ਸਧਾਰਨ ਵਾਕ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਧਾਰਨ ਵਾਕ : ਇਸ ਸੰਕਲਪ ਦੀ ਵਰਤੋਂ ਵਿਆਕਰਨਕ ਅਧਿਅਨ ਦੀ ਵੱਡੀ ਤੋਂ ਵੱਡੀ ਇਕਾਈ ਦੀ ਬਣਤਰਾਤਮਕ ਵੰਡ ਵੇਲੇ ਕੀਤੀ ਜਾਂਦੀ ਹੈ । ਬਣਤਰ ਦੇ ਪੱਖ ਤੋਂ ਵਾਕਾਂ ਨੂੰ ਸਧਾਰਨ ਤੋਂ ਇਲਾਵਾ ਸੰਯੁਕਤ ਅਤੇ ਮਿਸ਼ਰਤ ਵਾਕਾਂ ਵਿਚ ਵੰਡਿਆ ਜਾਂਦਾ ਹੈ । ਇਸ ਵੰਡ ਦਾ ਅਧਾਰ ਵਾਕ ਵਿਚ ਵਿਚਰਨ ਵਾਲੀਆਂ ਇਕਾਈਆਂ ਨੂੰ ਬਣਾਇਆ ਜਾਂਦਾ ਹੈ । ਸਧਾਰਨ ਵਾਕ ਦੀ ਬਣਤਰ ਵਿਚ ਇਕ ਉਦੇਸ਼ ਅਤੇ ਵਿਧੇ ਹੁੰਦਾ ਹੈ ਜਦੋਂ ਕਿ ਇਸ ਤੋਂ ਵਡੇਰੀਆਂ ਬਣਤਰਾਂ ਵਿਚ ਇਨ੍ਹਾਂ ਦੀ ਗਿਣਤੀ ਵੱਧ ਹੁੰਦੀ ਹੈ । ਮਿਸ਼ਰਤ ਅਤੇ ਸੰਯੁਕਤ ਵਾਕਾਂ ਵਿਚ ਘੱਟੋ ਘੱਟ ਦੋ ਉਪਵਾਕ ਵਿਚਰਦੇ ਹਨ । ਉਪਵਾਕ ਦਾ ਸੰਕਲਪ ਵਾਕ ਦੇ ਸੰਕਲਪ ਦਾ ਪੂਰਕ ਹੀ ਹੈ । ਦੂਜੇ ਸ਼ਬਦਾਂ ਵਿਚ ਸਧਾਰਨ ਵਾਕਾਂ ਦੀ ਬਣਤਰ ਵਿਚ ਸਿਰਫ ਇਕ ਮੁੱਖ ਉਪਵਾਕ ਵਿਚਰ ਰਿਹਾ ਹੁੰਦਾ ਹੈ । ਇਸ ਮੁੱਖ ਉਪਵਾਕ ਵਿਚ ਸਿਰਫ ਇਕ ਕਿਰਿਆ ਵਾਕੰਸ਼ ਹੁੰਦਾ ਹੈ ਅਤੇ ਇਹ ਕਿਰਿਆ ਵਾਕੰਸ਼ ਕਾਲਕੀ ਹੁੰਦਾ ਹੈ । ਇਹ ਵਾਕੰਸ਼ ਵਾਕ ਦਾ ਇਕ ਲਾਜ਼ਮੀ ਤੱਤ ਹੈ । ਇਸ ਤੋਂ ਇਲਾਵਾ ਸਧਾਰਨ ਵਾਕ ਦੀ ਬਣਤਰ ਵਿਚ ਨਾਂਵ ਵਾਕੰਸ਼ , ਵਿਸ਼ੇਸ਼ਣ ਵਾਕੰਸ਼ , ਪੂਰਕ ਅਤੇ ਕਿਰਿਆ ਵਿਸ਼ੇਸ਼ਣ ਵਾਕੰਸ਼ ਵਿਚਰ ਸਕਦੇ ਹਨ । ਪੰਜਾਬੀ ਐਸ. ਓ. ਵੀ. ( SOV ) ਗਰੁੱਪ ਦੀ ਭਾਸ਼ਾ ਹੈ ਪਰ ਇਸ ਵਿਚ ਵਿਚਰਨ ਵਾਲੇ ਵਾਕੰਸ਼ਾਂ ਦੀ ਤਰਤੀਬ ਨੂੰ ਬਦਲਣ ਦੀ ਸੰਭਾਵਨਾ ਹੈ ਜਿਵੇਂ : ਬੱਚਾ ਦੁੱਧ ਪੀਂਦਾ ਹੈ ( SOV ) , ਦੁੱਧ ਪੀਂਦਾ ਹੈ ਬੱਚਾ ( OVS ) , ਪੀਂਦਾ ਹੈ ਬੱਚਾ ਦੁੱਧ ( VSO ) , ਪੀਂਦਾ ਹੈ ਦੁੱਧ ਬੱਚਾ ( VOS ) । ਪਰ ਇਸ ਭਾਂਤ ਦਾ ਸਥਾਨ ਪਰਿਵਰਤਨ ਲੇਖਕ \ ਬੁਲਾਰੇ ਦੀ ਵਿਸ਼ੇਸ਼ ਭਾਂਤ ਦੀ ਸ਼ੈਲੀ ਦਾ ਨਮੂਨਾ ਹੁੰਦਾ ਹੈ । ਇਕ ਆਦਰਸ਼ਕ ਬੁਲਾਰਾ ਸਧਾਰਨ ਬਿਆਨੀਆ ਵਾਕਾਂ ਦੀ ਸਿਰਜਨਾ ਵੇਲੇ ( SOV ) ਨੂੰ ਹੀ ਪਹਿਲ ਦਿੰਦਾ ਹੈ । ਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਵਾਕੰਸ਼ਾਂ ਦਾ ਸਥਾਨ ਪਰਿਵਰਤਨ ਤਾਂ ਪੰਜਾਬੀ ਵਾਕ-ਵਿਉਂਤ ਦੇ ਅਨੁਸਾਰ ਹੋ ਸਕਦਾ ਹੈ ਪਰ ਵਾਕੰਸ਼ ਦੀ ਅੰਦਰੂਨੀ ਬਣਤਰ ਵਿਚ ਵਿਚਰਨ ਵਾਲੇ ਤੱਤਾਂ ਦੀ ਇਕ ਨਿਸ਼ਚਤ ਤਰਤੀਬ ਹੁੰਦੀ ਹੈ , ਇਸ ਨਿਸ਼ਚਤ ਤਰਤੀਬ ਨੂੰ ਭੰਗ ਕਰਨ ਨਾਲ ਗੈਰ-ਵਿਆਕਰਨਕ ਵਾਕ ਹੋਂਦ ਵਿਚ ਆਉਂਦੇ ਹਨ ਜਿਵੇਂ : ‘ ਇਕ ਬਹੁਤ ਛੋਟੀ ਕੁੜੀ’ ਵਾਕੰਸ਼ ਵਿਚਲੇ ਤੱਤਾਂ ਦੀ ਤਰਤੀਬ ਨੂੰ ਬਦਲਿਆ ਨਹੀਂ ਜਾ ਸਕਦਾ; ‘ ਬਹੁਤ ਇਕ ਛੋਟੀ ਕੁੜੀ , ਕੁੜੀ ਛੋਟੀ ਬਹੁਤ ਇਕ , ਛੋਟੀ ਇਕ ਬਹੁਤ ਕੁੜੀ’ ਆਦਿ । ਇਸ ਲਈ ਪੰਜਾਬੀ ਵਿਚ ਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਵਾਕੰਸ਼ਾਂ ਦੇ ਸਥਾਨ ਦਾ ਪਰਿਵਰਤਨ ਸੰਭਵ ਹੈ ਪਰ ਵਾਕੰਸ਼ ਦੀ ਅੰਦਰੂਨੀ ਬਣਤਰ ਵਿਚਲੇ ਤੱਤਾਂ ਦਾ ਸਥਾਨ ਪਰਿਵਰਤਨ ਸੰਭਵ ਨਹੀਂ । ਇਸ ਵੰਡ ਨੂੰ ਵਾਕ ਦੀ ਅੰਦਰੂਨੀ ਅਤੇ ਬੈਰੂਨੀ ਜੁਗਤ ਵੀ ਕਿਹਾ ਜਾਂਦਾ ਹੈ । ਇਕ ਸਧਾਰਨ ਵਾਕ ਦੀ ਬਣਤਰ ਵਿਚ ਇਕ ਕਾਲਕੀ ਕਿਰਿਆ ਵਾਕੰਸ਼ ਵਿਚਰਦਾ ਹੈ ਅਤੇ ਇਸ ਤੋਂ ਇਲਾਵਾ ਇਕ ਤੋਂ ਲੈ ਕੇ ਚਾਰ ਤੱਕ ਨਾਂਵ ਵਾਕੰਸ਼ ਵਿਚਰ ਸਕਦੇ ਹਨ ( ਵੇਖੋ ਨਾਂਵ ਵਾਕੰਸ਼ ) । ਪੂਰਕ ( ਵੇਖੋ ਪੂਰਕ ) ਅਤੇ ਕਿਰਿਆ ਵਿਸ਼ੇਸ਼ਣ ਵਾਕੰਸ਼ ( ਵੇਖੋ ਕਿਰਿਆ ਵਿਸ਼ੇਸ਼ਣ ਵਾਕੰਸ਼ ) ਇਸ ਦੀ ਬਣਤਰ ਵਿਚ ਵਾਧਾ ਕਰਦੇ ਹਨ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.