ਸਧਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਰ. ਸ—ਆਧਾਰ. ਆਧਾਰ ਸਹਿਤ. “ਬਰਸੁ ਪਿਆਰੇ ਮਨਹਿ ਸਧਾਰੇ.” (ਮਲਾ ਮ: ੫) ਪ੍ਰਸੰਨ (ਖ਼ੁਸ਼) ਕਰਨ ਵਾਲੇ । ੨ ਜਿਲਾ ਲੁਦਿਆਨਾ ਦੀ ਤਸੀਲ ਜਗਰਾਉਂ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਮੁੱਲਾਪੁਰ ਤੋਂ ਦੱਖਣ ਪੰਜ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਅੱਧ ਮੀਲ ਉੱਤਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ, ਜਿਸ ਦੀ ਸੰਗ੍ਯਾ “ਗੁਰੂਸਰ” ਭੀ ਹੈ. ਗੁਰੁਦ੍ਵਾਰੇ ਨਾਲ ੨੦ ਵਿੱਘੇ ਜ਼ਮੀਨ ਹੈ. ਹਰ ਪੂਰਣਮਾਸੀ ਨੂੰ ਜੋੜ ਮੇਲ ਹੁੰਦਾ ਹੈ. ਇਸ ਪਿੰਡ ਦੇ ਪੰਚਾਇਤੀ ਡੇਰੇ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋੜਾ ਹੈ, ਜੋ ਸਤਿਗੁਰੂ ਨੇ ਪ੍ਰੇਮੇ ਸਿੱਖ ਨੂੰ ਬਖ਼ਸ਼ਿਆ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਧਾਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਧਾਰ : ਰਾਇ ਕੋਟ ਤੋਂ 20 ਕਿਲੋਮੀਟਰ ਉੱਤਰ ਵੱਲ ਸਥਿਤ ਲੁਧਿਆਣੇ ਜ਼ਿਲੇ ਦਾ ਪਿੰਡ ਹੈ। ਏਥੇ ਇਕ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਗੁਰੂ ਸਰ ਹੈ, ਜਿਹੜਾ “ਗੁਰੂ ਸਰ ਸਧਾਰ” ਦੇ ਨਾਂ ਨਾਲ ਪ੍ਰਸਿੱਧ ਹੈ। ਮਾਲਵਾ ਇਲਾਕੇ ਦੀ ਫੇਰੀ ਸਮੇਂ ਗੁਰੂ ਹਰਗੋਬਿੰਦ ਜੀ ਨੇ ਇਸ ਅਸਥਾਨ ਉਤੇ ਥੋੜ੍ਹਾ ਚਿਰ ਵਿਸ਼ਰਾਮ ਕੀਤਾ। ਸਥਾਨਿਕ ਪਰੰਪਰਾ ਅਨੁਸਾਰ ਕਾਂਗੜ ਪਿੰਡ ਦਾ ਰਾਇ ਜੋਧ ਗੁਰੂ ਸਾਹਿਬ ਨੂੰ ਇਸ ਅਸਥਾਨ ਤੇ ਮਿਲਿਆ ਭਾਵੇਂ ਕਿ ਕੁਝ ਇਤਿਹਾਸਿਕ ਵਰਨਨ ਇਹ ਭੇਂਟ ਭਾਈ ਰੂਪਾ ਦੇ ਅਸਥਾਨ ਤੇ ਹੋਈ ਮੰਨਦੇ ਹਨ। ਰਾਏ ਜੋਧ, ਸਖ਼ੀ ਸਰਵਰ ਦਾ ਮੁਰੀਦ ਸੀ , ਪਰ ਉਸ ਦੀ ਪਤਨੀ ਸਿੱਖ ਘਰਾਣੇ ‘ਚੋਂ ਸੀ। ਉਸ ਦੀ ਪ੍ਰੇਰਨਾ ਨਾਲ ਉਹ ਗੁਰੂ ਸਾਹਿਬ ਪਾਸ ਆਇਆ ਅਤੇ ਉਹਨਾਂ ਦਾ ਅਨਿੰਨ ਸਿੱਖ ਬਣ ਗਿਆ। ਏਸੇ ਤਰ੍ਹਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਸਧਾਰ ਪਿੰਡ ਵਿਚ ਹੀ ਕਾਬੁਲ ਦਾ ਕਰੋੜੀ ਨਾਂ ਦਾ ਇਕ ਅਮੀਰ ਘੋੜਿਆਂ ਦਾ ਵਪਾਰੀ ਗੁਰੂ ਸਾਹਿਬ ਨੂੰ ਮਿਲਿਆ ਅਤੇ ਉਸ ਨੇ ਦਸਿਆ ਕਿ ਦੋ ਅਤਿ ਸੁੰਦਰ ਤੇ ਵਧੀਆ ਨਸਲ ਦੇ ਘੋੜੇ ਜਿਹੜੇ ਉਹ ਕਾਬੁਲ ਤੋਂ ਗੁਰੂ ਜੀ ਨੂੰ ਭੇਂਟ ਕਰਨ ਲਈ ਲਿਆ ਰਿਹਾ ਸੀ ਉਹ ਲਾਹੌਰ ਦੇ ਮੁਗਲ ਹਾਕਮ ਨੇ ਉਸ ਪਾਸੋਂ ਜ਼ਬਰਦਸਤੀ ਖੋਹ ਲਏ ਹਨ। ਬਾਅਦ ਵਿਚ ਗੁਰੂ ਜੀ ਦੇ ਆਦੇਸ਼ ਤੇ ਭਾਈ ਬਿਧੀ ਚੰਦ ਨੇ ਇਕ ਇਕ ਕਰਕੇ ਉਹ ਦੋਵੇਂ ਘੋੜੇ ਮੁੜ ਹਾਸਲ ਕਰ ਲਏ।

    ਗੁਰੂ ਸਰ ਸਧਾਰ ਦੀ ਵਰਤਮਾਨ ਇਮਾਰਤ ਦੀ ਉਸਾਰੀ ਮਾਰਚ 1956 ਵਿਚ ਸ਼ੁਰੂ ਹੋਈ ਅਤੇ ਜੂਨ 1962 ਵਿਚ ਮੁਕੰਮਲ ਹੋਈ। ਗੁਰਦੁਆਰੇ ਦਾ ਹਾਲ ਕਮਰਾ ਆਇਤਾਕਾਰ ਹੈ, ਜਿਸ ਦੇ ਅਹਾਤੇ ਵਿਚ ਇਕ ਚੌਰਸ ਪ੍ਰਕਾਸ਼ ਅਸਥਾਨ ਹੈ ਜਿਸ ਦੇ ਉਪਰ ਗੁੰਬਦਦਾਰ ਕਮਰਾ ਹੈ। ਹਾਲ ਦੇ ਅੰਦਰ ਅਧ ਉਚਾਈ ‘ਤੇ ਇਕ ਗੈਲਰੀ ਹੈ। 1964 ਵਿਚ ਏਸੇ ਹਾਲ ਦੇ ਲਾਗੇ ਛੋਟਾ ਜਿਹਾ ਸਰੋਵਰ , “ਗੁਰੂ ਸਰ” ਬਣਾਇਆ ਗਿਆ। ਅੰਦਰ ਜਾਂਦਿਆਂ ਪੌੜੀਆਂ ਵਾਲੇ ਵਿਹੜੇ ਦੇ ਸੱਜੇ ਹੱਥ “ਗੁਰੂ ਕਾ ਲੰਗਰ” ਤੇ ਰਿਹਾਇਸ਼ੀ ਅਸਥਾਨ ਹਨ। ਖੱਬੇ ਹੱਥ ਖ਼ਾਲਸਾ ਹਾਇਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਹੈ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਨਿਕ ਕਮੇਟੀ ਰਾਹੀਂ ਚਲਾਇਆ ਜਾਂਦਾ ਹੈ।

    ਸਧਾਰ ਪਿੰਡ ਦੇ ਇਕ ਨਿੱਜੀ ਘਰ ਵਿਚ ਪਵਿੱਤਰ ਯਾਦਗਾਰ ਵਜੋਂ ਜੋੜਿਆਂ ਦੇ ਕੁਝ ਹਿੱਸੇ ਸਾਂਭੇ ਹੋਏ ਹਨ। ਕਿਹਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਨੰਗੇ ਪੈਰੀਂ ਚੱਲਣ ਵਾਲੇ ਇਕ ਸ਼ਰਧਾਲੂ ਭਾਈ ਜਵੰਦਾ ਦੀ ਸਮਰਪਣ ਭਾਵਨਾ ਨੂੰ ਵੇਖ ਕੇ ਇਕ ਜੋੜਾ ਉਸਨੂੰ ਪ੍ਰਦਾਨ ਕੀਤਾ। ਭਾਈ ਜਵੰਦਾ ਨੇ ਜੋੜਾ ਪਹਿਨਣ ਦੀ ਥਾਂ ਤੇ ਸਤਿਕਾਰ ਵਜੋਂ ਉਸ ਨੂੰ ਆਪਣੇ ਸਿਰ ਤੇ ਰੱਖ ਲਿਆ। ਪਵਿੱਤਰ ਯਾਦਗਾਰ ਵਜੋਂ ਉਸ ਦੀ ਸੰਤਾਨ ਨੇ ਉਸ ਬਖਸ਼ਸ਼ ਨੂੰ ਉਦੋਂ ਤਕ ਸੰਭਾਲੀ ਰੱਖਿਆ ਜਦੋਂ ਤਕ ਕਿਸੇ ਸਮੇਂ ਉਸ ਪਰਵਾਰ ਦੇ ਕਿਸੇ ਜੀਅ ਨੇ ਉਸਨੂੰ ਵਰਤ ਨਹੀਂ ਲਿਆ। ਪਰਵਾਰ ਦੇ ਬਜ਼ੁਰਗਾਂ ਨੇ ਇਸ ਬੇਅਦਬੀ ਭਰੇ ਕੰਮ ਤੋਂ ਨਾਰਾਜ਼ ਹੋ ਕੇ ਜੋੜੇ ਦੇ ਟੁੱਕੜੇ ਕਰ ਦਿੱਤੇ , ਤਾਂ ਜੋ ਮੁੜ ਹੋਰ ਕੋਈ ਉਸ ਨੂੰ ਵਰਤ ਨਾ ਸਕੇ


ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6515, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਧਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਧਾਰ : ਇਹ ਜ਼ਿਲ੍ਹਾ ਲੁਧਿਆਣੇ ਦੀ ਤਹਿਸੀਲ ਜਗਰਾਉਂ ਦਾ ਇਕ ਪਿੰਡ ਹੈ ਜੋ ਲੁਧਿਆਣਾ ਰਾਏਕੋਟ ਸੜਕ ਉੱਤੇ ਰੇਲਵੇ ਸਟੇਸ਼ਨ ਮੁੱਲਾਂਪੁਰ ਤੋਂ ਦੱਖਣ ਵੱਲ 8 ਕਿਲੋ ਮੀ. ਦੀ ਵਿੱਥ ਉੱਤੇ ਨਹਿਰ ਸਰਹੰਦ ਅਬੋਹਰ ਸ਼ਾਖ ਦੇ ਕੰਢੇ ਉੱਤੇ ਸਥਿਤ ਹੈ। ਹਲਵਾਰਾ ਦਾ ਹਵਾਈ ਅੱਡਾ ਸਧਾਰ ਦੇ ਪੁਲ ਤੋਂ 3 ਕਿ. ਮੀ. ਦੇ ਫ਼ਾਸਲੇ ਉੱਤੇ ਹੈ।

          ਇਸ ਪਿੰਡ ਨੂੰ ਗੁਰੂਸਰ ਸਧਾਰ ਵੀ ਕਿਹਾ ਜਾਂਦਾ ਹੈ, ਕਿਉਂ ਜੋ ਗੁਰੂ ਹਰ ਗੋਬਿੰਦ ਸਾਹਿਬ ਇਸ ਪਿੰਡ ਵਿਚ ਮਾਲਵੇ ਦੇ ਸਫ਼ਰ ਦੌਰਾਨ ਫ਼ੌਜਾਂ ਸਮੇਤ ਲਗਭਗ ਪੰਜ ਛੇ ਮਹੀਨੇ ਠਹਿਰੇ ਸਨ। ਇਸ ਇਲਾਕੇ ਵਿਚ ਪਾਣੀ ਦੀ ਥੁੜ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਇਕ ਸਰੋਵਰ ਬਣਵਾਇਆ ਅਤੇ ਇਲਾਕੇ ਵਿਚ ਕਈ ਇਕ ਖੂਹ ਪੁਟਵਾਏ। ਸਰੋਵਰ ਨੂੰ ਪੱਕਾ ਕਰ ਦਿੱਤਾ ਗਿਆ ਹੈ। ਗੁਰਦਵਾਰਾ ਪਿੰਡ ਤੋਂ ਇਕ ਕਿ. ਮੀ. ਉੱਤਰ ਵੱਲ ਹੈ। ਇਸ ਸਰੋਵਰ ਵਿਚ ਚੰਬਲ ਤੇ ਚੰਮੜੀ ਦੇ ਰੋਗਾਂ ਵਾਲੇ ਇਸ਼ਨਾਨ ਕਰਕੇ ਨੌ ਬਰ ਨੌ ਹੁੰਦੇ ਦੱਸੇ ਜਾਂਦੇ ਹਨ। ਇਹ ਆਲੀਸ਼ਾਨ ਇਮਾਰਤ ਵਾਲਾ ਗੁਰਦਵਾਰਾ 1960 ਈ. ਵਿਚ ਹੀ ਮੁਕੰਮਲ ਹੋਇਆ ਹੈ।

          ਭਾਈ ਜਵੰਦੇ ਦੇ ਪਰਿਵਾਰ ਪਾਸ ਗੁਰੂ ਹਰ ਗੋਬਿੰਦ ਸਾਹਿਬ ਦੇ ਪੈਰਾਂ ਦਾ ਜੋੜਾ ਹੁਣ ਤਕ ਸੰਭਾਲਿਆ ਹੋਇਆ ਹੈ। ਇਸ ਪਿੰਡ ਵਿਚ ਸਤੰਬਰ, 1631 ਈ. ਵਿਚ ਗੁਰੂ ਸਾਹਿਬ ਦਾ ਕਾਂਗੜੇ ਦਾ ਸ਼ਰਧਾਲੂ ਮੁਸਲਮਾਨ ਸੇਵਕ ਰਾਏ ਜੋਧ, ਆਪਣੀ ਇਸਤਰੀ ਤੇ ਪੁੱਤਰ ਚੈਨ ਬੇਗ ਸਮੇਤ ਗੁਰੂ ਸਾਹਿਬ ਨੂੰ ਮਿਲਿਆ ਅਤੇ 500 ਘੋੜੇ ਗੁਰੂ ਸਾਹਿਬ ਨੂੰ ਭੇਟਾ ਕੀਤੇ। ਇਥੇ ਹੀ ਕਾਬਲ ਤੇ ਕੰਧਾਰ ਤੇ ਮਸੰਦ ਭਾਈ ਤਾਰਾ ਚੰਦ, ਭਾਈ ਬਖ਼ਤਮੱਲ ਤੇ ਭਾਈ ਦਿਆਲਾ 1200 ਸਿੱਖਾਂ ਨੂੰ ਨਾਲ ਲੈ ਕੇ ਗੁਰੂ ਦਰਸ਼ਨਾਂ ਨੂੰ ਆਏ। ਇਥੋਂ ਹੀ ਗੁਰੂ ਸਾਹਿਬ ਨੇ ਭਾਈ ਬਿੱਧੀ ਚੰਦ ਨੂੰ ਆਪਣੇ ਨਮਿਤ ਸਿੱਖਾਂ ਵਲੋਂ ਲਿਆਂਦੇ ਘੋੜੇ, ਜੋ ਮੁਗ਼ਲਾਂ ਨੇ ਖੋਹ ਲਏ ਸਨ, ਵਾਪਸ ਲਿਆਉਣ ਲਈ ਭੇਜਿਆ ਸੀ।

          ਇਥੇ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ, ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅਤੇ ਗੁਰੂ ਹਰਗੋਬਿੰਦ ਖ਼ਾਲਸਾ ਹਾਇਰ ਸੈਕੰਡਰੀ ਸਕੂਲ, ਪ੍ਰੇਮਜੀਤ ਹਸਪਤਾਲ ਅਤੇ ਡੰਗਰਾਂ ਦਾ ਹਸਪਤਾਲ ਵਰਣਨਯੋਗ ਸੰਸਥਾਵਾਂ ਹਨ।

          ਆਬਾਦੀ––6000 (1971)

          31˚ 35' ਉ. ਵਿਥ.; 75˚ 10' ਪੂ. ਲੰਬ.

          ਹ. ਪੁ.–ਮ. ਕੋ. ; ਗੁਰ ਸਰ ਸਧਾਰ ਇਤਿਹਾਸਕ ਗੁਰਦਵਾਰਾ––ਤ੍ਰਿਲੋਚਨ।


ਲੇਖਕ : ਵਧਾਵਾ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no

ਸਧਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਧਾਰ : ਇਹ ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਦਾ ਇਕ ਪਿੰਡ ਹੈ ਜੋ ਲੁਧਿਆਣਾ ਸ਼ਹਿਰ ਤੋਂ 26 ਕਿ. ਮੀ. ਦੂਰ ਅਤੇ ਹਲਵਾਰਾ ਹਵਾਈ ਅੱਡੇ ਤੋਂ 3 ਕਿ. ਮੀ. ਦੂਰ ਲੁਧਿਆਣਾ-ਰਾਇ ਕੋਟ ਸੜਕ ਉੱਪਰ ਵਾਕਿਆ ਹੈ। ਇਸ ਨੂੰ ਗੁਰੂਸਰ ਸਧਾਰ ਵੀ ਕਿਹਾ ਜਾਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਥਾਂ ਪੰਜ-ਛੇ ਮਹੀਨੇ ਠਹਿਰੇ ਸਨ। ਉਨ੍ਹਾਂ ਨੇ ਭਾਈ ਜਵੰਦਾ ਦੀ ਸਮਾਧ ਨੇੜੇ ਇਕ ਸਰੋਵਰ ਬਣਵਾਇਆ ਅਤੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਕਈ ਖੂਹ ਪੁਟਵਾਏ। ਗੁਰਦੁਆਰਾ ਪਿੰਡ ਤੋਂ ਇਕ ਕਿ. ਮੀ. ਦੂਰ ਹੈ ਜੋ 1960 ਈ. ਵਿਚ ਮੁਕੰਮਲ ਹੋਇਆ। ਕਿਹਾ ਜਾਂਦਾ ਹੈ ਕਿ ਇਸ ਗੁਰਦੁਆਰੇ ਦੇ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਚੰਬਲ ਅਤੇ ਚਮੜੀ ਦੇ ਰੋਗੀ ਠੀਕ ਹੋ ਜਾਂਦੇ ਹਨ। ਭਾਈ ਜਵੰਦਾ ਦੇ ਪਰਿਵਾਰ ਪਾਸ ਗੁਰੂ ਸਾਹਿਬ ਦੇ ਪੈਰਾਂ ਦਾ ਜੋੜਾ ਅਜੇ ਤਕ ਸੰਭਾਲ ਕੇ ਰੱਖਿਆ ਹੋਇਆ ਹੈ।

        ਸੰਨ 1631 ਵਿਚ ਗੁਰੂ ਸਾਹਿਬ ਦੇ ਕਾਂਗੜੇ ਦਾ ਮੁਸਲਮਾਨ ਸੇਵਕ ਰਾਇ ਜੋਧ, ਆਪਣੀ ਇਸਤਰੀ ਅਤੇ ਪੁੱਤਰ ਸਮੇਤ ਗੁਰੂ ਜੀ ਦੇ ਦਰਸ਼ਨਾਂ ਲਈ ਇਥੇ ਆਇਆ ਅਤੇ 500 ਘੋੜੇ ਅਤੇ ਸਿਪਾਹੀ ਗੁਰੂ ਸਾਹਿਬ ਦੀ ਭੇਟ ਕੀਤੇ। ਇਥੇ ਹੀ ਕਾਬਲ ਤੇ ਕੰਧਾਰ ਦੇ ਮਸੰਦ ਭਾਈ ਤਾਰਾ ਚੰਦ, ਭਾਈ ਬਖਤ ਮੱਲ ਤੇ ਭਾਈ ਦਿਆਲਾ 1200 ਸਿੱਖਾਂ ਸਮੇਤ ਗੁਰੂ ਦਰਸ਼ਨਾਂ ਲਈ ਆਏ। ਇਕ ਸ਼ਰਧਾਲੂ ਭਾਈ ਕਰੋੜੀਆ ਨੇ ਇਸੇ ਥਾਂ ਗੁਰੂ ਜੀ ਨੂੰ ਦੋ ਲੱਖ ਰੁਪਿਆ ਭੇਟਾ ਕੀਤਾ ਅਤੇ ਮੁਸਲਮਾਨਾਂ ਦੁਆਰਾ ਆਪਣੇ ਦੋ ਘੋੜੇ ਖੋਹੇ ਜਾਣ ਦੀ ਸ਼ਿਕਾਇਤ ਕੀਤੀ। ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਘੋੜੇ ਮੋੜ ਲਿਆਉਣ ਲਈ ਭੇਜਿਆ।

        ਹਰ ਪੂਰਨਮਾਸ਼ੀ ਨੂੰ ਗੁਰਦੁਆਰੇ ਵਿਚ ਭਾਰੀ ਦੀਵਾਨ ਲਗਦਾ ਹੈ। ਅੱਜਕੱਲ੍ਹ ਇਥੇ ਇਕ ਸਰਕਾਰੀ ਸਕੂਲ, ਖ਼ਾਲਸਾ ਕਾਲਜ, ਅਤੇ ਕਾਲਜ ਆੱਫ ਐਜੂਕੇਸ਼ਨ ਹੈ। ਨਵੀਆਂ ਇਮਾਰਤਾਂ ਵਿਚ ਡਾਕਖ਼ਾਨਾ, ਹਸਪਤਾਲ, ਲਾਇਬ੍ਰੇਰੀ ਅਤੇ ਨਵੀਂ ਮਾਰਕਿਟ ਵੀ ਹੈ। ਹਲਵਾਰੇ ਕਾਰਨ ਇਸ ਦੀ ਮਹੱਤਤਾ ਹੋਰ ਵੀ ਵਧ ਗਈ ਹੈ।

        ਆਬਾਦੀ : 3,778 (1981)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-14-01-53-03, ਹਵਾਲੇ/ਟਿੱਪਣੀਆਂ: ਹ. ਪੁ.––ਡਿਸ. ਗਜ਼. ਲੁਧਿਆਣਾ 655; ਪੰ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.