ਵਾਤਾਵਰਣ ਉਪਨਿਆਸ ਵਿਚ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਾਤਾਵਰਣ (ਉਪਨਿਆਸ ਵਿਚ) : ਵਾਤਾਵਰਣ ਜਾਂ ਪਰਿਸਥਿਤੀ ਦਾ ਉਪਨਿਆਸ ਵਿਚ ਵਿਸ਼ੇਸ਼ ਸਥਾਨ ਹੈ। ਪਾਤਰਾਂ ਦੇ ਚਰਿੱਤਰ ਅਤੇ ਮਾਨਸਿਕ ਵ੍ਰਿਤੀਆਂ ਦਾ ਵਿਕਾਸ ਵਿਸ਼ੇਸ਼ ਪ੍ਰਕਾਰ ਦੇ ਵਾਤਾਵਰਣ ਨਾਲ ਹੀ ਹੋ ਸਕਦਾ ਹੈ। ਪਾਤਰ ਕੇਵਲ ਸੁੰਨ ਜਾਂ ਦੇਸ ਕਾਲ ਤੋਂ ਰਹਿਤ ਸਥਿਤੀ ਵਿਚ ਕੋਈ ਕਾਰਜ ਨਹੀਂ ਕਰਦੇ ਸਗੋਂ ਵਿਸ਼ੇਸ਼ ਵਾਤਾਵਰਣ ਅਧੀਨ ਕਾਰਜ ਕਰਕੇ ਹੋਏ ਪਾਤਰ ਹੀ ਸਾਨੂੰ ਸਥੂਲ ਪਾਤਰ ਪ੍ਰਤੀਤ ਹੁੰਦੇ ਹਨ, ਜਿਨ੍ਹਾਂ ’ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ। ਪੁਰਾਤਨ ਕਥਾ ਸਾਹਿੱਤ ਅਤੇ ਵਰਤਮਾਨ ਉਪਨਿਆਸ ਵਿਚ ਸਭ ਤੋਂ ਵੱਡਾ ਭੇਦ ਇਹ ਹੈ ਕਿ ਵਰਤਮਾਨ ਯੁੱਗ ਦੇ ਕਥਾ ਸਾਹਿੱਤ ਵਿਚ ਕਿਸੇ ਵਾਤਾਵਰਣ ਵਿਚ ਰਹਿ ਕੇ ਪਾਤਰਾਂ ਦੇ ਸੰਘਰਸ਼ ਅਤੇ ਵਿਕਾਸ ਨੂੰ ਦਿਖਾਇਆ ਜਾਂਦਾ ਹੈ। ਕਈ ਉਪਨਿਆਸਾਂ ਵਿਚ ਵਾਤਾਵਰਣ ਜਾਂ ਦੇਸ਼ ਕਾਲ ਨੂੰ ਇੰਨਾ ਸਜੀਵ ਬਣਾ ਦਿੱਤਾ ਜਾਂਦਾ ਹੈ ਕਿ ਇਹ ਖ਼ੁਦ ਉਪਨਿਆਸ ਦਾ ਪਾਤਰ ਜਾਂ ਮਹੱਤਵਪੂਰਣ ਅੰਗ ਬਣ ਜਾਂਦਾ ਹੈ। ਸਥਾਨਕ ਜਾਂ ਪ੍ਰਾਦੇਸ਼ਕ (Local or regional) ਰੰਗ ਪੇਸ਼ ਕਰਨ ਵਾਲਾ ਇਸ ਪ੍ਰਕਾਰ ਦਾ ਵਾਤਾਵਰਣ ਪ੍ਰਧਾਨ ਉਪਨਿਆਸ ਆਧੁਨਿਕ ਉਪਨਿਆਸਾਂ ਦਾ ਇਕ ਵਿਸ਼ੇਸ਼ ਵਰਗ ਬਣ ਗਿਆ ਹੈ। ਇਸ ਸ਼੍ਰੇਣੀ ਨੂੰ ਆਂਚਲਿਕ ਉਪਨਿਆਸ ਵੀ ਆਖਿਆ ਜਾਂਦਾ ਹੈ। ਇਹ ਵਾਤਾਵਰਣ ਇਤਿਹਾਸਕ ਵੀ ਹੋ ਸਕਦਾ ਹੈ ਅਤੇ ਸਾਮਿਅਕ ਵੀ। ਲੇਖਕ ਨੂੰ ਸਮੇਂ ਤੇ ਸਥਾਨ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ। ਉਸ ਸਮੇਂ ਦੇ ਭੂਗੋਲਿਕ ਵਿਵਰਣ, ਸਮਾਜਕ ਦਸ਼ਾ, ਰਾਜਨੀਤੀ, ਸੰਸਕ੍ਰਿਤੀ ਅਤੇ ਭਾਸ਼ਾ–ਪ੍ਰਯੋਗ ਨਾਲ ਪੂਰੀ ਵਾਕਫ਼ੀਅਤ ਹੋਣੀ ਚਾਹੀਦੀ ਹੈ। ਇਤਿਹਾਸਕ ਉਪਨਿਆਸਾਂ ਵਿਚ ਇਸ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਇਸ ਗਿਆਨ ਦੇ ਨਾਲ ਉਪਨਿਆਸਕਾਰ ਨੂੰ ਕਲਾ–ਨਿਪੁੰਣ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਾਤਾਵਰਦ ਨੂੰ ਰੌਚਕ ਢੰਗ ਨਾਲ ਬਿਆਨ ਕਰ ਸਕੇ ਅਤੇ ਉਪਨਿਆਸ ਨੂੰ ਇਤਿਹਾਸ ਨਾਲੋਂ ਵੱਧ ਰੌਚਕ ਬਣਾ ਸਕੇ।

          ਪੰਜਾਬੀ ਵਿਚ ਦੁੱਗਲ ਦੇ ਉਪਨਿਆਸਾਂ ਵਿਚ ਸਥਾਨਕ ਰੰਗ ਹੈ ਅਤੇ ਨਰਿੰਦਰਪਾਲ ਸਿੰਘ ਦੇ ਇਤਿਹਾਸਕ ਉਪਨਿਆਸਾਂ ਵਿਚ ਸਾਹਿਤਿਕ ਵਾਤਾਵਰਣ ਪ੍ਰਧਾਨ ਹੈ।                                                 


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.