ਵਿਸ਼ਾ ਅਤੇ ਵਿਸਥਾਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਸ਼ਾ ਅਤੇ ਵਿਸਥਾਰ: ਇਸ ਸੰਕਲਪ ਦੀ ਵਰਤੋਂ ਵਿਆਕਰਨ ਅਤੇ ਅਰਥ ਵਿਗਿਆਨ ਵਿਚ ਕੀਤੀ ਜਾਂਦੀ ਹੈ। ਪਰੰਪਰਾਵਾਦੀ ਵਿਆਕਰਨਾਂ ਵਿਚ ਇਸ ਭਾਂਤ ਦੀ ਵੰਡ, ਭਾਵ ਉਦਸ਼ ਅਤੇ ਵਿਧੇ ਵਿਚ ਰੱਖਿਆ ਜਾਂਦਾ ਹੈ। ਵਾਕ ਜਾਂ ਇਸ ਦੇ ਸਮਾਨ ਦੀ ਇਕਾਈ ਉਪਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਤੱਤਾਂ ਨੂੰ ਵਿਸ਼ਾ ਅਤੇ ਵਿਸਥਾਰ ਦੀ ਦੁਵੱਲੀ ਵੰਡ ਵਿਚ ਰੱਖਿਆ ਜਾਂਦਾ ਹੈ। ਵਾਕ ਦੀ ਬਣਤਰ ਵਿਚ ਵਿਚਰਨ ਵਾਲੀ ਉਸ ਇਕਾਈ ਨੂੰ ਵਿਸ਼ੇ ਦੇ ਘੇਰੇ ਵਿਚ ਲਿਆ ਜਾਂਦਾ ਹੈ ਜਿਸ ਦੀ ਇਕਾਈ ਵਿਚ ਵਿਅਕਤੀ ਜਾਂ ਵਸਤੂ ਆਦਿ ਬਾਰੇ ਚਰਚਾ ਕੀਤੀ ਜਾਣੀ ਹੁੰਦੀ ਹੈ। ਦੂਜੇ ਪਾਸੇ ਜੋ ਚਰਚਾ ਉਸ ਵਸਤੂ ਜਾਂ ਵਿਅਕਤੀ ਬਾਰੇ ਕੀਤੀ ਗਈ ਹੁੰਦੀ ਹੈ, ਉਸ ਨੂੰ ਵਿਸਥਾਰ ਦੇ ਘੇਰੇ ਵਿਚ ਲਿਆ ਜਾਂਦਾ ਹੈ। ਜਿਵੇਂ : ‘ਉਹ ਆਦਮੀ ਨਦੀ ਪਾਰ ਕਰ ਗਿਆ’ ਬਣਤਰ ਵਿਚ ‘ਉਹ ਆਦਮੀ’ ਵਿਸ਼ਾ ਹੈ ਅਤੇ ‘ਨਦੀ ਪਾਰ ਕਰ ਗਿਆ’ ਇਸ ਵਿਧੇ ਦਾ ਵਿਸਥਾਰ ਹੈ। ਇਸ ਦੁਵੱਲੀ ਵੰਡ ਵਿਚ ਉਹ ਸਾਰੀਆਂ ਖਾਮੀਆਂ ਹਨ ਜੋ ਉਦਸ਼ ਅਤੇ ਵਿਧੇ ਦੀ ਵੰਡ ਵਿਚ ਹੁੰਦੀਆਂ ਹਨ ਜਿਵੇਂ ਜੇ ਕਿਸੇ ਬਣਤਰ ਵਿਚ ਵਿਸ਼ਾ ਪਹਿਲੇ ਸਥਾਨ ’ਤੇ ਨਾ ਵਿਚਰੇ ਤਾਂ ਇਸ ਵੰਡ ਨੂੰ ਕਿਵੇਂ ਸਾਰਥਕ ਬਣਾਇਆ ਜਾਵੇ ਜਿਵੇਂ ‘ਨਦੀ ਪਾਰ ਕਰ ਗਿਆ ਉਹ ਮੁੰਡਾ’ ਵਿਚ ਵਿਸ਼ੇ ਅਤੇ ਵਿਸਥਾਰ ਦਾ ਸਬੰਧ ਪਰਿਵਰਤਨ ਹੋ ਗਿਆ ਹੈ। ਇਸ ਵੰਡ ਨੂੰ ਹਾਕਿਟ ਆਮ ਵਰਤਦਾ ਹੈ। ਕੁਝ ਭਾਸ਼ਾ ਵਿਗਿਆਨੀ ਇਸ ਵੰਡ ਦੀ ਥਾਂ ਥੀਮ ਅਤੇ ਰੀਮ ਦੀ ਵੰਡ ਅਧਾਰ ਬਣਾਉਂਦੇ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.