ , ਮੁੰਡਿਆਂ , ਮੁੰਡਿਓ’ ; ਸੋਹਣਾ , ਸੋਹਣੇ , ਸੋਹਣੀ , ਸੋਹਣੀਆਂ , ਸੋਹਣਿਓ’ ; ‘ ਤੁਰਦਾ , ਤੁਰਦੀ , ਤੁਰਦੀਆਂ , ਤੁਰੇਗਾ’ ਆਦਿ । ਇਸ ਪਰਕਾਰ ਦੇ ਵਧੇਤਰਾਂ ਦੇ ਜੁੜਨ ਨਾਲ ਸ਼ਬਦ ਦੀ ਸ਼ਬਦ-ਸ਼ਰੇਣੀ ਵਿਚ ਕੋਈ ਪਰਿਵਰਤਨ ਨਹੀਂ ਆਉਂਦਾ । ਦੂਜੇ ਪਾਸੇ ਵਿਉਂਤਪਤ ਵਧੇਤਰ , ਅਗੇਤਰ ਅਤੇ ਪਿਛੇਤਰ ਦੇ ਤੌਰ ’ ਤੇ ਵਿਚਰਦੇ ਹਨ । ਪੰਜਾਬੀ ਸ਼ਬਦ ਸਿਰਜਨਾ ਵਿਚ ਸਾਰੇ ਦੇ ਸਾਰੇ ਅਗੇਤਰ ਵਿਉਂਤਪਤ ਵਧੇਤਰ ਹਨ । ਇਹ ਧਾਤੂ ਤੋਂ ਪਹਿਲਾਂ ਵਿਚਰਦੇ ਹਨ ਅਤੇ ਇਕ ਵੇਲੇ ਇਕੋ ਅਗੇਤਰ ਵਿਚਰ ਸਕਦਾ ਹੈ । ਇਨ੍ਹਾਂ ਦੇ ਵਿਚਰਨ ਨਾਲ ਸ਼ਬਦ ਕਦੀ ਸ਼ਰੇਣੀ ਬਦਲ ਵੀ ਜਾਂਦੀ ਹੈ ਅਤੇ ਨਹੀਂ ਵੀ । ਭਾਵ ਇਹ ਸ਼ਰੇਣੀ-ਬਦਲੂ ਅਤੇ ਸ਼ਰੇਣੀ-ਰੱਖਿਅਕ ਹਨ , ਜਿਵੇਂ : ਧੜਕ ( ਕਿਰਿਆ ) + ( ਨਿ ) -ਨਿਧੜਕ ( ਵਿਸ਼ੇਸ਼ਣ ) ਸ਼ਰੇਣੀ-ਬਦਲੂ , ਦਾਦਾ ( ਨਾਂਵ ) + ਪੜ-ਪੜਦਾਦਾ ( ਨਾਂਵ ) ਸ਼ਰੇਣੀ ਰੱਖਿਅਕ । ਵਿਉਂਤਪਤ ਪਿਛੇਤਰ , ਸ਼ਰੇਣੀ-ਰੱਖਿਅਕ ਅਤੇ ਸ਼ਰੇਣੀ-ਬਦਲੂ ਹੁੰਦੇ ਹਨ । ਪੰਜਾਬੀ ਸ਼ਬਦ-ਰਚਨਾ ਵਿਚਲੇ ਵਧੇਤਰਾਂ ਨੂੰ ਅਗੇਤਰਾਂ ਅਤੇ ਪਿਛੇਤਰਾਂ ਵਿਚ ਵੰਡਿਆ ਜਾਂਦਾ ਹੈ ਭਾਵ ਪੰਜਾਬੀ ਵਿਚ ‘ ਵਿਚੇਤਰ’ ਨਹੀਂ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 6096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.