ਵਿਰੋਧਾਰਥਕ ਸ਼ਬਦ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਵਿਰੋਧਾਰਥਕ ਸ਼ਬਦ: ਅਰਥ ਵਿਗਿਆਨ, ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ ਭਾਵੇਂ ਇਸ ਨੂੰ ਪਹਿਲਾਂ ਦਰਸ਼ਨ ਆਦਿ ਨਾਲ ਜੋੜਿਆ ਜਾਂਦਾ ਸੀ। ਭਾਸ਼ਾ ਦੀ ਜੁਗਤ ਵਿਚ ਅਨੇਕਾਂ ਸ਼ਬਦ ਹੁੰਦੇ ਹਨ ਜੋ ਸਮਾਨਾਰਥਕ, ਵਿਰੋਧਾਰਥਕ, ਆਦਿ ਅਰਥਾਂ ਵਿਚ ਵਰਤੇ ਜਾਂਦੇ ਹਨ। ਇਸ ਸੰਕਲਪ ਦੀ ਵਰਤੋਂ ਅਰਥ ਵਿਗਿਆਨ ਵਿਚ ਕੀਤੀ ਜਾਂਦੀ ਹੈ। ਭਾਸ਼ਾ ਵਿਚ ਵਰਤੇ ਜਾਣ ਵਾਲੇ ਹਰ ਇਕ ਸ਼ਬਦ ਦਾ ਕੋਈ ਨਾ ਕੋਈ ਵਿਰੋਧੀ ਸ਼ਬਦ ਵਰਤਿਆ ਜਾਂਦਾ ਹੈ। ਵਿਰੋਧਾਰਥਕਤਾ ਨੂੰ ਸ਼ਬਦਾਂ ਤੱਕ ਹੀ ਜੇਕਰ ਸੀਮਤ ਨਾ ਕੀਤਾ ਜਾਵੇ ਤਾਂ ਇਸ ਸਥਿਤੀ ਨੂੰ ਹਾਂ-ਪੱਖ ਵਿਚ ਅਤੇ ਨਾਂ-ਪੱਖ ਵਿਚ ਵਰਤਿਆ ਜਾ ਸਕਦਾ ਹੈ, ਜਿਵੇਂ ਵਾਕ ਦੇ ਪੱਧਰ ’ਤੇ ‘ਉਹ ਰੋਂਦਾ ਹੈ, ਉਹ ਰੋਂਦਾ ਹੈ? ਉਹ ਰੋਂਦਾ ਹੈ, ਉਹ ਰੋਂਦਾ ਨਹੀਂ’, ਆਦਿ ਵਾਕ ਵਜੋਂ ਵੱਖਰੀਆਂ ਸਥਿਤੀਆਂ ਦੇ ਸੂਚਕ ਹਨ ਭਾਵੇਂ ਇਨ੍ਹਾਂ ਵਾਕਾਂ ਦਾ ਮੂਲ ਢਾਂਚਾ ਇਕੋ ਜਿਹਾ ਹੈ। ਵਿਰੋਧਾਰਥਕਤਾ ਦਾ ਇਹ ਸੰਕਲਪ ਸ਼ਬਦ ਦੇ ਵਡੇਰੇ ਪੱਧਰ ਦਾ ਹੈ। ਪਰ ਇਸ ਪਰਕਾਰ ਦਾ ਵਿਰੋਧ ਸ਼ਬਦ ਰੂਪਾਂ ਰਾਹੀਂ ਵੀ ਸਿਰਜਿਆ ਜਾ ਸਕਦਾ ਹੈ। ਸਿਧਾਂਤਕ ਤੌਰ ’ਤੇ ਉਨ੍ਹਾਂ ਸ਼ਬਦਾਂ ਨੂੰ ਵਿਰੋਧਾਰਥਕ ਸ਼ਬਦਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ, ਜਿਨ੍ਹਾਂ ਦੇ ਅਰਥ ਉਲਟ ਹੋਣ, ਜਿਵੇਂ : ਨਿੱਕਾ ਤੇ ਵੱਡਾ, ਖਰਾ ਤੇ ਖੋਟਾ, ਸਵੇਰ ਤੇ ਸ਼ਾਮ, ਚੰਗਾ ਤੇ ਮਾੜਾ, ਵਧੀਆ ਤੇ ਘਟੀਆ, ਅੁਚਾ ਤੇ ਨੀਵਾਂ, ਅਸਲ ਤੇ ਨਕਲ, ਆਦਿ ਵਿਰੋਧਾਰਥਕ ਸ਼ਬਦ ਹਨ। ਵਿਰੋਧਾਰਥਕਤਾ ਸ਼ੂਚਕ ਸ਼ਬਦਾਵਲੀ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ : ਉਹ ਵਿਰੋਧਾਰਥਕ ਸ਼ਬਦ ਜਿਨ੍ਹਾ ਦੇ ਰੂਪ ਵੱਖੋ ਵੱਖਰੇ ਹੋਣ ਅਤੇ ਵੱਖੋ ਵੱਖਰੀਆਂ ਸਥਿਤੀਆਂ ਦੀ ਸੂਚਨਾ ਪਰਦਾਨ ਕਰਦੇ ਹੋਣ, ਜਿਵੇਂ :ਖਾਲੀ ਤੇ ਭਰਿਆ, ਛੋਟਾ ਤੇ ਵੱਡਾ ਆਦਿ। ਦੂਜੀ ਪਰਕਾਰ ਦੇ ਵਿਰੋਧਾਰਥਕ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦਾ ਮੂਲ ਰੂਪ ਇਕੋ ਹੋਵੇ ਪਰ ਵਿਰੋਧਾਰਥਕਤਾ ਦੀ ਸੂਚਨਾ ਲਈ ਉਨ੍ਹਾਂ ਨਾਲ ਕੁੱਝ ਅਗੇਤਰਾਂ ਦੀ ਵਰਤੋਂ ਕੀਤੀ ਜਾਵੇ : ਅਰਥ-ਬੇਅਰਥ, ਔਲਾਦ-ਬੇਔਲਾਦ, ਸਮਝਦਾਰ-ਬੇਸਮਝ, ਇਕ-ਅਨੇਕ, ਕਾਬਿਲ-ਨਾਕਾਬਿਲ, ਗੁਣ-ਅਵਗੁਣ, ਸਦਾਚਾਰ-ਦੇਰਾਚਾਰ, ਉਪਯੋਗ-ਦੁਰਉਪਯੋਗ, ਲਾਇਕ-ਨਾਲਾਇਕ ਆਦਿ
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 89336, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First