ਵਿਦੇਸ਼ ਨੀਤੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵਿਦੇਸ਼ ਨੀਤੀ : ਆਧੁਨਿਕ ਵਿਸ਼ਵ ਰਾਸ਼ਟਰੀ ਰਾਜਾਂ ਦਾ ਸੰਸਾਰ ਹੈ। ਕੋਈ ਵੀ ਰਾਸ਼ਟਰ ਖ਼ਾਲੀ ਵਾਤਾਵਰਨ ਵਿੱਚ ਨਹੀਂ ਰਹਿ ਸਕਦਾ। ਉਸ ਉੱਤੇ ਦੂਜੇ ਰਾਜਾਂ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ। ਵਿਭਿੰਨ ਰਾਜਾਂ ਵਿੱਚ ਅਨੇਕ ਕਿਸਮ ਦੇ ਰਾਜਨੀਤਿਕ, ਆਰਥਿਕ, ਵਪਾਰਿਕ, ਵਿਗਿਆਨਿਕ ਅਤੇ ਸੰਸਕ੍ਰਿਤਿਕ ਸੰਬੰਧ ਹੋਣੇ ਸੁਭਾਵਿਕ ਹਨ। ਦੂਜੇ ਰਾਜਾਂ ਨਾਲ ਆਪਣੇ ਸੰਬੰਧਾਂ ਦਾ ਪ੍ਰਬੰਧ ਕਰਨਾ ਹਰੇਕ ਰਾਜ ਦਾ ਲਾਜ਼ਮੀ ਤੇ ਮਹੱਤਵਪੂਰਨ ਕੰਮ ਹੈ। ਰਾਜ ਦੁਆਰਾ ਆਪਣੇ ਬਾਹਰੀ ਸੰਬੰਧਾਂ  ਲਈ ਜਿਹੜੀ ਨੀਤੀ ਅਪਣਾਈ ਜਾਂਦੀ ਹੈ, ਉਸ ਨੂੰ ਵਿਦੇਸ਼ ਨੀਤੀ ਆਖਦੇ ਹਾਂ। ਵਿਦੇਸ਼ ਨੀਤੀ ਸ਼ਾਸਨ ਦੀ ਇੱਕ ਅਜਿਹੀ ਕਲਾ ਹੈ ਜੋ ਮੁੱਖ ਰੂਪ ਵਿੱਚ ਵਿਦੇਸ਼ੀ ਸ਼ਕਤੀਆਂ ਨਾਲ ਸੰਬੰਧ ਰੱਖਦੀ ਹੈ। ਇਹ ਸੋਚ ਸਮਝ ਕੇ ਚੁਣੇ ਹੋਏ ਰਾਸ਼ਟਰੀ ਹਿਤਾਂ ਦਾ ਸਿਲਸਿਲੇਵਾਰ ਵੇਰਵਾ ਹੁੰਦਾ ਹੈ।

ਕਿਸੇ ਵੀ ਰਾਜ ਦੀ ਵਿਦੇਸ਼ ਨੀਤੀ ਮੁੱਖ ਤੌਰ ‘ਤੇ ਕੁਝ ਸਿਧਾਂਤਾਂ, ਹਿਤਾਂ ਅਤੇ ਉਦੇਸ਼ਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਦੇ ਮਾਧਿਅਮ ਰਾਹੀਂ ਉਹ ਰਾਜ ਦੂਜੇ ਰਾਸ਼ਟਰਾਂ ਦੇ ਨਾਲ ਸੰਬੰਧ ਸਥਾਪਿਤ ਕਰਕੇ ਉਹਨਾਂ ਸਿਧਾਂਤਾਂ ਦੀ ਪੂਰਤੀ ਲਈ ਕਾਰਜਸ਼ੀਲ ਰਹਿੰਦਾ ਹੈ। ਵਿਦੇਸ਼ ਨੀਤੀ ਦਾ ਉਦੇਸ਼ ਕੇਵਲ ਦੂਜਿਆਂ ਦੇ ਵਿਹਾਰ ਦਾ ਪਰਿਵਰਤਨ ਹੀ ਨਹੀਂ ਹੁੰਦਾ ਬਲਕਿ ਇਸ ਦੇ ਰਾਹੀਂ ਦੂਜੇ ਰਾਜਾਂ ਦੀਆਂ ਗਤੀਵਿਧੀਆਂ ਦਾ ਨਿਯੰਤਰਨ ਕਰਨਾ ਵੀ ਹੁੰਦਾ ਹੈ। ਇਸ ਤਰ੍ਹਾਂ ਵਿਦੇਸ਼ ਨੀਤੀ ਵਿੱਚ ਪਰਿਵਰਤਨ ਦੇ ਨਾਲ-ਨਾਲ ਕਈ ਵੇਰਾਂ ਨਿਰੰਤਰਤਾ ਦੀ ਵੀ ਜ਼ਰੂਰਤ ਹੁੰਦੀ ਹੈ। ਵਿਦੇਸ਼ ਨੀਤੀ ‘ਪਰਿਵਰਤਨ’ ਤੇ ‘ਜਿਉਂ ਦੀ ਤਿਉਂ’ ਦੋਨਾਂ ਕਿਸਮ ਦੀਆਂ ਨੀਤੀਆਂ ਦਾ ਤਾਲ-ਮੇਲ ਹੁੰਦੀ ਹੈ।

ਕਿਸੇ ਵੀ ਦੇਸ ਦੀ ਵਿਦੇਸ਼ ਨੀਤੀ ਇੱਕ ਵਿਸ਼ੇਸ਼ ਅੰਦਰੂਨੀ ਤੇ ਬਾਹਰੀ ਵਾਤਾਵਰਨ ਦੇ ਸਰੂਪ ਦੁਆਰਾ ਕਾਫ਼ੀ ਹੱਦ ਤੱਕ ਨਿਰਧਾਰਿਤ ਹੁੰਦੀ ਹੈ। ਇਸ ਤੋਂ ਇਲਾਵਾ ਇਤਿਹਾਸ, ਵਿਰਸਾ, ਸ਼ਖ਼ਸੀਅਤ, ਵਿਚਾਰਧਾਰਾਵਾਂ, ਵਿਭਿੰਨ ਸੰਰਚਨਾਵਾਂ ਆਦਿ ਦਾ ਪ੍ਰਭਾਵ ਵੀ ਇਸ ਉੱਤੇ ਸਪਸ਼ਟ ਤੌਰ ‘ਤੇ ਪੈਂਦਾ ਹੈ।

ਕਿਸੇ ਵੀ ਦੇਸ ਦੀ ਵਿਦੇਸ਼ ਨੀਤੀ ਕਈ ਤੱਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਂਦੀ ਹੈ। ਇਸ ਦੀ ਭੂਗੋਲਿਕ ਸਥਿਤੀ ਅਤੇ ਗੁਆਂਢੀ ਰਾਜਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਹ ਵੀ ਵੇਖਣਾ ਹੁੰਦਾ ਹੈ ਕਿ ਦੂਜੇ ਰਾਜਾਂ ਦੀ ਕੀ ਨੀਤੀ ਹੈ ਅਤੇ ਉਸ ਉੱਤੇ ਉਹ ਕਿਵੇਂ ਅਮਲ ਕਰਦੇ ਹਨ। ਇਸ ਸੰਬੰਧੀ ਇਤਿਹਾਸਿਕ ਅਨੁਭਵਾਂ ਦੀ ਸਫਲਤਾ ਅਤੇ ਅਸਫਲਤਾ ਨੂੰ ਵੀ ਧਿਆਨ ਵਿੱਚ ਰੱਖਣਾ ਪੈਂਦਾ ਹੈ। ਜਿਸ ਦੇਸ ਨੂੰ ਆਪਣੀ ਅਜ਼ਾਦੀ ਦੇ ਲਈ ਸੰਘਰਸ਼ ਅਤੇ ਬਲੀਦਾਨ ਕਰਨਾ ਪਿਆ ਹੋਵੇ, ਉਸਨੂੰ ਪ੍ਰਭੁੱਤਾ ਸੰਬੰਧੀ, ਉਹਨਾਂ ਦੇਸਾਂ ਦੇ ਮੁਕਾਬਲੇ ਵੱਖਰੀ ਨੀਤੀ ਅਪਣਾਉਣੀ ਪੈਂਦੀ ਹੈ ਜਿਨ੍ਹਾਂ ਨੇ ਸੱਤਾ ਅਸਾਨ ਤਰੀਕੇ ਨਾਲ ਪ੍ਰਾਪਤ ਕੀਤੀ ਹੋਵੇ। ਅਜਿਹਾ ਦੇਸ ਜਿਸ ਉੱਤੇ ਬਾਰ-ਬਾਰ ਹਮਲਾ ਹੁੰਦਾ ਰਿਹਾ ਹੋਵੇ, ਆਪਣੀ ਸੁਰੱਖਿਆ ਲਈ ਵਿਸ਼ੇਸ਼ ਤੌਰ ਤੇ ਚੌਕੰਨੇ ਰਹਿਣ ਦੀ ਲੋੜ ਹੁੰਦੀ ਹੈ। ਦੂਜਾ ਨਿਰਨਾਇਕ ਤੱਤ ਹੁੰਦਾ ਹੈ ਉਸ ਦੇਸ ਦਾ ਆਕਾਰ, ਉਸਦੀ ਸਮਾਜਿਕ ਵਿਵਸਥਾ, ਉਸਦੇ ਕੁਦਰਤੀ ਸਾਧਨ ਅਤੇ ਉਸ ਦਾ ਉਦਯੋਗਿਕ ਵਿਕਾਸ ਅਤੇ ਉਸ ਦੀਆਂ ਆਰਥਿਕ ਲੋੜਾਂ ਦਾ ਸਰੂਪ ਕਿਹੋ ਜਿਹਾ ਹੈ।

ਕਿਸੇ ਵੀ ਦੇਸ ਦੀ ਵਿਦੇਸ਼ ਨੀਤੀ ਉੱਥੋਂ ਦੀਆਂ ਸਥਾਨਕ ਜ਼ਰੂਰਤਾਂ ਅਤੇ ਨੀਤੀਆਂ ਤੋਂ ਭਿੰਨ ਨਹੀਂ ਹੁੰਦੀ। ਸਾਰ ਵਿੱਚ ਕਿਹਾ ਜਾ ਸਕਦਾ ਹੈ ਕਿ ਵਿਦੇਸ਼ ਨੀਤੀਆਂ ਦਾ ਨਿਰਮਾਣ ਸੂਖਮ ਸਿਧਾਂਤਾਂ ਦੇ ਆਧਾਰ ‘ਤੇ ਨਹੀਂ ਹੁੰਦਾ ਬਲਕਿ ਇਹ ਰਾਸ਼ਟਰੀ ਹਿਤਾਂ ਦੀ ਸੁਰੱਖਿਆ ਲਈ ਕਰਨਾ ਹੁੰਦਾ ਹੈ। ਰਾਸ਼ਟਰੀ ਹਿਤਾਂ ਤੇ ਵਿਦੇਸ਼ ਨੀਤੀ ਵਿੱਚ ਡੂੰਘਾ ਸੰਬੰਧ ਹੁੰਦਾ ਹੈ। ਰਾਸ਼ਟਰੀ ਹਿਤ ਵਿਦੇਸ਼ ਨੀਤੀ ਦੇ ਲਈ ਵਿਭਿੰਨ ਸੰਦਰਭਾਂ ਵਿੱਚ ਲੋੜੀਂਦੀ ਭੂਮਿਕਾ ਨਿਭਾਉਂਦੇ ਹਨ। ਰਾਸ਼ਟਰੀ ਹਿਤ ਨਜ਼ਦੀਕੀ ਭਵਿੱਖ ਦੀ ਸਥਿਤੀ ਵਿੱਚ ਵਿਦੇਸ਼ ਨੀਤੀ ਨੂੰ ਨਿਯੰਤਰਨ ਕਰਨ ਵਾਲੇ ਮਾਪਦੰਡਾਂ ਦਾ ਵਿਕਲਪ ਪ੍ਰਦਾਨ ਕਰਦੇ ਹਨ; ਨਿਰੰਤਰਤਾ ਪ੍ਰਦਾਨ ਕਰਦੇ ਹਨ; ਦਿਸ਼ਾ-ਨਿਰਦੇਸ਼ਨ ਦਿੰਦੇ ਹਨ। ਇਹਨਾਂ ਦੇ ਆਧਾਰ ‘ਤੇ ਹੀ ਵਿਦੇਸ਼ ਨੀਤੀ ਬਦਲਦੇ ਹੋਏ ਅੰਤਰਰਾਸ਼ਟਰੀ ਸਰੂਪ ਵਿੱਚ ਆਪਣੇ-ਆਪ ਨੂੰ ਢਾਲਣ ਦੇ ਯੋਗ ਬਣੀ ਹੈ।

ਸੁਰੱਖਿਆ, ਰਾਸ਼ਟਰੀ ਵਿਕਾਸ ਅਤੇ ਵਿਸ਼ਵ ਵਿਵਸਥਾ, ਰਾਸ਼ਟਰੀ ਹਿਤ ਦੇ ਤਿੰਨ ਮੁੱਖ ਤੱਤ ਹੁੰਦੇ ਹਨ। ਸੁਰੱਖਿਆ ਰਾਜ ਦੇ ਅੰਤਰਰਾਸ਼ਟਰੀ ਹੋਂਦ ਦੀ ਪਹਿਲੀ ਗਰੰਟੀ ਹੈ; ਰਾਸ਼ਟਰੀ ਵਿਕਾਸ ਇਸ ਦਾ ਜ਼ਰੂਰੀ ਤੱਤ ਹੈ; ਅਤੇ ਇੱਕ ਸੁਨਿਸ਼ਚਿਤ ਵਿਸ਼ਵ ਵਿਵਸਥਾ ਕਿਸੇ ਰਾਜ ਦੀ ਸੁਤੰਤਰ ਹੋਂਦ ਤੇ ਵਿਕਾਸ ਦੀ ਘੱਟੋ-ਘੱਟ ਪਹਿਲੀ ਸ਼ਰਤ ਹੈ। ਆਮ ਤੌਰ ‘ਤੇ ਆਤਮ ਰੱਖਿਆ, ਸੁਰੱਖਿਆ, ਕਲਿਆਣ, ਸਨਮਾਨ, ਵਿਚਾਰਧਾਰਾ ਅਤੇ ਸ਼ਕਤੀ ਵਿਦੇਸ਼ ਨੀਤੀ ਦੇ ਪ੍ਰਮੁੱਖ ਉਦੇਸ਼ ਮੰਨੇ ਜਾਂਦੇ ਹਨ। ਇਹ ਠੀਕ ਹੈ ਕਿ ਵਿਦੇਸ਼ ਨੀਤੀ ਰਾਸ਼ਟਰੀ ਹਿਤਾਂ ਦੀ ਰੱਖਿਅਕ ਹੋਣੀ ਚਾਹੀਦੀ ਹੈ ਪਰ ਇਸ ਦੇ ਨਾਲ ਇਹ ਵਿਸ਼ਵ ਸ਼ਾਂਤੀ ਅਤੇ ਨਿਆਂ ਦੇ ਮਹਾਨ ਉਦੇਸ਼ਾਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ।

ਭਾਰਤ ਦੀ ਵਿਦੇਸ਼ ਨੀਤੀ ਦਾ ਨਿਰਧਾਰਨ ਕਰਦੇ ਸਮੇਂ ਭਾਰਤੀ ਪ੍ਰਾਚੀਨ ਪ੍ਰਨਾਲੀਆਂ ਦੀਆਂ ਪ੍ਰਾਚੀਨ ਪਰੰਪਰਾਵਾਂ ਅਤੇ ਅਜ਼ਾਦੀ ਦੀ ਲੜਾਈ ਦੇ ਉੱਚ ਆਦਰਸ਼ਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਭਾਰਤ ਨੇ ਆਪਣੀ ਵਿਦੇਸ਼ ਨੀਤੀ ਵਿੱਚ ਗੁਟਨਿਰਪੇਖਤਾ ਅਤੇ ਸ਼ਾਂਤੀਪੂਰਨ ਸਹਿਹੋਂਦ ਦੇ ਤੱਤਾਂ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ, ਇਸ ਦਾ ਕਾਰਨ ਉਸ ਦਾ ਸਹਿਨਸ਼ੀਲ ਸੁਭਾਅ ਤੇ ਪਰੰਪਰਾ ਹੈ। ਆਪਣੇ ਗ਼ੁਲਾਮੀ ਦੇ ਅਨੁਭਵਾਂ ਦੇ ਆਧਾਰ ‘ਤੇ ਉਸਨੇ ਉਪਨਿਵੇਸ਼ਵਾਦ, ਰੰਗ ਭੇਦ ਅਤੇ ਬਸਤੀਵਾਦ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਭਾਰਤੀ ਵਿਦੇਸ਼ ਨੀਤੀ ਦਾ ਅਚਾਨਕ ਹੀ ਜਨਮ ਨਹੀਂ ਹੋਇਆ ਬਲਕਿ ਇਸਦੇ ਇਤਿਹਾਸਿਕ ਆਧਾਰ ਹਨ।

ਭਾਰਤ ਦੀ ਵਿਦੇਸ਼ ਨੀਤੀ ਉੱਤੇ ਸਦੀਆਂ ਤੋਂ ਵਿਕਸਿਤ ਸੱਭਿਆਤਾਵਾਂ, ਬਰਤਾਨਵੀ ਨੀਤੀਆਂ ਦੀ ਵਿਰਾਸਤ, ਚਿੰਨ-ਸ਼ੈਲੀਆਂ, ਸੁਤੰਤਰਤਾ ਅੰਦੋਲਨ ਅਤੇ ਵਿਦੇਸ਼ੀ ਮਾਮਲਿਆਂ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹੁੰਚ, ਗਾਂਧੀਵਾਦੀ ਫ਼ਲਸਫ਼ੇ, ਅਹਿੰਸਾ ਆਦਿ ਦਾ ਸਪੱਸ਼ਟ ਪ੍ਰਭਾਵ ਹੈ। ਭਾਰਤ ਦੀ ਵਿਦੇਸ਼ ਨੀਤੀ ਦੇ ਬੁਨਿਆਦੀ ਉਦੇਸ਼ ਸਰਲ ਤੇ ਸਪੱਸ਼ਟ ਹਨ ਜਿਨ੍ਹਾਂ ਵਿੱਚ, ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਕਾਇਮ ਕਰਨਾ, ਗ਼ੁਲਾਮ ਦੇਸਾਂ ਨੂੰ ਸੁਤੰਤਰ ਹੋਣ ਲਈ ਪ੍ਰੋਤਸਾਹਨ ਦੇਣਾ; ਉਪਨਿਵੇਸ਼ਵਾਦ, ਬਸਤੀਵਾਦ ਤੇ ਨਸਲਵਾਦ ਦਾ ਵਿਰੋਧ ਕਰਨਾ, ਅੰਤਰਰਾਸ਼ਟਰੀ ਝਗੜਿਆਂ ਦਾ ਨਿਪਟਾਰਾ ਸ਼ਾਂਤਮਈ ਤਰੀਕਿਆਂ ਨਾਲ ਕਰਨਾ ਅਤੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਵਿੱਚ ਵਿਸ਼ਵਾਸ ਕਰਨਾ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਨੂੰ ਧਿਆਨ ਵਿੱਚ ਰੱਖਣਾ ਸ਼ਾਮਲ ਹੈ।

ਇਸ ਤੋਂ ਸਪੱਸ਼ਟ ਹੈ ਕਿ ਵਿਦੇਸ਼ ਨੀਤੀ ਦੁਆਰਾ ਇੱਕ ਰਾਜ ਆਪਣੇ ਰਾਸ਼ਟਰੀ ਹਿਤਾਂ ਨੂੰ ਸੁਰੱਖਿਅਤ ਰੱਖਣ ਅਤੇ ਉਹਨਾਂ ਨੂੰ ਵਿਕਸਿਤ ਕਰਨ ਦੇ ਲਈ ਦੂਜੇ ਰਾਜਾਂ ਨਾਲ ਸੰਬੰਧ ਸਥਾਪਿਤ ਕਰਦਾ ਹੈ ਅਤੇ ਉਹਨਾਂ ਦੇ ਵਿਹਾਰ ਨੂੰ ਆਪਣੇ ਅਨੁਕੂਲ ਬਣਾਉਣ ਦਾ ਯਤਨ ਕਰਦਾ ਹੈ। ਵਿਦੇਸ਼ ਨੀਤੀ ਦੀ ਸਫਲਤਾ ਦੀ ਕਸੌਟੀ ਇਹ ਹੈ ਕਿ ਉਹ ਰਾਸ਼ਟਰੀ ਹਿਤਾਂ ਦੀ ਰੱਖਿਆ ਕਰਨ ਅਤੇ ਉਹਨਾਂ ਨੂੰ ਉਤਸ਼ਾਹਿਤ ਦੇਣ ਵਿੱਚ ਕਿਸ ਹੱਦ ਤੱਕ ਸਫ਼ਲ ਰਹਿੰਦੀ ਹੈ।


ਲੇਖਕ : ਅਮਨਦੀਪ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-12-10-48-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.