ਸ਼ਬਦ-ਗੁਰੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸ਼ਬਦ-ਗੁਰੂ: ਇਸ ਤੋਂ ਭਾਵ ਹੈ ਗੁਰੂ ਦਾ ਸ਼ਬਦ , ਗੁਰੂ ਦੇ ਬੋਲ , ਗੁਰੂ ਦੀ ਬਾਣੀ , ਗੁਰੂ-ਮਤਿ। ਗੁਰੂ-ਸ਼ਬਦ ਗੁਰੂ ਦੇ ਰਹੱਸਾਨੁਭਵ ਦਾ ਅਭਿਵਿਅਕਤ ਸਰੂਪ ਹੈ। ਇਹ ਦੋਵੇਂ ਪਰਸਪਰ ਸੰਬੰਧਿਤ ਹਨ। ਜਿਵੇਂ ਸ਼ਬਦ ਬ੍ਰਹਮ-ਵਾਚਕ ਹੈ, ਉਸੇ ਤਰ੍ਹਾਂ ਇਹ ਗੁਰੂ ਦਾ ਵਾਚਕ ਵੀ ਹੈ। ਇਸ ਦਾ ਮਹੱਤਵ ਉਤਨਾ ਹੀ ਹੈ ਜਿਤਨਾ ਗੁਰੂ ਦਾ ਆਪਣਾ, ਕਿਉਂਕਿ ਪਰਮਾਤਮਾ ਰੂਪੀ ਗੁਰੂ ਸ਼ਬਦ ਵਿਚ ਰਮ ਰਿਹਾ ਹੈ — ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ (ਗੁ.ਗ੍ਰੰ.1112)। ਸਪੱਸ਼ਟ ਹੈ ਕਿ ਗੁਰੂ ਅਤੇ ਗੁਰੂ-ਸ਼ਬਦ ਵਿਚ ਕੋਈ ਅੰਤਰ ਨਹੀਂ ਹੈ। ਅਸਲ ਵਿਚ, ‘ਬਾਣੀ ਗੁਰੂ ਗੁਰੂ ਹੈ ਬਾਣੀ’। (ਗੁ.ਗ੍ਰੰ.982)।

            ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦਾ ਅਧਿਆਤਮਿਕ ਉਪਦੇਸ਼ ਅਤੇ ਅਨੁਭਵ ਸ਼ਬਦ ਰੂਪ ਵਿਚ ਸੁਰਖਿਅਤ ਹੈ। ਚੂੰਕਿ ਗੁਰੂ ਅਤੇ ਪਰਮਾਤਮਾ ਅਭਿੰਨ ਹਨ। ਇਸ ਲਈ ਗੁਰੂ ਦਾ ਸ਼ਬਦ ਅਤੇ ਪਰਮਾਤਮਾ ਵੀ ਵਖ ਵਖ ਨਹੀਂ ਹਨ। ਗੁਰੂ ਨਾਨਕ ਦੇਵ ਜੀ ਨੇ ਬਾਣੀ ਨੂੰ ‘ਧੁਰ ਕੀ ਬਾਣੀ ’ ਕਹਿ ਕੇ ਇਸੇ ਸਚ ਦੀ ਸਥਾਪਨਾ ਕੀਤੀ ਹੈ।

            ਗੁਰੂ-ਸ਼ਬਦ ਦਾ ਅਪਾਰ ਮਹੱਤਵ ਹੈ। ਇਸ ਰਾਹੀਂ ਹੀ ਸੰਸਾਰ ਤਰਿਆ ਜਾ ਸਕਦਾ ਹੈ, ਇਸ ਰਾਹੀਂ ਬੇਅੰਤ ਲੋਗ ਪਹਿਲਾਂ ਵੀ ਤਰ ਚੁਕੇ ਹਨ। ਜੋ ਸਾਧਕ ਗੁਰੂ ਸ਼ਬਦ ਦੁਆਰਾ ਆਪਣੇ ਮਨ ਨੂੰ ਮਾਰਦਾ ਹੈ, ਉਹੀ ਮੁਕਤੀ ਦੀ ਪ੍ਰਾਪਤੀ ਦਾ ਅਧਿਕਾਰੀ ਹੋ ਸਕਦਾ ਹੈ। ਗੁਰੂ ਦੇ ਸ਼ਬਦ ਨੂੰ ਸਿੱਖ-ਧਰਮ ਵਿਚ ਸਰਵੁਚ ਸਥਾਨ ਪ੍ਰਾਪਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦੇ ਸ਼ਬਦ ਨੂੰ ਮੁਖ ਰਖਦਿਆਂ ਆਪਣੇ ਮਹਾ-ਪ੍ਰਸਥਾਨ ਵੇਲੇ ਗ੍ਰੰਥ ਸਾਹਿਬ ਨੂੰ ਗੁਰੂ-ਪਦ ਨਾਲ ਸੁਸਜਿਤ ਕੀਤਾ ਸੀ। ਇਸ ਤਰ੍ਹਾਂ ਸਿੱਖ-ਧਰਮ ਵਿਚ ਸ਼ਰੀਰਧਾਰੀ ਗੁਰੂ ਤੋਂ ਬਾਦ ਉਨ੍ਹਾਂ ਦੇ ਬੋਲ ਵੀ ਉਸੇ ਪਦਵੀ ਦੀ ਭੂਮਿਕਾ ਨਿਭਾ ਰਹੇ ਹਨ। ਗੁਰੂ ਦੀ ਦੇਹ ਨਾਸ਼ਮਾਨ ਹੈ, ਉਸ ਵਿਚ ਸਥਾਈ ਤੱਤ੍ਵ ਉਸ ਦਾ ਸ਼ਬਦ ਜਾਂ ਉਪਦੇਸ਼ ਹੈ। ਉਹ ਸ਼ਬਦ ਪ੍ਰਭੂ ਵਲੋਂ ਆਵੇਸ਼ਿਤ ਹੈ, ਇਸ ਲਈ ਬ੍ਰਹਮ-ਵਾਚਕ ਹੈ। ਇਹ ‘ਖਸਮ ਕੀ ਬਾਣੀ ’ ਗੁਰੂ ਰੂਪੀ ਮਾਧਿਅਮ ਦੁਆਰਾ ਅਭਿਵਿਅਕਤ ਜਾਂ ਪ੍ਰੇਸ਼ਿਤ ਹੁੰਦੀ ਹੈ। ਜਦੋਂ ਅਭਿਵਿਅਕਤੀ ਸੰਪੰਨ ਹੋ ਗਈ , ਤਾਂ ਦੇਹ-ਗੁਰੂ ਦੀ ਲੋੜਰਹੀ। ਤਦ ਗੁਰੂ-ਪਰੰਪਰਾ ਨੂੰ ਸਮੇਟ ਕੇ ਸ਼ਬਦ-ਗੁਰੂ (ਗ੍ਰੰਥ ਸਾਹਿਬ) ਨੂੰ ਗੁਰੂ ਬਣਾ ਦਿੱਤਾ ਗਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.