ਵੈਦਿਕ ਆਰੀਆ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਵੈਦਿਕ ਆਰੀਆ : 1922 ਤੱਕ ਸਿੰਧ ਘਾਟੀ ਦੀ ਸੱਭਿਅਤਾ ਬਾਰੇ ਪਤਾ ਲੱਗਣ ਤੋਂ ਪਹਿਲਾਂ ਭਾਰਤ ਦਾ ਇਤਿਹਾਸ ਆਰੀਆ ਦੇ ਇਤਿਹਾਸ ਦੇ ਤੌਰ ਤੇ ਜਾਣਿਆ ਜਾਂਦਾ ਸੀ। ਆਰੀਆ ਲੋਕ, ਜਿਹੜੇ ਬੜੇ ਬਲਵਾਨ ਅਤੇ ਸੁੰਦਰ ਸਨ, ਜਿਨ੍ਹਾਂ ਦਾ ਕੱਦ ਲੰਮਾ, ਰੰਗ ਗੋਰਾ, ਮੱਥਾ ਚੌੜਾ ਸੀ, ਕੰਮ ਦੇ ਧਨੀ ਸਨ। ਪਰੰਤੂ ਪ੍ਰਸ਼ਨ ਉੱਠਦਾ ਹੈ ਕਿ ਇਹ ਲੋਕ ਕੌਣ ਸਨ?

ਆਰੀਆਂ ਦੇ ਮੂਲ ਸਥਾਨ ਬਾਰੇ ਇਤਿਹਾਸਕਾਰਾਂ ਵਿੱਚ ਬਹੁਤ ਮੱਤ ਭੇਦ ਹੈ। ਜਰਮਨੀ ਦੇ ਇਕ ਵਿਦਵਾਨ ਮੈਕਸਮੂਲਰ ਅਨੁਸਾਰ ਆਰੀਆਂ ਦਾ ਮੂਲ ਸਥਾਨ ਮੱਧ ਏਸ਼ੀਆ ਸੀ। ਉਸ ਨੇ ਇਹ ਸਿੱਟਾ ਸੰਸਕ੍ਰਿਤ, ਇਰਾਨੀ, ਯੂਨਾਨੀ, ਲਾਤੀਨੀ ਅਤੇ ਜਰਮਨ ਭਾਸ਼ਾਵਾਂ ਦਾ ਤੁਲਨਾਤਮਿਕ ਅਧਿਐਨ ਕਰਕੇ ਕੱਢਿਆ ਕਿਉਂਕਿ ਇਹ ਸਭ ਭਾਸ਼ਾਵਾਂ ਦੇ ਆਤਮ ਜੀਵਨ ਵਿੱਚ ਪ੍ਰਯੋਗ ਹੋਣ ਵਾਲੇ ਬਹੁਤ ਸਾਰੇ ਸ਼ਬਦ ਆਪਸ ਵਿੱਚ ਮਿਲਦੇ ਹਨ। ਇਸ ਲਈ ਮੈਕਸਮੂਲਰ ਅਨੁਸਾਰ ਇਹ ਸਭ ਭਾਸ਼ਾਵਾਂ ਦੇ ਪ੍ਰਯੋਗ ਕਰਨ ਵਾਲੇ ਕਿਸੇ ਸਮੇਂ ਇੱਕ ਹੀ ਇਲਾਕੇ ਵਿੱਚ ਰਹਿੰਦੇ ਹੋਣਗੇ ਪਰੰਤੂ ਬਾਲ ਗੰਗਾਧਰ ਤਿਲਕ ਆਰੀਆਂ ਦਾ ਮੂਲ ਸਥਾਨ ਉੱਤਰੀ ਧਰੁੱਵ ਮੰਨਦਾ ਹੈ। ਏ. ਸੀ. ਦਾਸ ਅਨੁਸਾਰ ਆਰੀਆ ਲੋਕ ਭਾਰਤ ਵਿੱਚ ਹੀ ਸਪਤ ਸਿੰਧੂ ਦੇ ਇਲਾਕੇ ਦੇ ਰਹਿਣ ਵਾਲੇ ਸਨ ਉਹ ਕਿਤੋਂ ਬਾਹਰੋਂ ਨਹੀਂ ਆਏ। ਪੀ. ਗਾਈਲਜ (P.Giles) ਅਤੇ ਮੈਕਡਾਨਲ (Macdonell) ਦੇ ਅਨੁਸਾਰ ਆਰੀਆ ਲੋਕਾਂ ਦਾ ਮੂਲ ਸਥਾਨ ਆਸਟਰੀਆ-ਹੰਗਰੀ ਸੀ ਅਤੇ ਉਹ ਡੈਨਯੂਬ ਦਰਿਆ ਦੇ ਕਿਨਾਰੇ ਰਹਿੰਦੇ ਸਨ। ਸਵਾਮੀ ਦਇਆਨੰਦ ਅਨੁਸਾਰ ਆਰੀਆ ਲੋਕ ਤਿੱਬਤ ਦੇ ਰਹਿਣ ਵਾਲੇ ਸਨ। ਪੰਕ ਆਰੀਆ ਲੋਕਾਂ ਦਾ ਪਿਛੋਕੜ ਜਰਮਨੀ ਦੱਸਦਾ ਹੈ।

ਇਹਨਾਂ ਸਾਰੇ ਵਿਚਾਰਾਂ ਨੂੰ ਘੋਖਣ ਤੋਂ ਬਾਅਦ ਮੈਕਸਮੂਲਰ ਦਾ ਮੱਧ ਏਸ਼ੀਆ ਦਾ ਸਿਧਾਂਤ ਵਧੇਰੇ ਮੰਨਣਯੋਗ ਪ੍ਰਤੀਤ ਹੁੰਦਾ ਹੈ। ਬੋਗਜ਼ ਕੋਈ ਦੇ ਸ਼ਿਲਾਲੇਖ ਅਨੁਸਾਰ ਪ੍ਰਾਚੀਨ ਕਾਲ ਵਿੱਚ ਮੱਧ ਏਸ਼ੀਆ ਦੇ ਲੋਕ ਵੀ ਆਰੀਆ ਦੇ ਪ੍ਰਸਿੱਧ ਦੇਵਤੇ ਇੰਦਰ ਅਤੇ ਵਰੁਣ ਦੀ ਪੂਜਾ ਕਰਦੇ ਸਨ। ਇਤਿਹਾਸਕਾਰ ਆਮ ਤੌਰ ਤੇ ਇਹ ਗੱਲ ਵੀ ਮੰਨਦੇ ਹਨ ਕਿ ਪ੍ਰਾਚੀਨ ਕਾਲ ਵਿੱਚ ਆਰੀਆ ਲੋਕ ਯੂਰਪ, ਮੱਧ ਏਸ਼ੀਆ ਅਤੇ ਭਾਰਤ ਦੇ ਉੱਤਰੀ ਭਾਗ ਵਿੱਚ ਫੈਲੇ ਹੋਏ ਸਨ। ਮੱਧ ਏਸ਼ੀਆ ਹੀ ਅਜਿਹਾ ਇਲਾਕਾ ਹੈ, ਜਿਹੜਾ ਯੂਰਪ ਅਤੇ ਭਾਰਤ ਵਿਚਕਾਰ ਸਥਿਤ ਹੈ। ਹੋ ਸਕਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਮੱਧ ਏਸ਼ੀਆ ਦੇ ਇਲਾਕੇ ਵਿੱਚ ਕੋਈ ਅਜਿਹੀ ਕੁਦਰਤੀ ਕਰੋਪੀ ਆਈ ਹੋਵੇ, ਜਿਸ ਕਾਰਨ ਉੱਥੋਂ ਦੀ ਬਹੁਤ ਸਾਰੀ ਵੱਸੋਂ ਨੂੰ ਆਪਣਾ ਮੂਲ ਸਥਾਨ ਛੱਡ ਕੇ ਇੱਧਰ-ਉੱਧਰ ਜਾਣਾ ਪਿਆ ਹੋਵੇ। ਇਸ ਤਰ੍ਹਾਂ ਮੱਧ ਏਸ਼ੀਆ ਤੋਂ ਕੁਝ ਲੋਕ ਯੂਰਪ ਵੱਲ ਚਲੇ ਗਏ ਅਤੇ ਕੁਝ ਭਾਰਤ ਵੱਲ ਆ ਗਏ।

ਆਰੀਆਂ ਦਾ ਭਾਰਤ ਵਿੱਚ ਆਉਣ ਦਾ ਸਮਾਂ 2000 ਤੋਂ 1500 ਈ. ਪੂਰਬ ਮੰਨਿਆ ਜਾਂਦਾ ਹੈ। ਭਾਰਤ ਵਿੱਚ ਆਉਣ ਤੇ ਉਹ ਦਰਿਆਵਾਂ ਦੇ ਨਾਲ-ਨਾਲ ਵਸਣ ਲੱਗੇ ਅਤੇ ਉਹ ਲਗਪਗ ਉੱਤਰ ਵਿੱਚ ਹੀ ਰਹੇ।

ਆਰੀਆਂ ਦੀ ਸੱਭਿਅਤਾ ਬਾਰੇ ਜਾਣਨ ਦਾ ਮੁੱਖ ਸੋਮਾ ਰਿਗਵੇਦ ਹੈ। ਇਸ ਵਿੱਚ 1028 ਸ਼ਲੋਕ ਹਨ ਅਤੇ ਇਹ 10 ਮੰਡਲਾਂ ਵਿੱਚ ਵੰਡਿਆ ਹੋਇਆ ਹੈ। ਇਸ ਵੇਦ ਨੂੰ ਪੜ੍ਹ ਕੇ ਸਾਨੂੰ ਆਰੀਆ ਲੋਕਾਂ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਜੀਵਨ ਬਾਰੇ ਪਤਾ ਲੱਗਦਾ ਹੈ।

ਰਾਜਨੀਤਿਕ ਜੀਵਨ : ਰਿਗਵੈਦਿਕ ਕਾਲ ਦੇ ਆਰੀਆਂ ਦੀ ਰਾਜਨੀਤਿਕ ਜਥੇਬੰਦੀ ਵਿੱਚ ਗ੍ਰਾਮ, ਵਿਸ਼ ਅਤੇ ਜਨ ਮੁੱਖ ਇਕਾਈਆਂ ਸਨ। ਗ੍ਰਾਮ ਦੇ ਮੁਖੀ ਨੂੰ ਗ੍ਰਾਮ ਵੀ ਆਖਦੇ ਸਨ। ਕਈ ਗ੍ਰਾਮਾਂ ਨੂੰ ਮਿਲਕੇ ਇੱਕ ‘ਵਿਸ਼’ ਬਣਦਾ ਸੀ ਜਿਸ ਦੇ ਮੁਖੀ ਨੂੰ ਵਿਸ਼ਪਤੀ ਆਖਦੇ ਸਨ। ਸਾਰੇ ‘ਜਨ’ ਦਾ ਮੁਖੀ ਰਾਜਾ ਹੁੰਦਾ ਸੀ। ਕੁਝ ਇੱਕ ਅਜਿਹੇ ‘ਗੁਣਾ’ ਦਾ ਵੀ ਵੇਰਵਾ ਮਿਲਦਾ ਹੈ ਜਿਨ੍ਹਾਂ ਦੇ ਮੁਖੀ ‘ਗਣਪਤੀ’ ਹੁੰਦੇ ਸਨ।

ਰਾਜਾ ਆਮ ਤੌਰ ਤੇ ਵਿਰਸੇ ਤੋਂ ਹੀ ਚੱਲਦਾ ਆਉਂਦਾ ਸੀ ਪਰੰਤੂ ਰਿਗਵੇਦ ਵਿੱਚ ਚੁਣੇ ਹੋਏ ਰਾਜਤੰਤਰਾਂ ਦਾ ਵਰਣਨ ਵੀ ਆਉਂਦਾ ਹੈ। ਰਾਜੇ ਦਾ ਅਪਣੇ ਕਬੀਲੇ ਵਿੱਚ ਉੱਚ-ਅਸਥਾਨ ਸੀ। ਉਸ ਦਾ ਮੁੱਖ ਫ਼ਰਜ਼ ਆਪਣੇ ਕਬੀਲੇ ਅਰਥਾਤ ਜਨ ਦੀ ਰੱਖਿਆ ਕਰਨਾ ਸੀ। ਰਾਜ ਦੀ ਸੂਹ ਰੱਖਣ ਲਈ ਜਸੂਸ ਵੀ ਰੱਖਦਾ ਸੀ। ਦੋਸ਼ੀਆਂ ਨੂੰ ਖੁੱਲ੍ਹੇ ਆਮ ਦੰਡ ਵੀ ਦਿੱਤਾ ਜਾਂਦਾ ਸੀ।

ਰਾਜਾ ਦੀ ਸਹਾਇਤਾ ਲਈ ਪਰੋਹਤ ਅਤੇ ਸੈਨਾਨੀ ਮੁੱਖ ਅਹੁਦੇਦਾਰ ਹੁੰਦੇ ਸਨ। ਪਰੋਹਤ ਰਾਜਾ ਨੂੰ ਧਾਰਮਿਕ ਰੀਤੀ-ਰਿਵਾਜ ਨਿਭਾਉਣ ਅਰਥਾਤ ਯੱਗ ਅਤੇ ਹਵਨ ਕਰਨ ਅਤੇ ਯੁੱਧ ਸਮੇਂ ਉਸ ਦੀ ਸਫਲਤਾ ਲਈ ਪ੍ਰਾਰਥਨਾ ਕਰਦਾ ਸੀ। ਸੈਨਾਨੀ ਫ਼ੌਜਾਂ ਦਾ ਮੁਖੀ ਹੁੰਦਾ ਸੀ। ਪੈਦਲ ਸੈਨਾ, ਰਥਾਂ ਦੀ ਸੈਨਾ ਅਤੇ ਘੋੜ ਸਵਾਰ ਸੈਨਾ ਮੁੱਖ ਸਨ। ਲੜਾਈ ਵਿੱਚ ਅਜੇ ਹਾਥੀਆਂ ਦਾ ਪ੍ਰਯੋਗ ਨਹੀਂ ਸੀ ਹੁੰਦਾ। ਤੀਰ ਕਮਾਨ ਮੁੱਖ ਆਕਰਮਣਕਾਰੀ ਅਸਤਰ ਸੀ। ਭਾਲੇ, ਤਲਵਾਰ ਤੇ ਕੁਹਾੜੀ ਦਾ ਪ੍ਰਯੋਗ ਆਮ ਹੁੰਦਾ ਸੀ। ਯੋਧੇ ਕੱਚ, ਫ਼ੌਲਾਦੀ ਖੋਦ ਅਤੇ ਹੱਥ ਰੱਖਿਅਕ ਪਹਿਨਦੇ ਸਨ ਸੈਨਾ ਦਾ ਸੰਗਠਨ ਕਈ ਇਕਾਈਆਂ ਵਿੱਚ ਹੁੰਦਾ ਸੀ।

ਰਿਗਵੈਦਿਕ ਕਾਲ ਵਿੱਚ ਭਾਵੇਂ ਰਾਜਾ ਜਨ ਦਾ ਮੁਖੀ ਹੁੰਦਾ ਸੀ ਪਰੰਤੂ ਉਹ ਲੋਕਾਂ ਦੀ ਰਾਏ ਨਾਲ ਹੀ ਚੱਲਦਾ ਸੀ। ਲੋਕਾਂ ਦੀ ਇੱਕ ਸੰਸਥਾ ਨੂੰ ਸੰਮਤੀ ਕਹਿੰਦੇ ਸਨ। ਜਿਸ ਵਿੱਚ ਰਾਜਾ ਅਤੇ ਪਰਜਾ ਇੱਕ ਸਮਾਨ ਬੈਠਦੇ ਸਨ। ਦੂਸਰੀ ਸੰਸਥਾ ‘ਸਭਾ’ ਸੀ। ਕੁਝ ਇਤਿਹਾਸਕਾਰ ਇਸ ਨੂੰ ਪਿੰਡ ਦਾ ਸਾਂਝਾ ਸਥਾਨ ਦੱਸਦੇ ਹਨ ਅਤੇ ਕੁਝ ਇਸ ਨੂੰ ਪਿੰਡ ਦੇ ਕੁਝ ਵਡੇਰਿਆਂ ਦੀ ਸੰਸਥਾ ਜਿਹੜੀ ਕਿ ਕੁਝ ਲੋਕ-ਹਿਤ ਫ਼ੈਸਲੇ ਕਰਦੀ ਸੀ।

ਪਰੰਤੂ ਉੱਤਰ-ਵੈਦਿਕ ਕਾਲ ਵਿੱਚ ਆਰੀਆਂ ਦਾ ਪਸਾਰ ਦੱਖਣ ਵਿੱਚ ਵਿੱੰਧਿਆਚਲ ਪਰਬਤ ਪਾਰ ਗੁਦਾਵਰੀ ਨਦੀ ਤੱਕ ਹੋ ਗਿਆ ਹੁਣ ਉਹਨਾਂ ਨੇ ਵੱਡੇ-ਵੱਡੇ ਰਾਜ ਸਥਾਪਿਤ ਕਰ ਲਏ, ਜਿਵੇਂ-ਕੁਰੂ, ਪੰਚਾਲ, ਕਾਸ਼ੀ, ਕੌਸ਼ਲ, ਵਿਦੇਹ ਅਤੇ ਗੰਧਾਰ ਆਦਿ। ਇਹਨਾਂ ਰਾਜਾਂ ਦੇ ਰਾਜਿਆਂ ਨੇ ਅਧਿਰਾਜ, ਰਾਜ-ਅਧਿਰਾਜ, ਸਮਰਾਟ ਅਤੇ ਵਿਰਾਟ ਆਦਿ ਦੀਆਂ ਪਦਵੀਆਂ ਗ੍ਰਹਿਣ ਕਰਨੀਆਂ ਸ਼ੁਰੂ ਕੀਤੀਆਂ। ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਨ ਲਈ ‘ਅਸ਼ਵਮੇਧ’ ਯੱਗ ਕਰਕੇ ਸ਼ੁਰੂ ਕੀਤੇ। ਇਸ ਰਸਮ ਅਨੁਸਾਰ ਰਾਜਾ ਅਪਣੀ ਸੈਨਾ ਸਮੇਤ ਇੱਕ ਘੋੜਾ ਛੱਡਦਾ ਸੀ। ਜੇ ਕੋਈ ਹੋਰ ਰਾਜਾ ਉਸ ਘੋੜੇ ਨੂੰ ਪਕੜ ਲੈਂਦਾ ਤਾਂ ਇਹ ਘੋੜਾ ਛੱਡਣ ਵਾਲੇ ਰਾਜੇ ਨੂੰ ਚੁਨੌਤੀ ਸਮਝੀ ਜਾਂਦੀ ਸੀ ਅਤੇ ਨਤੀਜਾ ਸੀ ਲੜਾਈ। ਜੇ ਬਿਨਾਂ ਕਿਸੇ ਚੁਨੌਤੀ ਘੋੜਾ ਅਤੇ ਸੈਨਾ ਵਾਪਸ ਰਾਜ ਪਰਤ ਆਉਂਦੇ ਤਾਂ ਰਾਜਾ ‘ਅਸ਼ਵਮੇਧ ਯੱਗ’ ਕਰਦਾ ਸੀ ਜਿਸ ਵਿੱਚ ਘੋੜੇ ਦੀ ਬਲੀ ਦਿੱਤੀ ਜਾਂਦੀ ਸੀ ਅਤੇ ਰਾਜਾ ਚਕਰਵਰਤੀ ਰਾਜਾ ਕਹਾਉਂਦਾ ਸੀ।

ਉੱਤਰ ਵੈਦਿਕ ਕਾਲ ਵਿੱਚ ਰਾਜ ਵਿਸਥਾਰ ਹੋਣ ਕਾਰਨ ‘ਸਭਾ’ ਅਤੇ ‘ਸੰਮਤੀ’ ਦੀਆਂ ਬੈਠਕਾਂ ਹੋਣੀਆਂ ਬਹੁਤ ਘੱਟ ਗਈਆਂ। ਸੁਭਾਵਿਕ ਤੌਰ ਤੇ ਰਾਜਿਆਂ ਦੀਆਂ ਸ਼ਕਤੀਆਂ ਵੱਧ ਗਈਆਂ ਪਰੰਤੂ ਫਿਰ ਵੀ ਰਾਜਾ ‘ਤਾਨਾ ਸ਼ਾਹ’ ਨਹੀਂ ਸੀ। ਲੋਕਾਂ ਦੀ ਭਲਾਈ ਵਿੱਚ ਹੀ ਉਹ ਅਪਣੀ ਭਲਾਈ ਸਮਝਦਾ ਸੀ। ਉਹਨਾਂ ਦੀ ਰਾਏ ਨਾਲ ਕੰਮ ਕਰਦਾ ਸੀ। ਇਸ ਕਾਲ ਵਿੱਚ ਨਿਆਂ ਵਿਵਸਥਾ ਵੀ ਚੰਗੀ ਤਰ੍ਹਾਂ ਸਥਾਪਿਤ ਹੋ ਗਈ। ਅਦਾਲਤਾਂ ਵਿੱਚ ਨਿਆਂਧੀਸ਼ ਮੁਕੱਦਮਿਆਂ ਦਾ ਫ਼ੈਸਲਾ ਕਰਦੇ ਸਨ। ਸਭ ਤੋਂ ਉੱਚ ਅਦਾਲਤ ਰਾਜਾ ਦੀ ਹੀ ਹੁੰਦੀ ਸੀ। ਮੌਤ ਦੀ ਸਜ਼ਾ ਨਹੀਂ ਸੀ।

ਸਮਾਜਿਕ ਜੀਵਨ : ਰਿਗਵੈਦਿਕ ਕਾਲ ਵਿੱਚ ਸਮਾਜਿਕ ਗਠਨ ਦਾ ਆਧਾਰ ਪਰਵਾਰ ਸੀ ਭਾਵੇਂ ਪਰਵਾਰ ਮਰਦ ਪ੍ਰਧਾਨ ਹੀ ਸਨ ਪਰੰਤੂ ਇਸਤਰੀ ਦਾ ਸਤਿਕਾਰ ਕੀਤਾ ਜਾਂਦਾ ਸੀ। ਉਹ ਆਪਣਾ ਵਰ ਆਪ ਚੁਣਦੀਆਂ ਸਨ। ਆਮ ਤੌਰ ਤੇ ਇੱਕ-ਪਤਨੀ ਵਿਆਹ ਦਾ ਰਿਵਾਜ ਸੀ ਪਰੰਤੂ ਉੱਚ-ਘਰਾਣਿਆਂ ਵਿੱਚ ਬਹੁ-ਪਤਨੀ ਪਰਵਾਰ ਵੀ ਸਨ। ਪਰਦਾ, ਬਾਲ ਵਿਆਹ ਅਤੇ ਸਤੀ ਦੀ ਰਸਮ ਆਦਿ ਨਹੀਂ ਸਨ ਪਰਵਾਰ ਵਿੱਚ ਕਿਸੇ ਵੀ ਧਾਰਮਿਕ ਯੱਗ, ਹਵਨ ਜਾਂ ਹੋਰ ਰਸਮ ਸਮੇਂ ਇਸਤਰੀ ਦੀ ਹਾਜ਼ਰੀ ਜ਼ਰੂਰੀ ਸਮਝੀ ਜਾਂਦੀ ਸੀ। ਰਿਗਵੇਦ ਵਿੱਚ ਕਈ ਵਿਦਵਾਨ ਔਰਤਾਂ ਦੇ ਨਾਂ ਵੀ ਆਉਂਦੇ ਹਨ।

ਪਰੰਤੂ ਉੱਤਰ-ਵੈਦਿਕ ਕਾਲ ਵਿੱਚ ਇਸਤਰੀ ਦਾ ਸਮਾਜ ਵਿੱਚ ਦਰਜਾ ਕਾਫ਼ੀ ਘੱਟ ਗਿਆ। ਲੜਕੀ ਦਾ ਜਨਮ ਚੰਗਾ ਨਹੀਂ ਸੀ ਸਮਝਿਆ ਜਾਂਦਾ, ਬਾਲ-ਵਿਵਾਹ ਦੀ ਪ੍ਰਥਾ ਵੀ ਪ੍ਰਚਲਿਤ ਹੋ ਗਈ। ਇਸ ਕਾਲ ਵਿੱਚ ਵੀ ਸਾਨੂੰ ਕਈ ਵਿਦਵਾਨ ਔਰਤਾਂ ਦੇ ਨਾਂ ਮਿਲਦੇ ਹਨ, ਜਿਵੇਂ ਗਾਰਗੀ, ਵਾਕਾਕਨਾਵੀਂ ਅਤੇ ਮੈਤਰਯੀ। ਪਰੰਤੂ ਪੁਰਸ਼-ਪ੍ਰਧਾਨ ਪਰਵਾਰ ਹੋਣ ਕਾਰਨ ਔਰਤਾਂ ਦਾ ਜਾਇਦਾਦ ਤੇ ਕੋਈ ਅਧਿਕਾਰ ਨਹੀਂ ਸੀ।

ਰਿਗਵੇਦ ਕਾਲ ਵਿੱਚ ਆਰੀਆ ਲੋਕ ਸਾਦਾ ਜੀਵਨ ਬਤੀਤ ਕਰਦੇ ਸਨ। ਉਹ ਆਮ ਤੌਰ ਤੇ ਤਿੰਨ ਕੱਪੜੇ ਪਹਿਨਦੇ ਸਨ-ਨੀਵੀਂ ਅਰਥਾਤ ਧੋਤੀ, ਵਾਸ ਅਰਥਾਤ ਕਮੀਜ਼ ਅਤੇ ਅਧਿਵਾਸ ਅਰਥਾਤ ਪਗੜੀ। ਵਿਆਹ ਸ਼ਾਦੀ ਵਿੱਚ ਦੁਲਹਨ ਅਤੇ ਹੋਰ ਲੜਕੀਆਂ ਅਤੇ ਔਰਤਾਂ ਰੰਗ-ਬਰੰਗੇ ਕਢਾਈ ਕੀਤੇ ਕੱਪੜੇ ਪਹਿਨਦੀਆਂ ਸਨ। ਇਸਤਰੀ ਅਤੇ ਆਦਮੀ ਦੋਨੋਂ ਹੀ ਸੋਨੇ ਅਤੇ ਚਾਂਦੀ ਦੇ ਗਹਿਣੇ ਪਹਿਨਦੇ ਸਨ।

ਰਿਗਵੈਦਿਕ ਆਰੀਆ ਅਪਣੇ ਮਨਪਰਚਾਵੇ ਲਈ ਬਾਹਰੀ ਖੇਡਾਂ ਜਿਵੇਂ ਸ਼ਿਕਾਰ ਖੇਡਣਾ, ਰਥਾਂ ਦੀ ਦੌੜ, ਨਾਚ-ਗਾਣਿਆਂ ਵਿੱਚ ਮਸਤ ਹੋਣਾ ਅਤੇ ਸੋਮ ਰਸ ਪੀਣਾ ਮੁੱਖ ਸਾਧਨ ਸਨ ਪਰੰਤੂ ਉੱਤਰ-ਵੈਦਿਕ ਕਾਲ ਵਿੱਚ ਆਰੀਆ ਲੋਕ ਵਧੇਰੇ ਕਰਕੇ ਚਾਰ-ਦੀਵਾਰੀ ਅੰਦਰ ਹੋਣ ਵਾਲੇ ਮਨ-ਪ੍ਰਚਾਵੇ ਦੇ ਸਾਧਨਾਂ ਵਿੱਚ ਲੀਨ ਰਹਿੰਦੇ ਸਨ ਜਿਵੇਂ-ਸ਼ਤਰੰਜ ਅਤੇ ਜੂਆ ਆਦਿ। ਇਸ ਕਾਲ ਵਿੱਚ ਨਾਟਕ ਖੇਡਣ ਦੀ ਕਲਾ ਵਿੱਚ ਵੀ ਕਾਫ਼ੀ ਦਿਲਚਸਪੀ ਲੈਣ ਲੱਗੇ।

ਜਾਤੀ ਪ੍ਰਥਾ : ਰਿਗਵੈਦਿਕ ਕਾਲ ਵਿੱਚ ਜਾਤੀ-ਪ੍ਰਥਾ ਪ੍ਰਚਲਿਤ ਨਹੀਂ ਸੀ ਪਰੰਤੂ ਆਰੀਆ ਅਤੇ ਅਨ-ਆਰੀਆ ਅਰਥਾਤ ਦਰਾਵੜੀਆਂ ਅਤੇ ਗੋਰੇ-ਕਾਲੇ ਦਾ ਮੱਤ-ਭੇਦ ਜ਼ਰੂਰ ਸੀ। ਇੱਕ ਪਰਵਾਰ ਦੇ ਲੋਕ ਵੱਖ-ਵੱਖ ਕੰਮਾਂ ਵਿੱਚ ਲੱਗੇ ਹੁੰਦੇ ਸਨ।

ਪਰੰਤੂ ਉੱਤਰ-ਵੈਦਿਕ ਕਾਲ ਵਿੱਚ ਸਮਾਜ ਸਪਸ਼ਟ ਰੂਪ ਵਿੱਚ ਚਾਰ ਜਾਤੀਆਂ ਵਿੱਚ ਵੰਡਿਆ ਗਿਆ-ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ। ਬ੍ਰਾਹਮਣ ਦਾ ਕੰਮ ਪੜ੍ਹਨਾ, ਪੜਾਉਣਾ ਅਤੇ ਧਾਰਮਿਕ ਯੱਗ ਅਤੇ ਹਵਨ ਆਦਿ ਕਰਵਾਉਣਾ ਸੀ। ਕਸ਼ੱਤਰੀ ਰਾਜ ਭਾਗ ਦਾ ਕੰਮ ਸੰਭਾਲਦੇ ਸਨ ਅਤੇ ਸੈਨਾ ਵਿੱਚ ਭਰਤੀ ਹੁੰਦੇ ਸਨ। ਵੈਸ਼ ਲੋਕ ਖੇਤੀ-ਬਾੜੀ, ਵਪਾਰ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਕਰਦੇ ਸਨ। ਸ਼ੂਦਰ ਲੋਕ ਇਹਨਾਂ ਜਾਤਾਂ ਦੀ ਸੇਵਾ ਕਰਦੇ ਸਨ। ਉੱਪਰਲੀਆਂ ਤਿੰਨੋਂ ਜਾਤਾਂ ਦਾ ਸ਼ੂਦਰਾਂ ਨਾਲ ਕੋਈ ਸਮਾਜਿਕ ਵਿਹਾਰ ਨਹੀਂ ਸੀ।

ਰੀਤੀ-ਰਿਵਾਜ : ਰਿਗ-ਵੈਦਿਕ ਆਰੀਆ ਕਿਸੇ ਕਿਸਮ ਦੇ ਫ਼ਜ਼ੂਲ ਦੇ ਰੀਤੀ-ਰਿਵਾਜਾਂ ਵਿੱਚ ਨਹੀਂ ਪਏ ਪਰੰਤੂ ਉੱਤਰ ਵੈਦਿਕ ਕਾਲ ਵਿੱਚ ਆਰੀਆ ਲੋਕ ਕਈ ਗੁੰਝਲਦਾਰ ਰੀਤੀ-ਰਿਵਾਜਾਂ ਵਿੱਚ ਫਸ ਗਏ। ਬੱਚੇ ਦੇ ਜਨਮ ਸਮੇਂ ਰਿਵਾਜ, ਵਿਵਾਹ-ਸ਼ਾਦੀ ਸਮੇਂ ਰਿਵਾਜ, ਮੌਤ ਸਮੇਂ ਰਿਵਾਜ ਅਤੇ ਹੋਰ ਖ਼ੁਸ਼ੀ ਅਤੇ ਗਮੀ ਦੇ ਸਮੇਂ ਦੇ ਰਿਵਾਜ, ਇਹ ਸਭ ਰਸਮ-ਰਿਵਾਜ ਕਰਨ ਕਰਵਾਉਣ ਵਿੱਚ ਕਾਫ਼ੀ ਖ਼ਰਚ ਵੀ ਹੁੰਦਾ ਸੀ। ਇਸ ਤਰ੍ਹਾਂ ਗ਼ਰੀਬ ਆਦਮੀ ਲਈ ਸਮਾਜਿਕ ਜੀਵਨ ਬਤੀਤ ਕਰਨਾ ਵੀ ਕਠਨ ਹੋ ਗਿਆ।

ਚਾਰ ਆਸ਼ਰਮ : ਉੱਤਰ-ਵੈਦਿਕ ਕਾਲ ਦੇ ਸਮਾਜਿਕ ਜੀਵਨ ਦੀ ਇੱਕ ਵਿਸ਼ੇਸ਼ਤਾ ਸੀ ‘ਆਸ਼ਰਮ ਵਿਵਸਥਾ’। ਇਸ ਵਿਵਸਥਾ ਅਨੁਸਾਰ ਮਨੁੱਖ ਦੀ ਆਯੂ 100 ਸਾਲ ਮੰਨ ਕੇ 25-25 ਸਾਲਾਂ ਦੇ ਚਾਰ ਸਮਾਨ ਭਾਗਾਂ ਵਿੱਚ ਵੰਡ ਦਿੱਤਾ। ਪਹਿਲੇ 25 ਸਾਲ ਦਾ ਸਮਾਂ ‘ਬ੍ਰਹਮਚਾਰੀ-ਆਸ਼ਰਮ’ ਸੀ ਜਿਸ ਵਿੱਚ ਮਨੁੱਖ ਵਿੱਦਿਆ ਹਾਸਲ ਕਰਦਾ ਸੀ ਅਤੇ ਆਪਣੇ-ਆਪ ਨੂੰ ਗ੍ਰਿਸਤ ਜੀਵਨ ਲਈ ਤਿਆਰ ਕਰਦਾ ਸੀ। ਅਗਲੇ 25 ਸਾਲ ਅਰਥਾਤ 25 ਤੋਂ 50 ਸਾਲ ‘ਗ੍ਰਿਸਤ ਜੀਵਨ ਆਸ਼ਰਮ’ ਦਾ ਸੀ ਜਿਸ ਵਿੱਚ ਆਦਮੀ ਕੋਈ ਕੰਮ ਕਾਰ ਕਰਦਾ ਸੀ, ਵਿਵਾਹ ਕਰਵਾਉਂਦਾ ਸੀ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। 50 ਤੋਂ 75 ਸਾਲ ਦੀ ਉਮਰ ਦਾ ਸਮਾਂ ‘ਬਾਣ-ਪ੍ਰਸਤ ਆਸ਼ਰਮ’ ਦਾ ਸੀ ਜਿਸ ਵਿੱਚ ਉਹ ਘਰ ਤੋਂ ਦੂਰ ਜੰਗਲਾਂ ਵਿੱਚ ਗਿਆਨ ਦੀ ਖੋਜ ਲਈ ਜਾਂਦਾ ਸੀ ਪਰੰਤੂ ਪਰਿਵਾਰ ਨਾਲ ਅਜੇ ਵੀ ਸਾਂਝ ਰੱਖਦਾ ਸੀ। 75 ਤੋਂ 100 ਸਾਲ ਦੀ ਉਮਰ ਦਾ ਕਾਲ ‘ਸੰਨਿਆਸ-ਆਸ਼ਰਮ’ ਹੁੰਦਾ ਸੀ ਜਿਸ ਵਿੱਚ ਮਨੁੱਖ ਘਰ-ਬਾਰ ਤਿਆਗ ਕੇ ਮੋਕਸ਼ ਪ੍ਰਾਪਤੀ ਦੇ ਉਦੇਸ਼ ਨਾਲ ਜੰਗਲਾਂ ਵਿੱਚ ਤੱਪ ਕਰਦਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਵੇਂ ‘ਆਸ਼ਰਮ-ਵਿਵਸਥਾ’ ਅਧੀਨ ਜੀਵਨ ਨਿਭਾਉਣਾ ਅਸਾਨ ਨਹੀਂ ਸੀ ਪਰੰਤੂ ਉੱਤਰ-ਵੈਦਿਕ ਕਾਲ ਦੇ ਗ੍ਰੰਥਾਂ ਅਨੁਸਾਰ ‘ਉੱਚ-ਆਦਰਸ਼’ ਜੀਵਨ ਬਤੀਤ ਕਰਨ ਲਈ ਇਹ ਪ੍ਰਨਾਲੀ ਇੱਕ ਵਰਦਾਨ ਸੀ।

ਆਰਥਿਕ ਜੀਵਨ : ਆਰੀਆ ਲੋਕ ਜਦ ਭਾਰਤ ਵਿੱਚ ਆਏ ਉਹ ਅਪਣਾ ਜੀਵਨ ਨਿਰਬਾਹ ਪਸ਼ੂ-ਪਾਲਣ ਨਾਲ ਹੀ ਕਰਦੇ ਸਨ। ਗਊ, ਭੇਡ, ਬੱਕਰੀ, ਘੋੜਾ ਮੁੱਖ ਪਸ਼ੂ ਸਨ। ਕੁੱਤੇ ਸ਼ਿਕਾਰ ਕਰਨ ਲਈ ਅਤੇ ਪਸ਼ੂਆਂ ਦੀ ਰਖਵਾਲੀ ਲਈ ਪਾਲੇ ਜਾਂਦੇ ਸਨ। ਹੌਲੀ-ਹੌਲੀ ਆਰੀਆ ਲੋਕਾਂ ਨੇ ਖੇਤੀ-ਬਾੜੀ ਕਰਨੀ ਸ਼ੁਰੂ ਕੀਤੀ ਅਤੇ ਇਹ ਉਹਨਾਂ ਦਾ ਮੁੱਖ ਪੇਸ਼ਾ ਬਣ ਗਿਆ। ਕਣਕ, ਜੌਂ, ਚਾਵਲ ਆਦਿ ਮੁੱਖ ਫ਼ਸਲਾਂ ਸਨ। ਸਿੰਜਾਈ ਲਈ ਵਰਖਾ ਤੇ ਹੀ ਨਿਰਭਰ ਕਰਨਾ ਪੈਂਦਾ ਸੀ। ਦਰਿਆਵਾਂ ਦਾ ਪਾਣੀ ਵੀ ਇਸ ਕੰਮ ਲਈ ਪ੍ਰਯੋਗ ਵਿੱਚ ਲਿਆਂਦਾ ਜਾਂਦਾ ਸੀ। ਖੇਤੀ ਕਰਨ ਲਈ ਹਲ ਦਾ ਪ੍ਰਯੋਗ ਕੀਤਾ ਜਾਂਦਾ ਸੀ ਜਿਹੜਾ ਬੈਲ ਦੀ ਮੱਦਦ ਨਾਲ ਚਲਾਇਆ ਜਾਂਦਾ ਸੀ। ਜ਼ਮੀਨ ਮੁੱਖ ਤੌਰ ਤੇ ਦੋ ਭਾਗਾਂ ਵਿੱਚ ਵੰਡੀ ਹੁੰਦੀ ਸੀ-ਉਰਵਰਾ ਅਤੇ ਖਿਲਯ। ‘ਉਰਵਰਾ’ ਖੇਤੀ ਕਰਨ ਲਈ ਅਤੇ ਖਿਲਯ ਚਰਾਗਾਹਾਂ ਲਈ ਕੰਮ ਆਉਂਦੀ ਸੀ।

ਉੱਤਰ ਵੈਦਿਕ ਕਾਲ ਵਿੱਚ ਖੇਤੀ-ਬਾੜੀ ਵੱਡੀ ਪੱਧਰ ਤੇ ਹੋਣ ਲੱਗੀ। ਖਾਦ ਦਾ ਪ੍ਰਯੋਗ ਹੋਣ ਲੱਗਾ। ਪੈਦਾਵਾਰ ਵਧੇਰੇ ਹੋਣ ਲੱਗੀ। ਕਈ ਨਵੀਆਂ ਫ਼ਸਲਾਂ ਪੈਦਾ ਕਰਨੀਆਂ ਸ਼ੁਰੂ ਹੋਈਆਂ।

ਰਿਗ-ਵੈਦਿਕ ਕਾਲ ਵਿੱਚ ਵਪਾਰ ਅਦਲਾ-ਬਦਲੀ ਪ੍ਰਥਾ ਅਧੀਨ ਚੱਲਦਾ ਸੀ। ਸਾਰੇ ਲੋਕ ਇੱਕ ਦੂਜੇ ਵੱਲੋਂ ਪੈਦਾ ਕੀਤੀਆਂ ਚੀਜ਼ਾਂ ਲੈ ਦੇ ਕੇ ਗੁਜ਼ਾਰਾ ਕਰਦੇ ਸਨ। ਵਪਾਰ ਕੋਈ ਆਮਦਨ ਦਾ ਸਾਧਨ ਨਹੀਂ ਸੀ ਪਰੰਤੂ ਉੱਤਰ-ਵੈਦਿਕ ਕਾਲ ਵਿੱਚ ਖੇਤੀ ਦੇ ਵਿਕਾਸ ਨਾਲ, ਫ਼ਸਲਾਂ ਵਧੇਰੇ ਹੋਣ ਨਾਲ ਅਨਾਜ ਇੱਕ ਸਥਾਨ ਤੋਂ ਦੂਜੇ ਸਥਾਨ ਲਿਆਇਆ ਜਾਣ ਲੱਗਾ। ਹੌਲੀ-ਹੌਲੀ ਦਰਿਆਵਾਂ ਦੇ ਨਾਲ-ਨਾਲ ਕਈ ਸ਼ਹਿਰ ਹੋਂਦ ਵਿੱਚ ਆਏ। ਵਾਧੂ ਅਨਾਜ ਪਿੰਡਾਂ ਤੋਂ ਸ਼ਹਿਰਾਂ ਵੱਲ ਭੇਜਿਆ ਜਾਣ ਲੱਗਾ। ਇਸ ਸਮੇਂ ‘ਸਤਮਾਨ’ ਅਤੇ ‘ਕ੍ਰਿਸਨਲ’ ਨਾਮੀ ਸਿੱਕੇ ਵੀ ਪ੍ਰਚਲਿਤ ਹੋ ਗਏ। ਵਪਾਰ ਵਧਣ ਲੱਗਾ। ਵਪਾਰੀਆਂ ਦੇ ਸੰਘ ਜਿਨ੍ਹਾਂ ਨੂੰ ‘ਗਿਲਡ’ ਕਿਹਾ ਜਾਂਦਾ ਸੀ ਬਣਨ ਲੱਗੇ। ਵਪਾਰ ਦੇਸ਼ ਅੰਦਰ ਹੀ ਨਹੀਂ ਵਿਦੇਸ਼ਾਂ ਨਾਲ ਵੀ ਹੋਣ ਲੱਗਾ।

ਉੱਤਰ-ਵੈਦਿਕ ਆਰੀਆਂ ਨੇ ਖੇਤੀ ਅਤੇ ਵਪਾਰ ਤੋਂ ਇਲਾਵਾ ਹੋਰ ਧੰਦੇ ਵੀ ਅਪਣਾ ਲਏ ਜਿਵੇਂ ਕਿ-ਲੱਕੜੀ ਦਾ ਕੰਮ ਕਰਨਾ, ਮੱਛੀਆਂ ਪਕੜਨਾ, ਸੋਨੇ ਦਾ ਕੰਮ ਕਰਨਾ, ਕੱਪੜਾ ਬੁਣਨਾ, ਕੁਮਿਹਾਰ ਦਾ ਕੰਮ ਟੋਕਰੀਆਂ ਬਣਾਉਣਾ, ਆਦਿ। ਬਿਮਾਰੀਆਂ ਦਾ ਇਲਾਜ ਕਰਨ ਲਈ ਵੈਦ ਹੁੰਦੇ ਸਨ। ਇਸ ਤਰ੍ਹਾਂ ਰਿਗਵੈਦਿਕ ਕਾਲ ਤੋਂ ਉੱਤਰ-ਵੈਦਿਕ ਤੱਕ ਆਰੀਆਂ ਦੀ ਆਰਥਿਕ ਸਥਿਤੀ ਵਿੱਚ ਬਹੁਤ ਫ਼ਰਕ ਪਿਆ।

ਧਾਰਮਿਕ ਜੀਵਨ : ਰਿਗਵੈਦਿਕ ਆਰੀਆਂ ਦਾ ਧਰਮ ਕੁਦਰਤ ਪੂਜਨ ਸੀ। ਉਹ ਸੂਰਜ, ਧਰਤੀ, ਅਕਾਸ਼, ਵਾਯੂ, ਅਗਨੀ ਆਦਿ ਕੁਦਰਤੀ ਸ਼ਕਤੀਆਂ ਦੀ ਪੂਜਾ ਕਰਦੇ ਸਨ। ਹੌਲੀ-ਹੌਲੀ ਇਹ ਕੁਦਰਤੀ ਸ਼ਕਤੀਆਂ ਕੁਦਰਤੀ ਦੇਵਤਿਆਂ ਦਾ ਰੂਪ ਧਾਰਨ ਕਰ ਗਈਆਂ। ਵਰੁਣ, ਸੂਰਜ ਅਤੇ ਮਿੱਤਰ ਇੰਦਰ, ਵਾਯੂ, ਮਾਰੂਤ, ਪ੍ਰਿਥਵੀ ਅਤੇ ਅਗਨੀ ਦੇਵਤਾ ਆਦਿ ਪਰੰਤੂ ਰਿਗਵੈਦ ਕਾਲ ਵਿੱਚ ਆਰੀਆ ਲੋਕ ਮੂਰਤੀ ਪੂਜਾ ਨਹੀਂ ਕਰਦੇ ਸਨ। ਉਹ ਆਪਣੇ ਦੇਵੀ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਖੁੱਲ੍ਹੇ ਮੈਦਾਨ ਵਿੱਚ ਯੱਗ ਅਤੇ ਹਵਨ ਕਰਦੇ ਸਨ ਅਤੇ ਮੰਤਰਾਂ ਦਾ ਉਚਾਰਨ ਕਰਦੇ ਸਨ।

ਇੱਥੇ ਇੱਕ ਗੱਲ ਖ਼ਾਸ ਧਿਆਨ ਯੋਗ ਹੈ ਭਾਵੇਂ ਰਿਗਵੈਦਿਕ ਆਰੀਆ ਭਿੰਨ-ਭਿੰਨ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ ਪਰੰਤੂ ਉਹ ਇੱਕ ਪਰਮਾਤਮਾ ਵਿੱਚ ਹੀ ਵਿਸ਼ਵਾਸ ਕਰਦੇ ਸਨ।

ਉੱਤਰ-ਵੈਦਿਕ ਕਾਲ ਵਿੱਚ ਧਰਮ ਕੁਝ ਜਟਿਲ ਹੋ ਗਿਆ। ਉਸ ਸਮੇਂ ਕੁਦਰਤੀ ਦੇਵੀ ਦੇਵਤਿਆਂ ਦੀ ਜਗ੍ਹਾ ਸ਼ਿਵ, ਬ੍ਰਹਮਾ ਅਤੇ ਵਿਸ਼ਨੂੰ ਦੀ ਪੂਜਾ ਹੋਣ ਲੱਗੀ। ਵੱਡੇ-ਵੱਡੇ ਯੱਗ ਹੋਣ ਲੱਗੇ, ਜਿਨ੍ਹਾਂ ਵਿੱਚ ਪਸ਼ੂਆਂ ਦੀ ਬਲੀ ਵੀ ਦਿੱਤੀ ਜਾਣ ਲੱਗੀ। ਇਸ ਤਰ੍ਹਾਂ ਬ੍ਰਾਹਮਣਾਂ ਦਾ ਪ੍ਰਭਾਵ ਵੱਧ ਗਿਆ। ਲੋਕ ਕਈ ਅੰਧ ਵਿਸ਼ਵਾਸਾਂ ਵਿੱਚ ਵੀ ਪੈ ਗਏ ਅਤੇ ਭੂਤ-ਪ੍ਰੇਤਾਂ ਵਿੱਚ ਵਿਸ਼ਵਾਸ ਕਰਨ ਲੱਗੇ। ਧਾਗੇ-ਤਬੀਤਾਂ ਨੂੰ ਅਪਣਾਉਣ ਲੱਗੇ। ਆਵਾਗਵਨ, ਮੋਕਸ਼ ਅਤੇ ਕਰਮ ਸਿਧਾਂਤ ਵਿੱਚ ਵਿਸ਼ਵਾਸ ਬਣ ਗਿਆ। ਇਸ ਸਮੇਂ ਧਰਮ ਦੀ ਇਕ ਖ਼ਾਸ ਵਿਸ਼ੇਸ਼ਤਾ ਹੈ ਇਸ ਵਿੱਚ ਦਰਸ਼ਨ-ਤੱਤ ਆਉਣਾ। ਉਪਨਿਸ਼ਦ, ਜੋ ਇਸ ਕਾਲ ਵਿੱਚ ਲਿਖੇ ਗਏ, ਗਿਆਨ ਦਾ ਭੰਡਾਰ ਹਨ।

ਇਸ ਤਰ੍ਹਾਂ ਆਰੀਆ ਲੋਕਾਂ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਅਤੇ ਧਾਰਮਿਕ ਜੀਵਨ ਨੂੰ ਘੋਖਣ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਇਸ ਸੱਭਿਅਤਾ ਦਾ ਕਿੰਨਾ ਮਹੱਤਵ ਹੈ।


ਲੇਖਕ : ਸ਼ਿਵ ਕੁਮਾਰ ਗੁਪਤਾ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-12-10-53-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.