ਸ਼ਰਧਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਰਧਾ (ਨਾਂ,ਇ) ਨਿਸ਼ਚਾ; ਵਿਸ਼ਵਾਸ਼; ਵੱਡਿਆਂ ਜਾਂ ਧਾਰਮਿਕਤਾ ਪ੍ਰਤੀ ਦਿੱਤਾ ਜਾਣ ਵਾਲਾ ਆਦਰ ਸਤਿਕਾਰ ਅਤੇ ਪੂਜਾ ਭਾਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3285, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਰਧਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਰਧਾ [ਨਾਂਇ] ਯਕੀਨ , ਵਿਸ਼ਵਾਸ , ਨਿਸ਼ਚਾ, ਭਰੋਸਾ, ਇੱਛਿਆ; ਸਤਿਕਾਰ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਰਧਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸ਼ਰਧਾ: ਸੰਸਕ੍ਰਿਤ ਪਿਛੋਕੜ ਵਾਲੇ ਇਸ ਸ਼ਬਦ ਦਾ ਅਰਥ ਹੈ ਯਕੀਨ , ਵਿਸ਼ਵਾਸ਼, ਭਰੋਸਾ। ਆਮ ਤੌਰ ’ਤੇ ਇਸ ਦਾ ਵਿਕਾਸ ਆਪਣੇ ਤੋਂ ਵੱਡੇ , ਸ੍ਰੇਸ਼ਠ, ਉਤਮ ਵਿਅਕਤੀ ਪ੍ਰਤਿ ਹੁੰਦਾ ਹੈ। ਅਧਿਆਤਮਿਕ ਖੇਤਰ ਵਿਚ ਗੁਰੂ , ਮਹਾਤਮਾ, ਮਹਾਪੁਰਸ਼ ਆਦਿ ਸ਼੍ਰਧੇਯ ਸ਼ਖ਼ਸੀਅਤ ਪ੍ਰਤਿ ਸ਼ਰਧਾ ਦੀ ਭਾਵਨਾ ਪੈਦਾ ਹੁੰਦੀ ਹੈ। ਜਦੋਂ ਸ਼ਰਧਾ ਪ੍ਰੇਮ-ਸੰਯੁਕਤ ਹੋ ਜਾਂਦੀ ਹੈ ਤਾਂ ਭਗਤੀ ਦਾ ਰੂਪ ਧਾਰਣ ਕਰਦੀ ਹੈ। ਇਸ ਨੂੰ ‘ਪ੍ਰੇਮ- ਭਗਤੀ’ ਵੀ ਕਹਿ ਦਿੱਤਾ ਜਾਂਦਾ ਹੈ।

            ਆਚਾਰਯ ਰਾਮ ਚੰਦਰ ਸ਼ੁਕਲ (ਚਿੰਤਾਮਣੀ) ਨੇ ਸ਼ਰਧਾ ਅਤੇ ਪ੍ਰੇਮ ਦੇ ਯੋਗ (ਮੇਲ) ਨੂੰ ਭਗਤੀ ਦਾ ਨਾਂ ਦਿੱਤਾ ਹੈ। ਪ੍ਰੇਮ ਅਤੇ ਸ਼ਰਧਾ ਵਿਚ ਅੰਤਰ ਹੈ। ਪ੍ਰੇਮ ਪ੍ਰਿਯ ਦੇ ਸਵਾਧੀਨ ਕਾਰਜਾਂ ਉਤੇ ਉਤਨਾ ਨਿਰਭਰ ਨਹੀਂ ਕਰਦਾ ਜਿਤਨੀ ਸ਼ਰਧਾ ਕਰਦੀ ਹੈ। ਸ਼ਰਧਾ ਦਾ ਕਾਰਜ ਖੇਤਰ ਵਿਸਤਰਿਤ ਹੈ, ਪਰ ਪ੍ਰੇਮ ਵਿਚ ਸੰਘਣਾਪਨ ਅਧਿਕ ਹੈ ਅਤੇ ਸ਼ਰਧਾ ਵਿਚ ਵਿਸਤਾਰ ਜ਼ਿਆਦਾ ਹੁੰਦਾ ਹੈ। ਪ੍ਰੇਮ ਦਾ ਕਾਰਣ ਬਹੁਤ ਕੁਝ ਅਸਪੱਸ਼ਟ ਜਾਂ ਕਿਸੇ ਹਦ ਤਕ ਅਗਿਆਤ ਹੁੰਦਾ ਹੈ। ਸ਼ਰਧਾ ਵਿਚ ਦ੍ਰਿਸ਼ਟੀ ਪਹਿਲਾਂ ਕਰਮਾਂ ਉਤੇ ਹੁੰਦੀ ਹੋਈ, ਫਿਰ ਸ਼ਰਧਾ ਕਰਨ ਯੋਗ (ਸ਼੍ਰਧੇਯ) ਤਕ ਪਹੁੰਚਦੀ ਹੈ ਅਤੇ ਪ੍ਰੇਮ ਵਿਚ ਪ੍ਰਿਯ ਤੋਂ ਹੁੰਦੀ ਹੋਈ ਉਸ ਦੇ ਕਰਮਾਂ ਆਦਿ ਉਤੇ ਜਾਂਦੀ ਹੈ। ਪ੍ਰੇਮ ਕੇਵਲ ਆਪਣੇ ਅਨੁਭਵ ਉਤੇ ਨਿਰਭਰ ਕਰਦਾ ਹੈ, ਪਰ ਸ਼ਰਧਾ ਆਪਣੀ ਸਮਾਜਿਕ ਵਿਸ਼ੇਸ਼ਤਾ ਕਾਰਣ ਦੂਜਿਆਂ ਦੇ ਅਨੁਭਵ ਕਰਕੇ ਪੈਦਾ ਹੁੰਦੀ ਹੈ। ਸ਼ਰਧਾ ਦਾ ਮੂਲ ਤੱਤ੍ਵ ਹੈ ਕਿ ਜਿਸ ਪ੍ਰਤਿ ਸ਼ਰਧਾ ਕੀਤੀ ਜਾਣੀ ਹੋਵੇ, ਉਸ ਦਾ ਪਹਿਲਾਂ ਮਹੱਤਵ ਸਵੀਕਾਰ ਕੀਤਾ ਜਾਵੇ। ਇਹੀ ਕਾਰਣ ਹੈ ਕਿ ਸ਼ਰਧਾਲੂ ਅਤੇ ਸ਼ਰਧਾ ਕਰਨ ਯੋਗ (ਸ਼੍ਰਧੇਯ) ਵਿਚ ਇਕ ਪ੍ਰਕਾਰ ਦੀ ਵਿਥ ਬਣੀ ਰਹਿੰਦੀ ਹੈ। ਪਰ ਪ੍ਰੇਮ ਵਿਚ ਪ੍ਰੇਮੀ ਅਤੇ ਪ੍ਰੇਮਿਕਾ, ਆਸ਼੍ਰਯ ਅਤੇ ਆਲੰਬਨ ਵਿਚ ਕੋਈ ਵਿਥ ਨਹੀਂ ਰਹਿੰਦੀ। ਅੰਤ ਵਿਚ ਦੋਹਾਂ ਦਾ ਆਪਸ ਵਿਚ ਏਕਾਕਾਰ ਹੋ ਜਾਂਦਾ ਹੈ। ਇਥੇ ਇਹ ਗੱਲ ਧਿਆਨ ਰਖਣੀ ਚਾਹੀਦੀ ਹੈ ਕਿ ਭਗਤੀ ਵਿਚ ਦੂਜੇ ਪਾਤਰ (ਇਸ਼ਟ) ਦੇ ਮਹੱਤਵ ਅਤੇ ਆਪਣੀ ਤੁਛਤਾ ਦੀ ਭਾਵਨਾ ਨੂੰ ਮਨ ਵਿਚ ਸਮੋ ਕੇ ਪ੍ਰੇਮ ਦੇ ਮਾਰਗ ਉਤੇ ਅਗੇ ਵਧਣਾ ਹੁੰਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸ਼ਰਧਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ਼ਰਧਾ : ਪੁਰਾਣੇ ਇਤਿਹਾਸ ਵਿਚ ਹੇਠ ਲਿਖੀਆਂ ਚਾਰ ਸ਼ਰਧਾਵਾਂ ਦਾ ਵਰਣਨ ਮਿਲਦਾ ਹੈ :––

          1. ਪਹਿਲੀ ਸ਼ਰਧਾ ਦਾ ਜ਼ਿਕਰ ਰਿਗਵੇਦ ਦੇ ਦਸਵੇਂ ਮੰਡਲ ਦੇ ਸੂਕਤ 151 ਵਿਚ ਹੈ। ਇਸਦਾ ਪੂਰਾ ਨਾਂ ਸ਼ਰਧਾ ਕਾਮਾਇਨੀ ਸੀ।

          2. ਦੂਜੀ ਸ਼ਰਧਾ ਦਕਸ਼ ਪ੍ਰਜਾਪਤੀ ਦੀ ਧੀ ਸੀ। ਇਹ ਧਰਮ ਰਿਖੀ ਦੀਆਂ ਦਸ ਤੀਵੀਆਂ ਵਿਚੋਂ ਇਕ ਸੀ। ਇਸ ਦੀ ਮਾਤਾ ਦਾ ਨਾਂ ਪ੍ਰਸੂਤੀ ਸੀ। ਇਸ ਦੇ ਦੋ ਪੁੱਤਰ ਸਨ––ਸ਼ੁਭ ਅਤੇ ਕਾਮ।

          3. ਤੀਜੀ ਸ਼ਰਧਾ ਕਰਦਮ ਪ੍ਰਜਾਪਤੀ ਅਤੇ ਦੇਵਹੂਤੀ ਦੀ ਧੀ ਸੀ ਅਤੇ ਅੰਗਿਰਾ ਰਿਖੀ ਦੀ ਪਤਨੀ ਸੀ। ਇਸ ਦੇ ਦੋ ਪੁੱਤਰ ਸਨ––ਉਤਥਿਅ ਅਤੇ ਬ੍ਰਿਹਸਪਤੀ। ਸਿਨੀਵਾਲੀ, ਕਹੂ, ਰਾਕਾ ਅਤੇ ਅਨੁਮਤੀ-ਇਹ ਚਾਰ ਇਸ ਦੀਆਂ ਧੀਆਂ ਸਨ।

          4. ਚੌਥੀ ਸ਼ਰਧਾ ਸੂਰਜ ਦੀ ਧੀ ਸੀ, ਇਸ ਕਰਕੇ ਇਸਨੂੰ ਵੈਵਸਵਤੀ, ਸਾਵ੍ਰਿਤੀ ਅਤੇ ਪ੍ਰਸਵਿਤ੍ਰੀ ਵੀ ਆਖਦੇ ਹਨ।

          ਹ. ਪੁ.––ਮਹਾਭਾਰਤ ; ਭਾਰਤੀਯ ਪ੍ਰਾਚੀਨ ਚਰਿਤ੍ਰ ਕੋਸ਼।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.