ਸ਼ਸਤਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਸਤਰ (ਨਾਂ,ਪੁ) ਲੜਾਈ ਸਮੇਂ ਹੱਥ ਵਿੱਚ ਫੜ ਕੇ ਚਲਾਇਆ ਜਾਣ ਵਾਲਾ ਹਥਿਆਰ; ਤਲਵਾਰ, ਖੰਡਾ, ਨੇਜਾ, ਬਰਛਾ ਆਦਿ...
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ਸਤਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਸਤਰ [ਨਾਂਪੁ] ਮਾਰਨ ਜਾਂ ਬਚਾਅ ਆਦਿ ਲਈ ਵਰਤਿਆ ਜਾਣ ਵਾਲ਼ਾ ਕੋਈ ਸੰਦ , ਹਥਿਆਰ, ਅਸਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ਸਤਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸ਼ਸਤਰ : ਸ਼ਸਤਰ ਦੇ ਸ਼ਾਬਦਿਕ ਅਰਥ ਹਨ––ਜੋ ਸ਼ਸ (ਕੱਟਣ) ਦਾ ਕੰਮ ਕਰੇ। ਇਸ ਲਈ ਹਥਿਆਰ, ਸੰਦ ਤੇ ਔਜ਼ਾਰ ਸ਼ਬਦ ਦੀ ਵਰਤੇ ਜਾਂਦੇ ਹਨ। ਹਥਿਆਰ ਦਾ ਅਰਥ ਹੈ ਜੋ ਹਤਿਆ ਕਰੇ, ਸੰਦ ਦਾ ਅਰਥ ਹੈ ਜੋ ਚੰਗੀ ਤਰ੍ਹਾਂ ਖੰਡਨ ਕਰੇ। ਸ਼ਸਤਰਾਂ ਦੇ ਵਿਕਾਸ ਦਾ ਇਤਿਹਾਸ ਵੀ ਮਨੁੱਖ ਜਾਤੀ ਦੇ ਵਿਕਾਸ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਜੀਵਨ ਦੀ ਰੱਖਿਆ ਲਈ ਉਸ ਨੂੰ ਭਿਆਨਕ ਤੇ ਤਕੜੇ ਜੀਵ-ਜੰਤੂਆਂ ਦਾ ਟਾਕਰਾ ਕਰਨਾ ਪੈਂਦਾ ਸੀ। ਮਨੁੱਖ ਕੋਲ ਨਾ
ਤਾਂ ਉਨ੍ਹਾਂ ਜੀਵ-ਜੰਤੂਆਂ ਜਿੰਨਾਂ ਬਲ ਸੀ, ਨਾ ਉਨ੍ਹਾਂ ਜਿਹੀ ਸਖ਼ਤ ਤੇ ਮੋਟੀ ਚਮੜੀ ਸੀ ਅਤੇ ਨਾ ਹੀ ਉਸ ਕੋਲ ਉਨ੍ਹਾਂ ਵਰਗੇ ਤਿੱਖੇ ਤੇ ਮਾਰੂ ਦੰਦ ਤੇ ਨਹੁੰ ਸਨ। ਆਪਣੀ ਬੁੱਧੀ ਤੇ ਤਜਰਬੇ ਨਾਲ ਮਨੁੱਖ ਨੇ ਮੁੱਢਲੇ ਸ਼ਸਤਰਾਂ ਦੀ ਕਾਢ ਕੱਢੀ ਹੋਵੇਗੀ। ਡੰਡੇ ਜਾਂ ਸੋਟੀ ਦਾ ਵਿਕਾਸ ਬਰਛੇ, ਗੁਰਜ, ਤਲਵਾਰ, ਬੱਲਮ ਅਤੇ ਆਧੁਨਿਕ ਸੰਗੀਨ ਦੇ ਰੂਪ ਵਿਚ ਹੋਇਆ। ਇਸੇ ਤਰ੍ਹਾਂ ਦੂਰੋਂ ਮਾਰਨ ਵਾਲਾ ਭਾਲਾ, ਤੀਰ ਕਮਾਨ, ਗੁਲੇਲ, ਗੋਲੀ ਤੇ ਹੱਥ-ਗੋਲਾ ਅਤੇ ਆਧੁਨਿਕ ਐਟਮ ਬਣ ਗਿਆ।
ਸ਼ਸਤਰਾਂ ਦੇ ਵਾਧੇ ਅਤੇ ਵਧਦੀ ਹੋਈ ਸ਼ਕਤੀ ਦੇ ਨਾਲ ਨਾਲ ਬਚਾਓ ਦੇ ਹਥਿਆਰਾਂ ਦੀ ਲੋੜ ਪਈ ਅਤੇ ਉਨ੍ਹਾਂ ਦੀ ਕਾਢ ਕੱਢੀ ਗਈ। ਸੰਭਵ ਹੈ ਕਿ ਚੰਮ ਨੂੰ ਲੱਕੜੀ ਦੇ ਦੋ ਡੰਡਿਆਂ ਵਿਚ ਫਸਾ ਕੇ ਢਾਲ ਬਣਾਉਣ ਦੀ ਕਲਾ ਬਹੁਤ ਪੁਰਾਣੀ ਹੋਵੇ। ਸਮਾਂ ਲੰਘਣ ਨਾਲ ਸੰਜੋਆਂ ਅਤੇ ਅਜੋਕੇ ਟੋਕਾਂ ਆਦਿ ਦੀ ਕਾਢ ਕੱਢੀ ਗਈ।
ਵੈਦਿਕ ਕਾਲ ਵਿਚ ਸ਼ਸਤਰ ਦੀ ਸ਼੍ਰੇਣੀ ਵੰਡ ਇਸ ਤਰ੍ਹਾਂ ਕੀਤੀ ਜਾਂਦੀ ਸੀ :-
1. ਅਮੁਕਤਾ––ਉਹ ਸ਼ਸਤਰ ਜਿਹੜੇ ਸੁੱਟੇ ਨਹੀਂ ਜਾਂਦੇ ਸਨ ਜਿਵੇਂ ਤਲਵਾਰ, ਕਟਾਰ ਆਦਿ।
2. ਮੁਕਤਾ –– ਉਹ ਸ਼ਸਤਰ ਜਿਹੜੇ ਸੁੱਟੇ ਜਾਂਦੇ ਸਨ। ਇਨ੍ਹਾਂ ਦੀਆਂ ਅਗੇ ਦੋ ਕਿਸਮਾਂ ਸਨ–
(ੳ) ਪਣ ਮੁਕਤਾ––ਹੱਥ ਨਾਲ ਸੁੱਟੇ ਜਾਣ ਵਾਲੇ।
(ਅ) ਯੰਤਰ ਮੁਕਤਾ––ਕਿਸੇ ਯੰਤਰ ਨਾਲ ਸੁੱਟੇ ਜਾਣ ਵਾਲੇ ਜਿਵੇਂ ਤੀਰ, ਗੋਲੀ ਆਦਿ।
3. ਮੁਕਤਾ ਮੁਕਤ––ਉਹ ਸ਼ਸਤਰ ਜਿਹੜੇ ਸੁੱਟ ਕੇ ਅਤੇ ਸੁੱਟੇ ਬਗ਼ੈਰ ਦੋਵੇ ਤਰ੍ਹਾਂ ਵਰਤੇ ਜਾ ਸਕਦੇ ਹਨ ਜਿਵੇਂ ਬਰਛੀ, ਗਦਾ ਆਦਿ।
4. ਮੁਕਤ ਸੰਨਿਵਿਰਤੀ––ਉਹ ਸ਼ਸਤਰ ਜਿਹੜੇ ਸੁੱਟ ਕੇ ਵਾਪਸ ਮੋੜੇ ਜਾ ਸਕਦੇ ਸਨ।
ਅਗਨੀ ਸ਼ਸਤਰਾਂ ਦਾ ਵੀ ਵਰਣਨ ਮਿਲਦਾ ਹੈ ਪਰ ਬਹੁਤਾ ਸਪਸ਼ਟ ਨਹੀਂ। ਜਿਸਮ ਦੇ ਵੱਖ ਵੱਖ ਅੰਗਾਂ ਦੇ ਬਚਾਉ ਲਈ ਕਈ ਸ਼ਸਤਰਾਂ ਦਾ ਜ਼ਿਕਰ ਆਉਂਦਾ ਹੈ ਜਿਵੇਂ ਕਿ ਸਰੀਰ ਵਾਸਤੇ ਚਮੜੇ ਦੀ ਸੰਜੋਅ ਦਾ, ਸਿਰ ਵਾਸਤੇ ਖੋਲ (ਲੋਹੇ ਦਾ ਸਿਰਟੋਪ) ਦਾ ਅਤੇ ਗਲੇ ਵਾਸਤੇ ਗਲ-ਪੋਸ਼ ਆਦਿ ਦਾ।
ਮੁਕਤ ਸ਼ਸਤਰਾਂ ਨੂੰ ਅਸਤਰ ਵੀ ਕਿਹਾ ਜਾਂਦਾ ਹੈ। ਪੁਰਾਣਾਂ ਵਿਚ ਮੰਤ੍ਰ-ਮੁਕਤ ਸ਼ਸਤਰਾਂ ਨੂੰ ਵੀ ਅਸਤਰ ਕਿਹਾ ਗਿਆ ਹੈ ਜਿਵੇਂ ਮੋਹਨਾਸਤ੍ਰ, ਪਾਵਕਾਸਤ੍ਰ, ਵਰੁਣਾਸਤ੍ਰ, ਪਵੰਤਾਸਤ੍ਰ, ਵਜ੍ਰਾਸਤ੍ਰ ਆਦਿ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਉਸ ਸਮੇਂ ਲੋਕਾਂ ਦਾ ਨਿਸ਼ਚਾ ਸੀ ਕਿ ਮੰਤਰ ਪੜ੍ਹਕੇ ਚਲਾਇਆ ਅਸਤਰ ਭਿਆਨਕ ਅਸਰ ਕਰਦਾ ਹੈ ਅਤੇ ਜੇ ਉਸ ਅਸਤਰ ਦਾ ਵਿਰੋਧੀ ਅਸਤਰ ਮੰਤ੍ਰ ਪੜ੍ਹ ਕੇ ਚਲਾਇਆ ਜਾਵੇ ਤਾਂ ਬਚਾ ਹੋ ਜਾਂਦਾ ਹੈ ਜਿਵੇਂ ਇਕ ਆਦਮੀ ਮੇਘਾਸਤ੍ਰ ਮਾਰੇ ਤਾਂ ਉਸ ਨੂੰ ਰੱਦ ਕਰਨ ਲਈ ਦੂਜਾ ਵਾਯੂ ਅਸਤਰ ਚਲਾਵੇ। ਜੇ ਵੈਰੀ ਅਗਨ ਅਸਤਰ ਛਡੇ ਤਾਂ ਉਸ ਨੂੰ ਵਰੁਣਾਸਤ੍ਰ ਨਾਲ ਸ਼ਾਂਤ ਕਰੇ।
ਇਨ੍ਹਾਂ ਅਸਤਰਾਂ ਦਾ ਹਾਲ ਦਸਮ ਗ੍ਰੰਥ ਵਿਚ ਸਰਬ ਲੋਹ ਅਤੇ 405 ਵੇਂ ਚਰਿੱਤਰ ਵਿਚ ਬਹੁਤ ਵਿਸਥਾਰ ਨਾਲ ਲਿਖਿਆ ਹੈ। ਇਸੇ ਤਰ੍ਹਾਂ ਸ਼ਸਤ੍ਰ ਨਾਮ ਮਾਲਾ ਪੁਰਾਣ, ਗੁਰਪ੍ਰਤਾਪ ਸੂਰਜ ਗ੍ਰੰਥ ਅਤੇ ਗੁਰ ਬਿਲਾਸ ਗ੍ਰੰਥਾਂ ਵਿਚ ਸ਼ਸਤਰਾਂ ਦੇ ਕਾਫ਼ੀ ਨਾਮ ਆਏ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਸਵੈ-ਰੱਖਿਆ, ਗ਼ਰੀਬ ਰੱਖਿਆ ਅਤੇ ਦੇਸ ਰੱਖਿਆ ਲਈ ਆਪਣੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਨ ਲਈ ਖ਼ਾਸ ਹਦਾਇਤ ਕੀਤੀ ਹੈ ਅਤੇ ਇਸ ਦੀ ਮਹੱਤਤਾ ਰਹਿਤਨਾਮਿਆਂ ਤੋਂ ਭਲੀ ਭਾਂਤ ਸਪਸ਼ਟ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਮਨੁੱਖ ਲਈ ਸ਼ਸਤਰਾਂ ਦੀ ਉਹ ਮਹੱਤਤਾ ਹੈ ਜੋ ਖੇਤੀ ਲਈ ਵਾੜ ਦੀ ਹੁੰਦੀ ਹੈ।
ਗੁਰੂ ਗੋਬਿੰਦ ਸਿੰਘ ਜੀ ਅਨੁਸਾਰ ਗਿਆਨ ਨੂੰ ਵੀ ਸ਼ਸਤਰ ਮੰਨਿਆ ਗਿਆ ਹੈ ਜਿਸ ਦੀ ਮਦਦ ਨਾਲ ਕਾਲ ਅਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਿਹੇ ਵਿਕਾਰਾਂ ਨੂੰ ਜਿੱਤਿਆ ਜਾ ਸਕਦਾ ਹੈ।
ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6539, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-04-31-56, ਹਵਾਲੇ/ਟਿੱਪਣੀਆਂ: ਹ. ਪੁ.– ਭਾਸ਼ਾ ਵਿਗਿਆਨ–ਡਾ. ਭੋਲਾ ਨਾਥ ਤਿਵਾੜੀ
ਸ਼ਸਤਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ਸਤਰ, (ਸੰਸਕ੍ਰਿਤ) / ਪੁਲਿੰਗ ੧. ਵੱਢਣ ਕੱਟਣ ਜਾਂ ਮਾਰਨ ਦਾ ਸੰਦ, ਹਥਿਆਰ, ਅਸਲਾ, ਤਲਵਾਰ, ੨. ਸੋਟਾ ਆਦਿ ਕੋਈ ਚੀਜ਼ ਜਿਸ ਨਾਲ ਕੁੱਤੇ, ਬਘਿਆੜ, ਪਸ਼ੂ ਆਦਿ ਤੋਂ ਬਚਾ ਕੀਤਾ ਜਾ ਸਕੇ, (ਲਾਗੂ ਕਿਰਿਆ : ਧਾਰਨ ਕਰਨਾ, ਬੰਨ੍ਹਣਾ, ਰੱਖਣਾ, ਲਾਉਣਾ)
–ਸ਼ਸਤਰ ਸ਼ਾਲਾ (ਹਿੰਦੀ) / ਇਸਤਰੀ ਲਿੰਗ : ਉਹ ਥਾਂ ਜਿੱਥੇ ਅਸਲਾ ਰੱਖਿਆ ਜਾਵੇ, ਅਸਲਾ ਖਾਨਾ, ਕੋਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-04-25-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First