ਵਿਆਕਰਨਕ ਮੇਲ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਆਕਰਨਕ ਮੇਲ: ਵਿਆਕਰਨਕ ਇਕਾਈਆਂ (ਵਾਕੰਸ਼, ਉਪਵਾਕ, ਵਾਕ) ਦੀ ਬਣਤਰ ਵਿਚ ਵਿਚਰਨ ਵਾਲੇ ਤੱਤਾਂ ਦਾ ਆਪਸ ਵਿਚ ਵਿਆਕਰਨਕ ਸਬੰਧ ਹੁੰਦਾ ਹੈ। ਵਿਆਕਰਨ ਦੀ ਭਾਸ਼ਾ ਵਿਚ ਇਸ ਨੂੰ ਵਿਆਕਰਨਕ ਮੇਲ ਆਖਿਆ ਜਾਂਦਾ ਹੈ। ਅੰਗਰੇਜ਼ੀ ਦੇ ਵਿਆਕਰਨਕਾਰਾਂ ਨੇ ਮੇਲ ਦੀ ਥਾਂ ਦੋ ਸ਼ਬਦਾਂ (ਸੰਕਲਪਾਂ) Agreement ਅਤੇ Concord ਵਰਤਿਆ ਹੈ। ਪਰੰਪਰਾਵਾਦੀ ਵਿਆਕਰਨ ਵਿਚ ਪਹਿਲਾ ਸ਼ਬਦ ਵਰਤਿਆ ਮਿਲਦਾ ਹੈ। ਵਿਆਕਰਨਕ ਇਕਾਈਆਂ ਦੀ ਅੰਦਰੂਨੀ ਬਣਤਰ ਅਤੇ ਬਾਹਰੀ ਵਿਚਰਨ ਵਿਚ ਜਦੋਂ ਦੋ ਜਾਂ ਦੋ ਤੋਂ ਵਧੇਰੇ ਤੱਤ ਇਕੋ ਪਰਕਾਰ ਦੇ ਰੂਪਾਂ ਅਨੁਸਾਰ ਰੂਪਾਂਤਰਤ ਹੁੰਦੇ ਹੋਣ ਉਨ੍ਹਾਂ ਦਾ ਆਪਸ ਵਿਚ ਵਿਆਕਰਨਕ ਮੇਲ ਹੁੰਦਾ ਹੈ। ਹਰ ਇਕ ਭਾਸ਼ਾ ਦਾ ਆਪਣੀ ਤਰ੍ਹਾਂ ਦਾ ਮੇਲ ਪਰਬੰਧ ਹੁੰਦਾ ਹੈ। ਜਿਵੇਂ ਪੰਜਾਬੀ ਨਾਂਵ ਸ਼ਰੇਣੀ ਦੇ ਸ਼ਬਦਾਂ ਦਾ ਲਿੰਗ ਭੇਦ ਕਿਰਿਆ ਨੂੰ ਪਰਭਾਵਤ ਕਰਦਾ ਹੈ, ‘ਮੁੰਡਾ ਜਾਂਦਾ ਹੈ’ ਵਿਚ ‘ਜਾਂਦਾ’ ਇਕ ਵਚਨ ਅਤੇ ਪੁਲਿੰਗ ਦਾ ਸੂਚਕ ਹੈ। ਵਾਕ ਬਣਤਰ ਵਿਚ ਵਿਚਰਦੇ ਵਾਕੰਸ਼ਾਂ ਦੀ ਬਣਤਰ ਵਿਚਲੇ ਤੱਤਾਂ ਦੇ ਅਧਾਰ ’ਤੇ ਪੰਜਾਬੀ ਵਿਚ ਇਸ ਪਰਕਾਰ ਦਾ ਮੇਲ ਹੁੰਦਾ ਹੈ, ਜਿਵੇਂ : (i) ਵਿਸ਼ੇਸ਼ਣ ਅਤੇ ਨਾਂਵ : ਪੰਜਾਬੀ ਵਾਕੰਸ਼ ਵਿਚ ਕੇਂਦਰੀ ਤੱਤ ਨਾਂਵ ਹੁੰਦਾ ਹੈ ਅਤੇ ਇਸ ਤੋਂ ਪਹਿਲਾਂ ਵਿਚਰਨ ਵਾਲੇ ਤੱਤ ਵਿਸ਼ੇਸ਼ਕਾਂ ਵਜੋਂ ਵਿਚਰਦੇ ਹਨ। ਇਸ ਦੀ ਬਣਤਰ ਵਿਚ ‘ਗਿਣਤੀ-ਸੂਚਕ ਸ਼ਬਦ, (ਇਕ, ਦੋ) ਤੀਬਰਤਾ-ਸੂਚਕ (ਬਹੁਤ) ਨਾਂਵ, ਸਬੰਧ-ਸੂਚਕ ਪੜਨਾਂਵ, ਦਬਾ-ਸੂਚਕ, ਕਿਰਦੰਤ ਅਤੇ ਸਬੰਧਕ ਸ਼ਬਦ ਵਿਚਰਦੇ ਹਨ। ਇਨ੍ਹਾਂ ਦਾ ਆਪਸ ਵਿਚ ਵਿਆਕਰਨਕ ਮੇਲ ਹੁੰਦਾ ਹੈ। ਇਨ੍ਹਾਂ ਦੀ ਬਣਤਰ ਵਿਚ ਮੂਲ ਵਿਸ਼ੇਸ਼ਣ ਵੀ ਵਿਚਰਦੇ ਹਨ। ਇਨ੍ਹਾਂ ਵਿਚੋਂ ਵਿਕਾਰੀ ਵਿਸ਼ੇਸ਼ਣਾ ਦਾ ਨਾਂਵ ਨਾਲ ਲਿੰਗ, ਵਚਨ ਤੇ ਕਾਰਕ ਦੇ ਪੱਧਰ ਦਾ ਮੇਲ ਹੁੰਦਾ ਹੈ ਜਿਵੇਂ : ‘ਸੋਹਣਾ ਬੱਚਾ’, ‘ਸੋਹਣੀ ਬੱਚੀ’ (ii) ਕਰਤਾ ਨਾਂਵ ਤੇ ਕਿਰਿਆ ਦਾ ਮੇਲ (ਮੁੰਡਾ ਜਾਂਦਾ ਹੈ, ਕੁੜੀ ਜਾਂਦੀ ਹੈ) (iii) ਕਰਤਾ (ਪੜਨਾਂਵ) ਤੇ ਕਿਰਿਆ ਦਾ ਮੇਲ : ਨਾਂਵ ਵਾਕੰਸ਼ ਵਜੋਂ ਕਾਰਜ ਕਰਨ ਵਾਲੇ ਪੜਨਾਵਾਂ ਦਾ ਵਚਨ ਅਤੇ ਪੁਰਖ ਦੇ ਪੱਧਰ ਦਾ ਮੇਲ ਹੁੰਦਾ ਹੈ, ਜਿਵੇਂ : ‘ਮੈਂ ਜਾਵਾਂ, ਉਹ ਜਾਵੇ, ਤੂੰ ਜਾ’ (iv) ਕਰਤਾ (ਪੜਨਾਂਵ) ਤੇ ਸਹਾਇਕ ਕਿਰਿਆ : ਪੰਜਾਬੀ ‘ਹੈ ਅਤੇ ਸੀ’ ਦੋ ਮੂਲ ਸਹਾਇਕ ਕਿਰਿਆਵਾਂ ਹਨ। ਇਹ ਕਿਰਿਆ ਰੂਪੀ ਇਕਾਈਆਂ ਬਾਕੀ ਕਿਰਿਆ ਰੂਪਾਂ ਨਾਲ ਮਿਲ ਕੇ ਮੇਲ ਵੇਲੇ ਕਾਲ, ਵਚਨ ਤੇ ਪੁਰਖ ਦੀ ਸੂਚਨਾ ਪਰਦਾਨ ਕਰਦੀਆਂ ਹਨ। ਕਰਤਾ ਅਤੇ ਸਹਾਇਕ ਕਿਰਿਆ ਦਾ ਵਚਨ ਤੇ ਪੁਰਖ ਦੇ ਪੱਧਰ ਦਾ ਮੇਲ ਹੁੰਦਾ ਹੈ, ਜਿਵੇਂ : ‘ਮੈਂ ਲਿਖ ਰਿਹਾ ਹਾਂ, ਉਹ ਲਿਖ ਰਹੀ ਹੈ, ਤੂੰ ਲਿਖ ਰਿਹਾ ਹੈਂ’ (v) ਕਿਰਿਆ ਰੂਪਾਂ ਅਤੇ ਸਹਾਇਕ ਕਿਰਿਆ ਦਾ ਮੇਲ : ਕਿਰਿਆ ਵਾਕੰਸ਼ ਦੀ ਬਣਤਰ ਵਿਚ ਵਿਚਰਨ ਵਾਲੇ ਵਿਕਾਰੀ ਰੂਪਾਂ ਦਾ ਆਪਸ ਵਿਚ ਵਿਆਕਰਨਕ ਮੇਲ ਹੁੰਦਾ ਹੈ, ਜਿਵੇਂ : ‘...ਜਾਂਦਾ ਹੈ, ਜਾਂਦੇ ਹਨ, ਜਾਂਦੀਆਂ ਹਨ’ ਆਦਿ। (vi) ਸਬੰਧਕ ਰਾਹੀਂ ਮੇਲ, ਪੰਜਾਬੀ ‘ਦਾ’ ਸਬੰਧਕ ਦੋ ਜਾਂ ਦੋ ਤੋਂ ਵਧੇਰੇ ਸ਼ਬਦ ਰੂਪਾਂ ਨੂੰ ਇਕ ਇਕਾਈ ਵਿਚ ਰੱਖਦਾ ਹੈ। ‘ਦਾ’ ਤੋਂ ਪਿਛੋਂ ਆਉਣ ਵਾਲੇ ਨਾਂਵ ਤੱਤ ਦਾ ਪਹਿਲੇ ਤੱਤ ਨਾਲ ਲਿੰਗ, ਵਚਨ, ਪੁਰਖ ਅਤੇ ਕਾਲ ਦੇ ਪੱਧਰ ਦਾ ਮੇਲ ਹੁੰਦਾ ਹੈ : ‘ਕੁੜੀ ਦੀ ਭੈਣ, ਕੁੜੀ ਦੀਆਂ ਭੈਣਾਂ, ਉਸ ਦੇ ਪੁੱਤਰ’ ਆਦਿ। (vii) ਨਾਂਵ ਅਤੇ ਵਿਧੇਈ ਵਿਸ਼ੇਸ਼ਣ ਦਾ ਮੇਲ : ਪੰਜਾਬੀ ਵਿਚ ਵਿਸ਼ੇਸ਼ਣ ਮੂਲ ਦੇ ਸ਼ਬਦ ਨਾਂਵ ਵਾਕੰਸ਼ ਤੋਂ ਸੁਤੰਤਰ ਵੀ ਵਿਚਰ ਸਕਦੇ ਹਨ ਪਰ ਇਸ ਪਰਕਾਰ ਦੇ ਵਿਸ਼ੇਸ਼ਣਾਂ ਦਾ ਨਾਂਵ ਨਾਲ ਲਿੰਗ ਤੇ ਵਚਨ ਦੇ ਪੱਧਰ ਦਾ ਮੇਲ ਹੁੰਦਾ ਹੈ, ਜਿਵੇਂ : ‘ਮੁੰਡਾ ਸੋਹਣਾ ਹੈ, ਕੁੜੀ ਸੋਹਣੀ ਹੈ’। (viii) ਨਾਂਵ ਤੇ ਕਿਰਿਆ ਪੂਰਕ ਨਾਲ ਮੇਲ : ‘ਉਹ ਬੱਚਾ ਹੈ, ਉਹ ਬੱਚੇ ਹਨ’। (ix) ਕਰਮ ਅਤੇ ਕਿਰਿਆ ਦਾ ਮੇਲ : ਪੰਜਾਬੀ ਵਾਕਾਂ ਵਿਚ ਵਿਚਰਨ ਵਾਲੇ ਪਰਧਾਨ ਕਰਮ ਦਾ ਕਿਰਿਆ ਨਾਲ ਲਿੰਗ ਅਤੇ ਵਚਨ ਅਨੁਸਾਰ ਮੇਲ ਹੁੰਦਾ ਹੈ ਜਿਵੇਂ : ‘ਉਹ ਖਤ ਲਿਖਦਾ ਹੈ, ਉਹ ਚਿੱਠੀ ਲਿਖਦਾ ਹੈ।’


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.