ਵਾਕੰਸ਼ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਾਕੰਸ਼: ਇਸ ਸੰਕਲਪ ਦੀ ਵਰਤੋਂ ਵਿਆਕਰਨਕ ਵਿਸ਼ਲੇਸ਼ਣ ਲਈ ਕੀਤੀ ਜਾਂਦੀ ਹੈ। ਪਰੰਪਰਾਵਾਦੀ ਵਿਆਕਰਨਾਂ ਵਿਚ ਵਾਕ ਦੀ ਵੰਡ ਉਦੇਸ਼ ਅਤੇ ਵਿਧੇ ਵਿਚ ਕੀਤੀ ਜਾਂਦੀ ਹੈ। ਵਾਕ ਦੀ ਇਹ ਵੰਡ ਅਸਾਵੀਂ ਹੈ। ਇਸ ਵੰਡ ਦੇ ਅਧਾਰ ’ਤੇ ਵਾਕ ਵਿਚ ਕਾਰਜ ਕਰਨ ਵਾਲੀਆਂ ਹੋਰ ਇਕਾਈਆਂ ਦਾ ਵਿਸ਼ਲੇਸ਼ਣ ਕਰ ਸਕਣ ਦੀ ਇਕ ਸੀਮਾ ਹੈ। ਇਸ ਤੋਂ ਬਿਨਾਂ ਨਿਕਟ-ਅੰਗ ਵਿਸ਼ਲੇਸ਼ਣ ਦੀ ਵਿਧੀ ਰਾਹੀਂ ਵੀ ਵਾਕ ਦੀ ਜੁਗਤ ਦਾ ਅਧਿਅਨ ਕੀਤਾ ਜਾਂਦਾ ਹੈ, ਜਿਸ ਦੀਆਂ ਆਪਣੀਆਂ ਸੀਮਾਵਾਂ ਹਨ। ਵਾਕੰਸ਼-ਵਿਉਂਤ ਵਿਆਕਰਨ ਵਿਚ ਵਾਕੰਸ਼ ਨੂੰ ਇਕ ਵਿਆਕਰਨਕ ਇਕਾਈ ਦੇ ਤੌਰ ’ਤੇ ਸਥਾਪਤ ਕੀਤਾ ਗਿਆ ਹੈ। ਵਿਆਕਰਨਕ ਇਕਾਈਆਂ ਵਿਚ ਵਾਕ ਨੂੰ ਵੱਡੀ ਤੋਂ ਵੱਡੀ ਇਕਾਈ ਮੰਨਿਆ ਜਾਂਦਾ ਹੈ ਜਦੋਂ ਕਿ ਸ਼ਬਦ ਤੇ ਭਾਵਾਂਸ਼ ਨੂੰ ਛੋਟੀ ਤੋਂ ਛੋਟੀ ਇਕਾਈ ਮੰਨਿਆ ਜਾਂਦਾ ਹੈ। ਇਨ੍ਹਾਂ ਇਕਾਈਆਂ ਦੇ ਦਰਮਿਆਨ ਸ਼ਬਦ ਵਰਗਾ ਕਾਰਜ ਕਰਨ ਵਾਲੀ ਇਕਾਈ ਨੂੰ ਵਾਕੰਸ਼ ਆਖਿਆ ਜਾਂਦਾ ਹੈ ਅਤੇ ਵਾਕ ਵਰਗਾ ਕਾਰਜ ਕਰਨ ਵਾਲੀ ਇਕਾਈ ਨੂੰ ਉਪਵਾਕ ਆਖਿਆ ਜਾਂਦਾ ਹੈ। ਉਸ ਇਕਾਈ ਨੂੰ ਵਾਕੰਸ਼ ਦਾ ਨਾਂ ਦਿੱਤਾ ਜਾਂਦਾ ਹੈ ਜਿਸ ਦੀ ਬਣਤਰ ਵਿਚ ਇਕ ਜਾਂ ਇਕ ਤੋਂ ਵਧੇਰੇ ਸ਼ਾਬਦਕ ਇਕਾਈਆਂ ਮਿਲ ਕੇ ਇਕ ਕਾਰਜ ਕਰ ਰਹੀਆਂ ਹੋਣ। ਭਾਵ ਬਣਤਰ ਦੇ ਪੱਖ ਤੋਂ ਵਾਕੰਸ਼ ਇਕ-ਸ਼ਬਦੀ ਵੀ ਹੋ ਸਕਦਾ ਹੈ ਅਤੇ ਬਹੁ-ਸ਼ਬਦੀ ਵੀ। ਕਿਸੇ ਵਾਕਾਤਮਕ ਬਣਤਰ ਵਿਚ ਵਿਚਰਨ ਵਾਲਾ ਸ਼ਬਦ ਆਪਣੀਆਂ ਸ਼ਰੇਣਿਕ ਵਿਸ਼ੇਸ਼ਤਾਵਾਂ ਨੂੰ ਰੱਖਦਿਆਂ ਹੋਇਆਂ ਜਾਂ ਕਿਸੇ ਹੋਰ ਸ਼ਰੇਣਕ ਵਿਸ਼ੇਸ਼ਤਾਵਾਂ ਨੂੰ ਧਾਰਨ ਕਰਕੇ ਇਕ ਇਕਾਈ ਵਜੋਂ ਕਾਰਜ ਕਰਨ ਦੀ ਸਮਰੱਥਾ ਰੱਖਦਾ ਹੈ, ਜਿਵੇਂ : ‘ਮੁੰਡਾ ਭੱਜਿਆ ਜਾਂਦਾ ਹੈ’ ਵਿਚ ‘ਭੱਜਿਆ ਅਤੇ ਜਾਂਦਾ’ ਕਿਰਿਆ-ਮੂਲਕ ਸ਼ਬਦ ਹਨ। ਹਰ ਇਕ ਵਿਆਕਰਨ ਵਿਚ ਇਨ੍ਹਾਂ ਸ਼ਬਦਾਂ ਨੂੰ ਕਿਰਿਆ ਦੀ ਸੂਚੀ ਵਿਚ ਸ਼ਾਮਲ ਕੀਤਾ ਜਾਂਦਾ ਹੈ। ਵਾਕੰਸ਼ ਤਰਤੀਬ ਵਿਚ ਜ਼ਰੂਰੀ ਨਹੀਂ ਕਿ ਇਹ ਕੇਵਲ ਕਿਰਿਆ ਵਜੋਂ ਹੀ ਕਾਰਜ ਕਰਨ ਸਗੋਂ ਕਿਸੇ ਹੋਰ ਸ਼ਰੇਣੀ ਵਜੋਂ ਕਾਰਜ ਕਰ ਸਕਦੇ ਹਨ। ਜਦੋਂ ਕਿਰਿਆ-ਮੂਲਕ ਸ਼ਬਦ ਕਿਰਿਆ ਵਾਕੰਸ਼ ਦੇ ਘੇਰੇ ਵਿਚ ਵਿਚਰਦੇ ਹੋਣ ਤਾਂ ਇਹ ਕਿਰਿਆ ਵਜੋਂ ਕਾਰਜ ਕਰਦੇ ਹਨ ਪਰ ‘ਭੱਜਿਆ ਜਾਂਦਾ ਮੁੰਡਾ’ ਵਾਕੰਸ਼ ਵਿਚ ਇਹ ਸ਼ਬਦ ਵਿਸ਼ੇਸ਼ਕ (ਕ੍ਰਿਰਦੰਤ) ਦੇ ਤੌਰ ਤੇ ਵਿਚਰਦੇ ਹਨ ਭਾਵੇਂ ਇਹ ਸ਼ਬਦ-ਰੂਪ ਆਪਣੀਆਂ ਰੂਪਾਤਮਕ ਵਿਸ਼ੇਸ਼ਤਾਵਾਂ ਨੂੰ ਇਨ ਬਿਨ ਰੱਖਦਿਆਂ ਹੋਇਆਂ ਆਪਣੀ ਸ਼ਰੇਣਿਕ ਵਿਸ਼ੇਸ਼ਤਾ ਨੂੰ ਗੁਆ ਚੁੱਕੇ ਹੁੰਦੇ ਹਨ। ਇਸ ਲਈ ਜਦੋਂ ਸ਼ਬਦ, ਵਾਕਾਤਮਕ ਬਣਤਰ ਵਿਚ ਵਿਚਰ ਰਿਹਾ ਹੁੰਦਾ ਹੈ ਤਾਂ ਉਸ ਦਾ ਕਾਰਜ ਉਸ ਵਾਕਾਤਮਕ ਬਣਤਰ ਅਨੁਸਾਰ ਹੀ ਹੁੰਦਾ ਹੈ। ਵਾਕੰਸ਼ ਦੀ ਬਣਤਰ ਵਿਚ ਦੋ ਪਰਕਾਰ ਦੇ ਤੱਤ ਵਿਚਰਦੇ ਹਨ : ‘ਕੇਂਦਰੀ ਤੱਤ’ ਅਤੇ ‘ਬਾਹਰੀ ਤੱਤ’। ਕੇਂਦਰੀ ਤੱਤ ਵਾਕੰਸ਼ ਦੇ ਸਿਰਜਕ ਹੁੰਦੇ ਹਨ। ਜਦੋਂ ਕਿ ਬਾਹਰੀ ਤੱਤ ਵਾਕੰਸ਼ ਦੇ ਅਰਥ ਸਿਰਜਕ ਹੁੰਦੇ ਹਨ ਇਸ ਲਈ ਕੇਂਦਰੀ ਤੱਤਾਂ ਨੂੰ ਵਾਕੰਸ਼ ਦੀ ਬਣਤਰ ਵਿਚੋਂ ਖਾਰਜ ਨਹੀਂ ਕੀਤਾ ਜਾ ਸਕਦਾ ਅਤੇ ਬਾਹਰੀ ਤੱਤਾਂ ਨੂੰ ਇਸ ਸ਼ਰੇਣੀ ਵਿਚੋਂ ਖਾਰਜ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਵਾਕੰਸ਼ ਦੇ ਵਰਗਾਂ ਦੀ ਸਥਾਪਤੀ ਕੇਂਦਰੀ ਤੱਤਾਂ ਦੀ ਸ਼ਬਦ-ਸ਼ਰੇਣੀ ਰਾਹੀਂ ਕੀਤੀ ਜਾਂਦੀ ਹੈ। ਭਾਵ ਜੇਕਰ ਕੇਂਦਰੀ ਤੱਤ ਨਾਂਵ, ਕਿਰਿਆ, ਕਿਰਿਆ ਵਿਸ਼ੇਸ਼ਣ, ਵਿਸ਼ੇਸ਼ਣ ਆਦਿ ਸ਼ਰੇਣੀਆਂ ਦੇ ਮੈਂਬਰ ਹੋਣ ਤਾਂ ਹੋਂਦ ਵਿਚ ਆਉਣ ਵਾਲੇ ਵਾਕੰਸ਼ ਕ੍ਰਮਵਾਰ ਨਾਂਵ ਵਾਕੰਸ਼, ਕਿਰਿਆ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼, ਵਿਸ਼ੇਸ਼ਣ ਵਾਕੰਸ਼ ਹੋਣਗੇ। ਕੇਂਦਰੀ ਤੱਤਾਂ ਨੂੰ ਲਾਜ਼ਮੀ ਤੱਤ ਜਾਂ ਮੁੱਖ ਤੱਤ ਅਤੇ ਬਾਹਰੀ ਤੱਤਾਂ ਨੂੰ ਗੈਰ ਲਾਜ਼ਮੀ ਜਾਂ ਵਾਧੂ ਤੱਤ ਵੀ ਆਖਿਆ ਜਾਂਦਾ ਹੈ। ਵਾਧੂ ਜਾਂ ਗੈਰ ਲਾਜ਼ਮੀ ਤੱਤਾਂ ਦਾ ਵਾਕੰਸ਼ ਦੀ ਸਿਰਜਨਾ ਵਿਚ ਕੋਈ ਹਿੱਸਾ ਨਹੀਂ ਹੁੰਦਾ ਪਰ ਅਰਥ ਦੇ ਪੱਖ ਤੋਂ ਇਨ੍ਹਾਂ ਤੱਤਾਂ ਦੀ ਮਹੱਤਤਾ ਹੁੰਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 6027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.