ਸ਼ੀਸ਼ ਮਹਿਲ ਕਰਤਾਰਪੁਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ੀਸ਼ ਮਹਿਲ (ਕਰਤਾਰਪੁਰ)  :  ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ 1593 ਈ. ਵਿਚ ਜਲੰਧਰ ਜ਼ਿਲ੍ਹੇ ਵਿਚ ਕਰਤਾਰਪੁਰ ਨਗਰ ਵਸਾਇਆ ਤਾਂ ਉਸ ਸਮੇਂ ਜਿਹੜਾ ਮਕਾਨ ਆਪ ਨੇ ਬਣਵਾ ਕੇ ਨਿਵਾਸ ਕੀਤਾ, ਉਸ ਦਾ ਨਾਂ 'ਸ਼ੀਸ਼ ਮਹਿਲ' ਰਖਿਆ। ਇਸ ਮਕਾਨ ਨੂੰ ਮਗਰੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਹੋਰ ਸੁੰਦਰ ਬਣਾਇਆ। ਇਸ ਮਕਾਨ ਵਿਚ, ਪੰਜਵੇਂ ਸਤਿਗੁਰਾਂ ਦੇ ਨਾਲ ਕੁਝ ਦੇਰ ਭਾਈ ਗੁਰਦਾਸ ਜੀ ਵੀ ਰਹੇ ਜੋ ਕਿ ਨਗਰ ਤੋਂ ਬਾਹਰ ਖੂਹ ਮੱਲੀਆਂ ਲਾਗੇ ਬੈਠ ਕੇ ਇਕਾਂਤ ਵਿਚ ਕਾਵਿ-ਰਚਨਾ ਕਰਦੇ ਹੁੰਦੇ ਸਨ। ਗੁਰੂ ਜੀ ਨੇ ਇਥੇ ਰਹਿੰਦੇ ਹੋਏ ਕਰਤਾਰਪੁਰ ਨਗਰ ਵਿਚ ਗੰਗਸਰ ਖੂਹ ਲੁਆਇਆ ਅਤੇ ਇਕ ਦੀਵਾਨਖ਼ਾਨਾ ਵੀ ਬਣਵਾਇਆ। ਇਸ ਸ਼ੀਸ਼ ਮਹਿਲ ਅੰਦਰ ਛੇਵੇਂ ਗੁਰੂ ਜੀ ਦੇ ਨਾਲ ਬਾਬਾ ਗੁਰਦਿੱਤਾ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਗਰੋਂ ਸ੍ਰੀ ਗੁਰੂ ਹਰਿਰਾਇ ਜੀ ਨੇ ਵੀ ਨਿਵਾਸ ਕੀਤਾ। ਇਥੇ ਰਹਿੰਦੇ ਹੋਏ ਨੌਵੇਂ ਗੁਰੂ ਜੀ ਦੀ ਸ਼ਾਦੀ ਮਾਤਾ ਗੁਜਰੀ ਜੀ ਨਾਲ ਹੋਈ।

                ਸੰਨ 1598 ਵਿਚ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਥੇ ਰਹਿੰਦੇ ਹੋਏ ਕਰਤਾਰਪੁਰ ਨਗਰ ਦੀ ਮੁਆਫ਼ੀ ਦਾ ਪਟਾ ਅਕਬਰ ਦੇ ਬੇਟੇ ਸ਼ਹਿਜ਼ਾਦਾ ਸਲੀਮ (ਜਹਾਂਗੀਰ) ਵੱਲੋਂ ਪ੍ਰਾਪਤ ਹੋਇਆ। ਇਸ ਨਗਰ ਦੀ ਜਾਇਦਾਦ ਦੇ ਮਾਲਕ ਸੋਢੀ ਸਾਹਿਬ ਹਨ ਜੋ ਕਿ ਬਾਬਾ ਧੀਰਮੱਲ ਦੀ ਬੰਸ ਵਿਚੋਂ ਹਨ। ਇਸ ਲਈ 'ਸ਼ੀਸ਼ ਮਹਿਲ' ਵੀ ਹੁਣ ਉਨ੍ਹਾਂ ਦੀ ਮਾਲਕੀ ਵਿਚ ਹੈ।

        ਸੰਨ 1756 ਵਿਚ ਜਦੋਂ ਅਹਿਮਦਸ਼ਾਹ ਨੇ ਇਸ ਨਗਰ ਨੂੰ ਅੱਗ ਲਗਾ ਕੇ ਨੁਕਸਾਨ ਪਹੁੰਚਾਇਆ ਤੇ ਲੁਟਿਆ ਤਾਂ ਇਸ ਮਕਾਨ ਨੂੰ ਵੀ ਕੁਝ ਨੁਕਸਾਨ ਪਹੁੰਚਿਆ। ਇਸ ਦੀ ਪੁਰਾਣੀ ਸ਼ਾਨ ਕਾਇਮ ਨਾ ਰਹਿ ਸਕੀ ਅਤੇ ਨਾ ਹੀ ਸੋਢੀ ਸਰਦਾਰਾਂ ਨੇ ਹੀ ਇਸ ਦੀ ਪੁਰਾਣੀ ਸੁੰਦਰਤਾ ਨੂੰ ਮੁੜ ਸੁਰਜੀਤ ਕੀਤਾ।

    ਸ਼ੀਸ਼ ਮਹਿਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਹ ਆਦਿ ਬੀੜ ਸੁਰਖਿਅਤ ਹੈ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਸੀ।

        ਮਹਾਨ ਕੋਸ਼ ਅਨੁਸਾਰ ਇਸ ਸ਼ੀਸ਼ ਮਹਿਲ ਅੰਦਰ ਹੇਠ ਲਿਖੀਆਂ ਹੋਰ ਇਤਿਹਾਸਕ ਵਸਤੂਆਂ ਵੀ ਹਨ :

        1. ਗੁਰੂ ਹਰਿਗੋਬਿੰਦ ਸਾਹਿਬ ਦਾ ਖੜਗ ਜੋ ਛੇ ਸੇਰ ਪੱਕੇ ਵਜ਼ਨ ਦਾ ਹੈ। ਇਸ ਨਾਲ ਗੁਰੂ ਜੀ ਨੇ ਪੈਂਦਾ ਖ਼ਾਨ ਨੂੰ ਮਾਰਿਆ ਸੀ।

        2. ਸ੍ਰੀ ਗੁਰੂ ਹਰਿਰਾਇ ਜੀ ਦਾ ਖੰਡਾ ਜਿਸ ਤੇ ਉਕਰਿਆ ਹੈ ' 'ਗੁਰੂ ਨਾਨਕ ਜੀ ਸਹਾਇ ਗੁਰੂ ਹਰਿਰਾਇ ਜੀ।' '

        3. ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਠ ਦਾ ਗੁਟਕਾ।

        4. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਨਿਸ਼ਾਨ (ਝੰਡਾ)।

        ਇਸ ਤੋਂ ਇਲਾਵਾ ਬਾਬਾ ਗੁਰਦਿੱਤਾ ਜੀ ਨਾਲ ਸਬੰਧਤ ਹੇਠ ਲਿਖੀਆਂ ਵਸਤੂਆਂ ਵੀ ਇਥੇ ਸੁਰੱਖਿਅਤ ਹਨ :

        ੳ.     ਸੇਲੀ ਟੋਪੀ ਬਾਬਾ ਸ੍ਰੀ ਚੰਦ ਜੀ ਦੀ ਜੋ ਉਨ੍ਹਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਬਖ਼ਸ਼ੀ ਸੀ।

        ਅ.     ਬਾਬਾ ਜੀ ਦੀ ਦਸਤਾਰ ।

        ੲ.     ਬਾਬਾ ਜੀ ਦੇ ਬੈਠਣ ਦੀ ਸੋਜ਼ਨੀ।

        ਸ.     ਬਾਬਾ ਜੀ ਦੀ ਸ਼ਾਲ।

        ਹ.     ਬਾਬਾ ਜੀ ਦੀ ਗੋਦੜੀ (ਖਿੰਥਾ)।

       


ਲੇਖਕ : ਪ੍ਰਿੰ. ਪ੍ਰਕਾਸ਼ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 78, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-17-03-50-46, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.