ਸ਼ਮਸ਼ੇਰ ਸਿੰਘ ਅਸ਼ੋਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ਼ਮਸ਼ੇਰ ਸਿੰਘ ਅਸ਼ੋਕ ( ਜ. 1904 ) : ਇਹ ਪੰਜਾਬੀ ਦਾ ਪ੍ਰਸਿੱਧ ਲੇਖਕ , ਸੰਪਾਦਕ ਅਤੇ ਖੋਜਕਾਰ ਹੈ । ਇਸ ਦਾ ਜਨਮ ਫ਼ਰਵਰੀ , 1904 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮਲੇਰਕੋਟਲਾ ਪਿੰਡ ਗਵਾਰਾ ਵਿਖੇ ਇਕ ਜ਼ਿਮੀਂਦਾਰ ਸ. ਝਾਬਾ ਸਿੰਘ ਦੇ ਘਰ ਹੋਇਆ । ਪੰਜਾਬੀ ਤੋਂ ਇਲਾਵਾ ਇਹ ਹਿੰਦੀ ਸਾਹਿਤ , ਵਿਸ਼ੇਸ਼ ਕਰਕੇ ਪੁਰਾਤਨ ਹਿੰਦੀ ਸਾਹਿਤ , ਦਾ ਬਹੁਤ ਵੱਡਾ ਵਿਦਵਾਨ ਹੈ । ਅਸ਼ੋਕ ਜੀ ਨੇ ਸੰਸਕ੍ਰਿਤ ਦੀ ਸਿਖਿਆ ਸਾਧੂਆਂ ਤੇ ਪੰਡਿਤਾਂ ਪਾਸੋਂ ਅਤੇ ਉਰਦੂ ਫ਼ਾਰਸੀ ਦਾ ਗਿਆਨ ਇਕ ਪਟਵਾਰੀ ਅਤੇ ਮੁਨਸ਼ੀ ਤੋਂ ਪ੍ਰਾਪਤ ਕੀਤਾ । ਅਰਬੀ ਫ਼ਾਰਸੀ ਦਾ ਮੁੱਢਲਾ ਗਿਆਨ ਪਿੰਡ ਨਾਰੀਕੇ ਕਲਾਂ ਦੇ ਇਕ ਮੁਸਲਮਾਨ ਸੂਫ਼ੀ ਫ਼ਕੀਰ ਤੋਂ ਲਿਆ । ਇਹ ਬਚਪਨ ਤੋਂ ਹੀ ਆਪਣੇ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਿਆ ਕਰਦਾ ਸੀਧਰਮ ਪ੍ਰਚਾਰ ਦੀ ਪ੍ਰਬਲ ਇੱਛਾ ਕਾਰਨ ਇਹ ਸਾਧੂ ਬਣਨ ਲਈ ਤਿਆਰ ਸੀ ਪਰ ਨਾਭੇ ਦੀ ਮਹਾਨ ਵਿਦਵਾਨ ਸ਼ਖ਼ਸੀਅਤ ਭਾਈ ਕਾਨ੍ਹ ਸਿੰਘ ਦੀ ਪ੍ਰੇਰਨਾ ਨੇ ਇਸ ਨੂੰ ਸਾਹਿਤ ਸੇਵਾ ਵਾਲੇ ਪਾਸੇ ਲਾਇਆ ।

                  ਸੰਨ 1934 ਅਤੇ 1938 ਤਕ ਅਸ਼ੋਕ ਨੇ ਭਾਈ ਕਾਨ੍ਹ ਸਿੰਘ ਦੇ ਸਹਿਯੋਗੀ ਦੇ ਰੂਪ ਵਿਚ ਕੰਮ ਕੀਤਾ । ਮਗਰੋਂ ਭਾਈ ਕਾਨ੍ਹ ਸਿੰਘ ਦੇ ‘ ਮਹਾਨ ਕੋਸ਼’ ਨੂੰ ਦੁਬਾਰਾ ਛਾਪਣ ਤੋਂ ਪਹਿਲਾਂ ‘ ਅਸ਼ੋਕ’ ਕੋਲੋਂ ਇਸ ਦਾ ਸੰਪਾਦਨ ਕਰਵਾਇਆ ਗਿਆ ।

                  ਅਸ਼ੋਕ ਦੀ ਸਾਹਿਤਕ ਸੇਵਾ ਮੁੱਖ ਤੌਰ ਤੇ ਪੁਰਾਤਨ ਸਾਹਿਤ ਦੀ ਖੋਜ , ਸੰਪਾਦਨ ਅਤੇ ਅਨੁਵਾਦ ਦੇ ਖੇਤਰ ਤੱਕ ਸੀਮਿਤ ਹੈ । ਮੁੱਢ ਵਿਚ ਇਸ ਨੇ ਕੁਝ ਕਵਿਤਾਵਾਂ ਵੀ ਲਿਖੀਆਂ ਸਨ । 1922 ਵਿਚ ਇਸ ਨੇ ‘ ਹਿਤਉਪਦੇਸ਼’ ਦਾ , 1934 ਵਿਚ ‘ ਮੁਦ੍ਰਾਰਾਕਸ਼ਸ’ ਨਾਟਕ ਦਾ ਅਤੇ 1958 ਵਿਚ ‘ ਸ੍ਰੀਮਦ ਭਾਗਵਤ ਗੀਤਾ’ ਦਾ ਪੰਜਾਬੀ ਵਿਚ ਅਨੁਵਾਦ ਕੀਤਾ । 1943 ਵਿਚ ਅਸ਼ੋਕ ਨੂੰ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਚ ਸਿੱਖ ਇਤਿਹਾਸ ਦੀ ਖੋਜ ਲਈ ਖੋਜਕਾਰ ਨਿਯੁਕਤ ਕੀਤਾ ਗਿਆ ਅਤੇ ਇਸ ਨੇ 1944 ਵਿਚ ‘ ਧਰਮ , ਸਾਹਿਤ ਤੇ ਇਤਿਹਾਸ’ , 1945 ਵਿਚ ‘ ਗੁਰੂ ਅਰਜਨ ਦੇਵ ਦਾ ਜੀਵਨ’ , 1946 ਵਿਚ ‘ ਗੁਰੂ ਨਾਨਕ ਜੀਵਨ ਅਤੇ ਗੋਸ਼ਟਾਂ’ ਆਦਿ ਪੁਸਤਕਾਂ ਲਿਖੀਆਂ । ਭਾਰਤ ਦੇ ਬਟਵਾਰੇ ਤੀਕ ਇਹ ਇਸੇ ਕਾਲਜ ਵਿਚ ਸੇਵਾ ਕਰਦਾ ਰਿਹਾ ।

                  1945 ਦੇ ਅੱਧ ਤੋਂ ਲੈ ਕੇ ਕੁਝ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਅੰਮ੍ਰਿਤਸਰ ਵਿਚ ਨੌਕਰੀ ਕੀਤੀ ਪਰ ਫਿਰ ਸਿਖ ਨੈਸ਼ਨਲ ਕਾਲਜ ਚਲਾ ਗਿਆ । ਇਸ ਸਮੇਂ ਦੇ ਦੌਰਾਨ ਇਸ ਨੇ ਪ੍ਰਾਚੀਨ ਜੰਗਨਾਮਿਆਂ ਦਾ ਸੰਪਾਦਨ ਕੀਤਾ । ਇਸ ਵਿਚ 17 ਜੰਗਨਾਮੇ ਜਾਂ ਕਿੱਸੇ ਸ਼ਾਮਲ ਕੀਤੇ ਗਏ ਹਨ ਅਤੇ ਇਹ 1950 ਵਿਚ ਛਪਿਆ । ਅਗਸਤ 1948 ਤੋਂ ਫ਼ਰਵਰੀ 1959 ਤੱਕ ਅਤੇ ਫਿਰ 1960 ਤੋਂ ਮਈ 1963 ਤੱਕ ਇਸ ਨੇ ਭਾਸ਼ਾ ਵਿਭਾਗ , ਪੰਜਾਬ , ਪਟਿਆਲਾ ਵਿਚ ਨੌਕਰੀ ਕੀਤੀ । ਜਨਵਰੀ 1967 ਤੋਂ ਜਨਵਰੀ 1981 ਤੱਕ ਇਸ ਨੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ , ਅੰਮ੍ਰਿਤਸਰ ਵਿਚ ਕੰਮ ਕੀਤਾ ਅਤੇ ਲਗਭਗ 40 ਪੁਸਤਕਾਂ ਲਿਖ ਕੇ ਦਿੱਤੀਆਂ । ਇਸ ਤੋਂ ਇਲਾਵਾ ਅਸ਼ੋਕ ਦੇ ਕਹਿਣ ਅਨੁਸਾਰ ਇਸ ਨੇ 88 ਪੁਸਤਕਾਂ ਲਿਖੀਆਂ ਹਨ , ਜਿਨ੍ਹਾਂ ਵਿਚੋਂ ਬਹੁਤੀਆਂ ਅਣਛਪੀਆਂ ਪਈਆਂ ਹਨ । 1977 ਵਿਚ ਇਸ ਨੂੰ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ ।

                  ਸ਼ਮਸ਼ੇਰ ਸਿੰਘ ਅਸ਼ੋਕ ਨੇ ਪੰਜਾਬੀ ਹੀ ਨਹੀਂ , ਸਗੋਂ ਹਿੰਦੀ ਸਾਹਿਤ ਦੀ ਵੀ ਬਹੁਤ ਸੇਵਾ ਕੀਤੀ ਹੈ । ਪੁਰਾਤਨ ਹਿੰਦੀ ਸਾਹਿਤ ਦੀ ਜਾਣਕਾਰੀ ਰੱਖਣ ਵਾਲੇ ਵਿਦਵਾਨਾਂ ਵਿਚੋਂ ਇਸੇ ਦਾ ਨਾਂ ਮੁਢਲੀ ਕਤਾਰ ਵਿਚ ਰੱਖਿਆ ਜਾਂਦਾ ਹੈ । ਇਸ ਨੇ ਪੰਜਾਬ ਦੇ ਹਿੰਦੀ ਸਾਹਿੱਤ ਦੇ ਸਬੰਧ ਵਿਚ ‘ ਪਟਿਆਲ ਸਮਾਚਾਰ’ , ‘ ਖ਼ਾਲਸਾ ਸਮਾਚਾਰ’ ਆਦਿ ਪੱਤਰ-ਪੱਤਰਕਾਵਾਂ ਵਿਚ ਸਿਲਸਿਲੇਵਾਰ ਲੇਖ ਛਪਵਾਏ । ‘ ਅਸ਼ੋਕ’ ਵੱਲੋਂ ਪੇਸ਼ ਕੀਤਾ ਗਿਆ ਹਿੰਦੀ ਅਤੇ ਪੰਜਾਬੀ ਹੱਥ-ਲਿਖਤਾਂ ਦਾ ਵੇਰਵਾ ਬਹੁਤ ਮਹੱਤਵਪੂਰਨ ਕੰਮ ਹੈ । 1978 ਵਿਚ ਇਸ ਨੇ ‘ ਪੰਜਾਬ-ਹਿੰਦੀ ਸਾਹਿਤ ਦਰਪਣ’ ਨਾਂ ਦੀ ਪੁਸਤਕ ਹਿੰਦੀ ਜਗਤ ਨੂੰ ਦਿੱਤੀ ।

                  ਅਸ਼ੋਕ ਨਿਰੰਤਰ ਲਿਖਦਾ ਆ ਰਿਹਾ ਹੈ । ਅਜ ਕਲ ਵੀ ਇਹ ਪੰਜਾਬ ਦੇ ਪ੍ਰਮੁਖ ਦੈਨਿਕ ਅਖ਼ਬਾਰਾਂ , ਸਪਤਾਹਕ ਜਾਂ ਮਾਸਕ ਪੱਤਰਾਂ ਵਿਚ ਆਪਣੇ ਖੋਜ ਭਰਪੂਰ ਲੇਖ ਛਪਵਾਉਂਦਾ ਰਹਿੰਦਾ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.