ਸ਼ਾਕਤ ਮਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸ਼ਾਕਤ ਮਤ: ਇਸ ਸ਼ਬਦ ਦੇ ਦੋ ਪਿਛੋਕੜ ਹਨ। ਇਕ, ‘ਸ਼ਾਕਤ’ ਅਰਬੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਡਿਗਿਆ ਹੋਇਆ, ਪਤਿਤ। ਗੁਰਬਾਣੀ ਵਿਚ ਪਰਮਾਤਮਾ ਦੇ ਸਿਮਰਨ ਤੋਂ ਵੰਚਿਤ ਵਿਅਕਤੀ ਨੂੰ ‘ਸਾਕਤ’ ਕਿਹਾ ਗਿਆ ਹੈ, ਜਿਵੇਂ ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗ। (ਗੁ. ਗ੍ਰੰ.198)। ਇਸ ਨੂੰ ‘ਮਨਮੁਖ ’ ਵੀ ਕਿਹਾ ਜਾ ਸਕਦਾ ਹੈ।
ਦੂਜਾ , ‘ਸ਼ਾਕੑਤ’ ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ‘ਸ਼ਕੑਤਿ’ ਦੇਵੀ ਦਾ ਉਪਾਸਕ। ਗੁਰੂ ਰਾਮਦਾਸ ਜੀ ਅਨੁਸਾਰ — ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ। ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ। (ਗੁ.ਗ੍ਰੰ.800)। ਇਨ੍ਹਾਂ ਦੋਹਾਂ ਅਰਥਾਂ ਵਿਚੋਂ ਦੂਜਾ ਅਰਥ ਭਾਰਤੀ ਵਿਰਸੇ ਨਾਲ ਸੰਬੰਧਿਤ ਹੋਣ ਕਾਰਣ ਅਧਿਕ ਉਪਯੁਕਤ ਪ੍ਰਤੀਤ ਹੁੰਦਾ ਹੈ।
ਮੱਧ-ਯੁਗ ਦੇ ਸੰਤ-ਸਾਧਕਾਂ ਦੀਆਂ ਬਾਣੀਆਂ ਵਿਚ ‘ਸ਼ਾਕਤ’ ਪ੍ਰਤਿ ਕੋਈ ਆਦਰ ਦੀ ਭਾਵਨਾ ਨਹੀਂ ਮਿਲਦੀ। ਸੰਤ ਕਬੀਰ ਜੀ ਨੇ ਕਿਹਾ ਹੈ — ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ। ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ। (ਗੁ.ਗ੍ਰੰ.1365)। ਇਸ ਅਰਥ ਨੂੰ ਸਹੀ ਪਰਿਪੇਖ ਵਿਚ ਸਮਝਣ ਲਈ ਇਸ ਦੇ ਅਧਿਆਤਮਿਕ ਪਿਛੋਕੜ ਵਿਚ ਝਾਤ ਮਾਰਨੀ ਹੋਵੇਗੀ।
ਪਰਮ-ਸੱਤਾ ਦੀ ਇਸਤਰੀ (ਸ਼ਕਤੀ) ਰੂਪ ਵਿਚ ਕਲਪਨਾ ਕਰਨ ਵਾਲੇ ਮਤ ਨੂੰ ਸ਼ਾਕੑਤ-ਮਤ ਕਿਹਾ ਜਾਂਦਾ ਹੈ ਅਤੇ ਇਸ ਦੇ ਉਪਾਸਕ ਨੂੰ ‘ਸ਼ਾਕੑਤ’। ਵਿਦਵਾਨਾਂ ਨੇ ਇਸ ਮਤ ਦੇ ਸਰੋਤ ਵੈਦਿਕ ਸਾਹਿਤ ਵਿਚ ਲਭਣ ਦਾ ਉਦਮ ਕੀਤਾ ਹੈ। ‘ਰਿਗ-ਵੇਦ’ (ਅਸ਼ਟਮ ਅਸ਼ਟਕ) ਵਿਚ ਮਹਾਸ਼ਕਤੀ ਸਰਸ੍ਵਤੀ ਦੀ ਉਸਤਤ ਮਿਲਦੀ ਹੈ। ‘ਸਾਮ-ਵੇਦ’ (ਵਾਚੰਯਮ ਸੂਕੑਤ) ਵਿਚ ਵਾਕ (ਬਾਣੀ) ਸ਼ਕਤੀ ਦਾ ਜ਼ਿਕਰ ਹੋਇਆ ਹੈ। ਇੰਦ੍ਰ, ਵਰੁਣ , ਯਮ , ਸੋਮ ਅਤੇ ਬ੍ਰਹਮਾ ਦੀਆਂ ਸ਼ਕਤੀਆਂ ਵਲ ਵੀ ਸੰਕੇਤ ਮਿਲਦੇ ਹਨ। ‘ਅਥਰਵ-ਵੇਦ’ (ਕਾਂਡ 4, ਸੂਕੑਤ 30) ਵਿਚ ਮਹਾ-ਸ਼ਕਤੀ ਸਾਰਿਆਂ ਰੁਦ੍ਰਾਂ ਅਤੇ ਵਸੂਆਂ ਨਾਲ ਸੰਚਾਰ ਕਰਦੀ ਦਸੀ ਗਈ ਹੈ। ‘ਕੇਨ-ਉਪਨਿਸ਼ਦ’ ਅਨੁਸਾਰ ਉਮਾ ਨੇ ਮਹਾਸ਼ਕਤੀ ਦੇ ਰੂਪ ਵਿਚ ਪ੍ਰਗਟ ਹੋ ਕੇ ਬ੍ਰਹਮ ਦਾ ਉਪਦੇਸ਼ ਦਿੱਤਾ ਹੈ। ‘ਰਾਮਾਇਣ’ ਅਤੇ ‘ਮਹਾਭਾਰਤ ’ ਵਿਚ ਦੇਵੀ ਦੀਆਂ ਉਸਤਤਾਂ ਦਰਜ ਹਨ। ਸ਼ਾਕਤ-ਮਤ ਦਾ ਸਹੀ ਵਿਕਾਸ ਪੁਰਾਣ-ਸਾਹਿਤ ਵਿਚ ਹੁੰਦਾ ਹੈ। ਪੁਰਾਣਾਂ ਦੀ ਸੰਪ੍ਰਦਾਇਕ ਬਿਰਤੀ ਕਾਰਣ ਸ਼ਕਤੀ-ਉਪਾਸਨਾ ਨਾਲ ਸੰਬੰਧਿਤ ਪੁਰਾਣਾਂ ਨੂੰ ‘ਸ਼ਾਕੑਤ-ਪੁਰਾਣ’ ਕਿਹਾ ਗਿਆ ਹੈ, ਜਿਵੇਂ ਮਾਰਕੰਡੇਯ-ਪੁਰਾਣ, ਕਾਲਿਕਾ-ਪੁਰਾਣ, ਦੇਵੀ- ਭਾਗਵਤ-ਪੁਰਾਣ ਆਦਿ। ਸਪੱਸ਼ਟ ਹੈ ਕਿ ਸ਼ਾਕੑਤ-ਮਤ ਸ਼ੈਵਮਤ ਵਾਂਗ ਕਾਫ਼ੀ ਪੁਰਾਤਨ ਹੈ। ਵੈਦਿਕ ਸਾਹਿਤ ਵਿਚ ਪ੍ਰਵਾਨਿਤ ਹੋਣ ਦੇ ਬਾਵਜੂਦ ਵੀ ਇਸ ਦਾ ਆਪਣਾ ਸੁਤੰਤਰ ਸਰੂਪ ਅਤੇ ਮਹੱਤਵ ਹੈ। ਸ਼ਾਕੑਤ ਲੋਕ ਵੈਦਿਕ ਕਰਮ-ਕਾਂਡਾਂ ਦੇ ਮੁਕਾਬਲੇ ਆਪਣੀ ਉਪਾਸਨਾ- ਵਿਧੀ ਨੂੰ ਸ੍ਰੇਸ਼ਠ ਮੰਨਦੇ ਹਨ। ਇਨ੍ਹਾਂ ਦਾ ਆਪਣਾ ਸਾਹਿਤ ‘ਆਗਮ ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਹ ਸਾਹਿਤ ਅਧਿਕਤਰ ਅਪ੍ਰਕਾਸ਼ਿਤ ਹੈ ਕਿਉਂਕਿ ਸ਼ਾਕੑਤ ਆਪਣੇ ਸਾਹਿਤ ਨੂੰ ਪ੍ਰਕਾਸ਼ਿਤ ਕਰਨ ਦੇ ਹੱਕ ਵਿਚ ਨਹੀਂ ਹਨ।
ਇਸ ਮਤ ਦੀ ਇਸ਼ਟ-ਦੇਵੀ ਸ਼ਿਵ ਦੀ ਸ਼ਕਤੀ ਪਾਰਬਤੀ ਹੈ। ਪਾਰਬਤੀ ਦਾ ਅਰਥ ਹੈ ‘ਪਰਬਤ ਦੀ ਪੁੱਤਰੀ ’। ਬ੍ਰਹਮ-ਪੁਰਾਣ (34-38) ਅਨੁਸਾਰ ਹਿਮਾਲਯ ਪਰਬਤ (ਸ਼ੈਲੇਂਦ੍ਰ) ਨੇ ਕਠੋਰ ਤਪਸਿਆ ਕਰਕੇ ਬ੍ਰਹਮਾ ਤੋਂ ਵਰਦਾਨ ਪ੍ਰਾਪਤ ਕੀਤਾ, ਜਿਸ ਦੇ ਫਲਸਰੂਪ ਉਸ ਦੇ ਘਰ ਮੈਨਾ ਦੀ ਕੁੱਖੋਂ ਤਿੰਨ ਪੁੱਤਰੀਆਂ—ਅਪਰਣਾ, ਇਕ-ਪਰਣਾ ਅਤੇ ਇਕ-ਪਾਟਲਾ—ਦਾ ਜਨਮ ਹੋਇਆ। ਇਨ੍ਹਾਂ ਵਿਚੋਂ ‘ਇਕ- ਪਰਣਾ’ ਅਤੇ ‘ਇਕ-ਪਾਟਲਾ’ ਨੇ ਇਕ ਹਜ਼ਾਰ ਵਰ੍ਹੇ ਬੀਤਣ ਤੋਂ ਬਾਦ ਭੋਜਨ ਕੀਤਾ, ਪਰ ‘ਅਪਰਣਾ’ ਨੇ ਉਦੋਂ ਵੀ ਕੁਝ ਨ ਖਾਇਆ। ਮੈਨਾ ਨੇ ਉਸ ਨੂੰ ‘ਉ+ਮਾ’ (ਘੋਰ ਤਪ ਮਤ ਕਰ) ਕਹਿ ਕੇ ਕਠੋਰ ਤਪਸਿਆ ਤੋਂ ਰੋਕਿਆ। ਉਸ ਦਿਨ ਤੋਂ ਉਸ ਦਾ ਨਾਂ ‘ਉਮਾ’ ਪ੍ਰਚਲਿਤ ਹੋ ਗਿਆ। ਉਮਾ ਦੀ ਅਦੁੱਤੀ ਤਪਸਿਆ ਤੋਂ ਪ੍ਰਸੰਨ ਹੋ ਕੇ ਸ਼ਿਵ ਨੇ ਉਸ ਅਗੇ ਵਿਆਹ ਦਾ ਪ੍ਰਸਤਾਵ ਰਖਿਆ। ਉਮਾ ਨੇ ਸ਼ਿਵ ਨੂੰ ਕਿਹਾ ਕਿ ਉਹ ਅਜਿਹਾ ਪ੍ਰਸਤਾਵ ਉਸ ਦੇ ਪਿਤਾ ਸ਼ੈਲੇਂਦ੍ਰ ਅਗੇ ਰਖਣ। ਸ਼ਿਵ ਨੇ ਆਪਣੇ ਵਿਕ੍ਰਿਤ ਰੂਪਾਕਾਰ ਸਹਿਤ ਸ਼ੈਲੇਂਦ੍ਰ ਅਗੇ ਪ੍ਰਸਤਾਵ ਰਖਿਆ ਜੋ ਉਸ ਨੂੰ ਉਚਿਤ ਨ ਲਗਿਆ। ਫਲਸਰੂਪ ਸ਼ੈਲੇਂਦ੍ਰ ਨੇ ਉਮਾ ਦਾ ਵਿਆਹ ਸੁਅੰਬਰ ਦੁਆਰਾ ਕਰਨ ਦਾ ਨਿਰਣਾ ਕੀਤਾ। ਸੁਅੰਬਰ ਦੇ ਮੌਕੇ ਸ਼ਿਵ ਨੇ ਬਾਲਕ ਦਾ ਰੂਪ ਧਾਰਣ ਕੀਤਾ ਅਤੇ ਉਮਾ ਨੇ ਉਸ ਨੂੰ ਪਛਾਣ ਕੇ ਪਤੀ ਵਜੋਂ ਗ੍ਰਹਿਣ ਕੀਤਾ। ਇਸ ਪਿਛੋਂ ਸ਼ਿਵ ਆਪਣੇ ਅਸਲੀ ਰੂਪ ਵਿਚ ਪ੍ਰਗਟ ਹੋਇਆ। ਬ੍ਰਹਮਾ ਨੇ ਦੋਹਾਂ ਦਾ ਵਿਆਹ ਕਰ ਦਿੱਤਾ। ਇਕ ਵਾਰ ਉਮਾ ਦੀ ਮਾਤਾ ਨੇ ਸ਼ਿਵ ਦੇ ਫੱਕੜਪਣੇ ਦਾ ਅਹਿਸਾਸ ਕਰਾਇਆ। ਇਸ ਗੱਲ ’ਤੇ ਨਾਰਾਜ਼ ਹੋ ਕੇ ਸ਼ਿਵ ਉਮਾ ਅਤੇ ਗਣਾਂ ਸਮੇਤ ਮੇਰੁ ਪਰਬਤ ਉਤੇ ਚਲੇ ਗਏ। ‘ਸਕੰਧ-ਪੁਰਾਣ’ ਅਨੁਸਾਰ ਉਮਾ ਪਹਿਲਾਂ ਕਾਲੇ ਰੰਗ ਦੀ ਸੀ , ਪਰ ਅਨਰਕੇਸ਼੍ਵਰ ਤੀਰਥ ਵਿਚ ਇਸ਼ਨਾਨ ਕਰਕੇ ਸ਼ਿਵ-ਲਿੰਗ ਨੂੰ ਦੀਪ-ਦਾਨ ਕਰਨ ਨਾਲ, ਗੋਰੇ ਰੰਗ ਦੀ ਹੋ ਗਈ ਅਤੇ ਉਸ ਦਿਨ ਤੋਂ ‘ਗੌਰੀ ’ ਅਖਵਾਈ। ਕਾਲਾਂਤਰ ਵਿਚ ਇਸ ਦੇ ਪਰਾਕ੍ਰਮਾਂ ਦੇ ਆਧਾਰ’ਤੇ ਅਨੇਕ ਨਾਂ ਪ੍ਰਚਲਿਤ ਹੋ ਗਏ।
ਸ਼ਾਕਤ-ਮਤ ਮੁੱਖ ਰੂਪ ਵਿਚ ਦੋ ਸ਼ਾਖਾਵਾਂ ਵਿਚ ਵੰਡਿਆ ਹੋਇਆ ਹੈ। ਪਹਿਲੀ ਸ਼ਾਖਾ ਦਾ ਨਾਂ ਦਕੑਸ਼ਣਾਚਾਰ (ਸੱਜਾ-ਪੱਖ) ਸੀ ਜੋ ਸਦਾਚਾਰ ਵਿਚ ਵਿਸ਼ੇਸ਼ ਵਿਸ਼ਵਾਸ ਰਖਦੀ ਸੀ। ਇਹ ਦਾਰਸ਼ਨਿਕ ਦ੍ਰਿਸ਼ਟੀ ਤੋਂ ਅਦ੍ਵੈਤਵਾਦ ਦੇ ਜ਼ਿਆਦਾ ਨੇੜੇ ਹੈ। ਇਸ ਸ਼ਾਖਾ ਦਾ ਸਾਧਕ ਆਪਣੇ ਆਪ ਨੂੰ ਸ਼ਿਵ ਮੰਨ ਕੇ ਉਸ ਦੀ ਸ਼ਕਤੀ ਸ਼ਿਵਾ ਦੀ ਪੂਜਾ ਕਰਦਾ ਹੈ। ਸ਼ਿਵ- ਸ਼ਕਤੀ ਦਾ ਮੇਲ ਯੋਗ-ਸਾਧਨਾ ਰਾਹੀਂ ਸੰਭਵ ਹੋਣ ਕਾਰਣ, ਸ਼ਕਤੀ-ਉਪਾਸਨਾ ਵਿਚ ਯੋਗ ਨੂੰ ਉਚੇਚਾ ਮਹੱਤਵ ਦਿੱਤਾ ਗਿਆ ਹੈ। ਇਸ ਸ਼ਾਖਾ ਦਾ ਇਕ ਨਾਮਾਂਤਰ ‘ਸਮਯਾਚਾਰ’ ਹੈ ਕਿਉਂਕਿ ਯੌਗਿਕ ਸਾਧਨਾ ਵਿਚ ‘ਸਮਯ’ ਦਾ ਇਕ ਵਿਸ਼ੇਸ਼ ਅਰਥ ਹੈ, ਅਰਥਾਤ ਸ਼ਿਵ ਅਤੇ ਸ਼ਕਤੀ ਦਾ ਮੇਲ ਜਾਂ ਸਮਰਸਤਾ। ਇਸ ਮੇਲ ਦੇ ਪ੍ਰਕਾਰਜ ਵਿਚ ਸਾਧਕ ਮੂਲਾਧਾਰ ਤੋਂ ਸੁਤੀ ਹੋਈ ਕੁੰਡਲਿਨੀ ਨੂੰ ਜਗਾ ਕੇ ਸ੍ਵਾਧਿਸ਼ਠਾਨ ਆਦਿ ਚਕ੍ਰਿਾਂ ਵਿਚੋਂ ਲਿੰਘਾਉਂਦੇ ਹੋਇਆਂ ਸਹਸ੍ਰਾਰ-ਚਕ੍ਰ ਵਿਚ ਸਥਿਤ ਸਦਾ-ਸ਼ਿਵ ਨਾਲ ਉਸ ਦਾ ਏਕਾਕਾਰ ਕਰਾ ਦਿੰਦਾ ਹੈ। ਇਹੀ ਉਸ ਦੀ ਸਾਧਨਾ ਦਾ ਪਰਮ-ਮਨੋਰਥ ਹੈ।
ਦੂਜੀ ਸ਼ਾਖਾ ਦਾ ਨਾਂ ਵਾਮਾਚਾਰ (ਖੱਬਾ-ਪੱਖ) ਹੈ। ਉਦੇਸ਼ ਇਸ ਸ਼ਾਖਾ ਦਾ ਵੀ ਪਹਿਲੀ ਸ਼ਾਖਾ ਵਾਲਾ ਹੀ ਹੈ, ਪਰ ਉਪਾਸਨਾ ਦੀ ਵਿਧੀ ਵਿਚ ਅੰਤਰ ਹੈ। ਇਸ ਦਾ ਇਕ ਨਾਮਾਂਤਰ ‘ਕੌਲ-ਮਤ’ ਹੈ ਕਿਉਂਕਿ ‘ਕੁਲ ’ ਸ਼ਕਤੀ ਦਾ ਵਾਚਕ ਹੈ ਅਤੇ ‘ਅਕੁਲ ’ ਸ਼ਿਵ ਦਾ। ਜੋ ਸਾਧਕ ਅਕੁਲ (ਸ਼ਿਵ) ਅਤੇ ਕੁਲ (ਸ਼ਕਤੀ) ਦਾ ਏਕਾਕਾਰ ਕਰਾਉਂਦਾ ਹੈ, ਉਹ ‘ਕੌਲ’ ਹੈ। ਕੌਲ ਸਾਧਕ ਦਾ ਆਚਾਰ ‘ਕੌਲਾਚਾਰ’ ਜਾਂ ‘ਵਾਮਾਚਾਰ’ ਅਖਵਾਉਂਦਾ ਹੈ। ਇਸ ਆਚਾਰ ਵਿਚ ਪੰਜ ਮਕਾਰਾਂ ਦੇ ਸੇਵਨ ਉਤੇ ਬਲ ਦਿੱਤਾ ਗਿਆ ਹੈ। ਇਹ ਪੰਜ ਮਕਾਰ ਹਨ — ਮਦਿਰਾ (ਸ਼ਰਾਬ), ਮਾਸ , ਮਤੑਸੑਯ (ਮੱਛੀ), ਮੁਦ੍ਰਾ (ਭੁੰਨੇ ਹੋਏ ਚਣੇ , ਚਿੜਵੇ ਆਦਿ) ਅਤੇ ਮੈਥੁਨ (ਸੰਭੋਗ)।
ਵਿਦਵਾਨਾਂ ਨੇ ਪੰਜ ਮਕਾਰਾਂ ਦੇ ਇਹ ਨਾਂ ਪ੍ਰਤੀਕਾਤਮਕ ਦਸੇ ਹਨ। ਇਨ੍ਹਾਂ ਮਕਾਰਾਂ ਦੀ ਮੂਲ-ਭਾਵਨਾ ਅਨੁਸਾਰ ‘ਮਦਿਰਾ’ ਤੋਂ ਭਾਵ ਸ਼ਰਾਬ ਨਹੀਂ, ਸਗੋਂ ਸਹਸ੍ਰਦਲ ਕਮਲ ਤੋਂ ਟਪਕਣ ਵਾਲਾ ਅੰਮ੍ਰਿਤ ਹੈ। ਗਿਆਨ ਰੂਪੀ ਖੜਗ ਨਾਲ ਵਾਸਨਾ ਰੂਪੀ ਪਸ਼ੂ ਨੂੰ ਮਾਰਨਾ ਅਤੇ ਮਨ ਨੂੰ ਸ਼ਿਵ ਵਿਚ ਲਗਾਉਣਾ ‘ਮਾਸ’ ਦਾ ਸੇਵਨ ਕਰਨਾ ਹੈ। ਸ਼ਰੀਰ ਵਿਚ ਸਥਿਤ ਇੜਾ ਅਤੇ ਪਿੰਗਲਾ ਨਾੜੀਆਂ ਵਿਚ ਚਲਣ ਵਾਲਾ ਸੁਆਸ ਵਾਸਤਵ ਵਿਚ ‘ਮਤੑਸੑਯ’ ਅਥਵਾ ਮੱਛੀ ਹੈ। ਜੋ ਸਾਧਕ ਪ੍ਰਾਣਾਯਾਮ ਦੀ ਪ੍ਰਕ੍ਰਿਆ ਨਾਲ ਸੁਆਸ ਨੂੰ ਰੋਕ ਕੇ ਸੁਖਮਨਾ ਨਾੜੀ ਵਿਚ ਪਹੁੰਚਾਉਂਦਾ ਹੈ, ਉਹੀ ਮਤੑਸੑਯ ਨੂੰ ਭੋਜਨ ਬਣਾਉਂਦਾ ਹੈ। ਕੁਸੰਗ ਨੂੰ ਤਿਆਗਣਾ ਅਤੇ ਸਤਿਸੰਗ ਕਰਨਾ ਹੀ ‘ਮੁਦ੍ਰਾ’ ਹੈ। ਸਹਸ੍ਰਦਲ-ਚਕ੍ਰ ਵਿਚ ਸਥਿਤ ਸ਼ਿਵ ਨਾਲ ਸ਼ਕਤੀ (ਕੁੰਡਲਿਨੀ) ਦਾ ਮੇਲ ਜਾਂ ਸੰਯੋਗ ਹੀ ‘ਮੈਥੁਨ’ ਹੈ। ਇਹ ਪੰਜ ਮਕਾਰ ਮੂਲ ਰੂਪ ਵਿਚ ਅਧਿਆਤਮਿਕ ਪ੍ਰਕ੍ਰਿਆ ਨਾਲ ਸੰਬੰਧਿਤ ਹਨ। ਪਰ ਨੀਵੀਂ ਸੋਚ ਵਾਲੇ ਸਾਧਕਾਂ ਨੇ ਇਨ੍ਹਾਂ ਪੰਜ ਮਕਾਰਾਂ ਨੂੰ ਭੌਤਿਕ ਅਰਥ ਦੇ ਕੇ ਇਨ੍ਹਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ। ਇਸ ਲਈ ਵਾਮਾਚਾਰ ਨੂੰ ਬਦਨਾਮ ਹੋਣਾ ਪਿਆ ਅਤੇ ਮੱਧ-ਯੁਗ ਤਕ ਇਸ ਨੇ ਜਨ-ਜੀਵਨ ਨੂੰ ਭ੍ਰਸ਼ਟ ਕਰਨ ਵਿਚ ਕੋਈ ਕਸਰ ਨ ਛਡੀ। ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ— ਸਾਕਤ ਕੂੜ ਕਪਟ ਮਹਿ ਟੇਕਾ। ਅਹਿਨਿਸਿ ਨਿੰਦਾ ਕਰਹਿ ਅਨੇਕਾ। (ਗੁ.ਗ੍ਰੰ.1030)। ਸੰਤ ਕਬੀਰ ਆਦਿ ਦੀ ਬਾਣੀ ਵਿਚ ਇਹ ਸਵਰ ਕਾਫ਼ੀ ਮੁਖਰ ਰੂਪ ਵਿਚ ਮਿਲਦਾ ਹੈ। ਸਪੱਸ਼ਟ ਹੈ ਕਿ ਗੁਰਬਾਣੀ ਅਤੇ ਸੰਤ ਬਾਣੀ ਵਿਚ ‘ਸਾਕਤ’ ਸ਼ਬਦ ਦੀ ਵਰਤੋਂ ਨਿਕ੍ਰਿਸ਼ਟ ਅਰਥਾਂ ਵਿਚ ਹੋਈ ਹੈ ਕਿਉਂਕਿ ਇਨ੍ਹਾਂ ਦੀ ਉਪਾਸਨਾ ਵਿਧੀ ਈਸ਼ਵਰੀ ਭਗਤੀ ਦੇ ਵਿਪਰੀਤ ਅਤੇ ਸਮਾਜਿਕ ਅਨਾਚਾਰ ਉਤੇ ਆਧਾਰਿਤ ਸੀ।
ਪੰਜਾਬ ਦੇ ਲੋਕ-ਜੀਵਨ ਵਿਚ ਦੇਵੀ ਅਥਵਾ ਸ਼ਕਤੀ ਦੀ ਉਪਾਸਨਾ ਬਹੁਤ ਪੁਰਾਤਨ ਹੈ। ਪਹਾੜੀ ਖੇਤਰਾਂ ਵਿਚ ਇਸ ਦੀ ਉਪਾਸਨਾ ਬੜੀ ਸ਼ਿਦਤ ਨਾਲ ਕੀਤੀ ਜਾਂਦੀ ਹੈ ਅਤੇ ਹਰ ਪ੍ਰਕਾਰ ਦੀਆਂ ਦੇਵੀਆਂ ਦੇ ਮੰਦਿਰ ਬਣੇ ਹੋਏ ਮਿਲਦੇ ਹਨ। ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਵਿਚ ਦੇਵੀ ਨਾਲ ਸੰਬੰਧਿਤ ਮੇਲਿਆਂ, ਤਿਉਹਾਰਾਂ ਉਤੇ ਜਾ ਕੇ ਆਪਣੀਆਂ ਮਨੋਕਾਮਨਾਵਾਂ ਨੂੰ ਪੂਰਾ ਕਰਾਉਂਦੇ ਹਨ। ਪੰਜਾਬ ਵਿਚ ਰਚੇ ਗਏ ਸਾਹਿਤ ਵਿਚ ਇਸ ਦਾ ਪ੍ਰਭਾਵ ਸਪੱਸ਼ਟ ਹੈ। ਨਿਰਗੁਣਵਾਦੀ ਕਾਵਿ ਅਤੇ ਗੁਰਬਾਣੀ ਵਿਚ ਇਸ ਮਤ ਅਤੇ ਇਸ ਦੇ ਅਨੁਯਾਈਆਂ ਦੀਆਂ ਪੂਜਾ-ਵਿਧੀਆਂ ਅਤੇ ਵਿਵਹਾਰ ਦਾ ਸਪੱਸ਼ਟ ਖੰਡਨ ਕੀਤਾ ਮਿਲਦਾ ਹੈ। ‘ਦਸਮ- ਗ੍ਰੰਥ ’ ਵਿਚ ਪਹਿਲੀ ਵਾਰ ਦੇਵੀ ਸੰਬੰਧੀ ਬ੍ਰਿੱਤਾਂਤਾਂ ਅਤੇ ਪਰਾਕ੍ਰਮਾਂ ਦਾ ਚਿਤ੍ਰਣ ਹੋਇਆ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸ਼ਾਕਤ ਮਤ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸ਼ਾਕਤ ਮਤ : ਪਰਮਾਤਮਾ ਜਾਂ ਸ਼ਕਤੀ ਦੀ ਨਾਰੀ ਦੇ ਰੂਪ ਵਿਚ ਉਪਾਸਨਾ ਕਰਨ ਵਾਲਾ ਵਿਅਕਤੀ ‘ਸ਼ਾਕਤ’ ਅਖਵਾਉਂਦਾ ਹੈ। ‘ਦੁਰਗਾ ਸਪਤਸ਼ਤੀ’ ਵਿਚ ਸ਼ਕਤੀ ਦੇ ਤਿੰਨ ਰੂਪਾਂ ਦਾ ਵਰਣਨ ਹੈ–(1) ਮਹਾ ਕਾਲੀ, (2) ਮਹਾ ਲਕਸ਼ਮੀ, ਤੇ (3) ਮਹਾ ਸਰਸਵਤੀ। ਇਸ ਵਿਚ ਸ਼ਕਤੀ ਨੂੰ ਸਾਰੀ ਸ਼ਿqਸ਼ਟੀ ਦਾ ਸੰਚਾਲਨ ਕਰਦੇ ਦਰਸਾਇਆ ਗਿਆ ਹੈ। ਸ਼ਕਤੀ ਦੀ ਪੂਜਾ ਦੀਆਂ ਤਿੰਨ ਵਿਧੀਆਂ ਹਨ :
(1) ਸਮਾਨ ਵਿਧੀ–ਸ਼ਕਤੀ ਦੀ ਉਪਾਸਨਾ ਹੋਰ ਦੇਵੀ ਦੇਵਤਿਆਂ ਵਾਂਗ ਕਰਨੀ।
(2) ਭਿਆਨਕ ਵਿਧੀ–ਪਸ਼ੂਆਂ ਜਾਂ ਮਨੁੱਖਾਂ ਦੀ ਬਲੀ ਦੇ ਕੇ ਸ਼ਕਤੀ ਨੂੰ ਪ੍ਰਸੰਨ ਕਰਨਾ।
(3) ਭਾਵਾਤਮਕ ਵਿਧੀ–ਇਸ਼ਟ ਨਾਲ ਅਭੇਦਤਾ ਕਰ ਕੇ ਉਪਾਸਨਾ ਕਰਨੀ।
ਸ਼ਾਕਤ ਮੱਤ ਜਾਂ ਸੰਪ੍ਰਦਾਇ ਭਾਰਤ ਤੋਂ ਇਲਾਵਾ ਤਿਬੱਤ, ਭੂਟਾਨ ਅਤੇ ਨੇਪਾਲ ਵਿਚ ਵੀ ਪ੍ਰਚਲਿਤ ਰਿਹਾ ਹੈ। ਸ਼ਾਕਤ ਸੰਪ੍ਰਦਾਇ ਦੀਆਂ ਤਿੰਨ ਮੁਖ ਸ਼ਾਖਾਵਾਂ ਹਨ–ਕੌਲ, ਦਕਸ਼ਾਚਾਰ ਅਤੇ ਵਾਮਾਚਾਰ। ਇਨ੍ਹਾਂ ਵਿਚੋਂ ਵਾਮਾਚਾਰ ਜਾਂ ਵਾਮਮਾਰਗੀ ਸ਼ਾਕਤ ਦੰਦਾਂ ਦੀ ਮਾਲਾ ਪਾਉਂਦੇ ਹਨ ਅਤੇ ਖੋਪੜੀ ਦਾ ਕਚਕੋਲ ਜਾਂ ਪਿਆਲਾ ਰਖਦੇ ਹਨ। ਪੰਜ ਮਕਾਰ (ਮਦਿਰਾ, ਮਾਸ, ਮਸੑਤੑਯ, ਮੁਦ੍ਰਾ ਤੇ ਮੈਥੁਨ) ਉਨ੍ਹਾਂ ਦੀ ਉਪਸਨਾ ਵਿਧੀ ਦੇ ਜ਼ਰੂਰੀ ਅੰਗ ਹੁੰਦੇ ਹਨ। ਇਸ ਲਈ ਕਈ ਭਗਤਾਂ ਸੰਤਾਂ ਨੇ ਇਸ ਮੱਤ ਦੀ ਨਿਖੇਧੀ ਕੀਤੀ ਹੈ :
ਕਬੀਰ ਸਾਕਤ ਸੰਗਿ ਨਾ ਕੀਚਈ, ਦੂਰਹਿ ਜਾਈਐ ਭਾਗ।
ਬਾਸਨ ਕਾਰੋ ਪਰਸੀਐ, ਤਉ ਕਿਛੁ ਲਾਗੈ ਦਾਗ। ––(ਸਲੋਕ ਕਬੀਰ)
[ਸਹਾ. ਗ੍ਰੰਥ––ਪਿਆਰਾ ਸਿੰਘ ਪਦਮ : ‘ਗੁਰੂ ਗ੍ਰੰਥ ਸੰਕੇਤ ਕੋਸ਼’]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First