ਵੇਦਾਂਤ ਦਾ ਫ਼ਲਸਫ਼ਾ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵੇਦਾਂਤ ਦਾ ਫ਼ਲਸਫ਼ਾ : ਭਾਰਤੀ ਪਰੰਪਰਾ ਵਿੱਚ ਅਨੇਕ ਦਰਸ਼ਨਾਂ ਨੇ ਜਨਮ ਲਿਆ-ਸਾਂਖ-ਯੋਗ, ਨਿਆਇ-ਵੈਸ਼ੇਸ਼ਿਕ, ਪੂਰਵ ਮੀਮਾਂਸਾ-ਉੱਤਰ ਮੀਮਾਂਸਾ। ਦਰਸ਼ਨ ਸ਼ਬਦ ਦਾ ਅੰਗਰੇਜ਼ੀ ਭਾਸ਼ਾ ਵਿੱਚ  (Philosophy)  ਸਮਾਨ-ਅੰਤਰ ਸ਼ਬਦ ਮਿਲਦਾ ਹੈ। ਦਰਸ਼ਨ ਦਾ ਅਰਥ ਹੈ ਕਿਸੇ ਵਸਤੂ ਜਾਂ ਵਿਸ਼ੇ ਨੂੰ ਨਿਰਪੱਖ ਭਾਵ ਨਾਲ ਵੇਖਣਾ ਜਾਂ ਸਮਝਣ ਦੀ ਕੋਸ਼ਿਸ਼ ਕਰਨੀ। ਵੇਖਣ ਦਾ ਅਰਥ ਅੱਖਾਂ ਨਾਲ ਵੇਖਣਾ ਨਹੀਂ ਸਮਝਣਾ ਚਾਹੀਦਾ ਬਲਕਿ ਆਪਣੇ ਦਿਮਾਗ਼ ਰਾਹੀਂ ਤਰਕ ਤੇ ਪਰਖ ਕੇ ਕਿਸੇ ਵੀ ਵਸਤੂ ਜਾਂ ਵਿਸ਼ੇ ਜਾਂ ਵਿਚਾਰ ਬਾਰੇ ਆਪਣੀ ਰਾਏ ਬਣਾਉਣਾ ਸਮਝਣਾ ਚਾਹੀਦਾ ਹੈ। ਹਿੰਦੂ ਧਰਮ ਵਿੱਚ ਚਾਰ ਵੇਦ ਮੰਨੇ ਗਏ ਹਨ-ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ। ਇਹਨਾਂ ਚਾਰਾਂ ਵੇਦਾਂ ਵਿੱਚ ਅਲੱਗ-ਅਲੱਗ ਦਰਸ਼ਨ ਮਿਲਦਾ ਹੈ। ਹਰ ਵੇਦ ਦੇ ਚਾਰ ਅੰਗ ਮੰਨੇ ਜਾਂਦੇ ਹਨ-ਮੰਤਰ, ਬ੍ਰਾਹਮਣ, ਆਰਣਯਕ ਅਤੇ ਉਪਨਿਸ਼ਦ। ਵੇਦ ਦਾ ਮੰਤਰ ਪੱਖ ਵੇਦਾਂ ਦੇ ਵਿੱਚ ਆਏ ਮੰਤਰਾਂ ਦੇ ਉਚਾਰਨ ਸੰਬੰਧੀ ਨਿਯਮਾਂ ਦੀ ਸਥਾਪਨਾ ਕਰਦੇ ਹਨ। ਬ੍ਰਾਹਮਣ ਪੱਖ ਕਰਮਕਾਂਡ ਨਾਲ ਸੰਬੰਧ ਰੱਖਣ ਵਾਲੇ ਅਸੂਲਾਂ ਅਤੇ ਨਿਯਮਾਂ ਨੂੰ ਦਰਸਾਉਂਦਾ ਹੈ ਕਿ ਕੋਈ ਵੀ ਯੱਗ ਕਿਵੇਂ ਕੀਤਾ ਜਾਣਾ ਚਾਹੀਦਾ ਹੈ? ਕਿਉਂ ਕਰਨਾ ਚਾਹੀਦਾ ਹੈ? ਕਰਨ ਦਾ ਫਲ ਕੀ ਹੁੰਦਾ ਹੈ? ਆਦਿ ਪ੍ਰਸ਼ਨਾਂ ਨੂੰ ਬ੍ਰਾਹਮਣ ਪੱਖ ਹੀ ਸਮਝਾਉਂਦਾ ਹੈ। ਵੇਦਾਂ ਦੇ ਇਸ ਹਿੱਸੇ ਨਾਲ ਸੰਬੰਧ ਰੱਖਣ ਵਾਲਾ ਦਰਸ਼ਨ ਪੂਰਵ ਮੀਮਾਂਸਾ ਕਿਹਾ ਜਾਂਦਾ ਹੈ। ਵੇਦਾਂ ਦੇ ਆਖ਼ਰੀ ਹਿੱਸੇ ਯਾਨੀ ਉਪਨਿਸ਼ਦਾਂ ਵਿੱਚ ਸ਼ੁੱਧ ਦਰਸ਼ਨ ਹੈ ਜਿਨ੍ਹਾਂ ਵਿੱਚ ਆਤਮਾ ਕੀ ਹੈ? ਬ੍ਰਹਮ ਕੀ ਹੈ? ਮੈਂ ਕੌਣ ਹਾਂ? ਮੇਰੀ ਹੋਂਦ ਦਾ ਸ੍ਰੋਤ ਕੀ ਹੈ? ਬ੍ਰਹਿਮੰਡ ਕਿਸਨੇ ਰਚਿਆ? ਆਦਿ ਪ੍ਰਸ਼ਨਾਂ ਨਾਲ ਨਿਪਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੁੱਖ ਉਪਨਿਸ਼ਦਾਂ ਦੀ ਸੰਖਿਆ ਤੇਰਾਂ (13) ਮੰਨੀ ਗਈ ਹੈ। ਈਸ਼ ਉਪਨਿਸ਼ਦ, ਕੇਨ ਉਪਨਿਸ਼ਦ, ਕਠ ਉਪਨਿਸ਼ਦ, ਮੁੰਡਕ ਉਪਨਿਸ਼ਦ, ਪ੍ਰਸ਼ਨ, ਐਤਰੇਯ, ਤੈਤਰੇਯ ਬ੍ਰਿਹਦਾਰਣਯਕ, ਛਾਂਦੋਗਯ, ਸ੍ਵੇਤਾ ਸੂਤਰ, ਉਪਨਿਸ਼ਦ ਪ੍ਰਮੁੱਖ ਉਪਨਿਸ਼ਦਾਂ ਦੇ ਨਾਂ ਹਨ। ਉਪਨਿਸ਼ਦਾਂ ਨੂੰ ਵੇਦਾਂ ਦੇ ਅੰਤਿਮ ਜਾਂ ਆਖ਼ਰੀ ਹਿੱਸਾ ਹੋਣ ਕਰਕੇ ਵੇਦਾਂਤ ਕਿਹਾ ਜਾਂਦਾ ਹੈ ਯਾਨਿ ਵੇਦਾਂ ਦਾ ਅੰਤ ਜਾਂ ਅੰਤਿਮ ਹਿੱਸਾ।

ਮੁੱਖ ਰੂਪ ਵਿੱਚ ਵੇਦਾਂਤ ਦਾ ਦਰਸ਼ਨ ਜਾਂ ਫ਼ਲਸਫ਼ਾ ਇਹੋ ਪ੍ਰਸ਼ਨ ਨੂੰ ਕੇਂਦਰ ਬਣਾ ਕੇ ਅੱਗੇ ਵੱਧਦਾ ਹੈ ਕਿ ਉਹ ਕੌਣ ਹੈ ਜੋ ਅੱਖਾਂ ਨੂੰ ਦਰਸਾਉਣ ਦੀ, ਕੰਨਾਂ ਨੂੰ ਸੁਣਨ ਦੀ, ਮੂੰਹ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ? ਉਹ ਕਿਹੜੀ ਸ਼ਕਤੀ ਹੈ ਜੋ ਹਵਾ ਨਹੀਂ ਹੈ ਪਰ ਹਵਾ ਨੂੰ ਵੱਗਣ ਦੀ ਸ਼ਕਤੀ ਦਿੰਦੀ ਹੈ? ਉਹ ਕੌਣ ਹੈ ਜੋ ਅਗਨੀ ਨੂੰ ਜਲਾਉਣ ਦੀ ਸਮਰੱਥਾ ਦਿੰਦੀ ਹੈ। ਵੇਦਾਂਤ ਇਸ ਦਾ ਜਵਾਬ ਬ੍ਰਹਮ ਵਿੱਚ ਭਾਲਦਾ ਹੈ ਅਤੇ ਇਹ ਸਥਾਪਿਤ ਕਰਦਾ ਹੈ ਕਿ ਬ੍ਰਹਮ ਹੀ ਇਕਮਾਤਰ ਸੱਚ ਹੈ ਅਤੇ ਇਹ ਜਗਤ, ਸੰਸਾਰ ਝੂਠ ਹੈ? ਵੇਦਾਂਤ ਵਿੱਚ ਤਿੰਨ ਪੱਧਰਾਂ ਦਾ ਵਰਣਨ ਪ੍ਰਾਪਤ ਹੁੰਦਾ ਹੈ-ਵਿਵਹਾਗ੍ਰਿਸਤਾ, ਪ੍ਰਾਤਿਭਾਸਿਕ ਸੱਤਾ, ਪਰਮਾਰਥਿਕ ਸੱਤਾ। ਸੱਤਾ ਦਾ ਅਰਥ ਵਿਦਮਾਨਤਾ ਨਾਲ ਹੈ। ਬਾਹਰੀ ਤੌਰ ਤੇ ਅਸੀਂ ਸਾਰੇ ਵਿਦਮਾਨ ਹਾਂ ਪਰ ਸਾਡੀ ਹੋਂਦ ਉੱਪਰ ਕਹੇ ਗਏ ਤਿੰਨਾਂ ਸੱਤਾਵਾਂ ਰਾਹੀਂ ਸਾਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ। ਮਨੁੱਖ ਦਾ ਜੀਵਨ ਇਹਨਾਂ ਤਿੰਨਾਂ ਸੱਤਾਵਾਂ ਦਾ ਇਕੱਠ ਹੈ। ਵਿਹਾਰਿਕ ਸੱਤਾ ਸਾਡਾ ਉਹ ਪੱਖ ਹੈ ਜਿਸ ਵਿੱਚ ਅਸੀਂ ਆਪਣੇ ਜੀਵਨ ਨੂੰ ਚਲਾਉਣ ਵਾਸਤੇ ਜੋ ਰੋਜ਼ਮਰ੍ਹਾ ਦੇ ਕੰਮ-ਕਾਜ ਕਰਦੇ ਹਾਂ ਜਿਵੇਂ ਭੁੱਖ ਨੂੰ ਸ਼ਾਂਤ ਕਰਨ ਲਈ ਖਾਣਾ ਖਾਣਾ, ਪੈਸੇ ਕਮਾਣੇ, ਨੌਕਰੀ ਕਰਨੀ, ਪੜਨਾ-ਲਿਖਣਾ, ਸੰਬੰਧ ਬਣਾਉਣੇ-ਨਿਭਾਉਣੇ ਆਦਿ ਸਭ ਸਾਡੇ ਵਿਹਾਰ ਦਾ ਹਿੱਸਾ ਹਨ। ਇਸ ਲਈ ਇਹ ਸਭ ਵਿਹਾਰਿਕ ਸੱਤਾ ਵਿੱਚ ਸ਼ਾਮਲ ਸਮਝਣੇ ਚਾਹੀਦੇ ਹਨ। ਮਨੁੱਖ ਦਾ ਚੰਗੇ ਢੰਗ ਨਾਲ ਜੀਵਨ-ਨਿਰਬਾਹ ਕਰਨ ਲਈ ਵਿਹਾਰਿਕ ਪੱਖ ਨੂੰ ਮਹੱਤਵ ਦੇਣਾ ਜ਼ਰੂਰੀ ਹੈ ਪਰ ਜੀਵਨ ਕੇਵਲ ਵਿਹਾਰਿਕ ਜਗਤ ਤੱਕ ਹੀ ਸੀਮਿਤ ਨਹੀਂ, ਇਹ ਵੇਦਾਂਤ ਦਾ ਮੰਨਣਾ ਹੈ। ਵੇਦਾਂਤ ਦਰਸ਼ਨ ਅਨੁਸਾਰ ਇੱਕ ਜਗਤ ਇਹੋ ਜਿਹਾ ਹੈ, ਜਿਸ ਵਿੱਚ ਸਾਰੀਆਂ ਕਲਪਨਾਵਾਂ ਆਪਣਾ ਖੇਲ ਖੇਲਦੀਆਂ ਹਨ ਯਾਨਿ ਕਿ ਕਾਲਪਨਿਕ ਜਗਤ। ਇਸ ਜਗਤ ਵਿੱਚ ਅਸੀਂ ਵਸਤੂਆਂ ਨੂੰ ਮਹਿਸੂਸ ਕਰਦੇ ਹਾਂ ਪਰ ਅਸਲੀਅਤ ਵਿੱਚ ਉਹਨਾਂ ਦੀ ਕੋਈ ਸੱਤਾ ਜਾਂ ਹੋਂਦ ਨਹੀਂ ਹੁੰਦੀ। ਜਿਵੇਂ ਸੁੱਤੇ ਪਏ ਅਸੀਂ ਸੁਪਨਾ ਦੇਖਦੇ ਹਾਂ ਉਹ ਸੁਪਨਾ ਆਪਣੇ-ਆਪ ਵਿੱਚ ਤਾਂ ਸੱਚ ਹੁੰਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਨਣਾ ਪੈਂਦਾ ਹੈ ਕਿ ਉਹ ਸੱਚ ਨਹੀਂ ਬਲਕਿ ਇੱਕ ਕਲਪਨਾ ਸੀ। ਇਸ ਲਈ ਵੇਦਾਂਤ ਦਰਸ਼ਨ ਇਸ ਪੱਖ ਨੂੰ ਵੀ ਮੰਨਦਾ ਹੈ ਕਿ ਮਨੁੱਖੀ ਜੀਵਨ ਵਿੱਚ ਕਲਪਨਾ ਬਹੁਤ ਅਹਿਮ ਹੈ ਪਰ ਇਸ ਤੋਂ ਪਰ੍ਹੇ ਵੀ ਕੁਝ ਹੈ, ਜਿਸ ਨੂੰ ਵੇਦਾਂਤ ਪਰਮਾਰਥਿਕ ਸੱਤਾ ਕਹਿੰਦਾ ਹੈ। ਇਹ ਪੱਖ ਮਨੁੱਖੀ ਜੀਵਨ ਦੇ ਉਸ ਪਹਿਲੂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ ਜਿਸ ਵਿੱਚ ਮਨੁੱਖ ਆਪਣੇ ਬਾਰੇ ਅਤੇ ਆਪਣੀ ਹੋਂਦ ਦੇ ਸ੍ਰੋਤ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਮਨੁੱਖ ਪੂਰੇ ਬ੍ਰਹਿਮੰਡ ਦਾ ਕੇਵਲ ਇੱਕ ਹਿੱਸਾ ਹੈ, ਪਰ ਬ੍ਰਹਿਮੰਡ ਦਾ ਸ੍ਰੋਤ ਕੇਵਲ ਬ੍ਰਹਮ ਹੈ ਜੋ ਨਿਰਗੁਣ ਹੈ, ਨਿਰਾਕਾਰ ਹੈ। ਬ੍ਰਹਮ ਦਾ ਸਰੂਪ ਕੇਵਲ ਸੱਤ, ਚਿਤ ਅਤੇ ਅਨੰਦ ਰਾਹੀਂ ਹੀ ਕੀਤਾ ਜਾ ਸਕਦਾ ਹੈ ਅਤੇ ਮਨੁੱਖ ਇਹੋ ਬ੍ਰਹਮ ਹੈ ਪਰ ਵਿਹਾਰਿਕ ਜਗਤ ਵਿੱਚ ਵਿਚਰਨ ਦੇ ਕਾਰਨ ਉਹ ਆਪਣਾ ਅਸਲੀ ਸਰੂਪ ਭੁੱਲ ਜਾਂਦਾ ਹੈ। ਨਾਮ, ਰੂਪ, ਗੁਣ, ਅਵਗੁਣ ਆਦਿ ਮਨੁੱਖੀ ਬਾਣੇ ਦਾ ਕੇਵਲ ਇੱਕ ਆਵਰਨ ਹੈ ਜੋ ਉਸ ਦੀ ਅਸਲੀਅਤ ਜਾਂ ਪਰਮਾਰਥ ਨੂੰ ਢੱਕ ਲੈਂਦਾ ਹੈ। ਪਰਮਾਰਥ ਦਾ ਮਤਲਬ ਵੇਦਾਂਤ ਅਨੁਸਾਰ ਆਖ਼ਰੀ ਉਦੇਸ਼ ਜੋ ਪ੍ਰਾਪਤ ਕਰਨ ਯੋਗ ਹੋਵੇ ਅਤੇ ਇਹ ਉਦੇਸ਼ ਹੋਰ ਕੁਝ ਨਹੀਂ ਬਲਕਿ ਬ੍ਰਹਮ ਪ੍ਰਾਪਤੀ ਹੀ ਹੈ।


ਲੇਖਕ : ਸ਼ਿਵਾਨੀ ਸ਼ਰਮਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-12-10-52-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.