ਵਿਸ਼ੇਸ਼ਣ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵਿਸ਼ੇਸ਼ਣ : ਕਿਸੇ ਨਾਂਵ ਦੀ ਕਿਸੇ ਵਿਸ਼ੇਸ਼ਤਾ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਨਾਂਵ ਦੀ ਇਹ ਵਿਸ਼ੇਸ਼ਤਾ ਉਸ ਦਾ ਕੋਈ ਲੱਛਣ, ਕੋਈ ਗੁਣ/ ਔਗੁਣ ਜਾਂ ਗਿਣਤੀ-ਮਿਣਤੀ ਹੋ ਸਕਦੀ ਹੈ : ਨਿੱਕਾ, ਗਰਮ, ਹੁਸ਼ਿਆਰ, ਕਮਜ਼ੋਰ, ਪੰਜ ਆਦਿ।

 

   ਪੰਜਾਬੀ ਵਾਕ-ਬਣਤਰ ਵਿੱਚ ਵਿਸ਼ੇਸ਼ਣਾਂ ਦੀ ਵਰਤੋਂ ਦੋ ਸਥਾਨਾਂ ਉੱਤੇ ਕੀਤੀ ਜਾਂਦੀ ਹੈ, ਨਾਂਵ ਤੋਂ ਪਹਿਲਾਂ ਅਤੇ ਨਾਂਵ ਤੋਂ ਪਿੱਛੋਂ। ਨਾਂਵ ਤੋਂ ਪਹਿਲਾਂ ਆਉਣ ਵਾਲੇ ਵਿਸ਼ੇਸ਼ਣ ਨੂੰ ਵਿਸ਼ੇਸ਼ਕ ਕਿਹਾ ਜਾਂਦਾ ਹੈ ਅਤੇ ਨਾਂਵ ਨੂੰ ਵਿਸ਼ੇਸ਼ :

                   1.        ਨਿੱਕਾ ਮੁੰਡਾ ਰੋ ਪਿਆ। (ਨਿੱਕਾ = ਵਿਸ਼ੇਸ਼ਕ; ਮੁੰਡਾ = ਵਿਸ਼ੇਸ਼)

          ਨਾਂਵ ਤੋਂ ਪਿੱਛੋਂ ਆਉਣ ਵਾਲੇ ਵਿਸ਼ੇਸ਼ਣ ਨੂੰ ਵਿਧੇਈ ਵਿਸ਼ੇਸ਼ਣ ਜਾਂ ਪੂਰਕ ਵਿਸ਼ੇਸ਼ਣ ਕਿਹਾ ਜਾਂਦਾ ਹੈ।                                

                 2.         ਬਲਕਾਰ ਸਿੰਘ ਗੂੰਗਾ ਹੈ। (ਗੂੰਗਾ = ਵਿਧੇਈ ਵਿਸ਼ੇਸ਼ਣ ਜਾਂ ਪੂਰਕ ਵਿਸ਼ੇਸ਼ਣ)

     ਬਣਤਰ ਦੇ ਪੱਖੋਂ ਪੰਜਾਬੀ ਦੇ ਵਿਸ਼ੇਸ਼ਣ ਦੋ ਪ੍ਰਕਾਰ ਦੇ ਹਨ-ਵਿਕਾਰੀ ਅਤੇ ਅਵਿਕਾਰੀ। ਆ-ਅੰਤਕ ਵਿਸ਼ੇਸ਼ਣ ਵਿਕਾਰੀ ਹੁੰਦੇ ਹਨ ਅਤੇ ਜਿਹੜੇ ਆ-ਅੰਤਕ ਨਹੀਂ ਹੁੰਦੇ ਉਹ ਅਵਿਕਾਰੀ। ਸ਼ਬਦ ‘ਕਾਲਾ’ ਅਤੇ ‘ਲਾਲ’ ਦੀ ਕ੍ਰਮਵਾਰ ਬਣਤਰ ਆ-ਅੰਤਕ ਅਤੇ ਗ਼ੈਰ-ਆ-ਅੰਤਕ ਹੋਣ ਦੇ ਆਧਾਰ ਉੱਤੇ ਵਿਕਾਰੀ ਵਿਸ਼ੇਸ਼ਣਾਂ ਨੂੰ ਕਾਲੇ ਵਿਸ਼ੇਸ਼ਣ ਅਤੇ ਅਵਿਕਾਰੀ ਵਿਸ਼ੇਸ਼ਣਾਂ ਨੂੰ ਲਾਲ ਵਿਸ਼ੇਸ਼ਣ ਆਖਿਆ ਜਾਂਦਾ ਹੈ। ਕਾਲੇ ਵਿਸ਼ੇਸ਼ਣ ਵਜੋਂ ‘ਚੰਗਾ’ ਅਤੇ ਲਾਲ ਵਿਸ਼ੇਸ਼ਣ ਵਜੋਂ ‘ਚਲਾਕ’ ਦੀ ਵਰਤੋਂ ਵਿੱਚ ਅੰਤਰ:

     ਕਾਲਾ ਵਿਸ਼ੇਸ਼ਣ : ਚੰਗਾ : ਚੰਗਾ ਮੁੰਡਾ, ਚੰਗੇ ਮੁੰਡੇ, ਚੰਗਿਆਂ ਮੁੰਡਿਆਂ, ਚੰਗਿਓ ਮੁੰਡਿਓ

     ਲਾਲ ਵਿਸ਼ੇਸ਼ਣ : ਚਲਾਕ : ਚਲਾਕ ਮੁੰਡਾ, ਚਲਾਕ ਮੁੰਡੇ, ਚਲਾਕ ਮੁੰਡਿਆਂ, ਚਲਾਕ ਮੁੰਡਿਓ

     ਅਰਥਾਂ ਦੇ ਆਧਾਰ ਉੱਤੇ ਵਿਸ਼ੇਸ਼ਣਾਂ ਦੀਆਂ ਕਿਸਮਾਂ ਹਨ : 1. ਗੁਣਵਾਚਕ

                   2. ਸੰਕੇਤਵਾਚਕ,

                   3. ਸੰਖਿਆਵਾਚਕ ਜਾਂ ਪਰਿਮਾਣਵਾਚਕ

                   4. ਪ੍ਰਸ਼ਨਵਾਚਕ,

                  5. ਅਧਿਕਾਰ ਵਾਚਕ।

     ਗੁਣਵਾਚਕ ਵਿਸ਼ੇਸ਼ਣ ਉਹ ਹੁੰਦੇ ਹਨ ਜੋ ਆਪਣੇ ਵਿਸ਼ੇਸ਼ ਦੇ ਕਿਸੇ ਗੁਣ (ਚੰਗੇ ਜਾਂ ਮਾੜੇ) ਦਾ ਬੋਧ ਕਰਵਾਉਣ। ਗੁਣਵਾਚਕ ਵਿਸ਼ੇਸ਼ਣ ਜਾਂ ਤਾਂ ਨਾਂਵ-ਵਸਤਾਂ ਦੇ ਭੌਤਿਕ ਲੱਛਣਾਂ ਦਾ ਸੰਕੇਤ ਕਰਦੇ ਹਨ (ਚਿੱਟਾ, ਛੋਟਾ, ਗਰਮ, ਭਾਰਾ, ਗੱਭਰੂ, ਗੂੰਗਾ ਆਦਿ) ਅਤੇ ਜਾਂ ਉਹਨਾਂ ਦੀਆਂ ਅਮੂਰਤ ਵਿਸ਼ੇਸ਼ਤਾਵਾਂ ਦਾ (ਲਾਭਦਾਇਕ, ਲਾਲਚੀ, ਚਲਾਕ, ਸਿਆਣਾ ਆਦਿ)।

   ਕੁੱਝ ਕੁ ਮਾਂਗਵੇਂ ਰੂਪਾਂ (ਉੱਚਾ, ਉਚੇਰਾ, ਉੱਚਤਮ) ਤੋਂ ਇਲਾਵਾ ਪੰਜਾਬੀ ਵਿੱਚ ਗੁਣਾਂ ਦੀ ਤਿੰਨ ਪੱਧਰੀ ਦਰਜੇਬੰਦੀ (ਸਧਾਰਨ, ਤੁਲਨਾਤਮਿਕ ਅਤੇ ਸਰਬੋਤ- ਮਕਤਾ) ਲਈ ਵੱਖ-ਵੱਖ ਸ਼ਬਦ ਨਹੀਂ ਹਨ। ਇਸ ਮਕਸਦ ਲਈ ‘ਨਾਲੋਂ’ ਸੰਬੰਧਕ ਅਤੇ ‘ਸਭ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

                   1.        ਸੁਰਿੰਦਰ ਹੁਸ਼ਿਆਰ ਵਿਦਿਆਰਥੀ ਹੈ।                  

                                                                     ਸਧਾਰਨ ਦਰਜਾ

                   2.       ਸੁਰਿੰਦਰ ਮਹਿੰਦਰ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ।   

                                                                     ਤੁਲਨਾਤਮਿਕ ਦਰਜਾ                               

                  3.        ਸੁਰਿੰਦਰ ਸਭ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ।             

                                                                       ਸਰਬੋਤਮ ਦਰਜਾ

     ਗੁਣਵਾਚਕ ਵਿਸ਼ੇਸ਼ਣ ਨਾਲ ‘ਜਿਹਾ’ ਸ਼ਬਦ ਦੀ ਵਰਤੋਂ ਉਸ ਗੁਣ ਦੀ ਪ੍ਰਤੀਤੀ ਜਾਂ ਵਰਗਤਾ ਦਾ ਸੰਕੇਤ ਕਰਦੀ ਹੈ : ਕਾਲਾ ਜਿਹਾ, ਵਧੀਆ ਜਿਹਾ ਆਦਿ।

     ਕਿਸੇ ਵਿਸ਼ੇਸ਼ ਜਾਂ ਨਿਸ਼ਚਿਤ ਨਾਂਵ ਦਾ ਸੰਕੇਤ ਕਰਨ ਵਾਲੇ ਵਿਸ਼ੇਸ਼ਣਾਂ ਨੂੰ ਸੰਕੇਤਵਾਚਕ ਜਾਂ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ : ਇੱਕ, ਉਹ, ਆਹ, ਆਹ, ਔਹ ਆਦਿ। ਤੀਜੇ ਪੁਰਖ ਦੇ ਪੜਨਾਂਵ ਜੋ ਨਿਸ਼ਚਿਤ ਪੜਨਾਂਵਾਂ ਦਾ ਕਾਰਜ ਵੀ ਕਰਦੇ ਹਨ, ਜੇ ਉਹਨਾਂ ਨਾਲ ਨਾਂਵ ਸ਼ਬਦ ਦੀ ਵਰਤੋਂ ਕੀਤੀ ਜਾਵੇ ਤਾਂ ਉਹ ਵਿਸ਼ੇਸ਼ਣ ਦਾ ਕਾਰਜ ਕਰਦੇ ਹਨ। ਮਿਸਾਲ ਵਜੋਂ ਵਾਕ (4) ਵਿੱਚ ਸ਼ਬਦ ‘ਇਹ’ ਪੜਨਾਂਵ ਹੈ ਅਤੇ ਵਾਕ (5) ਵਿੱਚ ਵਿਸ਼ੇਸ਼ਣ।

           4.     ਇਹ ਮੇਰੀ ਕਿਤਾਬ ਹੈ।

           5.     ਇਹ ਕਿਤਾਬ ਮੇਰੀ ਹੈ।

     ਪੰਜਾਬੀ ਵਿੱਚ ‘ਜਿਹੜਾ’ ਅਜਿਹਾ ਸੰਕੇਤਵਾਚਕ ਵਿਸ਼ੇਸ਼ਣ ਹੈ ਜੋ ਪਰਾਧੀਨ ਉਪਵਾਕ ਵਿਚਲੇ ਨਾਂਵ ਨਾਲ ਆਉਂਦਾ ਹੈ ਅਤੇ ਉਸ ਨਾਂਵ ਦੇ ਸਵਾਧੀਨ ਉਪਵਾਕ ਵਿੱਚ ਵਿਚਰਦੇ ਲੱਛਣ ਵੱਲ ਸੰਕੇਤ ਕਰਦਾ ਹੈ।

           6.     ਜਿਹੜਾ ਮੁੰਡਾ ਸਭ ਤੋਂ ਅੱਗੇ ਹਨ, ਉਹ ਮੇਰਾ ਭਰਾ ਹੈ।

     ਕਿਸੇ ਨਾਂਵ ਦੀ ਗਿਣਤੀ, ਮਿਣਤੀ ਜਾਂ ਮਾਤਰਾ ਦਾ ਬੋਧ ਕਰਵਾਉਣ ਵਾਲੇ ਸ਼ਬਦ ਨੂੰ ਸੰਖਿਆਵਾਚਕ ਵਿਸ਼ੇਸ਼ਣ ਆਖਦੇ ਹਨ : ਇੱਕ, ਦੋ, ਅੱਠ, ਢਾਈ, ਦੱਸ ਆਦਿ। ਨਿਸ਼ਚਿਤ ਸੰਖਿਆ ਦਾ ਬੋਧ ਕਰਵਾਉਣ ਵਾਲਾ ਸ਼ਬਦ ਗਿਣਤੀ ਬੋਧਕ ਸੰਖਿਆ ਵਾਚਕ ਵਿਸ਼ੇਸ਼ਣ ਅਖਵਾਉਂਦਾ ਹੈ।

     ਨਿਸ਼ਚਿਤ ਗਿਣਤੀ ਦੀ ਸਮੁੱਚਤਾ ਦਰਸਾਉਣ ਲਈ ਆਮ ਕਰ ਕੇ ‘ਦਾ’ ਸੰਬੰਧਕ ਦੀ ਵਰਤੋਂ ਇਹਨਾਂ ਵਿਸ਼ੇਸ਼ਣਾਂ ਦੇ ਦੁਹਰੁਕਤ ਰੂਪ ਵਿੱਚ ਕੀਤੀ ਜਾਂਦੀ ਹੈ : ਨੌਂ ਦੇ ਨੌਂ, ਬਾਰਾਂ ਦੇ ਬਾਰਾਂ, ਇੱਕੀ ਦੇ ਇੱਕੀ, ਸੌ ਦੇ ਸੌ ਆਦਿ।

     ਸੰਖਿਆਵਾਚਕ ਵਿਸ਼ੇਸ਼ਣਾਂ ਦੇ ਕ੍ਰਮਬੋਧਕ ਰੂਪ ਵੀ ਹੁੰਦੇ ਹਨ : ਪਹਿਲਾ, ਪੰਜਵਾਂ, ਛੇਵਾਂ, ਵੀਹਵਾਂ ਆਦਿ। ਇਹਨਾਂ ਦੇ ਸੰਬੰਧਕੀ ਰੂਪ-ਏ- ਅੰਤਕ ਹੁੰਦੇ ਹਨ : ਪਹਿਲੇ, ਪੰਜਵੇਂ, ਛੇਵੇਂ, ਵੀਹਵੇਂ ਆਦਿ।

   ਸੰਖਿਆਵਾਚਕ ਵਿਸ਼ੇਸ਼ਣ ਗੁਣਵਾਚਕ ਵਾਧੇ ਜਾਂ ਘਾਟੇ ਦਾ ਸੰਕੇਤ ਵੀ ਕਰਦੇ ਹਨ। ਇਸ ਮਕਸਦ ਲਈ ਵਿਸ਼ੇਸ਼ਣ ਅਤੇ ਨਾਂਵ ਦੇ ਵਿਚਕਾਰ ‘ਗੁਣਾਂ’ ਸ਼ਬਦ ਵਰਤਿਆ ਜਾਂਦਾ ਹੈ। ਅਜਿਹੇ ਰੂਪ ਦੀ ਵਰਤੋਂ ਵੀ ਕਿਸੇ ਤੁਲਨਾ ਦੇ ਸੰਦਰਭ ਵਿੱਚ ਕੀਤੀ ਜਾਂਦੀ ਹੈ।

          7.       ਮੋਹਣ ਨੂੰ ਸੋਹਣ ਨਾਲੋਂ ਪੰਜ ਗੁਣਾਂ ਵੱਧ ਪੈਸੇ ਮਿਲੇ।

   ਸੰਖਿਆਵਾਚਕ ਵਿਸ਼ੇਸ਼ਣ ਵਸਤਾਂ ਦੇ ਵੰਡਮੁਖ ਵਰਤਾਰੇ ਲਈ ਵਰਤੇ ਜਾਣ ਤਾਂ ਇਹਨਾਂ ਦੀ ਦੋਹਰੀ (ਦੁਹਰੁਕਤ) ਵਰਤੋਂ ਕੀਤੀ ਜਾਂਦੀ ਹੈ। ਵਾਕ (8) ਵਿੱਚ ਵਿਸ਼ੇਸ਼ਣ ਦੀ ਇਕਹਿਰੀ ਵਰਤੋਂ ਅਤੇ ਵਾਕ (9) ਵਿੱਚ ਦੋਹਰੀ ਵਰਤੋਂ ਸਦਕਾ ਇਹਨਾਂ ਵਿੱਚ ਅਰਥ ਅੰਤਰ ਹੈ।

         8.       ਸਾਰੇ ਮੰਗਤਿਆਂ ਨੂੰ ਪੰਜ ਰੁਪਏ ਮਿਲੇ।

          9.       ਸਾਰੇ ਮੰਗਤਿਆਂ ਨੂੰ ਪੰਜ-ਪੰਜ ਰੁਪਏ ਮਿਲੇ।

     ਨਿਸ਼ਚਿਤ ਗਿਣਤੀ ਦਾ ਬੋਧ ਨਾ ਕਰਵਾਉਣ ਵਾਲੇ ਵਿਸ਼ੇਸ਼ਣ ਅਨਿਸ਼ਚਿਤ ਸੰਖਿਆਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ : ਕਈ, ਕੋਈ, ਸਾਰੇ, ਹਰੇਕ ਆਦਿ।

     ਕਿਸੇ ਨਾਂਵ ਦੀ ਸਥਿਤੀ, ਵਰਤਾਰੇ, ਗਿਣਤੀ-ਮਿਣਤੀ ਆਦਿ ਬਾਰੇ ਕੋਈ ਪ੍ਰਸ਼ਨ ਉਤਪੰਨ ਕਰਨ ਵਾਲਾ ਸ਼ਬਦ ਪ੍ਰਸ਼ਨਵਾਚੀ ਵਿਸ਼ੇਸ਼ਣ ਹੁੰਦਾ ਹੈ : ਕਿਹੜਾ, ਕੀ ਆਦਿ।

     ਆਪਣੇ ਵਿਸ਼ੇਸ਼ (ਨਾਂਵ) ਦੀ ਕਿਸੇ ਮਲਕੀਅਤ ਦਾ ਸੰਕੇਤ ਕਰਨ ਵਾਲੇ ਵਿਸ਼ੇਸ਼ਣ ਨੂੰ ਅਧਿਕਾਰ ਸੂਚਕ ਵਿਸ਼ੇਸ਼ਣ ਕਿਹਾ ਜਾ ਸਕਦਾ ਹੈ। ਪੁਰਖ-ਵਾਚਕ ਪੜਨਾਂਵਾਂ ਦੇ ਅਧਿਕਾਰਸੂਚਕ ਰੂਪ (ਵੇਖੋ ‘ਪੜਨਾਂਵ’) (ਮੇਰਾ, ਤੁਹਾਡਾ, ਉਸ ਦਾ ਆਦਿ) ਨਾਂਵ ਸਹਿਤ ਆਉਣ ਤਾਂ ਉਹ ਵਿਸ਼ੇਸ਼ਣ ਦਾ ਕਾਰਜ    ਕਰਦੇ ਹਨ - ਮੇਰੀ ਕਿਤਾਬ, ਉਸ ਦੀਆਂ ਕਿਤਾਬਾਂ।

   ਕਈ ਵਿਸ਼ੇਸ਼ਣ, ਖ਼ਾਸ ਕਰ ਕੇ ਗੁਣਵਾਚਕ ਵਿਸ਼ੇਸ਼ਣ ਜੇ ਕਿਸੇ ਨਾਂਵ ਤੋਂ ਬਿਨਾਂ ਵਾਕ ਵਿੱਚ ਵਰਤੇ ਜਾਣ ਤਾਂ ਉਹ ਨਾਂਵ ਦਾ ਕਾਰਜ ਨਿਭਾਉਂਦੇ ਹਨ : ਵਾਕ (10) ਅਤੇ (11) ਦੇ (ੳ) ਭਾਗਾਂ ਵਿੱਚ ਵਿਸ਼ੇਸ਼ਣ ਵਜੋਂ ਵਰਤਿਆ ਗਿਆ ਸ਼ਬਦ ਇਹਨਾਂ ਦੇ (ਅ) ਭਾਗਾਂ ਵਿੱਚ ਨਾਂਵ ਦਾ ਕਾਰਜ ਕਰਦਾ ਹੈ।

                10.         (ੳ)     ਸਿਆਣੇ ਲੋਕ ਇਹੋ ਜਿਹਾ ਮਾੜਾ ਕੰਮ ਨਹੀਂ ਕਰਦੇ।

                             (ਅ)     ਸਿਆਣੇ ਇਹੋ ਜਿਹਾ ਮਾੜਾ ਕੰਮ ਨਹੀਂ ਕਰਦੇ।

                11.       (ੳ)     ਅੱਜ-ਕੱਲ੍ਹ ਗ਼ਰੀਬ ਬੰਦਿਆਂ ਦਾ ਬੁਰਾ ਹਾਲ ਹੈ।                                                           

                            (ਅ)     ਅੱਜ-ਕੱਲ੍ਹ ਗਰੀਬਾਂ ਦਾ ਬੁਰਾ ਹਾਲ ਹੈ।

    ਕਿਸੇ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲਾ ਸ਼ਬਦ ਵੀ ਵਿਸ਼ੇਸ਼ਣ ਹੀ ਹੁੰਦਾ ਹੈ। ਬਹੁਤ ਕਾਲਾ ਮੁੰਡਾ ਵਿੱਚ ‘ਬਹੁਤ’ ਵੀ ਵਿਲੱਖਣ ਹੈ।


ਲੇਖਕ : ਵੇਦ ਅਗਨੀਹੋਤਰੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 26406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਸ਼ੇਸ਼ਣ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਸ਼ੇਸ਼ਣ: ਵਿਸ਼ੇਸ਼ਣ, ਸ਼ਬਦ-ਸ਼ਰੇਣੀ ਦਾ ਇਕ ਮੈਂਬਰ ਹੈ ਅਤੇ ਇਹ ਖੁੱਲ੍ਹੀਆਂ ਸ਼ਬਦ-ਸ਼ਰੇਣੀਆਂ ਦਾ ਹਿੱਸਾ ਹੈ। ਸ਼ਬਦ-ਸ਼ਰੇਣੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ‘ਮੁਖ ਸ਼ਬਦ-ਸ਼ਰੇਣੀਆਂ’ ਅਤ ;ਗੌਣ; ਸ਼ਬਦ-ਸ਼ਰੇਣੀਆਂ। ਨਾਂਵ, ਪੜਨਾਂਵ, ਕਿਰਿਆ ਵਿਸ਼ੇਸ਼ਣ ਅਤੇ ਵਿਸ਼ੇਸ਼ਣ ਨੂੰ ਮੁੱਖ ਸ਼ਬਦ-ਸ਼ਰੇਣੀਆਂ ਵਿਚ ਰੱਖਿਆ ਜਾਂਦਾ ਹੈ। ਵਿਚਰਨ ਸਥਾਨ ਦੇ ਪੱਖ ਤੋਂ ਇਨ੍ਹਾਂ ਦੇ ਦੋ ਸਥਾਨ ਹਨ। ਇਹ ਸ਼ਬਦ ਨਾਂਵ ਵਾਕੰਸ਼ ਵਿਚ ਨਾਂਵ ਤੋਂ ਪਹਿਲਾਂ ਵਿਚਰ ਕੇ ਨਾਂਵ ਨਾਲ ਲਿੰਗ, ਵਚਨ, ਅਤੇ ਕਾਰਕ ਦੇ ਪੱਧਰ ਦਾ ਮੇਲ ਸਥਾਪਤ ਕਰਦੇ ਹਨ ਅਤੇ ਨਾਂਵ ਵਾਕੰਸ਼ ਦੇ ਵਿਸ਼ੇਸ਼ਕ ਵਜੋਂ ਵਿਚਰ ਕੇ ਨਾਂਵ ਵਾਕੰਸ਼ ਦੇ ਮੈਂਬਰ ਹੁੰਦੇ ਹਨ। ਦੂਜੀ ਪਰਕਾਰ ਦੀ ਬਣਤਰ ਵਿਚ ਇਹ ਸ਼ਬਦ ਅਜਾਦ ਹਸਤੀ ਦੇ ਤੌਰ ’ਤੇ ਭਾਵ ਵਾਕੰਸ਼ ਵਜੋਂ ਵਿਚਰਦੇ ਹਨ। ਜਦੋਂ ਵਿਸ਼ੇਸ਼ਣ ਸ਼ਰੇਣੀ ਦੇ ਸ਼ਬਦ, ਵਾਕੰਸ਼ ਦੇ ਮੁੱਖ ਤੱਤ ਵਜੋਂ ਵਿਚਰਨ ਹੋਂਦ ਵਿਚ ਆਉਣ ਵਾਲੇ ਵਾਕੰਸ਼ ਨੂੰ ਵਿਸ਼ੇਸ਼ਣ ਵਾਕੰਸ਼ ਆਖਿਆ ਜਾਂਦਾ ਹੈ, ਜਿਵੇਂ : ‘ਗੋਰਾ ਮੁੰਡਾ ਖੇਡ ਰਿਹਾ ਹੈ’ ਅਤੇ ‘ਖੇਡ ਰਿਹਾ ਮੁੰਡਾ ਗੋਰਾ ਹੈ’ ਇਨ੍ਹਾਂ ਦੋਹਾਂ ਵਾਕਾਂ ਵਿਚ ‘ਗੋਰਾ’ ਵਿਸ਼ੇਸ਼ਣ ਸ਼ਬਦ ਵਜੋਂ ਵਿਚਰਦਾ ਹੈ। ਪਹਿਲੇ ਵਾਕ ਵਿਚ ‘ਗੋਰਾ’ ਨਾਂਵ ਵਾਕੰਸ਼ ਦਾ ਹਿੱਸਾ ਹੈ ਅਤੇ ਨਾਂਵ ਦੀ ਵਿਸ਼ੇਸ਼ਤਾ ਨੂੰ ਦਰਸਾਉਣ ਵਾਲਾ ਤੱਤ ਹੈ। ਇਸ ਭਾਂਤ ਦੇ ਵਿਸ਼ੇਸ਼ਣ ਵਰਤੋਂ ਨੂੰ ‘ਵਿਸ਼ੇਸ਼ਕ’ Attributive ਦਾ ਨਾਂ ਦਿੱਤਾ ਜਾਂਦਾ ਹੈ ਜਦੋਂ ਕਿ ਦੂਜੀ ਭਾਂਤ ਦੇ ਵਿਸ਼ੇਸ਼ਣ ਵਰਤਾਰੇ ਵਿਚ ‘ਗੋਰਾ’ ਸ਼ਬਦ ਅਜ਼ਾਦ ਹਸਤੀ ਦੇ ਤੌਰ ’ਤੇ ਵਿਚਰਦਾ ਹੈ ਅਤੇ ਨਾਂਵ ਦੀ ਵਿਸ਼ੇਸ਼ਤਾ ਪਰਗਟ ਜਰਦਾ ਹੈ। ਇਸ ਭਾਂਤ ਦੀ ਵਿਸ਼ੇਸ਼ਣ ਵਰਤੋਂ ਨੂੰ ‘ਵਿਧੇਈ ਵਿਸ਼ੇਸ਼ਣ’ Predicative ਨਾਂ ਦਿੱਤਾ ਜਾਂਦਾ ਹੈ। ਦੋਵੇਂ ਪਰਕਾਰ ਦੀਆਂ ਸਥਿਤੀਆਂ ਵਿਚ ‘ਗੋਰਾ’ ਸ਼ਬਦ ਨਾਂਵ ਦੀ ਵਿਸ਼ੇਸ਼ਤਾ ਪਰਗਟਾਉਂਦਾ ਹੈ। ਪਹਿਲੀ ਸਥਿਤੀ ਵਿਚ ਨਾਂਵ ਵਾਕੰਸ਼ ਦਾ ਅੰਗ ਹੈ ਅਤੇ ਦੂਜੀ ਸਥਿਤੀ ‘ਵਿਸ਼ੇਸ਼ਣ ਵਾਕੰਸ਼’ ਹੈ।

        ਰੂਪ ਦੇ ਪੱਖ ਤੋਂ ਵਿਸ਼ੇਸ਼ਣ ਸ਼ਬਦਾਵਲੀ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ਵਿਕਾਰੀ ਵਿਸ਼ੇਸ਼ਣ ਅਤੇ ਅਵਿਕਾਰੀ ਵਿਸ਼ੇਸ਼ਣ। ਜਿਨ੍ਹਾਂ ਵਿਸ਼ੇਸ਼ਣਾਂ ਦਾ ਨਾਂਵ ਅਨੁਸਾਰ ਰੂਪ ਬਦਲ ਜਾਵੇ ਉਨ੍ਹਾਂ ਨੂੰ ਵਿਕਾਰੀ ਵਿਸ਼ੇਸ਼ਣਾਂ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ ਅਤੇ ਜਿਨ੍ਹਾਂ ਦਾ ਰੂਪ ਨਹੀਂ ਬਦਲਦਾ ਉਨ੍ਹਾਂ ਨੂੰ ਅਵਿਕਾਰੀ ਵਿਸ਼ੇਸ਼ਣਾਂ ਦੀ ਲਿਸਟ ਵਿਚ ਰੱਖਿਆ ਜਾਂਦਾ ਹੈ। ਇਸ ਪਰਕਾਰ ਇਹ ਸ਼ਬਦ ਵਿਕਾਰੀ ਅਤੇ ਅਵਿਕਾਰੀ ਸ਼ਰੇਣੀਆਂ ਦੀ ਦੋਹਰੀ ਮੈਂਬਰਸ਼ਿਪ ਰੱਖਦੇ ਹਨ। ‘ਗੋਰਾ ਮੁੰਡਾ, ਮਾੜਾ ਆਦਮੀ’ ਵਿਚ ‘ਗੋਰਾ’ ਅਤੇ ‘ਮਾੜਾ’ ਵਿਕਾਰੀ ਸ਼ਰੇਣੀ ਦੇ ਮੈਂਬਰ ਹਨ। ਇਸ ਪਰਕਾਰ ਦੇ ਸ਼ਬਦਾਂ ਦੇ ਅੰਤਕ ‘-ਆ’ ਰੂਪੀ ਹੁੰਦੇ ਹਨ। ਦੂਜੇ ਪਾਸੇ ‘ਸਾਊ ਮੁੰਡਾ’ ‘ਗਰਮ ਦੁੱਧ’ ਵਿਚ ‘ਸਾਊ’ ਅਤੇ ‘ਗਰਮ’ ਅਵਿਕਾਰੀ ਸ਼ਬਦ-ਸ਼ਰੇਣੀਆਂ ਦੇ ਮੈਂਬਰ ਹਨ। ਪੰਜਾਬੀ ਵਿਆਕਰਨ ਵਿਚ ਇਸ ਸ਼ਬਦ-ਸ਼ਰੇਣੀ ਦੀ ਸ਼ਬਦਾਵਲੀ ਵਿਚ ਵਿਸ਼ੇਸ਼ਣ ਤੋਂ ਇਲਾਵਾ ਗਿਣਤੀ-ਸੂਚਕ ਅਤੇ ਨਿਸ਼ਚੇ-ਬੋਧਕ ਸ਼ਬਦਾਂ ਨੂੰ ਵੀ ਸ਼ਾਮਲ ਕਰ ਲਿਆ ਜਾਂਦਾ ਹੈ। ਗਿਣਤੀ-ਸੂਚਕ ਸ਼ਬਦਾਂ ਦੀ ਇਕ ਲੰਮੀ ਚੌੜੀ ਲਿਸਟ ਹੈ ਅਤੇ ਇਨ੍ਹਾਂ ਦੀ ਵਰਤੋਂ ਵੀ ਵੱਖ ਵੱਖ ਪੱਧਰਾਂ ’ਤੇ ਕੀਤੀ ਜਾਂਦੀ ਹੈ ਪਰ ਇਨ੍ਹਾਂ ਨੂੰ ਅਜੇ ਤੱਕ ਵੱਖਰੀ ਸ਼ਬਦ-ਸ਼ਰੇਣੀ ਦੇ ਤੌਰ ’ਤੇ ਸਵੀਕਾਰਿਆ ਨਹੀਂ ਗਿਆ। ਇਸ ਲਈ ਵਰਤੋਂ ਦੇ ਪੱਖ ਤੋਂ ਇਨ੍ਹਾਂ ਦਾ ਵਰਤਾਰਾ ਵਿਸ਼ੇਸ਼ਣ ਸ਼ਬਦਾਵਲੀ ਵਾਲਾ ਹੀ ਹੈ।

        ਅਰਥ ਦੀ ਦਰਿਸ਼ਟੀ ਤੋਂ ਉਨ੍ਹਾਂ ਸਾਰੇ ਸ਼ਬਦ-ਰੂਪਾਂ ਨੂੰ ਵਿਸ਼ੇਸ਼ਣ ਸ਼ਰੇਣੀ ਦੀ ਸੂਚੀ ਵਿਚ ਰੱਖਿਆ ਜਾਂਦਾ ਹੈ ਜੋ ਸ਼ਬਦ, ਨਾਂਵ ਵਾਕੰਸ਼ ਦੀ ਬਣਤਰ ਵਿਚ ਮੁੱਖ ਨਾਂਵ ਜਾਂ ਨਾਵਾਂ ਦੀ ਵਿਸ਼ੇਸ਼ਤਾ ਪਰਗਟਾ ਰਹੇ ਹੋਣ ਅਤੇ ਨਾਂਵ ਵਾਕੰਸ਼ ਦੀ ਬਣਤਰ ਤੋਂ ਬਾਹਰ ਮੁੱਖ ਸ਼ਬਦ ਵਜੋਂ ਵਿਚਰ ਕੇ ਨਾਂਵ ਜਾਂ ਨਾਵਾਂ ਦੀ ਵਿਸ਼ੇਸ਼ਤਾ ਨੂੰ ਪਰਗਟਾ ਸਕਦੇ ਹੋਣ।

        ਪੰਜਾਬੀ ਵਿਸ਼ੇਸ਼ਣਾਂ ਦਾ ਨਿਰਮਾਣ ਤਿੰਨ ਤਰ੍ਹਾਂ ਨਾਲ ਹੁੰਦਾ ਹੈ : ਨਾਵਾਂ ਤੋਂ ਵਿਸ਼ੇਸ਼ਣ, ਕਿਰਿਆ ਤੋਂ ਵਿਸ਼ੇਸ਼ਣ ਅਤੇ ਵਿਸ਼ੇਸ਼ਣ ਤੋਂ ਵਿਸ਼ੇਸ਼ਣ। ਨਾਵਾਂ ਤੋਂ ਵਿਸ਼ੇਸ਼ਣ ਦੇ ਨਿਰਮਾਣ ਸਮੇਂ ਮੂਲ ਸ਼ਬਦ ਨਾਲ ‘-ਈ, -ਆ, -ਈਲਾ, -ਅੱਲ, -ਲਾ, -ਲੂ, -ਅੱਕ, -ਜਨਕ, -ਦਾਈ, -ਦਾਇਕ, -ਵਾਨ’ ਆਦਿ ਅੰਤਕ ਲਗਦੇ ਹਨ, ਜਿਵੇਂ : ਖੋਟ-ਖੋਟਾ, ਦੁਖ-ਦੁਖਦਾਈ ਆਦਿ। ਕਿਰਿਆ ਤੋਂ ਵਿਸ਼ੇਸ਼ਣਾਂ ਦੇ ਨਿਰਮਾਣ ਸਮੇਂ ਮੂਲ ਸ਼ਬਦ ਨਾਲ -ਸਾਰ, -ਹਾਰ, -ਆਕ, -ਆਕੂ, -ਊ, -ਵਾਂ ਆਦਿ ਅੰਤਕ ਲਗਦੇ ਹਨ, ਜਿਵੇਂ : ਮਿਲਣ-ਮਿਲਣਸਾਰ, ਮਾਰ-ਮਾਰੂ ਆਦਿ। ਵਿਸ਼ੇਸ਼ਣਾਂ ਤੋਂ ਵਿਸ਼ੇਸ਼ਣ ਦੇ ਨਿਰਮਾਣ ਵੇਲੇ ਮੂਲ ਸ਼ਬਦਾਂ ਨਾਲ -ਏਰਾ, -ਲਾ, -ਈਆ ਆਦਿ ਅੰਤਕ ਲਗਦੇ ਹਨ, ਜਿਵੇਂ : ਵੱਧ-ਵਧੇਰਾ, ਪਹਾੜੀ-ਪਹਾੜੀਆ ਆਦਿ। ਨਾਂਵ ਤੋਂ ਵਿਸ਼ੇਸ਼ਣ ਅਤੇ ਕਿਰਿਆ ਤੋਂ ਵਿਸ਼ੇਸ਼ਣ, ਸ਼ਰੇਣੀ ਬਦਲੂ ਸ਼ਬਦ-ਸ਼ਰੇਣੀ ਦੇ ਮੈਂਬਰ ਹਨ ਜਦੋਂ ਕਿ ਵਿਸ਼ੇਸ਼ਣ ਤੋਂ ਵਿਸ਼ੇਸ਼ਣ ਦੇ ਨਿਰਮਾਣ ਸਮੇਂ ਸ਼ਰੇਣੀ-ਰੱਖਿਅਕ ਸ਼ਰੇਣੀ ਦੇ ਮੈਂਬਰ ਹਨ।

        ਪੰਜਾਬੀ ਵਿਚ ਇਸ ਸ਼ਰੇਣੀ ਦੇ ਸ਼ਬਦ ਵਿਸ਼ੇਸ਼ਣ ਤੋਂ ਇਲਾਵਾ ਨਾਂਵ ਦੀ ਥਾਂ ਵਿਚਰ ਕੇ ਨਾਂਵ ਦਾ ਵਾਕਾਤਮਕ ਕਾਰਜ ਕਰਨ ਦੀ ਸਮਰੱਥਾ ਰੱਖਦੇ ਹਨ : ‘ਗਰੀਬ ਆਦਮੀ ਮਰ ਗਿਆ’ਗਰੀਬ ਮਰ ਗਿਆ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 26366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਸ਼ੇਸ਼ਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਸ਼ੇਸ਼ਣ [ਨਾਂਪੁ] ਵਿਆਕਰਨ ਦਾ ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦਰਸਾਏ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.