ਵਿਆਕਰਨਕ ਮਾਨਤਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਆਕਰਨਕ ਮਾਨਤਾ : ਭਾਸ਼ਾ ਦੀਆਂ ਇਕਾਈਆਂ ਦੀ ਵਰਤੋਂ ਵਿਆਕਰਨਕ ਨਿਯਮਾਂ ਅਨੁਸਾਰ ਕੀਤੀ ਜਾਂਦੀ ਹੈ । ਵਿਆਕਰਨਤਾ ਦੀ ਜਾਂਚ ਲਈ ਉਨ੍ਹਾਂ ਭਾਸ਼ਾਵਾਂ ਦੇ ਸਥਾਈ ਬੁਲਾਰੇ ਦੀ ਭਾਸ਼ਾ ਵਰਤੋਂ ਨੂੰ ਅਧਾਰ ਬਣਾਇਆ ਜਾਂਦਾ ਹੈ । ਸਥਾਈ ਬੁਲਾਰਾ ਭਾਸ਼ਾ ਦੇ ਡੈਟਾ ਦੀ ਜਾਂਚ ਕਰ ਸਕਣ ਦੀ ਸਮਰੱਥਾ ਰੱਖਦਾ ਹੈ । ਉਹ ਹੀ ਦੱਸ ਸਕਦਾ ਹੈ ਕਿ ਵਰਤੀ ਜਾਣ ਵਾਲੀ ਇਕਾਈ ਮਾਨਤਾ ਪ੍ਰਾਪਤ ਹੈ ਜਾਂ ਨਹੀਂ । ਸਥਾਈ ਬੁਲਾਰਿਆਂ ਦੀ ਭਾਸ਼ਾ ਵਿਚ ਵਖਰੇਵਾਂ ਹੁੰਦਾ ਹੈ । ਇਸ ਵਖਰੇਵੇਂ ਦਾ ਅਧਾਰ ਉਪਭਾਸ਼ਾਵਾਂ , ਲਿੰਗ , ਉਮਰ , ਜਾਤ ਆਦਿ ਹੁੰਦਾ ਹੈ । ਵਿਆਕਰਨਕ ਮਾਨਤਾ ਵਾਸਤੇ ਚੌਮਸਕੀ ਨੇ ‘ ਆਦਰਸ਼ਕ ਬੁਲਾਰਾ’ ਸੰਕਲਪ ਦਿੱਤਾ ਕਿਉਂਕਿ ਇਕ ਆਦਰਸ਼ਕ ਬੁਲਾਰਾ ਹੀ ਭਾਸ਼ਾ ਦੀ ਵਰਤੋਂ ਦੇ ਡੈਟੇ ਨੂੰ ਸਹੀ ਤੌਰ ’ ਤੇ ਜਾਂਚ ਸਕਦਾ ਹੈ । ਭਾਸ਼ਾ ਵਿਗਿਆਨ ਵਿਚ ਸ਼ਬਦਾਵਲੀ ਜਾਂ ਇਕਾਈਆਂ ਦੀ ਵਰਤੋਂ ਵਿਚਲੇ ਗੈਰ-ਵਿਆਕਰਨਕ ਤੱਤਾਂ ਦਾ ਨਿਖੇੜ ਕਰਨ ਲਈ ਸਟਾਰ ( * ) ਦੀ ਵਰਤੋਂ ਕੀਤੀ ਜਾਂਦੀ ਹੈ । ਜਿਵੇਂ ਕਪਾਹ ਇਕ ਸ਼ਬਦ ਹੈ ਜਿਸ ਨੂੰ ਟਕਸਾਲੀ ਭਾਸ਼ਾ ਦੇ ਸ਼ਬਦ ਵਜੋਂ ਮਾਨਤਾ ਪ੍ਰਾਪਤ ਹੈ ਪਰ ਇਸ ਸ਼ਬਦ ਦਾ ਇਕ ਰੂਪ ‘ ਪਕਾਹ’ ਮਾਲਵੇ ਵਿਚ ਆਮ ਵਰਤਿਆ ਜਾਂਦਾ ਹੈ । ਇਹ ਸ਼ਬਦ ਭਾਵੇਂ ਮਾਲਵੇ ਵਿਚ ਮਾਨਤਾ ਪ੍ਰਾਪਤ ਹੈ ਪਰ ਟਕਸਾਲੀ ਭਾਸ਼ਾ ਵਿਚ ਨਹੀਂ । ਇਸੇ ਤਰ੍ਹਾਂ ਇਕਾਈਆਂ ਵਿਚ ਸ਼ਬਦਾਂ ਦੀ ਵਰਤੋਂ ਵਿਆਕਰਨਕ ਨਿਯਮਾਂ ਅਨੁਸਾਰ ਨਾ ਕੀਤੀ ਗਈ ਹੋਵੇ ਤਾਂ ਵੀ ਗੈਰ-ਵਿਆਕਰਨਕਤਾ ਉਜਾਗਰ ਹੁੰਦੀ ਹੈ , ਜਿਵੇਂ : ‘ ਕਾਲਾ ਬੱਚੇ’ ਵਿਚ ਵਿਸ਼ੇਸ਼ਣ ਅਤੇ ਨਾਂਵ ਵਿਚ ਵਚਨ ਦੇ ਪੱਧਰ ਦੀ ਗੈਰ-ਵਿਆਕਰਨਕਤਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 785, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.