ਸਤਿਬੀਰ ਸਿੰਘ ਪ੍ਰਿੰ. ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਤਿਬੀਰ ਸਿੰਘ (ਪ੍ਰਿੰ.) : ਸਿੱਖ ਇਤਿਹਾਸ ਦੇ ਇਸ ਪ੍ਰਸਿੱਧ ਇਤਿਹਾਸਕਾਰ ਦਾ ਜਨਮ 1 ਮਾਰਚ, 1932 ਨੂੰ ਜਿਹਲਮ (ਪਾਕਿਸਤਾਨ) ਵਿਖੇ ਭਾਈ ਹਰਨਾਮ ਸਿੰਘ ਦੇ ਘਰ ਹੋਇਆ। ਇਸ ਦੇ ਪਿਤਾ ਅਤੇ ਮਾਤਾ ਰਣਜੀਤ ਕੌਰ ਦੋਵੇਂ ਹੀ ਧਾਰਮਿਕ ਰੁਚੀਆਂ ਵਾਲੇ ਸਨ ਅਤੇ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਇਸ ਉੱਪਰ ਪਿਆ। ਆਪਣੀ ਸਿੱਖਿਆ ਪ੍ਰਾਪਤੀ ਦੇ ਮੁੱਢਲੇ ਦਿਨਾਂ ਵਿਚ ਹੀ ਇਸ ਦੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਜੱਥੇਬੰਦੀ ਦਾ ਇਹ 1953 ਈ. ਵਿਚ ਪ੍ਰਧਾਨ ਵੀ ਰਿਹਾ। ਸਿੱਖ ਇਤਿਹਾਸ ਵਿਚ ਇਸ ਦੀ ਵਿਸ਼ੇਸ਼ ਰੁਚੀ ਸੀ ਅਤੇ ਇਹ ਐਮ. ਏ. (ਇਤਿਹਾਸ) ਕਰਨ ਉਪਰੰਤ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਇਤਿਹਾਸ ਦੇ ਲੈਕਚਰਾਰ ਤੇ ਤੌਰ ਤੇ ਨਿਯੁਕਤ ਹੋ ਗਿਆ।

        ਸੰਨ 1955 ਵਿਚ ਪੰਜਾਬੀ ਸੂਬੇ ਦਾ ਮੋਰਚਾ ਲੱਗਣ ਤੇ ਇਸ ਨੇ ਸਰਗਰਮੀ ਨਾਲ ਹਿੱਸਾ ਲੈਣਾ ਆਰੰਭ ਕਰ ਦਿੱਤਾ। ਗੁਰਦੁਆਰਾ ਮੰਜੀ ਸਾਹਿਬ ਜਿਥੋਂ ਗ੍ਰਿਫ਼ਤਾਰੀਆਂ ਲਈ ਜੱਥੇ ਤੁਰਦੇ ਸਨ, ਵਿਚ ਇਹ ਰੋਜ਼ ਸ਼ਾਮ ਨੂੰ ਕਾਫ਼ੀ ਪ੍ਰਭਾਵਸ਼ਾਲੀ ਭਾਸ਼ਣ ਦਿੰਦਾ ਸੀ।

        4 ਜੁਲਾਈ, 1955 ਨੂੰ ਇਸ ਨੇ ਮੋਰਚੇ ਲਈ ਗ੍ਰਿਫ਼ਤਾਰੀ ਦਿੱਤੀ ਅਤੇ ਫਿਰੋਜ਼ਪੁਰ ਸੈਂਟਰਲ ਜੇਲ੍ਹ ਵਿਚ ਤਿੰਨ ਮਹੀਨੇ ਕੈਦ ਕੱਟੀ। ਸੰਨ 1960-61 ਦੇ ਮੋਰਚੇ ਵਿਚ ਵੀ ਇਸ ਨੇ ਵਿਸ਼ੇਸ਼ ਹਿੱਸਾ ਪਾਇਆ।

        ਇਹ ਗੁਰੂ ਨਾਨਕ ਕਾਲਜ, ਯਮਨਾਨਗਰ ਵਿਖੇ ਪ੍ਰਿੰਸੀਪਲ ਲੱਗਿਆ ਰਿਹਾ ਅਤੇ ਫਿਰ ਇਹ ਗੁਰਮਤਿ ਕਾਲਜ, ਗੁਰੂ ਨਾਨਕ ਇਨਸਟੀਚਿਊਟ, ਪਟਿਆਲਾ ਵਿਖੇ ਡਾਇਰੈੱਕਟਰ ਨਿਯੁਕਤ ਹੋ ਗਿਆ। ਇਸ ਇਨਸਟੀਚਿਊਟ ਦੀ ਯੋਜਨਾ ਇਸ ਦੀ ਲਗਨ ਦਾ ਹੀ ਸਿੱਟਾ ਸੀ ਅਤੇ ਇਥੇ ਇਸ ਨੇ ਸਿੱਖ ਧਰਮ ਨੂੰ ਅਜੋਕੇ ਪ੍ਰਸੰਗ ਵਿਚ ਸਮਝ ਕੇ ਮਿਸ਼ਨਰੀ ਬਣਾਉਣ ਦਾ ਕਾਰਜ ਆਰੰਭਿਆ ਸੀ। ਕੁਝ ਸਮਾਂ ਇਸ ਨੇ ਖਾਲਸਾ ਕਾਲਜ, ਕਰਨਾਲ ਵਿਖੇ ਵੀ ਪ੍ਰਿੰਸੀਪਲ ਤੇ ਤੌਰ ਤੇ ਸੇਵਾ ਕੀਤੀ।

        ਪ੍ਰਿੰ. ਸਤਿਬੀਰ ਸਿੰਘ ਲਗਭਗ ਦਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਅਤੇ ਉਸ ਦੀ ਕਾਰਜ  ਕਾਰਨੀ ਦਾ ਮੈਂਬਰ ਰਿਹਾ। ਇਸ ਨੇ ਇਤਿਹਾਸ ਲਿਖਣ ਲਈ ਉਤਸ਼ਾਹ ਦੇਣ ਹਿਤ ਹਰ ਸਾਲ ਇਕ ਇਤਿਹਾਸਕਾਰ ਨੂੰ ਸਨਮਾਨਿਤ ਕਰਨ ਦੀ ਪਿਰਤ ਚਲਾਈ। ਉਸ ਸਮੇਂ ਇਸ ਦਾ ਸਭ ਤੋਂ ਅਹਿਮ ਕੰਮ ਕੇਂਦਰੀ ਸਿੱਖ ਅਜਾਇਬ ਘਰ ਦੀ ਸਥਾਪਨਾ ਕਰਨਾ ਸੀ। ਇਸ ਅਜਾਇਬ ਘਰ ਦੀ ਯੋਜਨਾ ਇਸ ਦੀ ਸੂਝ-ਬੂਝ ਦੀ ਲਖਾਇਕ ਹੈ। ਇਸ ਨੇ ਸਿੱਖ ਇਤਿਹਾਸ ਸਬੰਧੀ ਸ਼ਤਾਬਦੀਆਂ ਮਨਾਉਣ ਵਿਚ ਵੀ ਵਡਮੁੱਲਾ ਹਿੱਸਾ ਪਾਇਆ।

        ਇਸ ਦੀਆਂ ਇਤਿਹਾਸਕ ਪੁਸਤਕਾਂ ਆਮ ਲੇਖਕਾਂ ਦੀਆਂ ਪੁਸਤਕਾਂ ਵਾਂਗ ਖੁਸ਼ਕ ਨਹੀਂ। ਲਿਖਣ ਸਮੇਂ ਇਹ ਆਪਣੇ ਪਾਤਰਾਂ ਨਾਲ ਇਕਮਿਕ ਹੋ ਜਾਂਦਾ ਸੀ ਅਤੇ ਪਾਠਕਾਂ ਨਾਲ ਵੀ ਸਾਂਝ ਪਾ ਲੈਂਦਾ ਸੀ। ਇਸ ਦੀਆਂ ਦੋ ਪੁਸਤਕਾਂ ਦਾ ਨਾਂ ‘ਸਾਡਾ ਇਤਿਹਾਸ’ ਹੈ ਅਤੇ ਇਤਿਹਾਸ ਦੇ ਨਾਲ ਨਾਲ ਇਸ ਨੇ ਗੁਰਬਾਣੀ ਬਾਰੇ ਵਿਚਾਰਮਈ ਪੁਸਤਕਾਂ ਦੀ ਰਚਨਾ ਵੀ ਕੀਤੀ। ਇਸ ਦੀਆਂ ਸੌ ਸਵਾਲ, ਬਲਿਓ ਚਿਰਾਗ, ਕੁਦਰਤੀ ਨੂਰ, ਪਰਬਤ ਮੇਰਾਣੁ, ਪੂਰੀ ਹੋਈ ਕਰਾਮਾਤਿ, ਪਰਤਖ ਹਰਿ, ਗੁਰ ਹਾਈ, ਨਿਰਭਉ ਨਿਰਵੈਰੁ, ਅਸ਼ਟਮ ਬਲਬੀਰਾ, ਇਤਿ ਜਿਨਿ ਕਰੀ, ਪੁਰਖੁ ਭਗਵੰਤ, ਪੁਰਾਤਨ ਇਤਿਹਾਸਕ ਜੀਵਨੀਆਂ, ਰੱਛਿਆ ਰਹਿਤ, ਹਿੰਦੁਸਤਾਨ ਦਾ ਬ੍ਰਿਹਤ ਇਤਿਹਾਸ, ਅਠਾਰ੍ਹਵੀਂ ਸਦੀ ਵਿਚ ਬੀਰ ਪਰੰਪਰਾ, ਗਿਆਨ ਕੀ ਆਂਧੀ, ਕੀਨੋ ਬਡੋ ਕਲੂ ਮੈ ਸਾਕਾ, ਗੁਰੂ ਬਾਲ ਗਾਥਾ, ਨਿੱਕੀਆਂ ਜਿੰਦਾਂ ਵੱਡਾ ਸਾਕਾ, ਚਮਕੌਰ ਦੀ ਗੜ੍ਹੀ, ਗੁਰੂ ਅਮਰ ਦਾਸ (ਤੇਰੀ ਉਪਮਾ ਤੋਹਿ ਬਨਿ ਆਵੈ), ਸ਼ਹੀਦੀ ਪਰੰਪਰਾ, ਗੁਰੂ ਤੇਗ ਬਹਾਦਰ ਸਿਮਰਤੀ ਗਰੰਥ, ਗੁਰੂ ਅਮਰਦਾਸ ਸਿਮਰਤੀ ਗਰੰਥ, ਗੁਰੂ ਨਾਨਕ ਦੇਵ ਸਿਮਰਤੀ ਗਰੰਥ, ਮਹਾਰਾਜਾ ਰਣਜੀਤ ਸਿੰਘ ਸਿਮਰਤੀ ਗਰੰਥ ਅਤੇ ਜੱਸਾ ਸਿੰਘ ਆਹਲੂਵਾਲੀਆ ਸਿਮਰਤੀ ਗਰੰਥ ਸ਼ਾਮਲ ਹਨ।

        18 ਅਗਸਤ, 1994 ਨੂੰ ਇਸ ਦਾ ਦੇਹਾਂਤ ਹੋ ਗਿਆ।


ਲੇਖਕ : ਡਾ. ਜਾਗੀਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-13-04-46-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.