ਸ਼ਹਿਰੀਕਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਹਿਰੀਕਰਨ [ਨਾਂਪੁ] ਸ਼ਹਿਰ ਵਰਗੀ ਵਿਵਸਥਾ ਕਰਨ ਦਾ ਭਾਵ, ਸ਼ਹਿਰੀਆਂ ਵਰਗਾ ਜੀਵਨ-ਢੰਗ ਅਪਨਾਉਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8370, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਹਿਰੀਕਰਨ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਸ਼ਹਿਰੀਕਰਨ : ਸ਼ਹਿਰੀਕਰਨ ਤੋਂ ਭਾਵ ਹੈ ਕਿ ਕਿਸੇ ਦੇਸ ਦੀ ਕਿੰਨੀ ਅਬਾਦੀ ਸ਼ਹਿਰਾਂ ਵਿੱਚ ਰਹਿੰਦੀ ਹੈ ਅਰਥਾਤ ਕਿਸੇ ਦੇਸ ਦੀ ਕੁੱਲ ਅਬਾਦੀ ਦੇ ਕਿੰਨੇ ਪ੍ਰਤਿਸ਼ਤ ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ। ਇਸ ਤਰ੍ਹਾਂ ਜਿਸ ਦੇਸ ਵਿੱਚ ਜਿੰਨੇ ਵੱਧ ਲੋਕ ਸ਼ਹਿਰਾਂ ਵਿੱਚ ਰਹਿੰਦੇ ਹੋਣਗੇ, ਉੱਥੇ ਓਨਾ ਹੀ ਵੱਧ ਸ਼ਹਿਰੀਕਰਨ ਹੋਵੇਗਾ। ਸ਼ਹਿਰੀਕਰਨ ਮੁੱਖ ਤੌਰ ’ਤੇ ਇਤਿਹਾਸਿਕ ਤੱਥਾਂ, ਉਦਯੋਗੀਕਰਨ ਅਤੇ ਆਧੁਨਿਕਤਾ ਨਾਲ ਜੁੜਿਆ ਹੋਇਆ ਹੈ। ਸਭ ਤੋਂ ਪਹਿਲਾਂ ਸ਼ਹਿਰੀਕਰਨ ਉਹਨਾਂ ਥਾਂਵਾਂ ਤੇ ਸ਼ੁਰੂ ਹੋਇਆ, ਜਿਨ੍ਹਾਂ ਥਾਂਵਾਂ ਤੇ ਮਨੁੱਖੀ ਸੱਭਿਆਤਾਵਾਂ ਨੇ ਜਨਮ ਲਿਆ ਅਤੇ ਸਮੇਂ ਦੇ ਨਾਲ-ਨਾਲ ਉਦਯੋਗੀਕਰਨ ਕਰਕੇ ਇਸਦਾ ਵਿਕਾਸ ਹੁੰਦਾ ਗਿਆ।

ਇਸ ਤਰ੍ਹਾਂ ਸ਼ਹਿਰੀਕਰਨ ਮੁੱਖ ਤੌਰ ’ਤੇ ਸ਼ਹਿਰ ਨਾਲ ਜੁੜਿਆ ਹੋਇਆ ਹੈ। ਸ਼ਹਿਰ ਅਤੇ ਪਿੰਡ ਦੋ ਅਲੱਗ-ਅਲੱਗ ਤਰ੍ਹਾਂ ਦੀਆਂ ਮਨੁੱਖੀ ਰਹਾਇਸ਼ੀ ਬਸਤੀਆਂ ਹਨ। ਇਹਨਾਂ ਦੋਹਾਂ ਵਿੱਚ ਅੰਤਰ ਇਹਨਾਂ ਵਿੱਚ ਰਹਿਣ ਵਾਲੀ ਅਬਾਦੀ ਦੇ ਆਕਾਰ, ਕਾਰੋਬਾਰ, ਸਮਾਜਿਕ ਹਾਲਤ ਅਤੇ ਉਪਲਬਧ ਮੁਢਲੀਆਂ ਸੇਵਾਵਾਂ ਕਾਰਨ ਹੈ।

ਸ਼ਹਿਰ ਸ਼ਹਿਰੀਕਰਨ ਦਾ ਮੂਲ ਆਧਾਰ ਹਨ, ਇਸ ਲਈ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕਿਹੜੀਆਂ ਬਸਤੀਆਂ ਨੂੰ ਪਿੰਡ ਕਿਹਾ ਜਾਵੇ ਅਤੇ ਕਿਹੜੀਆਂ ਨੂੰ ਸ਼ਹਿਰ। ਜੇਕਰ ਵਿਸ਼ਵ ਵਿਆਪੀ ਪੱਧਰ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਵੱਖ-ਵੱਖ ਦੇਸਾਂ ਨੇ ਸ਼ਹਿਰਾਂ ਨੂੰ ਪਿੰਡਾਂ ਤੋਂ ਨਿਖੇੜਨ ਲਈ ਵੱਖ-ਵੱਖ ਕਸਵੱਟੀਆਂ ਜਾਂ ਮਾਪ-ਦੰਡ ਅਪਣਾਏ ਹਨ। ਕਈ ਦੇਸਾਂ ਵਿੱਚ ਸ਼ਹਿਰਾਂ ਨੂੰ ਪਿੰਡਾਂ ਤੋਂ ਨਿਖੇੜਨ ਲਈ ਵੱਸੋਂ ਦੀ ਗਿਣਤੀ ਨੂੰ ਆਧਾਰ ਮੰਨਿਆ ਹੈ। ਇਹ ਬੜਾ ਅਸਾਨ ਮਾਪ-ਦੰਡ ਹੈ। ਪਰ ਇਸ ਉੱਤੇ ਵੀ ਸਾਰੇ ਦੇਸਾਂ ਦੀ ਸਹਿਮਤੀ ਨਹੀਂ ਹੈ। ਉਦਾਹਰਨ ਵਜੋਂ ਅਮਰੀਕਾ ਵਿੱਚ ਜੇਕਰ ਕਿਸੇ ਬਸਤੀ ਦੀ ਵੱਸੋਂ 2500 ਜਾਂ ਇਸ ਤੋਂ ਵੱਧ ਹੈ ਤਾਂ ਉਸ ਨੂੰ ਸ਼ਹਿਰ ਮੰਨਿਆ ਜਾਂਦਾ ਹੈ ਪਰ ਇਸਦੇ ਨਾਲ ਲੱਗਦੇ ਦੇਸ ਕੈਨੇਡਾ ਵਿੱਚ ਕਿਸੇ ਬਸਤੀ ਨੂੰ ਸ਼ਹਿਰ ਕਹਿਣ ਵਾਸਤੇ ਉਸ ਦੀ ਵੱਸੋਂ 1000 ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।

ਕਈ ਦੇਸਾਂ ਵਿੱਚ ਕਿਸੇ ਬਸਤੀ ਨੂੰ ਸ਼ਹਿਰ ਦਾ ਦਰਜਾ ਦੇਣ ਲਈ ਵੱਸੋਂ ਦੇ ਆਕਾਰ ਨੂੰ ਉਕਾ ਹੀ ਨਹੀਂ ਵਰਤਿਆ ਜਾਂਦਾ ਜਿਵੇਂ ਇੰਗਲੈਂਡ ਦੀ ਜਿਸ ਰਹਾਇਸ਼ੀ ਬਸਤੀ ਵਿੱਚ ਸਥਾਨਿਕ ਸਰਕਾਰ (ਮਿਉਂਸਿਪਲ ਕਮੇਟੀ) ਹੋਵੇ, ਨੂੰ ਸ਼ਹਿਰ ਕਿਹਾ ਜਾਂਦਾ ਹੈ। ਮਾਲਟਾ ਅਤੇ ਇਜ਼ਰਾਇਲ ਵਿੱਚ ਅਜਿਹੇ ਰਹਾਇਸ਼ੀ ਖਿੱਤੇ, ਜਿੱਥੇ ਗ਼ੈਰ ਕਾਸ਼ਕਾਰੀ ਲੋਕ ਵੱਸੇ ਹੋਣ, ਨੂੰ ਸ਼ਹਿਰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕਈ ਦੇਸਾਂ ਵਿੱਚ ਸ਼ਹਿਰ ਦੀ ਪਰਿਭਾਸ਼ਾ ਵਿੱਚ ਵੱਸੋਂ ਦੀ ਗਿਣਤੀ ਤੋਂ ਇਲਾਵਾ ਪ੍ਰਬੰਧਕੀ ਢਾਂਚੇ ਅਤੇ ਲੋਕਾਂ ਦੇ ਕਿੱਤੇ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜਿਵੇਂ ਕਿ ਭਾਰਤ ਵਿੱਚ ਉਸ ਰਹਾਇਸ਼ੀ ਬਸਤੀ ਨੂੰ ਸ਼ਹਿਰ ਕਿਹਾ ਜਾਂਦਾ ਹੈ ਜਿੱਥੇ 1. ਮਿਉਂਸਿਪਲ ਕਮੇਟੀ ਜਾਂ ਕਾਰਪੋਰੇਸ਼ਨ, ਕੈਟੋਨਮੈਂਟ ਬੋਰਡ ਜਾਂ ਨੋਟੀਫ਼ਾਈਡ ਏਰੀਆ ਕਮੇਟੀ ਹੋਵੇ; 2. ਵੱਸੋਂ 5000 ਵਿਅਕਤੀ ਜਾਂ ਇਸ ਤੋਂ ਵੱਧ ਹੋਵੇ; 3. ਘੱਟੋ-ਘੱਟ 75 ਪ੍ਰਤਿਸ਼ਤ ਕੰਮ ਕਰਨ ਵਾਲੇ ਮਰਦ ਗ਼ੈਰਕਾਸ਼ਤਕਾਰੀ ਕਿੱਤਿਆਂ ਵਿੱਚ ਰੁੱਝੇ ਹੋਣ; ਅਤੇ 4. ਅਬਾਦੀ ਘਣਤਾ ਘੱਟੋ-ਘੱਟ 400 ਵਿਅਕਤੀ ਪ੍ਰਤਿ ਕਿਲੋਮੀਟਰ ਹੋਵੇ।

ਇਸ ਤਰ੍ਹਾਂ ਸਪਸ਼ਟ ਹੈ ਕਿ ਸ਼ਹਿਰ ਦੀ ਪਰਿਭਾਸ਼ਾ ਸਾਰੇ ਦੇਸਾਂ ਵਿੱਚ ਇਕਸਾਰ ਨਹੀਂ ਸਗੋਂ ਵੱਖਰੀ ਵੱਖਰੀ ਹੈ ਜੋ ਉੱਥੋਂ ਦੀ ਸੱਭਿਅਤਾ, ਮੌਜੂਦਾ ਸਮਾਜਿਕ ਤੇ ਆਰਥਿਕ ਹਾਲਤ, ਕੰਮਕਾਜ ਅਤੇ ਪ੍ਰਬੰਧਕੀ ਢਾਂਚੇ ਉੱਤੇ ਨਿਰਭਰ ਕਰਦੀ ਹੈ। ਇਸ ਲਈ ਸ਼ਹਿਰੀਕਰਨ ਦੀ ਅੰਤਰਰਾਸ਼ਟਰੀ ਪੱਧਰ ਤੇ ਤੁਲਨਾ ਕਰਨੀ ਬਹੁਤ ਮੁਸ਼ਕਲ ਹੈ। ਇਸ ਮੁਸ਼ਕਲ ਨੂੰ ਦੂਰ ਕਰਨ ਲਈ ਯੂਨਾਈਟਿਡ ਨੇਸ਼ਨਜ਼ ਆਰਗੇਨਾਈਜੇਸ਼ਨ ਨੇ ਸ਼ਹਿਰੀ ਵੱਸੋਂ ਦੇ ਅੰਕੜੇ ਇੱਕੋ ਪੈਮਾਨੇ ਮੁਤਾਬਕ ਇਕੱਠੇ ਕਰਨ ਦੇ ਸੁਝਾਓ ਦਿੱਤੇ ਹਨ ਪਰ ਅਜੇ ਤੱਕ ਇਹਨਾਂ ਉੱਤੇ ਕੋਈ ਖ਼ਾਸ ਅਮਲ ਨਹੀਂ ਕੀਤਾ ਗਿਆ।

ਕਈ ਲੋਕ ਸ਼ਹਿਰੀਕਰਨ (Urbanisation) ਨੂੰ ਹੀ ਸ਼ਹਿਰੀਪਣ (Urbanism) ਸਮਝਦੇ ਹਨ ਪਰ ਇਹਨਾਂ ਦੋਨਾਂ ਸ਼ਬਦਾਂ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਸ਼ਹਿਰੀਪਣ ਤੋਂ ਭਾਵ ਲੋਕਾਂ ਦੇ ਸ਼ਹਿਰੀ ਰਹਿਣ-ਸਹਿਣ ਦੇ ਤੌਰ ਤਰੀਕੇ ਤੋਂ ਹੈ, ਭਾਵੇਂ ਉਹ ਪਿੰਡਾਂ ਵਿੱਚ ਹੀ ਰਹਿੰਦੇ ਹੋਣ ਜਦੋਂ ਕਿ ਸ਼ਹਿਰੀਕਰਨ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਦੀ ਗਿਣਤੀ ਨਾਲ ਸੰਬੰਧਿਤ ਹੈ।

ਹੁਣ ਸਵਾਲ ਉੱਠਦਾ ਹੈ ਕਿ ਸ਼ਹਿਰੀਕਰਨ ਵਿੱਚ ਕਿਹੜੇ ਤੱਤ ਆਉਂਦੇ ਹਨ ਅਤੇ ਉਹ ਕਿਹੜੀਆਂ ਗੱਲਾਂ ਤੇ ਨਿਰਧਾਰਿਤ ਹਨ? ਸ਼ਹਿਰੀਕਰਨ ਦੇ ਤਿੰਨ ਪਹਿਲੂ ਹਨ : ਸ਼ਹਿਰੀ ਵੱਸੋਂ ਦਾ ਵਾਧਾ, ਸ਼ਹਿਰੀ ਵੱਸੋਂ ਦੀ ਵੰਡ ਅਤੇ ਸ਼ਹਿਰੀ ਵਿਕਾਸ। ਸਭ ਤੋਂ ਪਹਿਲਾਂ ਸ਼ਹਿਰੀਕਰਨ ਦਾ ਅਰੰਭ ਉਹਨਾਂ ਥਾਂਵਾਂ ਤੇ ਹੋਇਆ, ਜਿੱਥੇ ਵੱਖ-ਵੱਖ ਸੱਭਿਅਤਾਵਾਂ ਨੇ ਜਨਮ ਲਿਆ। ਜਦੋਂ ਖੇਤੀ ਦੀ ਉਪਜ ਉਹਨਾਂ ਦੀਆਂ ਲੋੜਾਂ ਨਾਲੋਂ ਵੱਧ ਗਈ ਤਾਂ ਵਪਾਰ ਸ਼ੁਰੂ ਹੋਇਆ। ਖੇਤੀ ਤੋਂ ਇਲਾਵਾ ਹੋਰ ਕਿੱਤਿਆਂ ਦੀ ਸ਼ੁਰੂਆਤ ਹੋਈ ਅਤੇ ਵਪਾਰ ਤੋਂ ਪ੍ਰਾਪਤ ਹੋਏ ਪੈਸੇ ਨੂੰ ਉਹਨਾਂ ਨੇ ਮੁਢਲੀਆਂ ਸਹੂਲਤਾਂ ਉੱਤੇ ਪਹੁੰਚਾਉਣਾ ਸ਼ੁਰੂ ਕੀਤਾ ਜਿਸ ਨਾਲ ਸ਼ਹਿਰਾਂ ਦੀ ਨੀਂਹ ਬੱਝੀ। ਸ਼ਹਿਰਾਂ ਦੀ ਸ਼ੁਰੂਆਤ ਅਤੇ ਪਹਿਲੀ ਸੱਭਿਅਤਾ ਤਕਰੀਬਨ 5500 ਪੂਰਵ ਈਸਾ ਵਿੱਚ ਮੈਸੋਪੋਟਾਮੀਆ ਦੇ ਉਪਜਾਊ ਕਮਾਨਦਾਰ ਖੰਡ (Fertile Crescent ਜੋ ਇਰਾਕ ਦਾ ਹਿੱਸਾ ਹੈ) ਵਿੱਚ ਹੋਈ। ਇਹ ਸੰਸਾਰ ਵਿੱਚ ਸ਼ਹਿਰੀਕਰਨ ਦੀ ਸਭ ਤੋਂ ਪੁਰਾਣੀ ਮਿਸਾਲ ਹੈ। ਇਸ ਸੱਭਿਅਤਾ ਤੋਂ ਬਾਅਦ ਮਿਸਰ, ਸਿੰਧ ਘਾਟੀ, ਹਵਾਂਗ-ਹੋ-ਘਾਟੀ, ਯੂਨਾਨ ਅਤੇ ਰੋਮ ਦੀਆਂ ਸੱਭਿਆਤਾਵਾਂ ਵਿੱਚ ਵੀ ਸਮੇਂ-ਸਮੇਂ ਸ਼ਹਿਰੀ ਵਿਕਾਸ ਹੋਇਆ। ਇਸੇ ਤਰ੍ਹਾਂ ਭਾਰਤ ਵਿੱਚ ਵੀ ਸ਼ਹਿਰੀਕਰਨ ਦੀ ਕਿਰਿਆ ਬਹੁਤ ਪੁਰਾਣੀ ਹੈ। 2500 ਪੂਰਵ ਈਸਾ ਵਿੱਚ ਸਿੰਧ ਘਾਟੀ ਦੀ ਸੱਭਿਅਤਾ ਵੇਲੇ ਮਹਿੰਜੋਦੜੋ ਅਤੇ ਹੜੱਪਾ ਆਦਿ ਸ਼ਹਿਰਾਂ ਦਾ ਵਿਕਾਸ ਹੋਇਆ। ਇਸ ਤੋਂ ਬਾਅਦ ਵੱਖ-ਵੱਖ ਸਾਮਰਾਜਾਂ ਵੇਲੇ ਕਈ ਇਤਿਹਾਸਿਕ, ਪ੍ਰਬੰਧਕੀ ਅਤੇ ਵਪਾਰਿਕ ਸ਼ਹਿਰ ਹੋਂਦ ਵਿੱਚ ਆਏ।

ਸੰਨ 1800 ਵਿੱਚ ਸੰਸਾਰ ਦੀ 2.4 ਪ੍ਰਤਿਸ਼ਤ ਵੱਸੋਂ ਸ਼ਹਿਰਾਂ ਵਿੱਚ ਰਹਿੰਦੀ ਸੀ ਜੋ 1998 ਵਿੱਚ ਵੱਧ ਕੇ 47 ਪ੍ਰਤਿਸ਼ਤ ਹੋ ਗਈ। ਇਸ ਤਰ੍ਹਾਂ ਦੋ ਸਦੀਆਂ ਵਿੱਚ ਸੰਸਾਰ ਦੀ ਸ਼ਹਿਰੀ ਵੱਸੋਂ ਤਕਰੀਬਨ ਲਗਪਗ ਵੀਹ ਗੁਣਾ ਵੱਧ ਗਈ। ਅਸਲ ਵਿੱਚ ਸੰਨ 1779 ਵਿੱਚ ਯੂਰਪ ਵਿੱਚ ਉਦਯੋਗਿਕ ਕ੍ਰਾਂਤੀ ਆਈ ਜਿਸ ਨੇ ਉਦਯੋਗਿਕ ਸ਼ਹਿਰਾਂ ਨੂੰ ਜਨਮ ਦਿੱਤਾ। ਉਦਯੋਗੀਕਰਨ ਨਾਲ ਸ਼ਹਿਰਾਂ ਦੀ ਗਿਣਤੀ ਅਤੇ ਆਕਾਰ ਵੱਧ ਗਿਆ। ਉਦਾਹਰਨ ਵਜੋਂ ਸੰਨ 1801 ਵਿੱਚ ਇੰਗਲੈਂਡ ਦੇ 106 ਸ਼ਹਿਰਾਂ ਵਿੱਚ ਕੁੱਲ ਵੱਸੋਂ ਦਾ 26 ਪ੍ਰਤਿਸ਼ਤ ਹਿੱਸਾ ਵਸਿਆ ਹੋਇਆ ਸੀ। ਪਰ 1891 ਵਿੱਚ ਸ਼ਹਿਰਾਂ ਦੀ ਗਿਣਤੀ ਵੱਧ ਕੇ 622 ਹੋ ਗਈ ਅਤੇ ਅਬਾਦੀ ਦਾ 68 ਪ੍ਰਤਿਸ਼ਤ ਹਿੱਸਾ ਸ਼ਹਿਰਾਂ ਵਿੱਚ ਰਹਿਣ ਲੱਗ ਪਿਆ। ਉਦਯੋਗਿਕ ਕ੍ਰਾਂਤੀ ਦਾ ਅਜਿਹਾ ਹੀ ਅਸਰ ਅਮਰੀਕਾ ਵਿੱਚ ਵੀ ਹੋਇਆ। ਇੱਥੇ ਸੰਨ 1800 ਵਿੱਚ ਸਾਰੀ ਅਬਾਦੀ ਦਾ 6.1 ਪ੍ਰਤਿਸ਼ਤ ਲੋਕ ਸ਼ਹਿਰਾਂ ਵਿੱਚ ਵੱਸੇ ਹੋਏ ਸਨ ਜਿਨ੍ਹਾਂ ਦੀ ਗਿਣਤੀ 1995 ਵਿੱਚ 75 ਪ੍ਰਤਿਸ਼ਤ ਹੋ ਗਈ।

ਇਸੇ ਤਰ੍ਹਾਂ ਭਾਰਤ ਵਿੱਚ 20ਵੀਂ ਸਦੀ ਦੇ ਸ਼ੁਰੂ ਵਿੱਚ ਕੁੱਲ ਅਬਾਦੀ ਦਾ 10.84 ਪ੍ਰਤਿਸ਼ਤ ਸ਼ਹਿਰੀ ਵੱਸੋਂ ਅਤੇ ਸ਼ਹਿਰਾਂ ਦੀ ਗਿਣਤੀ 1827 ਸੀ ਪਰ ਅਜ਼ਾਦੀ ਤੋਂ ਬਾਅਦ ਕੁਦਰਤੀ ਵਾਧੇ ਦੇ ਨਾਲ-ਨਾਲ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਹੋਣ ਕਾਰਨ ਸ਼ਹਿਰੀ ਵੱਸੋਂ ਵਧਦੀ ਗਈ ਅਤੇ 1991 ਵਿੱਚ ਸ਼ਹਿਰਾਂ ਦੀ ਗਿਣਤੀ 3609 ਹੋ ਗਈ। ਸੰਨ 1950 ਤੋਂ ਬਾਅਦ ਆਈ ਆਰਥਿਕ ਤਬਦੀਲੀ, ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਵਿੱਚ ਵਾਧਾ, ਸਮਾਜਿਕ ਜਾਗ੍ਰਿਤੀ ਅਤੇ ਤਕਨੀਕੀ ਵਿਕਾਸ ਆਦਿ ਕਰਕੇ ਲੋਕਾਂ ਦਾ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਹੋਇਆ ਜਿਸ ਨਾਲ ਸ਼ਹਿਰੀਕਰਨ ਵਿੱਚ ਭਾਰੀ ਵਾਧਾ ਹੋਇਆ। ਭਾਵੇਂ ਦੇਸ ਦੀ ਕੁੱਲ ਵੱਸੋਂ ਦਾ 25.72 ਪ੍ਰਤਿਸ਼ਤ ਹਿੱਸਾ ਸ਼ਹਿਰਾਂ ਵਿੱਚ ਰਹਿੰਦਾ ਹੈ ਪਰ ਸ਼ਹਿਰੀ ਵੱਸੋਂ ਦੀ ਗਿਣਤੀ ਅਮਰੀਕਾ ਅਤੇ ਰੂਸ ਦੀ ਸ਼ਹਿਰੀ ਵੱਸੋਂ ਨਾਲੋਂ ਜ਼ਿਆਦਾ ਹੈ।

ਸੰਸਾਰ ਦੇ ਸਾਰੇ ਖੇਤਰਾਂ ਵਿੱਚ ਸ਼ਹਿਰੀਕਰਨ ਦੀ ਕਿਰਿਆ ਇੱਕੋ ਜਿਹੀ ਨਹੀਂ ਹੋਈ ਜਿਸ ਕਰਕੇ ਵੱਖ-ਵੱਖ ਖੇਤਰਾਂ ਵਿੱਚ ਸ਼ਹਿਰੀਕਰਨ ਦੀ ਮਾਤਰਾ ਵਿੱਚ ਕਾਫ਼ੀ ਅੰਤਰ ਪਾਇਆ ਗਿਆ ਹੈ। ਉਨਤ ਸੰਸਾਰ, ਜਿਸ ਵਿੱਚ ਉਦਯੋਗਿਕ ਵਿਕਸਿਤ ਦੇਸ ਆਉਂਦੇ ਹਨ, ਵਿੱਚ ਸਾਰੀ ਅਬਾਦੀ ਦਾ 74 ਪ੍ਰਤਿਸ਼ਤ ਲੋਕ ਸ਼ਹਿਰੀ ਹਨ। ਇਸ ਦੇ ਉਲਟ ਘੱਟ ਉਨਤ ਸੰਸਾਰ ਵਿੱਚ ਸਿਰਫ਼ 35 ਪ੍ਰਤਿਸ਼ਤ ਲੋਕ ਸ਼ਹਿਰ ਨਿਵਾਸੀ ਹਨ। ਇਸ ਖੇਤਰ ਦੇ ਬਹੁਤ ਸਾਰੇ ਦੇਸ ਖੇਤੀ ਪ੍ਰਧਾਨ ਹਨ, ਇਸ ਕਰਕੇ ਪਿੰਡਾਂ ਵਿੱਚ ਵੱਸੋਂ ਵੱਧ ਹੈ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਸਮੁੱਚੇ ਏਸ਼ੀਆ ਵਿੱਚ ਭਾਵੇਂ 33 ਪ੍ਰਤਿਸ਼ਤ ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ ਪਰ ਇੱਥੇ ਕਈ ਅਜਿਹੇ ਦੇਸ ਜਿਵੇਂ ਜਪਾਨ, ਕੁਵੈਤ, ਸਿੰਘਾਪੁਰ ਆਦਿ ਵੀ ਹਨ ਜਿਨ੍ਹਾਂ ਵਿੱਚ 70 ਪ੍ਰਤਿਸ਼ਤ ਤੋਂ ਵੱਧ ਜਨ-ਸੰਖਿਆ ਸ਼ਹਿਰਾਂ ਵਿੱਚ ਵੱਸੀ ਹੋਈ ਹੈ। ਇੱਥੋਂ ਤੱਕ ਕਈ ਦੇਸਾਂ ਦੇ ਵੱਡੇ-ਵੱਡੇ ਸ਼ਹਿਰਾਂ ਦੀ ਅਬਾਦੀ 50 ਲੱਖ ਤੋਂ ਵੀ ਉੱਪਰ ਹੈ। ਇਸੇ ਤਰ੍ਹਾਂ ਯੂਰਪ ਦੇ ਕਈ ਦੇਸ ਜਿਵੇਂ ਜਰਮਨੀ, ਸਪੇਨ, ਇੰਗਲੈਂਡ ਆਦਿ ਵਿੱਚ ਸ਼ਹਿਰੀ ਵੱਸੋਂ 90 ਪ੍ਰਤਿਸ਼ਤ ਤੋਂ ਵੀ ਵੱਧ ਹੈ। ਸੋ ਸੰਸਾਰ ਦੀ ਕੁੱਲ ਵੱਸੋਂ ਦਾ ਸ਼ਹਿਰੀ ਹਿੱਸਾ ਪੱਛਮੀ ਯੂਰਪ, ਜਪਾਨ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਬਹੁਤ ਜ਼ਿਆਦਾ ਹੈ ਅਤੇ ਤੇਜ਼ੀ ਨਾਲ ਵੱਧ ਰਿਹਾ ਹੈ। ਘੱਟ ਸ਼ਹਿਰੀ ਮਹਾਂਦੀਪ ਅਫ਼ਰੀਕਾ ਵਿੱਚ ਸ਼ਹਿਰੀਕਰਨ ਦੀ ਰਫ਼ਤਾਰ ਵੀ ਬਹੁਤ ਤੇਜ਼ ਹੋ ਰਹੀ ਹੈ।

ਉਨਤ ਸੰਸਾਰ ਜਿਵੇਂ ਉੱਤਰੀ ਅਮਰੀਕਾ, ਪੱਛਮੀ ਯੂਰਪ ਅਤੇ ਜਪਾਨ ਆਦਿ ਵਿੱਚ ਨਗਰ ਸਮੂਹ (Megalopolis) ਅਤੇ ਘੱਟ ਉਨਤ ਸੰਸਾਰ ਜਿਵੇਂ ਦੱਖਣੀ ਅਤੇ ਪੂਰਬੀ ਏਸ਼ੀਆ ਵਿੱਚ ਵੱਡੇ ਸ਼ਹਿਰ (Mega Cities) ਵੱਧ ਰਹੇ ਹਨ ਜਿਸ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਜਿਵੇਂ ਵਾਯੂ-ਪ੍ਰਦੂਸ਼ਣ, ਜਲ-ਪ੍ਰਦੂਸ਼ਣ, ਗੰਦਗੀ, ਘਟੀਆ ਰਹਾਇਸ਼ੀ ਬਸਤੀਆਂ, ਸੰਘਣੀ ਵੱਸੋਂ, ਭੀੜ ਭੜੱਕੇ ਵਾਲੇ ਬਜ਼ਾਰ ਆਦਿ ਨਾਲ ਬਿਮਾਰੀਆਂ, ਅਪਰਾਧ ਜਾਂ ਜੁਰਮ, ਬੇਰੁਜ਼ਗਾਰੀ, ਝਗੜੇ ਅਤੇ ਮਾਨਸਿਕ ਤਣਾਅ ਦਿਨ ਪ੍ਰਤਿ ਦਿਨ ਵੱਧ ਰਹੇ ਹਨ।

ਇਹਨਾਂ ਮੁਸ਼ਕਲਾਂ ਦੇ ਬਾਵਜੂਦ ਵੀ ਸ਼ਹਿਰਾਂ ਵੱਲ ਪ੍ਰਵਾਸ ਵੱਧ ਰਿਹਾ ਹੈ। ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਸਹੂਲਤਾਂ ਉਪਲਬਧ ਕਰਕੇ ਬੇਤਰਤੀਬ ਸ਼ਹਿਰੀਕਰਨ ਨੂੰ ਠੱਲ ਪਾਈ ਜਾ ਸਕਦੀ ਹੈ।


ਲੇਖਕ : ਰਮਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 7345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-20-03-48-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.