ਵਾਕਾਂਸ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਾਕਾਂਸ਼ : ਵਾਕਾਂਸ਼ ਤੋਂ ਭਾਵ ਵਾਕ ਦਾ ਉਹ ਹਿੱਸਾ ਹੈ, ਜਿਹੜਾ ਵਾਕ ਵਿੱਚ ਵਿਚਰਦਾ ਹੋਇਆ ਆਪਣਾ ਸੁਤੰਤਰ ਕਾਰਜ ਕਰਨ ਦੀ ਸਮਰੱਥਾ ਰੱਖਦਾ ਹੈ। ਵਾਕਾਂਸ਼ ਦਾ ਆਪਣਾ ਘੇਰਾ ਅਤੇ ਕਾਰਜ ਨਿਸ਼ਚਿਤ ਹੁੰਦਾ ਹੈ। ਇਸ ਸੰਕਲਪ ਦੀ ਵਰਤੋਂ ਵਾਕ ਦੇ ਵਿਆਕਰਨਿਕ ਵਿਸ਼ਲੇਸ਼ਣ ਲਈ ਕੀਤੀ ਜਾਂਦੀ ਹੈ। ਵਿਆਕਰਨ ਵਿੱਚ ਵਾਕਾਂਸ਼ ਨੂੰ ਵਾਕ ਦੀ ਇੱਕ ਇਕਾਈ ਦੇ ਤੌਰ `ਤੇ ਸਥਾਪਿਤ ਕੀਤਾ ਗਿਆ ਹੈ। ਵਿਆਕਰਨਿਕ ਇਕਾਈਆਂ ਵਿੱਚ ਵਾਕ ਨੂੰ ਵੱਡੀ ਤੋਂ ਵੱਡੀ ਇਕਾਈ ਮੰਨਿਆ ਜਾਂਦਾ ਹੈ ਜਦੋਂ ਕਿ ਸ਼ਬਦ ਦੇ ਭਾਵਾਂਸ਼ ਨੂੰ ਛੋਟੀ ਤੋਂ ਛੋਟੀ ਇਕਾਈ ਮੰਨਿਆ ਜਾਂਦਾ ਹੈ। ਇਹਨਾਂ ਇਕਾਈਆਂ ਦੇ ਦਰਮਿਆਨ ਸ਼ਬਦ ਵਰਗਾ ਕਾਰਜ ਕਰਨ ਵਾਲੀ ਇਕਾਈ ਨੂੰ ਵਾਕਾਂਸ਼ ਆਖਿਆ ਜਾਂਦਾ ਹੈ ਅਤੇ ਵਾਕ ਵਰਗਾ ਕਾਰਜ ਕਰਨ ਵਾਲੀ ਇਕਾਈ ਨੂੰ ਉਪਵਾਕ ਆਖਿਆ ਜਾਂਦਾ ਹੈ। ਉਸ ਇਕਾਈ ਨੂੰ ਵਾਕਾਂਸ਼ ਦਾ ਨਾਂ ਦਿੱਤਾ ਜਾਂਦਾ ਹੈ ਜਿਸ ਦੀ ਬਣਤਰ ਵਿੱਚ ਇੱਕ ਜਾਂ ਇੱਕ ਤੋਂ ਵਧੇਰੇ ਸ਼ਾਬਦਿਕ ਇਕਾਈਆਂ ਮਿਲ ਕੇ ਇੱਕ ਕਾਰਜ ਕਰ ਰਹੀਆਂ ਹੋਣ। ਭਾਵ ਬਣਤਰ ਦੇ ਪੱਖ ਤੋਂ ਵਾਕਾਂਸ਼ ਇੱਕ-ਸ਼ਬਦੀ ਵੀ ਹੋ ਸਕਦਾ ਹੈ ਅਤੇ ਬਹੁ-ਸ਼ਬਦੀ ਵੀ। ਕਿਸੇ ਵਾਕਾਤਮਿਕ ਬਣਤਰ ਵਿੱਚ ਵਿਚਰਨ ਵਾਲਾ ਸ਼ਬਦ ਆਪਣੀਆਂ ਸ਼੍ਰੇਣਿਕ ਵਿਸ਼ੇਸ਼ਤਾਵਾਂ ਨੂੰ ਰੱਖਦਿਆਂ ਹੋਇਆਂ ਜਾਂ ਕਿਸੇ ਹੋਰ ਸ਼੍ਰੇਣਿਕ ਵਿਸ਼ੇਸ਼ਤਾਵਾਂ ਨੂੰ ਧਾਰਨ ਕਰ ਕੇ ਇੱਕ ਇਕਾਈ ਵਜੋਂ ਕਾਰਜ ਕਰਨ ਦੀ ਸਮਰੱਥਾ ਰੱਖਦਾ ਹੈ, ਜਿਵੇਂ : ‘ਮੁੰਡਾ ਭੱਜਿਆ ਜਾਂਦਾ ਹੈ` ਵਿੱਚ ‘ਭੱਜਿਆ ਅਤੇ ਜਾਂਦਾ` ਕਿਰਿਆ ਮੂਲਕ ਸ਼ਬਦ ਹਨ। ਹਰ ਇੱਕ ਵਿਆਕਰਨ ਵਿੱਚ ਇਹਨਾਂ ਸ਼ਬਦਾਂ ਨੂੰ ਕਿਰਿਆ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਵਾਕਾਂਸ਼ ਤਰਤੀਬ ਸਿੰਘ ਜ਼ਰੂਰੀ ਨਹੀਂ ਕਿ ਇਹ ਕੇਵਲ ਕਿਰਿਆ ਵਜੋਂ ਹੀ ਕਾਰਜ ਕਰਨ ਸਗੋਂ ਕਿਸੇ ਹੋਰ ਸ਼੍ਰੇਣੀ ਵਜੋਂ ਵੀ ਕਾਰਜ ਕਰ ਸਕਦੇ ਹਨ। ਜਦੋਂ ਕਿਰਿਆ-ਮੂਲਕ ਸ਼ਬਦ ਕਿਰਿਆ ਵਾਕਾਂਸ਼ ਦੇ ਘੇਰੇ ਵਿੱਚ ਵਿਚਰਦੇ ਹੋਣ ਤਾਂ ਇਹ ਕਿਰਿਆ ਵਜੋਂ ਕਾਰਜ ਕਰਦੇ ਹਨ ਪਰ ‘ਭੱਜਿਆ ਜਾਂਦਾ ਮੁੰਡਾ` ਵਾਕਾਂਸ਼ ਵਿੱਚ ਇਹ ਸ਼ਬਦ ਵਿਸ਼ੇਸ਼ਕ (ਕ੍ਰਿਦੰਤ) ਦੇ ਤੌਰ ਤੇ ਵਿਚਰਦੇ ਹਨ ਭਾਵੇਂ ਇਹ ਸ਼ਬਦ-ਰੂਪ ਆਪਣੀਆਂ ਰੂਪਾਤਮਿਕ ਵਿਸ਼ੇਸ਼ਤਾਵਾਂ ਨੂੰ ਇੰਨ-ਬਿੰਨ ਰੱਖਦਿਆਂ ਹੋਇਆਂ ਆਪਣੀ ਸ਼੍ਰੇਣਿਕ ਵਿਸ਼ੇਸ਼ਤਾਵਾਂ ਨੂੰ ਗੁਆ ਚੁੱਕੇ ਹੁੰਦੇ ਹਨ। ਇਸ ਲਈ ਜਦੋਂ ਸ਼ਬਦ, ਵਾਕਾਤਮਿਕ ਬਣਤਰ ਵਿੱਚ ਵਿਚਰ ਰਿਹਾ ਹੁੰਦਾ ਹੈ ਤਾਂ ਉਸ ਦਾ ਕਾਰਜ ਉਸ ਵਾਕਾਤਮਿਕ ਬਣਤਰ ਅਨੁਸਾਰ ਹੀ ਹੁੰਦਾ ਹੈ। ਵਾਕਾਂਸ਼ ਦੀ ਬਣਤਰ ਵਿੱਚ ਦੋ ਪ੍ਰਕਾਰ ਦੇ ਤੱਤ ਵਿਚਰਦੇ ਹਨ : ‘ਕੇਂਦਰੀ ਤੱਤ` ਅਤੇ ‘ਬਾਹਰੀ ਤੱਤ`। ਕੇਂਦਰੀ ਤੱਤ ਵਾਕਾਂਸ਼ ਦੇ ਸਿਰਜਕ ਹੁੰਦੇ ਹਨ। ਜਦੋਂ ਕਿ ਬਾਹਰੀ ਤੱਤ ਵਾਕਾਂਸ਼ ਦੇ ਅਰਥ ਸਿਰਜਕ ਹੁੰਦੇ ਹਨ ਇਸ ਲਈ ਕੇਂਦਰੀ ਤੱਤਾਂ ਨੂੰ ਵਾਕਾਂਸ਼ ਦੀ ਬਣਤਰ ਵਿੱਚੋਂ ਖ਼ਾਰਜ ਨਹੀਂ ਕੀਤਾ ਜਾ ਸਕਦਾ ਅਤੇ ਬਾਹਰੀ ਤੱਤਾਂ ਨੂੰ ਇਸ ਸ਼੍ਰੇਣੀ ਵਿੱਚੋਂ ਖ਼ਾਰਜ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਵਾਕਾਂਸ਼ਾਂ ਦੀ ਸਥਾਪਤੀ ਕੇਂਦਰੀ ਸ਼ਬਦਾਂ ਦੀ ਸ਼ਬਦ-ਸ਼੍ਰੇਣੀ ਰਾਹੀਂ ਕੀਤੀ ਜਾਂਦੀ ਹੈ।ਜੇਕਰ ਕੇਂਦਰੀ ਸ਼ਬਦ ਦੀ ਸ਼੍ਰੇਣੀ ਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ ਆਦਿ ਵਿੱਚੋਂ ਕੋਈ ਵੀ ਹੈ ਤਾਂ ਹੋਂਦ ਵਿੱਚ ਆਉਣ ਵਾਲੇ ਵਾਕਾਂਸ਼ਾਂ ਦੀ ਸ਼੍ਰੇਣੀ ਵੀ ਕ੍ਰਮਵਾਰ ਨਾਂਵ ਵਾਕਾਂਸ਼, ਵਿਸ਼ੇਸ਼ਣ ਵਾਕਾਂਸ਼, ਕਿਰਿਆ ਵਾਕਾਂਸ਼, ਕਿਰਿਆ ਵਿਸ਼ੇਸ਼ਣ ਵਾਕਾਂਸ਼ ਹੋਵੇਗੀ। ਵਾਕਾਂਸ਼ ਦੀ ਸਥਾਪਤੀ ਲਈ ਇਹ ਆਧਾਰ ਮੌਟੇ ਤੌਰ ਤੇ ਅਪਣਾਇਆ ਜਾ ਸਕਦਾ ਹੈ ਪਰੰਤੂ ਸਾਰੇ ਦੇ ਸਾਰੇ ਵਾਕਾਂਸ਼ਾਂ ਤੇ ਇਸ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ, ਜਿਵੇਂ : ‘ਉਹ ਸ਼ਹਿਰ ਨੂੰ ਗਿਆ ਹੈ` ਵਿੱਚ ਸ਼ਹਿਰ ਸ਼ਬਦ ਨਾਂਵ ਸ਼੍ਰੇਣੀ ਦਾ ਮੈਂਬਰ ਹੈ ਪਰ ਇੱਥੇ ਇਹ ਨੂੰ ਨਾਲ ਮਿਲ ਕੇ ਸਥਾਨ ਸੂਚਕ ਕਿਰਿਆ ਵਿਸ਼ੇਸ਼ਣ ਵਜੋਂ ਕਾਰਜ ਕਰ ਰਿਹਾ ਹੈ। ਵਾਕਾਂਸ਼ ਦਾ ਵਿਸ਼ਲੇਸ਼ਣ ਇਸ ਦੀ ਅੰਦਰਲੀ ਬਣਤਰ ਅਤੇ ਵਾਕ ਵਿਚਰਨ ਦੇ ਸਥਾਨ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ। ਵਾਕਾਂਸ਼ ਦੀ ਅੰਦਰੂਨੀ ਬਣਤਰ ਵਿੱਚ ਵਿਚਰਨ ਵਾਲੇ ਸ਼ਬਦ ਵਾਕਾਂਸ਼ ਦੇ ਅਰਥ ਨੂੰ ਨਿਰਧਾਰਿਤ ਕਰਦੇ ਹਨ, ਜਦੋਂ ਕਿ ਵਾਕ ਵਿੱਚ ਵਾਕਾਂਸ਼ ਦਾ ਵਿਚਰਨ ਸਥਾਨ ਵਾਕਾਂਸ਼ ਦੇ ਕਾਰਜਾਂ ਨੂੰ ਨਿਰਧਾਰਿਤ ਕਰਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਾਕਾਂਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਕਾਂਸ਼ [ਨਾਂਪੁ] ਵਾਕ ਵਿੱਚ ਇੱਕ ਇਕਾਈ ਵਜੋਂ ਵਿਚਰਦਾ ਸ਼ਬਦ ਜਾਂ ਸ਼ਬਦ-ਸਮੂਹ, ਵਾਕ ਦਾ ਅੰਸ਼, ਵਾਕ ਦਾ ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.