ਵਾਰਤਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਾਰਤਕ : ਆਧੁਨਿਕ ਯੁੱਗ ਵਿੱਚ ਕਵਿਤਾ ਅਤੇ ਵਾਰਤਕ ਇੱਕ ਦੂਜੇ ਤੋਂ ਵੱਖਰੀਆਂ ਪ੍ਰਗਟਾਅ ਸ਼ੈਲੀਆਂ ਹਨ । ਸੰਸਾਰ ਦੀਆਂ ਲਗਪਗ ਸਾਰੀਆਂ ਭਾਸ਼ਾਵਾਂ ਵਿੱਚ ਵਾਰਤਕ ਨੇ ਕਵਿਤਾ ਤੋਂ ਮਗਰੋਂ ਜਨਮ ਲਿਆ ਹੈ । ਇਸੇ ਲਈ ਵਾਰਤਕ ਨੂੰ ਕਵਿਤਾ ਦੇ ਵਿਰੋਧ ਵਿੱਚ ਰੱਖ ਕੇ ਹੀ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਗਿਆ । ਪੁਰਾਤਨ ਭਾਰਤੀ ਸੰਸਕ੍ਰਿਤ ਸਾਹਿਤ ਵਿੱਚ ਕਈ ਸਦੀਆਂ ਸਾਹਿਤ ਲਈ ‘ ਕਾਵਿ’ ਜਾਂ ‘ ਕਾਵ੍ਯ’ ਸ਼ਬਦ ਦਾ ਹੀ ਪ੍ਰਯੋਗ ਹੁੰਦਾ ਰਿਹਾ , ਕਿਉਂਕਿ ਸਾਹਿਤ ਰਚਨਾ ਹੁੰਦੀ ਹੀ ਕਵਿਤਾ ਵਿੱਚ ਸੀ

        ਜਿਉਂ-ਜਿਉਂ ਮਨੁੱਖ ਵਿਕਾਸ ਕਰਦਾ ਹੈ , ਉਸ ਦਾ ਵਾਹ ਬਹੁਵਿਧਿ ਵਿਸ਼ਿਆਂ ਨਾਲ ਪੈਂਦਾ ਹੈ , ਬੁੱਧੀ ਨਾਲ ਚਿੰਤਨ ਨਿਖਰਦਾ ਹੈ ਅਤੇ ਤੱਥਾਂ ਦੀ ਵਿਆਖਿਆ ਦੀ ਲੋੜ ਵਾਰਤਕ ਨੂੰ ਜਨਮ ਦਿੰਦੀ ਹੈ ।

        ਵਾਰਤਕ ਦਾ ਮੂਲ ਸ਼ਬਦ ‘ ਵਾਰਤਾ’ ਹੈ , ਜਿਸਦਾ ਅਰਥ ‘ ਲੋਕਾਂ ਦੀ ਸਧਾਰਨ ਭਾਸ਼ਾ ਵਿੱਚ ਬਿਆਨ ਜਾਂ ਵਿਆਖਿਆ’ ਤੋਂ ਲਿਆ ਜਾਂਦਾ ਹੈ । ਇਸ ਦਾ ਵਿਕਾਸ ‘ ਵ੍ਰਿਤਿ’ ( ਸੰਸਕ੍ਰਿਤ ਧਾਤੂ/ਮੂਲ ਸ਼ਬਦ ) ਤੋਂ ਵੀ ਹੋਇਆ ਮੰਨਿਆ ਜਾਂਦਾ ਹੈ , ਜਿਸਦਾ ਅਰਥ ਹੈ ‘ ਕਿਸੇ ਸੂਤਰਬੱਧ ਰਚਨਾ ਦੀ ਵਿਆਖਿਆ ਕਰਨੀ ਜਾਂ ਟੀਕਾ ਲਿਖਣਾ’ ਭਾਵ ਕਿਸੇ ਗੱਲ ਜਾਂ ਕਥਨ ਦਾ ਲੇਖਾ-ਜੋਖਾ ਕਰਨਾ । ਅਰਬੀ ਫ਼ਾਰਸੀ ਵਿੱਚ ਵਾਰਤਕ ਲਈ ‘ ਨਸਰ’ ਸ਼ਬਦ ਦਾ ਪ੍ਰਯੋਗ ਹੁੰਦਾ ਹੈ , ਜਿਸ ਦਾ ਭਾਵ ‘ ਖੋਲ੍ਹ ਕੇ ਕਹਿਣਾ’ ਤੋਂ ਹੈ । ਅੰਗਰੇਜ਼ੀ ਵਿੱਚ ਇਸਦੇ ਸਮਾਨਾਂਤਰ ‘ prose’ ਸ਼ਬਦ ਵਰਤਿਆ ਜਾਂਦਾ ਹੈ , ਜਿਸਦਾ ਮੂਲ ਲਾਤੀਨੀ ਸ਼ਬਦ ‘ prosa’ ਜਾਂ ‘ prosus’ ਹੈ , ਜਿਨ੍ਹਾਂ ਦੇ ਅਰਥ ‘ ਛੰਦਾ-ਬੰਦੀ ਤੋਂ ਮੁਕਤ ਸਿੱਧੀ ਗੱਲ-ਬਾਤ’ ਦੇ ਹਨ । ਸੰਸਕ੍ਰਿਤ ਵਿੱਚ ਵਾਰਤਕ ਲਈ ਪ੍ਰਾਪਤ ਸ਼ਬਦ ‘ ਗਦ’ ਹੈ , ਜੋ ਕਾਵ੍ਯ ਜਾਂ ਕਾਵਿ ਦਾ ਇੱਕ ਭੇਦ ਹੈ ਅਤੇ ਗਦ- ਕਾਵਿ ਨੂੰ ਪਦ-ਕਾਵਿ ਦੇ ਵਿਰੋਧ ਵਿੱਚ ਰੱਖ ਕੇ ਪਰਿਭਾਸ਼ਿਤ ਕੀਤਾ ਜਾਂਦਾ ਸੀ ।

        ਇਉਂ ਵਾਰਤਕ ਦੇ ਸੰਦਰਭ ਵਿੱਚ ਵਾਰਤਾ , ਨਸਰ , ਗਦ ਅਤੇ prose ਆਦਿ ਸ਼ਬਦਾਂ ਨੂੰ ਵਿਚਾਰਨ ਮਗਰੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਪੁਰਾਤਨ ਸਾਹਿਤ ਛੰਦ- ਬੱਧ ਭਾਵ ਕਵਿਤਾ ਵਿੱਚ ਹੈ । ਵਾਰਤਕ ਛੰਦ-ਬੰਧਨ ਤੋਂ ਅਜ਼ਾਦ ਹੋ ਕੇ ਆਮ ਭਾਸ਼ਾ ਵਿੱਚ ਵਿਚਾਰਾਂ , ਗੂੜ੍ਹ ਰਹੱਸਾਂ , ਸਾਹਿਤਕ ਅਰਥਾਂ , ਚਿੰਤਨ ਦੀ ਵਿਆਖਿਆ ਲਈ ਮਗਰੋਂ ਹੋਂਦ ਵਿੱਚ ਆਉਂਦੀ ਹੈ ਤੇ ਹੌਲੀ-ਹੌਲੀ ਸੁਤੰਤਰ ਰੂਪ ਗ੍ਰਹਿਣ ਕਰਦੀ ਹੈ । ਜੇਕਰ ਕਵਿਤਾ , ਕਾਵਿ-ਭਾਸ਼ਾ ਵਿੱਚ ਮਨੁੱਖੀ ਵਲਵਲਿਆਂ ਦੀ ਤਰਜਮਾਨੀ ਕਰਦੀ ਕਿਸੇ ਅਗਲੇਰੇ ਅਰਥਾਂ ਨੂੰ ਸੁਝਾਉਂਦੀ ਰਚਨਾਤਮਿਕ ( cre-ative ) ਰਚਨਾ ਹੈ ਤਾਂ ਵਾਰਤਕ ਆਮ ਭਾਸ਼ਾ ਵਿੱਚ ਤੱਥਾਂ ਦਾ ਸਪਸ਼ਟ ਅਤੇ ਤਰਤੀਬਬੱਧ ਗਿਆਨ ਦਿੰਦੀ ਹੋਈ ਸਿਰਜਣਾਤਮਿਕ ਰਚਨਾ ਹੈ , ਇਸਦੇ ਰਚਣ ਦੇ ਆਪਣੇ ਵਿਆਕਰਨਿਕ ਨੇਮ ਹੁੰਦੇ ਹਨ । ਜਿੱਥੇ ਕਵਿਤਾ ਆਵੇਸ਼ਾਂ ਦੇ ਝਰਨੇ ਵਿੱਚ ਗੂੜ੍ਹ ਰਹੱਸਾਂ ਨੂੰ ਬੰਨ੍ਹਦੀ ਤੁਰੀ ਆਉਂਦੀ ਹੈ , ਉੱਥੇ ਵਾਰਤਕ ਇਹਨਾਂ ਰਹੱਸਾਂ ਦੀ ਵਿਆਖਿਆ ਦਲੀਲਮਈ ਢੰਗ ਨਾਲ ਕਰਦੀ ਹੈ ।

        ਵਿਭਿੰਨ ਦੌਰਾਂ ਵਿੱਚੋਂ ਲੰਘਦਿਆਂ ਵਾਰਤਕ ਦਾ ਰੂਪ ਨਿਖਰਿਆ ਹੈ । ਅੱਜ ਗਦ ਜਾਂ ਵਾਰਤਕ ਕਾਵਿਮਈ ਸਾਹਿਤ ਦਾ ਭੇਦ ਨਹੀਂ ਬਲਕਿ ਸੁਤੰਤਰ ਸਾਹਿਤ ਰੂਪ ਹੈ । ਗਿਆਨ ਦਾ ਅਜੋਕਾ ਯੁੱਗ ਵਾਰਤਕ ਦਾ ਯੁੱਗ ਹੈ । ਮੀਡੀਏ ਦੀ ਆਮਦ ਨਾਲ ਅਤੇ ਸੂਚਨਾ ਤਕਨਾਲੋਜੀ ਦੇ ਪ੍ਰਵੇਸ਼ ਅਤੇ ਪਸਾਰ ਨਾਲ ਵਾਰਤਕ ਖੇਤਰ ਪ੍ਰਭਾਵਿਤ ਵੀ ਹੋਇਆ ਹੈ ਅਤੇ ਵੱਡੀ ਲੋੜ ਵੀ ਬਣਿਆ ਹੈ । ਬਹੁਭਿੰਨ ਵਿਸ਼ਿਆਂ ਦੇ ਪ੍ਰਵੇਸ਼ ਨਾਲ , ਅਕਾਦਮਿਕ ਖੇਤਰ ਵਿੱਚ ਪੰਜਾਬੀ ਭਾਸ਼ਾ ਦੇ ਮਾਧਿਅਮ ਬਣਨ ਸਦਕਾ ਗਿਆਨ- ਵਿਗਿਆਨ ਦੀਆਂ ਪਾਠ-ਪੁਸਤਕਾਂ ਦੀ ਲੋੜ ਕਰ ਕੇ ਵਾਰਤਕ ਦੇ ਖੇਤਰ ਵਿੱਚ ਨਵੇਂ ਪ੍ਰਯੋਗ ਹੋ ਰਹੇ ਹਨ ਅਤੇ ਇਸਦੇ ਅਨੇਕਾਂ ਰੂਪ ਆਪਣੀਆਂ ਸੰਭਾਵਨਾਵਾਂ ਸਹਿਤ ਸਾਮ੍ਹਣੇ ਆ ਰਹੇ ਹਨ । ਇਹਨਾਂ ਰੂਪਾਂ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡ ਕੇ ਦੇਖਿਆ ਜਾ ਸਕਦਾ ਹੈ-ਪਹਿਲਾ ਭਾਗ ਸ਼ੁੱਧ ਗਿਆਨ-ਵਿਗਿਆਨ ਦੀ ਵਾਰਤਕ ਦਾ ਹੈ ਜਿਸ ਵਿੱਚ ਨਿਬੰਧ , ਲੇਖ , ਸੰਪਾਦਕ , ਮਿਡਲ , ਆਲੋਚਨਾ , ਖੋਜ ਪ੍ਰਬੰਧ ਅਤੇ ਗਿਆਨ-ਵਿਗਿਆਨ ਦੀਆਂ ਪੁਸਤਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ , ਜਦ ਕਿ ਵਾਰਤਕ ਦਾ ਦੂਜਾ ਭਾਗ ਲਲਿਤ ਵਾਰਤਕ ਹੈ ਜਿਸ ਵਿੱਚ ਨਾਟਕ , ਨਾਵਲ , ਕਹਾਣੀ , ਜੀਵਨੀ , ਸ੍ਵੈਜੀਵਨੀ , ਰੇਖਾ-ਚਿੱਤਰ , ਯਾਦਾਂ ( ਸੰਸਮਰਨ ) , ਸਫ਼ਰਨਾਮੇ , ਮੁਲਾਕਾਤਾਂ , ਡਾਇਰੀ , ਸਾਹਿਤਕ ਪੱਤਰ , ਵਿਅੰਗ , ਪ੍ਰਵਚਨ , ਕੈਪਸ਼ਨ , ਪਰਬਤ ਰੋਹਣ ਅਤੇ ਜੰਗਲ ਭ੍ਰਮਣ ਨਾਲ ਸੰਬੰਧਿਤ ਸਾਹਿਤ ਸ਼ਾਮਲ ਕੀਤਾ ਜਾ ਸਕਦਾ ਹੈ ।

                  ਇਸ ਤਰ੍ਹਾਂ ਸਪਸ਼ਟ ਹੈ ਕਿ ਵਾਰਤਕ ਵਿੱਚ ਸਾਹਿਤਿਕ ਪ੍ਰਗਟਾਅ ਦੇ ਉਹ ਸਾਰੇ ਰੂਪ ਸ਼ਾਮਲ ਹੋ ਸਕਦੇ ਹਨ ਜਿਹੜੇ ਸਿੱਧੀ-ਸਾਦੀ ਗੱਲ-ਬਾਤ ਰਾਹੀਂ , ਛੰਦਾਬੰਦੀ ਤੋਂ ਮੁਕਤ ਹੋ ਕੇ ਦਲੀਲਮਈ ਢੰਗ ਨਾਲ ਤੱਥਾਂ ਨੂੰ ਉਜਾਗਰ ਕਰਦੇ ਹਨ ਅਤੇ ਪਾਠਕ ਦੇ ਗਿਆਨ ਨੂੰ ਵਧਾਉਣ ਦਾ ਕਾਰਜ ਕਰਦੇ ਹਨ । ਬੁੱਧੀ , ਭਾਵ , ਕਲਪਨਾ ਅਤੇ ਸ਼ੈਲੀ ਇਸਦੇ ਮੁੱਖ ਤੱਤ ਹਨ , ਸਪਸ਼ਟਤਾ ਇਸਦੀ ਜਿੰਦ-ਜਾਨ ਹੈ ਅਤੇ ਵਿਚਾਰਾਂ ਦੀ ਲੜੀਵਾਰ ਉਸਾਰੀ ( ਗੋਂਦ ) ਜ਼ਰੂਰੀ ਅੰਗ ਹੈ । ਲੇਖਕ ਦਾ ਨਿਰੰਤਰ ਅਭਿਆਸ , ਅਧਿਐਨ ਅਤੇ ਅਨੁਭਵ ਦੀ ਵਿਸ਼ਾਲਤਾ ਚੰਗੀ ਵਾਰਤਕ ਦੀ ਰਚਨਾ ਵਿੱਚ ਬਹੁਤ ਅਹਿਮ ਯੋਗਦਾਨ ਪਾਉਂਦੇ ਹਨ ।


ਲੇਖਕ : ਜਗਦੀਸ਼ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਾਰਤਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰਤਕ [ ਨਾਂਇ ] ਤੋਲ/ਤੁਕਾਂਤ ਰਹਿਤ ਸਾਹਿਤਿਕ ਰਚਨਾ , ਗੱਦ-ਰਚਨਾ , ਨਸਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.