ਵਲੀ ਕੰਧਾਰੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਵਲੀ ਕੰਧਾਰੀ: ਅਟਕ (ਕੈਂਬਲਪੁਰ) ਜ਼ਿਲ੍ਹੇ ਦੇ ਹਸਨ ਅਬਦਾਲ ਕਸਬੇ ਦੇ ਨੇੜੇ ਇਕ ਪਹਾੜੀ ਉਪਰ ਰਹਿਣ ਵਾਲਾ ਮੁਸਲਮਾਨ ਫ਼ਕੀਰ , ਜਿਸ ਨੇ ਭਾਈ ਮਰਦਾਨੇ ਨੂੰ ਪਾਣੀ ਉਪਲਬਧ ਨਹੀਂ ਕੀਤਾ ਸੀ , ਪਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਬ੍ਰਹਮੀ ਸ਼ਕਤੀ ਦੁਆਰਾ ਉਸ ਦਾ ਸਾਰਾ ਪਾਣੀ ਹੇਠਾਂ ਖਿਚ ਲਿਆ ਸੀ। ਵੇਖੋ ‘ਪੰਜਾ ਸਾਹਿਬ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਲੀ ਕੰਧਾਰੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਵਲੀ ਕੰਧਾਰੀ : ਮੱਧਕਾਲ ਦਾ ਇਕ ਪ੍ਰਸਿੱਧ ਦਰਵੇਸ਼ ਜਿਸ ਦੀ ਮੁਲਾਕਾਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਵੀ ਹੋਈ। ਵਲੀ ਕੰਧਾਰੀ ਦਾ ਅਸਲ ਨਾਂ ਹਸਨ ਅਬਦਾਲ ਸੀ। ਇਹ ਅਟਕ ਜ਼ਿਲ੍ਹੇ (ਪਾਕਿਸਤਾਨ) ਦੇ ਜਿਸ ਨਗਰ ਵਿਚ ਰਹਿੰਦਾ ਸੀ ਉਸ ਦਾ
ਨਾਂ ਵੀ ਹਸਨ ਅਬਦਾਲ ਹੀ ਪੈ ਗਿਆ ਪਰ ਸਿੱਖ ਇਸ ਅਸਥਾਨ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਨਾਂ ਕਰ ਕੇ ਪੰਜਾ ਸਾਹਿਬ ਹੀ ਆਖਦੇ ਹਨ। ਪੀਰ ਹਸਨ ਅਬਦਾਲ (ਵਲੀ ਕੰਧਾਰੀ) ਜਾਤੀ ਦਾ ਸੱਯਦ ਅਤੇ ਸਬਜ਼ਵਾਰ (ਇਲਾਕਾ ਖੁਰਾਸਾਨ) ਦਾ ਜੰਮਪਲ ਸੀ। ਇਹ ਭਾਰਤ ਵਿਚ ਮਿਰਜ਼ਾ ਸ਼ਾਹਰੁੱਖ ਨਾਲ ਆਇਆ ਸੀ।
ਆਪਣੀ ਇਕ ਉਦਾਸੀ ਸਮੇਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਇਲਾਕੇ ਵਿਚ ਪਧਾਰੇ ਤਾਂ ਉਨ੍ਹਾਂ ਦੇ ਨਾਲ ਭਾਈ ਮਰਦਾਨਾ ਵੀ ਸੀ। ਉਸ ਨੂੰ ਬਹੁਤ ਪਿਆਸ ਲੱਗੀ ਹੋਈ ਸੀ। ਜਦ ਉਹ ਪਹਾੜ ਉੱਤੇ ਬਣੇ ਵਲੀ ਕੰਧਾਰੀ ਦੇ ਤਲਾਅ ਵਿੱਚੋਂ ਪਾਣੀ ਲੈਣ ਗਿਆ ਤਾਂ ਹੰਕਾਰੀ ਪੀਰ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਭਾਈ ਮਰਦਾਨਾ ਨੇ ਜਦ ਸਾਰੀ ਗੱਲ ਗੁਰੂ ਜੀ ਨੂੰ ਆ ਕੇ ਦੱਸੀ ਤਾਂ ਉਨ੍ਹਾਂ ਆਪਣੀ ਰੂਹਾਨੀ ਸ਼ਕਤੀ ਨਾਲ ਤਾਲ ਦਾ ਸਾਰਾ ਪਾਣੀ ਹੇਠਾਂ ਵੱਲ ਖਿੱਚ ਲਿਆ। ਵਲੀ ਕੰਧਾਰੀ ਨੇ ਗੁੱਸਾ ਖਾ ਕੇ ਪਹਾੜ ਨੂੰ ਗੁਰੂ ਜੀ ਵੱਲ ਧਕੇਲ ਦਿੱਤਾ। ਗੁਰੂ ਜੀ ਨੇ ਆਪਣੇ ਪੰਜੇ ਨਾਲ ਉਸ ਨੂੰ ਰੋਕ ਦਿੱਤਾ ਅਤੇ ਉਸ ਉੱਪਰ ਗੁਰੂ ਜੀ ਦੇ ਪੰਜੇ ਦੇ ਨਿਸ਼ਾਨ ਉਕਰ ਗਏ। ਇਸੇ ਕਾਰਨ ਹੀ ਇਸ ਅਸਥਾਨ ਦਾ ਨਾਂ ‘ਪੰਜਾ ਸਾਹਿਬ’ ਪੈ ਗਿਆ। ਗੁਰੂ ਜੀ ਦੀ ਰੂਹਾਨੀ ਸ਼ਕਤੀ ਨੇ ਵਲੀ ਕੰਧਾਰੀ ਦਾ ਹੰਕਾਰ ਤੋੜ ਦਿੱਤਾ ਅਤੇ ਇਹ ਗੁਰੂ ਜੀ ਚਰਨੀ ਆ ਪਿਆ।
ਗੁਰੂ ਜੀ ਦੀ ਸ਼ਕਤੀ ਦੇਖ ਕੇ ਇਸ ਨੇ ਗੁਰੂ ਜੀ ਦੇ ਚਰਨ ਫੜ ਲਏ। ਗੁਰੂ ਜੀ ਨੇ ਸਤਿ ਧਰਮ ਦਾ ਉਪਦੇਸ਼ ਦੇ ਕੇ ਆਖਿਆ ‘ਤੇਰਾ ਭੀ ਦੀਵਾ ਟਮਕਦਾ ਰਹੇਗਾ’। ਇਸ ਕਰ ਕੇ ਇਸ ਦੇ ਮਕਾਨ ਵਿਚ ਵੀ ਮੁਜਾਵਰ ਰਹਿੰਦਾ ਹੈ। ਲੋਕ ਘੀ, ਆਦਿ ਚੜ੍ਹਾ ਜਾਂਦੇ ਹਨ ਅਤੇ ਚਿਰਾਗ ਬਲਦਾ ਹੈ ਜੋ ਦੂਰ ਦੂਰ ਤਕ ਦਿਸਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-04-25-40, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ : 256; ਤ. ਗੁ. ਖਾ. :252
ਵਿਚਾਰ / ਸੁਝਾਅ
Please Login First