ਸ਼ਾਂਤ ਮਹਾਂਸਾਗਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Pacific ocean ( ਪਅਸਿਫਿਕ ਅਉਸ਼ਅਨ ) ਸ਼ਾਂਤ ਮਹਾਂਸਾਗਰ : ਵਿਸ਼ਵ ਦਾ ਸਭ ਤੋਂ ਵੱਡਾ ਸਮੁੰਦਰ ਜਿਸ ਨੇ ਧਰਾਤਲੀ ਸਤ੍ਹਾ ਦਾ ਇਕ-ਤਿਹਾਈ ਰਕਬਾ ਘੇਰਿਆ ਹੋਇਆ ਹੈ ਜਿਥੇ ਦੁਨੀਆ ਦਾ ਅੱਧਾ ਪਾਣੀ ਜਮ੍ਹਾ ਹੈ । ਇਹ ਏਸ਼ੀਆ , ਦੋਨੋਂ ਅਮਰੀਕਾ ਅਤੇ ਆਸਟ੍ਰੇਲੀਆ ਵਿਚਕਾਰ ਸਥਿਤ ਹੈ ਜੋ ਆਰਕਟਿਕ ਸਾਗਰ ਨਾਲ ਇਕ ਤੰਗ ਰਸਤੇ ਬੈਰਿੰਗ ਸਟ੍ਰੇਟ ਦੁਆਰਾ ਮਿਲਿਆ ਹੋਇਆ ਹੈ ਅਤੇ ਦੱਖਣ ਵਿਚ ਐਨਟਾਰਕਟਿਕ ਮਹਾਂਦੀਪ ਨਾਲ ਘਿਰਿਆ ਹੋਇਆ ਹੈ । ਇਸ ਦਾ ਖੇਤਰਫਲ ਲਗਪਗ 11.1 ਕਰੋੜ ਵਰਗ ਕਿਲੋਮੀਟਰ ਹੈ । ਪਰਬਤੀ ਸ਼੍ਰਿੰਖਲਾਵਾਂ ਨਾਲ ਘਿਰਿਆ ਹੋਇਆ ਹੈ ਜਿਥੇ ਅਨੇਕਾਂ ਜਵਾਲਾਮੁਖੀ ਪਾਏ ਜਾਂਦੇ ਹਨ ਜਿਨ੍ਹਾਂ ਦੀਆਂ ਤਿਖੀਆਂ ਢਲਾਣਾਂ ਜਿਵੇਂ ਮਾਰੀਨਾ ਟਰੈਂਚ ਵਰਗੀਆਂ ਲਗਪਗ 12 , 600 ਮੀਟਰ ਗਹਿਰੀਆਂ ਹਨ ਅਤੇ ਸਮੁੰਦਰ ਦੀ ਔਸਤਨ ਗਹਿਰਾਈ ਤਕਰੀਬਨ 4183 ਮੀਟਰ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸ਼ਾਂਤ ਮਹਾਂਸਾਗਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸ਼ਾਂਤ ਮਹਾਂਸਾਗਰ : ਸੰਸਾਰ ਦੇ ਤਿੰਨਾਂ ਮਹਾਂਸਾਗਰਾਂ ਵਿਚੋਂ ਸੱਭ ਤੋਂ ਵੱਡਾ ਮਹਾਂਸਾਗਰ ਹੈ ਜਿਸਨੇ ਪ੍ਰਿਥਵੀ ਦੀ ਧਰਾਤਲ ਦਾ ਕੋਈ 35 ਪ੍ਰਤੀਸ਼ਤ ਹਿੱਸਾ ਰੋਕਿਆ ਹੋਇਆ ਹੈ । ਇਹ ਅੰਟਾਰਕਟਿਕ ਮਹਾਂਦੀਪ ਤੋਂ ਉੱਤਰ ਵਲ ਨੂੰ ਉੱਤਰੀ ਤੇ ਦੱਖਣੀ ਅਮਰੀਕਾ ਦੇ ਪੱਛਮ ਵਲ ਅਤੇ ਏਸ਼ੀਆ ਤੇ ਆਸਟ੍ਰੇਲੀਆ ਦੇ ਪੂਰਵ ਵਲ; ਅੰਟਾਰਕਟਿਕ ਦੇ ਤੱਟ ਤੋਂ ਬੇਰਿੰਗ ਸਟ੍ਰੇਟ ਤੀਕ 8350 ਨਾਉਟੀਕਲ ਮੀਲ ( 15 , 500 ਕਿ. ਮੀ. ) ਦੀ ਲੰਬਾਈ ਅਤੇ ਦੱਖਣੀ ਅਮਰੀਕਾ ਵਿਚ ਕੋਲੰਬੀਆ ਤੋਂ ਲੈ ਕੇ ਏਸ਼ੀਆ ਵਿਚ ਮਲਾਇਆ ਪ੍ਰਾਇਦੀਪ ਤਕ 11 , 500 ਨਾਓਟੀਕਲ ਮੀਲ ਦੀ ਚੌੜਾਈ ਵਿਚ ਫੈਲਿਆ ਹੋਇਆ ਹੈ । ਇਹ ਦੂਜੇ ਵੰਡੇ ਅੰਧ ਮਹਾਂਸਾਗਰ ਤੋਂ ਖੇਤਰਫਲ ਅਤੇ ਪਾਣੀ ਦੇ ਆਕਾਰ ਵਿਚ ਲਗਭਗ ਦੁੱਗਣਾ ਹੈ । ਬਿਨਾ ਸੀਮਾ ਤੱਟ ਸਾਗਰਾਂ ਤੋਂ ਇਸਦਾ ਖੇਤਰਫਲ 166 , 000 , 000 ਵ. ਕਿ. ਮੀ. ( 64 , 000 , 000 ਵ. ਮੀਲ ) ਦੇ ਲਗਭਗ ਹੈ ਅਤੇ ਇਸ ਦੀ ਔਸਤ ਡੂੰਘਾਈ 4280 ਮੀ. ( 140 , 50 ਫੁੱਟ ) ਹੈ । ਸ਼ਾਂਤ ਮਹਾਂਸਾਗਰ ਦੀ ਵੱਧ ਤੋਂ ਵੱਧ ਡੂੰਘਾਣ ਫਿਲਪਾਈਨ ਦੇ ਨੇੜੇ ਮੇਰੀਅਨ ਟ੍ਰੇਂਚ ( Mariana Trench ) ਦੀ ਹੈ ਜੋ 11 , 033 ਮੀ. ( 36 , 198 ਫੁੱਟ ) ਡੂੰਘੀ ਹੈ । ਉੱਤਰੀ ਅਰਧ ਗੋਲੇ ਵਿਚ ਸ਼ਾਂਤ ਮਹਾਂਸਾਗਰ ਦਾ ਪਾਣੀ ਤੰਗ ਜਿਹੀ ( 55 ਨਾਉਟੀਕਲ ਮੀਲ ) ਬੇਰਿੰਗ ਖਾੜੀ ਰਾਹੀਂ ਆਰਕਟਿਕ ਸਾਗਰ ਦੇ ਨਾਲ ਮਿਲਦਾ ਹੈ । ਦੱਖਣੀ ਅਰਧ ਗੋਲੇ ਵਿਚ ਸ਼ਾਂਤ ਮਹਾਂਸਾਗਰ ਅਤੇ ਅੰਧ ਮਹਾਂਸਾਗਰ ਦਾ ਪਾਣੀ ਦੱਖਣੀ ਅਮਰੀਕਾ ਤੇ ਅੰਟਾਰਕਟਿਕ ਵਿਚਕਾਰਲੇ ਸੌੜੇ ਜਿਹੇ ਡਰੇਕ ਪੈਸੇਜ ( Drake Passage ) ਰਾਹੀਂ ਆਪਸ ਵਿਚ ਮਿਲਦਾ ਹੈ ਜਦੋਂ ਕਿ ਸ਼ਾਂਤ ਮਹਾਂਸਾਗਰ ਤੇ ਹਿੰਦ ਮਹਾਂਸਾਗਰ ਦਾ ਵਖਰੇਵਾਂ ਬਹੁਤਾ ਸਪਸ਼ਟ ਨਹੀਂ ਹੈ ਸਿਰਫ ਜਾਘ , ਸਮਾਰਟਾ ਦੇ ਟਾਪੂਆਂ ਨੂੰ ਤਸਮਾਨੀਆ ਤੇ ਬਾਸ ਸਟ੍ਰੇਟ ਨੂੰ ਮਿਲਾਉਣ ਵਾਲੀ ਰੇਖਾ ਹੀ ਕੁਝ ਵਖਰੇਵਾਂ ਦਰਸਾਉਂਦੀ ਹੈ ।

                  ਸਾਰੀ ਪ੍ਰਿਥਵੀ ਦੇ ਥਲੀ ਜਲ-ਪ੍ਰਵਾਹ ਦਾ ਸੱਤਵਾਂ ਹਿੱਸਾ ਸ਼ਾਂਤ ਮਹਾਂਸਾਗਰ ਵਿਚ ਜਾਂਦਾ ਹੈ । ਚੀਨ ਅਤੇ ਦੱਖਣ ਪੂਰਬੀ ਏਸ਼ੀਆ ਦੇ ਮਹੱਤਵਪੂਰਨ ਦਰਿਆ ਇਸੇ ਵਿਚ ਡਿਗਦੇ ਹਨ । ਸ਼ਾਂਤ ਮਹਾਂਸਾਗਰ ਦੀ ਪੂਰਬੀ ਹੱਦ ਦਾ ਸਬੰਧ ਅਮਰੀਕਨ ਕਾਰਡੀਲੇਰਾ ਪਰਬਤ ਸਿਸਟਮ ਨਾਲ ਹੈ ਜਿਹੜਾ ਅਲਾਸਕਾ ਤੋਂ ਲੈ ਕੇ ਦੱਖਣ ਤਕ ਇਸਦੇ ਨਾਲ ਨਾਲ ਚਲਦਾ ਹੈ । ਇਸਦੀ ਪੱਛਮੀ ਹੱਦ ਇਸ ਦੇ ਉਲਟ ਹੈ ਭਾਵੇਂ ਪੱਛਮੀ ਤੱਟ ਨਾਲ ਵੀ ਪਹਾੜ ਤਾਂ ਹਨ ਪਰ ਬੜੇ ਅਨ-ਨਿਯਮਤ ਢੰਗ ਨਾਲ ਹਨ । ਪੱਛਮੀ ਤੱਟ ਨਾਲ ਵਧੇਰੇ ਕਰਕੇ ਸੀਮਾ ਤੱਟੀ ਸਾਗਰ ਪਾਏ ਜਾਂਦੇ ਹਨ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-11-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.