ਸ਼ਾਹ ਦੀਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ਼ਾਹ ਦੀਨ : ਇਹ ਰੰਗਪੁਰੇ (ਸਿਆਲਕੋਟ) ਦਾ ਵਸਨੀਕ ਸੀ। ਇਸ ਦੇ ਪਿਤਾ ਦਾ ਨਾਂ ਮੌਲਵੀ ਕੁਤਬਦੀਨ ਕੁਰੈਸ਼ੀ ਸੀ। ਇਸ ਦਾ ਜਨਮ ਸੰਨ 1870 ਈ. ਵਿਚ ਹੋਇਆ। ਸ਼ਾਹ ਦੀਨ ਦਾ ਪੜਦਾਦਾ ਮੌਲਵੀ ਖ਼ੁਦਾ ਬਖਸ਼ ਕਾਦੀਆਂ (ਜ਼ਿਲ੍ਹਾ ਗੁਰਦਾਸਪੁਰ ) ਤੋਂ ਹਿੱਲ ਕੇ ਕੋਟਲੀ ਲੁਹਾਰਾਂ (ਜ਼ਿਲ੍ਹਾ ਸਿਆਲਕੋਟ) ਵਿਚ ਆ ਵਸਿਆ ਸੀ। ਉਸ ਦੇ ਦੇਹਾਂਤ ਪਿੱਛੋਂ ਸ਼ਾਹ ਦੀਨ ਦਾ ਦਾਦਾ ਗ਼ੁਲਾਮ ਮੁਸਤਫ਼ਾ ਰੰਗਪੁਰੇ (ਸਿਆਲਕੋਟ) ਆ ਗਿਆ। ਇਹ ਆਪ ਵੀ ਪੰਜਾਬੀ ਦਾ ਚੰਗਾ ਸ਼ਾਇਰ ਸੀ। ਪਿਓ ਦੀ ਮੌਤ ਵੇਲੇ ਸ਼ਾਹਦੀਨ ਦੀ ਉਮਰ 20 ਸਾਲਾਂ ਦੀ ਸੀ। ਹੁਣ ਤਕ ਇਸ ਨੇ ਆਪਣੇ ਪਿਓ ਕੋਲੋਂ ਫ਼ਾਰਸੀ ਤੇ ਅਰਬੀ ਦੀ ਤਾਲੀਮ ਲਈ ਸੀ। ਪਹਿਲੋਂ ਇਸ ਨੇ ਸਿਆਲਕੋਟ ਵਿਚ ਸਕੂਲ ਮਾਸਟਰੀ ਕੀਤੀ। ਅਬਾਦ ਵਿਚ ਪੀਰ ਅਲੀ ਅਸਗਰ ਸ਼ਾਹ ਖੁਆਰਜ਼ੀ ਦਾ ਚੇਲਾ ਬਣ ਗਿਆ, ਅਤੇ ਤਸੱਵੁਫ਼ (ਸੂਫ਼ੀਵਾਦ) ਦਾ ਸਬਕ ਪੜ੍ਹਿਆ।

          ਸ਼ਾਹ ਦੀਨ ਨੇ ਪੰਜਾਬੀ ਵਿਚ ਕਾਫ਼ੀ ਸਾਰੀ ਰਚਨਾ ਕੀਤੀ। ਇਸ ਨੇ ਬਹੁਤ ਸਾਰੀਆਂ ਫ਼ਾਰਸੀ ਤੇ ਅਰਬੀ ਦੀਆਂ ਕਿਤਾਬਾਂ ਦਾ ਪੰਜਾਬੀ ਸ਼ਿਅਰਾਂ ਵਿਚ ਤਰਜਮਾ ਕੀਤਾ। ਇਸ ਨੇ ਦੀਵਾਨਿ ਗ਼ੌਸੁਲਆਜ਼ਮ, ਦੀਵਾਨਿ ਮਹਿਮੂਦ ਸ਼ਬਿਸਤਰੀ, ਦੀਵਾਨ ਹਜ਼ਰਤ ਸੁਲਤਾਨ ਬਾਹੂ, ਦੀਵਾਨਿ ਹਾਫ਼ਿਜ਼, ਦੀਵਾਨਿ ਖਾਜਾ ਮਈਨਉਲਦੀਨ ਅਜਮੇਰੀ, ਦੀਵਾਨ ਤੇ ਮਸਨਵੀ ਮੌਲਾਨਾ ਰੂਮ (ਛੇ ਜਿਲਦਾਂ), ਮਸਨਵੀ ਗੁਲਸ਼ਨਿ ਰਾਜ਼ ਰਚਿਤ ਮਹਿਮੂਦ ਸ਼ਬਿਸਤਰੀ ਆਦਿ ਦਾ ਪੰਜਾਬੀ ਸ਼ਿਅਰਾਂ ਵਿਚ ਅਨੁਵਾਦ ਕੀਤਾ। ਇਨ੍ਹਾਂ ਵਿਚੋਂ ਕਾਫੀ ਸਾਰੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ।

          ਇੰਨਾ ਵੱਡਾ ਕੰਮ ਕਰਨ ਵਾਲੇ ਸ਼ਾਹ ਦੀਨ ਦੀ ਪੰਜਾਬੀ ਜਗਤ ਵਿਚ ਕੋਈ ਬਹੁਤ ਮਸ਼ਹੂਰੀ ਨਹੀਂ ਹੋਈ। ਇਸ ਨੇ ਪੰਜਾਬੀ ਅਨੁਵਾਦ ਬੜੇ ਸੁੱਚਜੇ ਢੰਗ ਨਾਲ ਕੀਤਾ ਹੈ।

                   ਹ. ਪੁ.––ਪੰ. ਸ਼ਾ. ਤਜ਼.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.