ਵਿਰੋਧਾਤਮਿਕਤਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਰੋਧਾਤਮਿਕਤਾ : ਭਾਸ਼ਾ ਦੀ ਭਾਵ ਜੁਗਤ ਵਿੱਚ ਵਿਰੋਧਾਤਮਿਕਤਾ ਇੱਕ ਜ਼ਰੂਰੀ ਸੰਬੰਧ ਮੰਨਿਆ ਜਾਂਦਾ ਹੈ । ਪਰ ਇਸ ਬਾਰੇ ਕੁਝ ਭੁਲੇਖੇ ਰਹੇ ਹਨ । ਇਹਨਾਂ ਭੁਲੇਖਿਆਂ ਦਾ ਕਾਰਨ ਇਹ ਹੈ ਕਿ ਵਿਰੋਧਾਤਮਿਕਤਾ ਨੂੰ ਸਮਾਨਾਰਥਕਤਾ ਦਾ ਪੂਰਨ ਸਮਝਿਆ ਜਾਂਦਾ ਹੈ । ਦੂਜਾ ਕਾਰਨ ਇਹ ਹੈ ਕਿ ਵੱਖ-ਵੱਖ ਕਿਸਮ ਦੀਆਂ ਵਿਰੋਧਤਾਵਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਗਿਆ । ਸਮਾਨਾਰਥਕਤਾ ਅਤੇ ਵਿਰੋਧਾਤਮਿਕਤਾ ਵੱਖ-ਵੱਖ ਕਿਸਮ ਦੇ ਭਾਵਾਤਮਿਕ ਸੰਬੰਧ ਹਨ । ਮੋਟੇ ਤੌਰ ਤੇ ਵਿਰੋਧਾਤਮਿਕਤਾ ਤਿੰਨ ਕਿਸਮ ਦੀ ਹੁੰਦੀ ਹੈ ਅਤੇ ਹਰ ਕਿਸਮ ਦੀ ਵਿਰੋਧਾਤਮਿਕਤਾ ਨੂੰ ਐਨਟੋਨੀਮੀ ਨਹੀਂ ਕਿਹਾ ਜਾ ਸਕਦਾ ।

        ਇੱਕ ਕਿਸਮ ਦੀ ਵਿਰੋਧਤਾ ਉਹ ਹੈ , ਜਿਹੜੀ ਸ਼ਬਦਾਂ ਦੇ ਅਜਿਹੇ ਜੋੜਿਆਂ ਵਿੱਚ ਦੇਖੀ ਜਾ ਸਕਦੀ ਹੈ , ਜਿਵੇਂ ਕੁਆਰਾ/ਵਿਆਹਿਆ , ਨਰ/ਮਾਦਾ ਆਦਿ ਪੂਰਨ ਹਨ । ਇਸ ਲਈ ਇਹਨਾਂ ਵਾਸਤੇ ਪੂਰਕ ਸ਼ਬਦ ( comple-mentary ) ਵਰਤਣਾ ਚਾਹੀਦਾ ਹੈ । ਇਸੇ ਤਰ੍ਹਾਂ ਬੁਰਾ/ਚੰਗਾ ਸ਼ਬਦ ਨੂੰ ਲਿਆ ਜਾ ਸਕਦਾ ਹੈ । ‘ ਬੁਰਾ’ ਉਹ ਹੈ ਜੋ ‘ ਚੰਗਾ’ ਨਹੀਂ । ਅਜਿਹੇ ਸ਼ਾਬਦਿਕ ਜੋੜਿਆਂ ਦੀ ਖ਼ਾਸ ਗੱਲ ਇਹ ਹੈ ਕਿ ਇੱਕ ਦਾ ਹੋਣਾ , ਦੂਜੇ ਦਾ ਨਾ ਹੋਣਾ ਹੈ ਅਤੇ ਦੂਜੇ ਦਾ ਨਾ ਹੋਣਾ , ਪਹਿਲੇ ਦਾ ਹੋਣਾ ਹੈ ।

        ਜਿਨ੍ਹਾਂ ਸ਼ਬਦਾਂ ਨੂੰ ਅਸੀਂ ਵਿਰੋਧਾਤਮਿਕਤਾ ਦਾ ਨਾਂ ਦਿੰਦੇ ਹਾਂ , ਉਹ ਅਜਿਹੀਆਂ ਉਦਾਹਰਨਾਂ ਹਨ , ਜਿਵੇਂ “ ਵੱਡਾ" ਅਤੇ “ ਛੋਟਾ" ਤੋਂ ਸਪਸ਼ਟ ਹੁੰਦਾ ਹੈ । ਇਸ ਕਿਸਮ ਦੀ ਵਿਰੋਧਾਤਮਿਕਤਾ ਦਾ ਖ਼ਾਸ ਗੁਣ ਇਹ ਹੈ ਕਿ ਉਹਨਾਂ ਦੀ ਦਰਜਾਬੰਦੀ ਕੀਤੀ ਜਾ ਸਕਦੀ ਹੈ । ਇਹ ਚੇਤੇ ਰਹੇ ਕਿ ਦਰਜਾਬੰਦੀ ਦਾ ਸੰਕਲਪ ਸੈਪੀਰ ਭਾਸ਼ਾ- ਵਿਗਿਆਨੀ ਦੀ ਦੇਣ ਹੈ , ਜਿਹੜਾ ਤੁਲਨਾ ਨਾਲ ਸੰਬੰਧਿਤ ਹੈ । ਇਹ ਤੁਲਨਾ ਸਪਸ਼ਟ ਜਾਂ ਛੁੱਪੀ ਹੋਈ ਹੋ ਸਕਦੀ ਹੈ । ਸਪਸ਼ਟ ਤੁਲਨਾਤਮਿਕ ਵਾਕ ਦੋ ਕਿਸਮ ਦੇ ਹੁੰਦੇ ਹਨ :

                  1. ਦੋ ਚੀਜ਼ਾਂ ਦੀ ਕਿਸੇ ਗੁਣ ਦੇ ਦ੍ਰਿਸ਼ਟੀਕੋਣ ਤੋਂ ਤੁਲਨਾ ਕੀਤੀ ਜਾਵੇ ਅਤੇ ਇੱਕ ਵਿੱਚ ਦੂਜੇ ਨਾਲੋਂ ਵੱਖ ਗੁਣ ਹੋਣ , ਜਿਵੇਂ :

                                    “ ਸਾਡਾ ਮਕਾਨ ਤੁਹਾਡੇ ਮਕਾਨ ਨਾਲੋਂ ਵੱਡਾ ਹੈ । "

                  2. ਉਸੇ ਚੀਜ਼ ਦੀ ਕਿਸੇ ਗੁਣ ਦੇ ਦ੍ਰਿਸ਼ਟੀਕੋਣ ਤੋਂ ਦੋ ਸਥਿਤੀਆਂ ਵਿੱਚ ਤੁਲਨਾ ਕੀਤੀ ਜਾਵੇ । ਜਿਵੇਂ :

                                    “ ਸਾਡਾ ਮਕਾਨ ਪਹਿਲਾਂ ਨਾਲੋਂ ਵੱਡਾ ਹੈ । "

        ਵਿਰੋਧਾਤਮਿਕਤਾ ਬਾਰੇ ਗੱਲ ਕਰਦਿਆਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇੱਕ ਦਾ ਨਾ ਹੋਣਾ , ਦੂਜੇ ਦੇ ਹੋਣ ਦਾ ਸਬੂਤ ਨਹੀਂ ਜਿਵੇਂ : “ ਸਾਡਾ ਮਕਾਨ ਵੱਡਾ ਨਹੀਂ" । ਵਾਕ ਦੇ ਛੁਪੇ ਭਾਵ ਇਹ ਨਹੀਂ ਕਿ “ ਸਾਡਾ ਮਕਾਨ ਛੋਟਾ ਹੈ" । ਇਹ ਤੱਥ ਵਿਰੋਧਾਤਮਿਕਤਾ ਨੂੰ ਪੂਰਕਤਾ ਨਾਲੋਂ ਨਿਖੇੜਦਾ ਹੈ । ਇਹ ਗੱਲ ਮਹੱਤਵਪੂਰਨ ਹੈ ਕਿ ਐਨਟੋਨੀਮੀ ਨਾਲੋਂ ਵਾਕ ਹਮੇਸ਼ਾਂ ਜੇ ਸਪਸ਼ਟ ਨਹੀਂ ਤਾਂ ਛੁਪੇ ਤੁਲਨਾਤਮਿਕ ਹੁੰਦੇ ਹਨ । ਇਹ ਗੱਲ ਕਈ ਸਾਲ ਪਹਿਲਾਂ ‘ ਸੈਪੀਰ’ ਨੇ ਨੋਟ ਕੀਤੀ ਸੀ

        ਸਾਕਾਚਾਰੀ/ਰਿਸ਼ਤੇ-ਨਾਤੇ ਮੱਦ ਖ਼ਾਸ ਤੌਰ ਤੇ ਦੋ ਕਾਰਨਾਂ ਕਰ ਕੇ ਰਿਸ਼ਤੇ-ਸੰਬੰਧੀ ਵਿਰੋਧਤਾ ਵਿੱਚ ਚਰਚਾ ਲਈ ਦਿਲਚਸਪ ਹੈ । ਇੱਕ ਕਾਰਨ ਇਹ ਹੈ ਕਿ ਬਹੁਤੇ ਇਹਨਾਂ ਵਿੱਚੋਂ ਕੇਵਲ ਰਿਸ਼ਤੇ ਜਾਂ ਸੰਬੰਧ ਹੀ ਨਹੀਂ ਦਰਸਾਉਂਦੇ , ਬਲਕਿ ਸੰਬੰਧਿਤ ਵਿਅਕਤੀ ਦੇ ਲਿੰਗ ਬਾਰੇ ਵੀ ਦਰਸਾਉਂਦੇ ਹਨ , ਜਿਵੇਂ : ਪਿਤਾ ਪੁਲਿੰਗ ਮਾਪੇ ਹੈ , ਲੜਕੀ ( ਧੀ ) ਇੱਕ ਇਸਤਰੀ ਲਿੰਗ ਬੱਚਾ ਆਦਿ । ਇਸੇ ਤਰ੍ਹਾਂ ਹੋਰ ਜੋੜਿਆਂ ਨੂੰ ਦੇਖਿਆ ਜਾ ਸਕਦਾ ਹੈ , ਜਿਹੜੇ ਉਸੇ ਰਿਸ਼ਤੇ ਨੂੰ ਦਰਸਾਉਂਦੇ ਹੋਏ ਵੀ ਵੱਖੋ-ਵੱਖਰੇ ਲਿੰਗ ਰੱਖਦੇ ਹਨ , ਜਿਵੇਂ ਪਿਤਾ/ਮਾਤਾ , ਪੁੱਤਰ/ਧੀ , ਅੰਕਲ/ ਆਂਟੀ , ਭਤੀਜਾ/ਭਤੀਜੀ ਆਦਿ ਸ਼ਬਦਾਂ ਦੇ ਜੋੜਿਆਂ ਨੂੰ ਮੇਲ ਖਾਂਦਾ ਸਮਰੂਪੀ ਜੋੜਾ ਕਿਹਾ ਜਾ ਸਕਦਾ ਹੈ ।

        ਇਸੇ ਤਰ੍ਹਾਂ ਹੋਰ ਮੱਦਾਂ ਵੀ ਵਿਰੋਧਾਤਮਿਕਤਾ ਵਿੱਚ ਦੇਖੀਆਂ ਜਾ ਸਕਦੀਆਂ ਹਨ , ਜਿਨ੍ਹਾਂ ਨੂੰ ਲਿੰਗ ਦਾ ਹਵਾਲਾ ਦਿੱਤੇ ਬਿਨਾਂ ਹੀ ਸਮਰੂਪ ਵਿੱਚ ਦੇਖਿਆ ਜਾ ਸਕਦਾ ਹੈ । ਦੂਸਰਾ ਭਾਵੇਂ ਮੱਦ ਸਮਰੂਪੀ ਹੋਵੇ ਜਾਂ ਨਾ ਇਹ ਭਾਸ਼ਾ ਦਾ ਆਪਣਾ ਮਾਮਲਾ ਹੈ ।


ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.