ਵਿਸ਼ੇਸ਼ਣ ਵਾਕੰਸ਼ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਸ਼ੇਸ਼ਣ ਵਾਕੰਸ਼: ਜਿਨ੍ਹਾਂ ਵਾਕੰਸ਼ਾਂ ਦੀ ਬਣਤਰ ਵਿਚ ਵਿਸ਼ੇਸ਼ਣ ਸ਼ਬਦ ਕੇਂਦਰੀ ਤੱਤ ਵਜੋਂ ਵਿਚਰ ਰਿਹਾ ਹੋਵੇ ਉਸ ਵਾਕੰਸ਼ ਨੂੰ ਵਿਸ਼ੇਸ਼ਣ ਵਾਕੰਸ਼ ਕਿਹਾ ਜਾਂਦਾ ਹੈ। ਵਿਸ਼ੇਸ਼ਣ ਇਕ ਸ਼ਬਦ-ਸ਼ਰੇਣੀ ਹੈ। ਇਸ ਸ਼ਰੇਣੀ ਦੇ ਸ਼ਬਦਾਂ ਦਾ ਵਿਚਰਨ ਸਥਾਨ ਦੋ ਪਰਕਾਰ ਦਾ ਹੁੰਦਾ ਹੈ : (i) ਨਾਂਵ ਵਾਕੰਸ਼ ਦੇ ਮੈਂਬਰ ਵਜੋਂ ਅਤੇ (ii) ਨਾਂਵ ਵਾਕੰਸ਼ ਤੋਂ ਬਾਹਰ। ਜਦੋਂ ਵਿਸ਼ੇਸ਼ਣ ਸ਼ਰੇਣੀ ਦੇ ਸ਼ਬਦ ਨਾਂਵ ਵਾਕੰਸ਼ ਦੇ ਮੈਂਬਰ ਵਜੋਂ ਵਿਚਰਦੇ ਹਨ ਤਾਂ ਇਸ ਪਰਕਾਰ ਦੇ ਵਿਚਰਨ ਨੂੰ ਵਿਸ਼ੇਸ਼ਕ (Attributive) ਵਿਚਰਨ ਕਿਹਾ ਜਾਂਦਾ ਹੈ। ਇਸ ਪਰਕਾਰ ਦੀ ਬਣਤਰ ਅਤੇ ਵਿਸ਼ੇਸ਼ਣ ਸ਼ਰੇਣੀ ਦੇ ਮੈਂਬਰ ਨਾਂਵ ਦੇ ਵਿਸ਼ੇਸ਼ਕ ਵਜੋਂ ਵਿਚਰ ਕੇ ਨਾਂਵ ਵਾਕੰਸ਼ ਦੀ ਸਿਰਜਨਾ ਵਿਚ ਵਾਧਾ ਕਰਦੇ ਹਨ ਅਤੇ ਨਾਂਵ ਵਾਕੰਸ਼ ਦੇ ਅਰਥਾਂ ਨੂੰ ਪਰਭਾਵਤ ਕਰਦੇ ਹਨ ਜਿਵੇਂ : ‘ਬਹੁਤ ਪਿਆਰਾ ਆਦਮੀ’ ਵਿਚ ‘ਬਹੁਤ’ ਅਤੇ ‘ਪਿਆਰਾ’ ਵਿਸ਼ੇਸ਼ਕ ਹਨ। ਪਰ ਦੂਜੇ ਪਾਸੇ ਜਦੋਂ ਵਿਸ਼ੇਸ਼ਣ ਮੂਲ ਦੇ ਸ਼ਬਦ ਨਾਂਵ ਵਾਕੰਸ਼ ਤੋਂ ਬਾਹਰ ਹੁੰਦੇ ਹਨ ਅਤੇ ਨਾਂਵ ਵਾਕੰਸ਼ ਦੇ ਅੰਗ ਦੇ ਤੌਰ ’ਤੇ ਨਹੀਂ ਵਿਚਰਦੇ, ਉਹ ਵਿਸ਼ੇਸ਼ਣ ਵਾਕੰਸ਼ ਵਜੋਂ ਕਾਰਜ ਕਰਦੇ ਹਨ ਉਨ੍ਹਾਂ ਨੂੰ ਵਿਧੇਈ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਨ੍ਹਾਂ ਵਿਸ਼ੇਸ਼ਣਾਂ ਦੇ ਅਧਾਰ ’ਤੇ ਸਿਰਜੇ ਵਾਕੰਸ਼ ਨੂੰ ਵਿਸ਼ੇਸ਼ਣ ਵਾਕੰਸ਼ ਕਿਹਾ ਜਾਂਦਾ ਹੈ। ਇਹ ਵਾਕੰਸ਼ ਸੁਤੰਤਰ ਹੁੰਦੇ ਹਨ ਅਤੇ ਅਰਥ ਪੱਖੋਂ ਨਾਂਵ ਵਾਕੰਸ਼ ਦੇ ਵਿਸ਼ੇਸ਼ਕਾਂ ਵਜੋਂ ਕਾਰਜ ਕਰਦੇ ਹਨ। ਵਿਸ਼ੇਸ਼ਣ ਵਾਕੰਸ਼ਾਂ ਦੀ ਬਣਤਰ ਵਿਚ ਕੇਂਦਰੀ ਤੱਤ ਵਿਸ਼ੇਸ਼ਣ ਹੁੰਦਾ ਹੈ ਅਤੇ ਬਾਹਰੀ ਤੱਤ ਵਿਚ ਵਿਸ਼ੇਸ਼ਣ ਸ਼ਰੇਣੀ ਦੇ ਮੈਂਬਰ ਹੁੰਦੇ ਹਨ। ਜਿਵੇਂ : ‘ਮੁੰਡਾ ਸੋਹਣਾ ਹੈ, ਉਹ ਮੁੰਡਾ ਬਹੁਤ ਸੋਹਣਾ ਹੈ, ਉਹ ਮੁੰਡਾ ਬਹੁਤ ਹੀ ਸੋਹਣਾ ਹੈ, ਉਹ ਕੁੜੀ ਸਾਰੀਆਂ ਨਾਲੋਂ ਸੋਹਣੀ ਹੈ।’


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ


ਚਰਨਕਮਲ ਸਿੰਘ, ( 2018/05/21 07:1950)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.