ਸ਼ਾਹ ਇਨਾਅਤ ਜਾਂ ਅਨਾਇਤ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸ਼ਾਹ ਇਨਾਅਤ ਜਾਂ ਅਨਾਇਤ : ਇਹ ਪ੍ਰਸਿੱਧ ਸੂਫ਼ੀ ਕਵੀ ਬੁਲ੍ਹੇ ਸ਼ਾਹ ਦਾ ਮੁਰਸ਼ਦ (ਗੁਰੂ) ਸੀ। ਇਸਦਾ ਪੂਰਾ ਨਾਂ ਸ਼ਾਹ ਅਨਾਇਤ ਕਾਦਰੀ ਸੱਤਾਰੀ ਕਸੂਰੀ ਸੀ ਤੇ ਜ਼ਾਤ ਦਾ ਅਰਾਈਂ ਮੁਸਲਮਾਨ ਸੀ। ਇਹ ਹਜ਼ਰਤ ਰਜ਼ਾ ਸ਼ਾਹ ਸੱਤਾਰੀ ਦੇ ਵੱਡੇ ਪਰਵਾਨ ਹੋਏ ਚੇਲਿਆਂ ਵਿਚੋਂ ਸੀ ਤੇ ਆਪਣੇ ਮੁਰਸ਼ਦ ਦੀ ਸਿੱਖਿਆ ਹੇਠ ਇਸਨੇ ਬੜੀ ਕਠਿਨ ਤਪੱਸਿਆ ਕੀਤੀ। ਇਸਦਾ ਸਬੰਧ ਸੂਫ਼ੀਆਂ ਦੇ ਚਿਸ਼ਤੀ ਘਰਾਣੇ ਨਾਲ ਸੀ। ਇਸਦਾ ਜਨਮ ਕਸੂਰ (ਪਾਕਿਸਤਾਨ ) ਵਿਖੇ ਹੋਇਆ। ਇਸਦੀ ਜਨਮ ਮਿਤੀ ਬਾਰੇ ਭਰੋਸੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਕਸੂਰ ਵਿਚ ਹੀ ਮੁਢਲੀ ਵਿਦਿਆ ਪ੍ਰਾਪਤ ਕਰਨ ਉਪਰੰਤ ਇਹ ਲੋਕ–ਸੇਵਾ ਵਿਚ ਜੁਟ ਗਿਆ ਤੇ ਛੇਤੀ ਹੀ ਹਰਮਨ–ਪਿਆਰਾ ਹੋ ਗਿਆ। ਇਸਦੀ ਪ੍ਰਸਿੱਧੀ ਕਾਰਨ ਕਸੂਰ ਦਾ ਪਠਾਨ ਹਾਕਮ ਹੁਸੈਨ ਖ਼ਾਂ ਇਸ ਨਾਲ ਈਰਖਾ ਕਰਨ ਲੱਗ ਪਿਆ। ਇਹ ਕਸੂਰ ਛੱਡ ਕੇ ਲਾਹੌਰ ਆ ਗਿਆ। ਕਹਿੰਦੇ ਹਨ ਇਸਨੇ ਆਪਣਾ ਜੱਦੀ ਪੇਸ਼ਾ ਬਾਗ਼ਬਾਨੀ ਤੇ ਸਬਜ਼ੀ ਉਗਾਉਣਾ ਨਹੀਂ ਛੱਡਿਆ। ਕਈਆਂ ਅਨੁਸਾਰ ਇਹ ਲਾਹੌਰ ਦੇ ਸ਼ਾਲਾਮਾਰ ਬਾਗ਼ ਦਾ ਹੈੱਡ–ਮਾਲੀ ਸੀ। ਬੁੱਲ੍ਹੇ ਸ਼ਾਹ ਦੇ ਇਸਦਾ ਮੁਰੀਦ ਬਣਨ ਸਬੰਧੀ ਕਈ ਕਹਾਣੀਆਂ ਪ੍ਰਸਿੱਧ ਹਨ। ਇਕ ਅਨੁਸਾਰ ਇਕ ਦਿਨ ਸ਼ਾਹ ਅਨਾਹਿਤ ਪਨੀਰੀ ਪੁੱਟ ਕੇ ਲਾ ਰਿਹਾ ਸੀ। ਬੁੱਲ੍ਹੇ ਨੇ ਪੁੱਛਿਆ ‘ਰੱਬ ਕਿਵੇਂ ਪਾਈਦਾ ਏ ?’ ਇਸਨੇ ਕਿਹਾ, ‘ਬੁੱਲ੍ਹਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ’। ਇਹ ਵਾਕ ਸੁਣ ਕੇ ਬੁੱਲ੍ਹੇ ਸ਼ਾਹ ਇਸਦਾ ਮੁਰੀਦ ਹੋ ਗਿਆ। ਬੁੱਲ੍ਹਾ ਇਸ ਬਾਰੇ ਲਿਖਦਾ ਹੈ :––
ਬੁੱਲ੍ਹੇ ਸ਼ਾਹ ਦੀ ਸੁਣੋ ਹਕਾਇਤ
ਹਾਦੀ ਪਕੜਿਆਂ ਹੋਗ ਹਦਾਇਤ
ਮਰਸ਼ਦ ਮੇਰਾ ਸ਼ਾਹ ਅਨਾਇਤ
ਉਹ ਲੰਘਾਵੇ ਪਾਰ।
ਇਸਨੂੰ ਕੱਵਾਲੀ ਤੇ ਨਾਚ ਆਦਿ ਨਾਲ ਖ਼ਾਸ ਪ੍ਰੇਮ ਸੀ ਤੇ ਇਹ ਬਾਕਾਇਦਾ ਮਜਲਿਸ ਲਾਇਆ ਕਰਦਾ ਸੀ । ਬੁਲ੍ਹੇ ਸ਼ਾਹ ਦੇ ਇਸਨੂੰ ਨੱਚ ਕੇ ਮਨਾਉਣ ਦਾ ਕਿੱਸਾ ਪ੍ਰਸਿੱਧ ਹੈ।
ਇਹ ਪੰਜਾਬੀ ਵਿਚ ਪ੍ਰਚਾਰ ਕਰਦਾ ਸੀ ਤੇ ਕਵਿਤਾ ਵੀ ਆਖਿਆ ਕਰਦਾ ਸੀ।
ਇਸਦੀ ਮੌਤ 1141 ਹਿਜਰੀ ਵਿਚ ਹੋਈ। ਇਸ ਤੋਂ ਬਾਅਦ ਬੁੱਲ੍ਹੇ ਸ਼ਾਹ ਇਸਦੀ ਗੱਦੀ ਉੱਪਰ ਬੈਠਿਆ।
ਹ.ਪੁ. ––ਪੰਜਾਬੀ ਦੁਨੀਆ ਬੁੱਲ੍ਹੇ ਸ਼ਾਹ ਅੰਕ (ਜਨਵਰੀ–ਫ਼ਰਵਰੀ 1962) ਭਾਸ਼ਾ ਵਿਭਾਗ, ਪੰਜਾਬ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First