ਵੇਸਵਾ ਬਿਰਤੀ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਵੇਸਵਾ-ਬਿਰਤੀ : ਵੇਸਵਾ-ਬਿਰਤੀ ਇੱਕ ਬਹੁਤ ਵੱਡੀ ਸਮਾਜਿਕ ਸਮੱਸਿਆ ਹੈ। ਇਹ ਇੱਕ ਬਹੁਤ ਵੱਡੀ ਸਮਾਜਿਕ ਬੁਰਾਈ ਹੈ। ਸਮਾਜ ਉੱਤੇ ਇੱਕ ਵੱਡਾ ਕਲੰਕ ਹੈ। ਵੇਸਵਾ-ਬਿਰਤੀ ਦੁਨੀਆ ਦੇ ਹਰੇਕ ਦੇਸ ਭਾਵੇਂ ਉਹ ਵਿਕਸਿਤ ਹੈ ਜਾਂ ਘੱਟ ਵਿਕਸਿਤ, ਅਮੀਰ ਜਾਂ ਗ਼ਰੀਬ ਵਿੱਚ ਫੈਲੀ ਹੋਈ ਹੈ। ਇਹ ਸਾਰੇ ਹੀ ਸਮਾਜਾਂ ਅਤੇ ਸਮੁਦਾਵਾਂ ਵਿੱਚ ਵੇਖਣ ਨੂੰ ਮਿਲਦੀ ਹੈ। ਪੂਰਬੀ ਦੇਸਾਂ ਦੇ ਮੁਕਾਬਲੇ ਪੱਛਮੀ ਦੇਸਾਂ ਵਿੱਚ ਇਸ ਦੀ ਦਰ ਵਧੇਰੇ ਹੈ। ਅਰੰਭ ਵਿੱਚ ਇਹ ਪ੍ਰਵਿਰਤੀ ਰਾਜਿਆਂ, ਮਹਾਰਾਜਿਆਂ, ਅਮੀਰ ਲੋਕਾਂ ਦੀ ਅੱਯਾਸ਼ੀ ਸਦਕਾ ਸੀ ਪਰ ਹੁਣ ਮੱਧ-ਵਰਗ ਦੇ ਲੋਕ ਵੀ ਇਸ ਦੌੜ ਵਿੱਚ ਸ਼ਾਮਲ ਹੋ ਗਏ ਹਨ। ਇਸ ਸਮੇਂ ਸਿਰਫ਼ ਭਾਰਤ ਵਿੱਚ ਹੀ ਤਕਰੀਬਨ 23 ਲੱਖ ਵੇਸਵਾਵਾਂ ਹਨ ਅਤੇ ਉਹਨਾਂ ਦੀ ਗਿਣਤੀ ਵਿੱਚ ਹਰ ਸਾਲ ਤਿੰਨ ਲੱਖ ਦੀ ਦਰ ਨਾਲ ਵਾਧਾ ਹੋ ਰਿਹਾ ਹੈ। ਜਿਸਮ-ਫਰੋਸ਼ੀ ਦਾ ਇਹ ਧੰਦਾ ਏਨਾ ਫੈਲ ਰਿਹਾ ਹੈ ਕਿ ਪੈਸੇ ਦੇ ਮੋਹ ਕਾਰਨ ਵਿਦੇਸ਼ੀ ਲੜਕੀਆਂ ਭਾਰਤ ਵਿੱਚ ਆ ਰਹੀਆਂ ਹਨ। ਵੱਡੇ ਸ਼ਹਿਰਾਂ ਦੇ ਪੰਜ ਸਿਤਾਰਾ ਹੋਟਲਾਂ ਵਿੱਚ ਇਹਨਾਂ ਦੀ ਭਰਮਾਰ ਹੈ।
ਜਿਸਮਫਰੋਸ਼ੀ ਦੇ ਕਈ ਕਾਰਨ ਹਨ, ਜਿਵੇਂ :
ਜੱਦੀ : ਜਿਹੜੀਆਂ ਲੜਕੀਆਂ ਵੇਸਵਾਵਾਂ ਦੇ ਘਰ ਪੈਦਾ ਹੁੰਦੀਆਂ ਹਨ, ਉਹ ਆਪਣੀਆਂ ਮਾਵਾਂ ਕੋਲੋਂ ਇਸ ਧੰਦੇ ਨੂੰ ਅਪਣਾ ਲੈਂਦੀਆਂ ਹਨ ਕਿਉਂਕਿ ਉਹ ਅਜਿਹੇ ਮਾਹੌਲ ਜਾਂ ਵਾਤਾਵਰਨ ਵਿੱਚ ਪਲਦੀਆਂ ਹਨ ਕਿ ਆਪਣੇ-ਆਪ ਹੀ ਇਸ ਧੰਦੇ ਵੱਲ ਖਿੱਚੀਆਂ ਜਾਂਦੀਆਂ ਹਨ।
ਗ਼ਰੀਬੀ : ਗ਼ਰੀਬੀ ਵੀ ਇਸ ਦਾ ਇੱਕ ਵੱਡਾ ਕਾਰਨ ਹੈ। ਆਪਣਾ ਗੁਜ਼ਾਰਾ ਚਲਾਉਣ ਲਈ, ਛੇਤੀ ਧਨ ਕਮਾਉਣ ਦੇ ਲਾਲਚ ਵਿੱਚ ਉਹ ਇਸ ਨੂੰ ਇੱਕ ਧੰਦਾ ਬਣਾ ਲੈਂਦੀਆਂ ਹਨ।
ਸ਼ੋਸ਼ਣ : ਇਸ ਦੇਹ-ਵਪਾਰ ਵਿੱਚ ਸ਼ਾਮਲ ਲੋਕ ਕੁਝ ਲੜਕੀਆਂ ਅਤੇ ਔਰਤਾਂ ਨੂੰ ਭਰਮਾ ਕੇ, ਲਾਲਚ ਦੇ ਕੇ ਜਾਂ ਜਬਰਦਸਤੀ ਇਸ ਧੰਦੇ ਵਿੱਚ ਸ਼ਾਮਲ ਕਰ ਦਿੰਦੇ ਹਨ। ਇੱਕ ਵਾਰੀ ਇਸ ਗੰਦੇ ਜਾਲ ਵਿੱਚ ਫਸ ਜਾਣ ਤੋਂ ਬਾਅਦ ਉਹਨਾਂ ਕੋਲ ਬਚਣ ਦਾ ਕੋਈ ਰਾਹ ਨਹੀਂ ਬਚਦਾ।
ਜਬਰਨ ਵਿਆਹ : ਕਈ ਵਾਰ ਮਾਂ-ਬਾਪ ਏਨੇ ਗ਼ਰੀਬ ਹੁੰਦੇ ਹਨ ਕਿ ਉਹ ਆਪਣੀਆਂ ਧੀਆਂ ਦਾ ਪਾਲਣ-ਪੋਸ਼ਣ ਕਰਨ ਤੋਂ ਅਸਮਰੱਥ ਹੁੰਦੇ ਹਨ। ਉਹ ਪੈਸੇ ਲੈ ਕੇ ਅਮੀਰ ਲੋਕਾਂ ਨਾਲ ਜਾਂ ਤਾਂ ਉਹਨਾਂ ਨੂੰ ਵਿਆਹ ਦਿੰਦੇ ਹਨ ਜਾਂ ਵੇਚ ਦਿੰਦੇ ਹਨ। ਅਜਿਹੇ ਅਮੀਰਜ਼ਾਦੇ ਕੁਝ ਦੇਰ ਬਾਅਦ ਉਹਨਾਂ ਨੂੰ ਜਿਸਮਫਰੋਸ਼ੀ ਵੱਲ ਧੱਕ ਦਿੰਦੇ ਹਨ।
ਪਰਵਾਸ : ਕੁਝ ਲੋਕ ਜਿਵੇਂ ਕਿ ਬੰਗਲਾ ਦੇਸੀ, ਨੇਪਾਲੀ ਸਾਡੇ ਦੇਸ ਵਿੱਚ ਗ਼ੈਰਕਨੂੰਨੀ ਢੰਗ ਨਾਲ ਦਾਖ਼ਲ ਹੋ ਜਾਂਦੇ ਹਨ ਅਤੇ ਫਿਰ ਕਮਾਈ ਦੇ ਸਾਧਨ ਨਾ ਹੋਣ ਕਰਕੇ ਜਾਂ ਦਲਾਲਾਂ ਦੇ ਹੱਥ ਚੜ੍ਹ ਜਾਣ ਕਰਕੇ ਇਸ ਧੰਦੇ ਨੂੰ ਅਪਣਾ ਲੈਂਦੇ ਹਨ। ਕਿਹਾ ਜਾਂਦਾ ਹੈ ਕਿ ਕੋਲਕਾਤਾ ਵਿੱਚ ਦੇਸ ਭਰ ਦੇ ਸਭ ਤੋਂ ਜ਼ਿਆਦਾ ‘ਰੈਡ ਲਾਈਟ’ ਖੇਤਰ ਹਨ। ਇਸ ਤੋਂ ਇਲਾਵਾ ਵੱਡੇ ਮਹਾਂਨਗਰਾਂ ਵਿੱਚ ਵੀ ਪਰਵਾਸੀਆਂ ਦਾ ਇਹੋ ਰੁਝਾਨ ਹੈ। ਕੁਝ ਰਾਜਾਂ ਜਿਹਾ ਕਿ ਉੱਤਰ ਪ੍ਰਦੇਸ਼, ਕੇਰਲ ਆਦਿ ਵਿੱਚ ਜਿਸਮ-ਫਰੋਸ਼ੀ ਦਾ ਧੰਦਾ ਜ਼ੋਰਾਂ ਤੇ ਚੱਲ ਰਿਹਾ ਹੈ।
ਹਮੇਸ਼ਾ ਹੀ ਸਮਾਜ ਨੇ ਇਸ ਲਾਹਨਤ ਨੂੰ ਨਿੰਦਿਆ ਹੈ। ਇਸ ਧੰਦੇ ਨੂੰ ਸਮਾਜ ਨੇ ਕਦੀ ਵੀ ਮਾਨਤਾ ਪ੍ਰਦਾਨ ਨਹੀਂ ਕੀਤੀ। ਇਸ ਧੰਦੇ ਵਿੱਚ ਸ਼ਾਮਲ ਲੋਕਾਂ ਦਾ ਸਮਾਜ ਨੇ ਬਾਈਕਾਟ ਕੀਤਾ ਹੈ ਅਤੇ ਇਹਨਾਂ ਨੂੰ ਸਮਾਜਿਕ ਕਾਰਜਾਂ ਤੋਂ ਦੂਰ ਹੀ ਰੱਖਿਆ ਜਾਂਦਾ ਹੈ। ਜਿੱਥੇ ਅਜਿਹੇ ਧੰਦੇ ਕੀਤੇ ਜਾਂਦੇ ਹਨ, ਉੱਥੋਂ ਦਾ ਮਾਹੌਲ ਗੰਦਾ ਹੁੰਦਾ ਹੈ। ਇਸ ਨਾਲ ਕਈ ਲਾਇਲਾਜ ਬਿਮਾਰੀਆਂ ਫੈਲਦੀਆਂ ਹਨ। ਸਭ ਤੋਂ ਵੱਧ ਖ਼ਤਰਨਾਕ ਬਿਮਾਰੀ ‘ਏਡਜ਼’ ਹੈ। ਇਹ ਇੱਕ ਗ਼ੈਰਕਨੂੰਨੀ ਧੰਦਾ ਹੈ, ਜਿਸ ਕਰਕੇ ਪੁਲਿਸ ਵੀ ਭ੍ਰਿਸ਼ਟ ਹੋ ਗਈ ਹੈ, ਉਹ ਇਹਨਾਂ ਦੀ ਕਮਾਈ ਦਾ ਇੱਕ ਹਿੱਸਾ ਵਸੂਲ ਕੇ ਇਸ ਧੰਦੇ ਨੂੰ ਫੈਲਣ ਵਿੱਚ ਸਹਾਈ ਹੁੰਦੀ ਹੈ। ਹਿੱਸਾ ਨਾ ਮਿਲਣ ਦੀ ਸੂਰਤ ਵਿੱਚ ਇਹਨਾਂ ਵੇਸਵਾਵਾਂ ਨੂੰ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਹੈ। ਸਭ ਤੋਂ ਵੱਡੀ ਸਮੱਸਿਆ ਇਹਨਾਂ ਦੇ ਬੱਚਿਆਂ ਦੀ ਹੈ। ਇਹ ਗ਼ੈਰਕਨੂੰਨੀ (ਹਰਾਮੀ) ਬੱਚੇ ਜਿਨ੍ਹਾਂ ਦੇ ਬਾਪ ਦਾ ਕੋਈ ਪਤਾ ਨਹੀਂ ਹੁੰਦਾ, ਨਰਕ ਦੀ ਜ਼ਿੰਦਗੀ ਬਤੀਤ ਕਰਦੇ ਹਨ। ਇਹਨਾਂ ਦੇ ਮੁੜ ਵਸੇਬੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹਨਾਂ ਬੇਕਸੂਰ, ਭੋਲੇ-ਮਸੂਮ ਬੱਚਿਆਂ ਨੂੰ ਸਮਾਜ ਦੀਆਂ ਲਾਹਨਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਭਾਰਤ ਵਿੱਚ ਇਹਨਾਂ ਬੱਚਿਆਂ ਦੀ ਗਿਣਤੀ 53 ਲੱਖ ਦੇ ਕਰੀਬ ਹੈ। ਇੱਥੇ ਹੀ ਬੱਸ ਨਹੀਂ, ਇਹਨਾਂ ਨੂੰ ਰਾਜਨੀਤਿਕ ਹੱਕਾਂ ਤੋਂ ਵੀ ਵੰਚਿਤ ਰੱਖਿਆ ਗਿਆ ਹੈ। ਚੋਣ ਆਯੋਗ ਦੀਆਂ ਹਿਦਾਇਤਾਂ ਦੇ ਬਾਵਜੂਦ ਇਹਨਾਂ ਨੂੰ ਫੋਟੋ ਸ਼ਨਾਖ਼ਤੀ ਕਾਰਡ ਜਾਰੀ ਨਹੀਂ ਕੀਤੇ ਗਏ।
ਇਸ ਲਾਹਨਤ ਨੂੰ ਦੂਰ ਕਰਨ ਦੇ ਲਈ ਸਮਾਜ, ਸਰਕਾਰ ਤੇ ਸ੍ਵੈ-ਇੱਛੁਕ, ਗ਼ੈਰਸਰਕਾਰੀ ਸੰਸਥਾਵਾਂ ਨੂੰ ਅੱਗੇ ਆ ਕੇ ਲੋਕਾਂ ਵਿੱਚ ਚੇਤਨਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਇਸ ਧੰਦੇ ਨੂੰ ਅਪਣਾਉਣ ਵਾਲੇ ਅਤੇ ਇਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ। ਸਰਕਾਰ ਨੇ ਕਨੂੰਨ ਪਾਸ ਕਰਕੇ ਇਸ ਧੰਦੇ ਨੂੰ ਰੋਕਣ ਦੇ ਯਤਨ ਕੀਤੇ ਹਨ ਅਤੇ ਇਸ ਧੰਦੇ ਨੂੰ ਅਪਣਾਉਣ, ਧੰਦੇ ਵਿੱਚ ਸ਼ਾਮਲ ਹੋਣ ਲਈ ਉਕਸਾਉਣ ਵਾਲੇ ਨੂੰ ਦੰਡ ਦਿੱਤੇ ਜਾਣ ਦੀ ਵਿਵਸਥਾ ਹੈ ਪਰ ਜਦ ਤੱਕ ਸਮਾਜ ਦੇ ਲੋਕ ਇਸ ਪ੍ਰਤਿ ਜ਼ੁੰਮੇਵਾਰੀ ਨਾਲ ਮਦਦਗਾਰ ਨਹੀਂ ਹੁੰਦੇ, ਪੁਲਿਸ ਤੇ ਪ੍ਰਸ਼ਾਸਨ ਈਮਾਨਦਾਰੀ ਨਾਲ ਕੰਮ ਨਹੀਂ ਕਰਦਾ, ਓਦੋਂ ਤੱਕ ਇਸ ਬਿਮਾਰੀ ਨੂੰ ਰੋਕਣਾ ਮੁਸ਼ਕਲ ਹੈ।
ਜਿਨ੍ਹਾਂ ਔਰਤਾਂ, ਲੜਕੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਇਸ ਧੰਦੇ ਵਿੱਚੋਂ ਬਾਹਰ ਲੈ ਆਂਦਾ ਗਿਆ ਹੈ ਉਹਨਾਂ ਦੇ ਮੁੜ-ਵਸੇਬੇ ਲਈ ‘ਸ਼ਰਨ ਘਰ’ (ਰੱਖਿਅਕ ਘਰ) ਸਥਾਪਿਤ ਕੀਤੇ ਗਏ ਹਨ। ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਬੁਰਾਈ ਦੇ ਖ਼ਾਤਮੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਮੁਦਾਇ ਖ਼ੁਦ ਠੋਸ ਕਦਮ ਚੁੱਕੇ ਅਤੇ ਨੈਤਿਕ ਵਾਤਾਵਰਨ ਤਿਆਰ ਕਰੇ।
ਲੇਖਕ : ਇੰਦਰਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-12-10-50-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First